ਲੇਖਿਕਾ ਅਤੇ ਰੰਗਕਰਮੀ ਬਖ਼ਸ਼ ਸੰਘਾ ਦਾ ਸਨਮਾਨ ਕੀਤਾ ਗਿਆ।
ਪਰਮਿੰਦਰ ਰਮਨ ਦਾ ਕਾਵਿ ਸੰਗ੍ਰਹਿ ਲੋਕ ਅਰਪਣ ਕੀਤਾ ਗਿਆ।
ਜੋਰਾਵਰ ਬਾਂਸਲ :- ਪੰਜਾਬੀ ਲਿਖਾਰੀ ਸਭਾ ਕੈਲਗਰੀ ਦਾ 19ਵਾਂ ਸਾਲਾਨਾ ਸਮਾਗਮ 18ਅਗਸਤ ਦਿਨ ਸ਼ਨੀਵਾਰ ਬਾਅਦ ਦੁਪਿਹਰ ਇੱਕ ਵਜੇ ਖੂਬਸੂਰਤ ਮੌਸਮ ਤੇ ਦਰਸ਼ਕਾਂ ਨਾਲ ਖਚਾਖਚ ਭਰੇ ਵਾਈਟਹੌਰਨ ਕਮਿਊਨਟੀ ਹਾਲ ਵਿੱਚ ਸ਼ੁਰੂ ਹੋਇਆ। ਸਭਾ ਦੇ ਜਨਰਲ ਸਕੱਤਰ ਰਣਜੀਤ ਸਿੰਘ ਨੇ ਮਾਹੌਲ ਮੁਤਾਬਕ ਬਹੁਤ ਢੁੱਕਵੇ ਸ਼ਬਦਾਂ ਨਾਲ ਪ੍ਰੋਗਰਾਮ ਸ਼ੁਰੂ ਕਰਦਿਆਂ ਪ੍ਰਧਾਨਗੀ ਮੰਡਲ ਦੀਆਂ ਕੁਰਸੀਆਂ ਵੱਲ ਇਸ਼ਾਰਾ ਕਰਦੇ ਹੋਏ ਸਭਾ ਦੇ ਪ੍ਰਧਾਨ ਬਲਜਿੰਦਰ ਸੰਘਾ, ਮੁੱਖ ਮਹਿਮਾਨ ਬਖਸ਼ ਸੰਘਾ, ਸਾਬਕਾ ਪ੍ਰਧਾਨ ਹਰੀਪਾਲ, ਰਜਿੰਦਰ ਕੌਰ ਚੌਹਕਾ, ਮੱਖਣ ਕੁਹਾੜ ਤੇ ਰਾਜਵੰਤ ਮਾਨ ਨੂੰ ਨਿਮਰਤਾ ਸਹਿਤ ਸੱਦਾ ਦਿੱਤਾ। ਹਮੇਸ਼ਾ ਦੀ ਤਰਾਂ ਰਾਸ਼ਟਰੀ ਗੀਤ ‘ਓ ਕੈਨੇਡਾ‘ਨਾਲ ਪ੍ਰੋਗਰਾਮ ਦਾ ਆਗਾਜ਼ ਹੋਇਆ। ਸਭਾ ਦੇ ਪ੍ਰਧਾਨ ਨੇ ਮਹਿਮਾਨ ਤੇ ਸਾਰੇ ਹਾਜ਼ਰੀਨ ਨੂੰ ਜੀ ਆਇਆ ਆਖਿਆ।ਕਵੀ ਦਰਬਾਰ ਦਾ ਉਦਘਾਟਨ ਯੁਨਾਈਟਡ ਹਾਕਸ ਸਪੋਰਟਸ ਕਲੱਬ ਦੇ ਸਰਪ੍ਰਸਤ ਮੈਬਰਾਂ ਨੇ ਰਿਬਨ ਕੱਟ ਕੇ ਕੀਤਾ। ਸਭਾ ਵਲੋਂ ਉਹਨਾਂ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ।ਪੰਜਾਬੀ ਲਿਖਾਰੀ ਸਭਾ ਦੇ ਸਰਪ੍ਰਸਤ ਜਸਵੰਤ ਸਿੰਘ ਗਿੱਲ ਨੇ ਸਭਾ ਬਾਰੇ ਜਾਣਕਾਰੀ ਦਿੱਤੀ ਜੋ 1999 ਤੋਂ ਲੈ ਕੇ ਹੁਣ ਤੱਕ ਸ਼ਲਾਘਾਯੋਗ ਕੰਮ ਕਰਦੀ ਆ ਰਹੀ ਹੈ। ਬੱਚਿਆ ਦੇ ਸਾਲਾਨਾ ਸਮਾਗਮ ਦੇ ਜੇਤੂ ਬੱਚੇ ਸਾਲੋਨੀ ਗੌਤਮ ਨੇ ਗੁਰਭਜਨ ਗਿੱਲ ਦੀ ਲਿਖੀ ਕਵਿਤਾ ‘ਲੋਰੀ‘ ਤੇ ਗੁਰਤਾਜ ਲਿੱਟ ਨੇ ‘ਪ੍ਰਦੇਸੀ ਵੱਸਣ ਵਾਲਿਓ‘ ਆਪਣੀ ਸੁਰੀਲੀ ਅਵਾਜ ਵਿੱਚ ਗਾ ਕੇ ਸਭ ਦੀ ਵਾਹ ਵਾਹ ਲਈ। ਰਚਨਾਵਾਂ ਦੇ ਦੌਰ ਦੀ ਸ਼ੁਰੂਆਤ ਜੋਗਾ ਸਿੰਘ ਸਹੋਤਾ ਨੇ ਹਰਮੋਨੀਅਮ ਤੇ ‘ਦਿਨ ਬਚਪਨ ਦੇ‘ਗਾ ਕੇ ਨਾਲ ਕੀਤੀ। ਇਸ ਤੋਂ ਬਾਅਦ ਤਰਲੋਚਨ ਸੈਂਭੀ, ਦਵਿੰਦਰ ਮਲਹਾਂਸ, ਜੋਰਾਵਰ ਬਾਂਸਲ, ਗੁਰਦੀਸ਼ ਕੌਰ ਗਰੇਵਾਲ, ਸੁਰਿੰਦਰ ਗੀਤ, ਜਸਵੀਰ ਸੰਘਾ, ਮਹਿੰਦਰਪਾਲ ਐਸ ਪਾਲ, ਬਲਵੀਰ ਗੋਰਾ ਨੇ ਅਲੱਗ–ਅਲੱਗ ਵਿਸ਼ਿਆ ਉੱਤੇ ਆਪਣੀ ਨਜ਼ਮ , ਕਵਿਤਾ ਤੇ ਗੀਤ ਆਪਣੇ ਆਪਣੇ ਅੰਦਾਜ ਵਿੱਚ ਸੁਣਾ ਕੇ ਪ੍ਰੋਗਰਾਮ ਨੂੰ ਰਵਾਨਗੀ ਨਾਲ ਭਰ ਦਿੱਤਾ। ਅੱਜ ਦੇ ਮੁੱਖ ਮਹਿਮਾਨ ਬਖਸ਼ ਸੰਘਾ ਬਾਰੇ ਹਰੀਪਾਲ ਨੇ ਉਹਨਾਂ ਦੁਆਰਾ ਕੀਤੇ ਗਏ ਉਚੇਚੇ ਸ਼ਲਾਘਾਯੋਗ ਕੰਮਾਂ ਬਾਰੇ ਜਾਣਕਾਰੀ ਦਿੱਤੀ। ਇਸ ਮਗਰੋਂ ਉਹਨਾਂ ਖੁਦ ਵੀ ਆਪਣੀਆਂ ਕੁਝ ਲਿਖਤਾਂ ਹਾਜ਼ਰੀਨ ਨਾਲ ਸਾਂਝੀਆਂ ਕੀਤੀਆਂ। ਸਭਾ ਦੇ ਸਾਰੇ ਮੈਂਬਰਾਂ ਵਲੋਂ ਉਹਨਾਂ ਨੂੰ ਪਲੈਕ ਤੇ ਹਜਾਰ ਡਾਲਰ ਦੀ ਰਾਸ਼ੀ ਤੇ ਸਭਾ ਦੇ ਲੇਖਕਾਂ ਦੀਆਂ ਕਿਤਾਬਾਂ ਦਾ ਸੈੱਟ ਦੇ ਕੇ ਸਨਮਾਨ ਕੀਤਾ ਗਿਆ। ਇਸ ਤੋਂ ਅੱਗੇ ਬੁਲਾਰਿਆ ਵਿੱਚ ਮੱਖਣ ਕੁਹਾੜ, ਤਨਵੀਰ, ਹਰਕੀਰਤ ਧਾਲੀਵਾਲ, ਰਾਜਵੰਤ ਮਾਨ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ। ਗੁਰਚਰਨ ਕੌਰ ਥਿੰਦ ਨੇ ਕਿਹਾ ‘ਕਿਸੇ ਦੇ ਸਨਮਾਨ ਦਾ ਮਤਲਬ ਹੈ ਉਸ ਵਲੋਂ ਕੀਤੇ ਕੰਮਾਂ ਨੂੰ ਸਨਮਾਨਿਆ ਜਾਣਾ ਤੇ ਅੱਗੋਂ ਹੋਰ ਕੰਮ ਕਰਨ ਲਈ ਉਤਸ਼ਾਹਿਤ ਕਰਨਾ‘। ਡਾ: ਬਲਵਿੰਦ ਬਰਾੜ ਨੇ ਬਹੁਤ ਹੀ ਥੋੜ੍ਹੇ ਸਮੇਂ ਵਿੱਚ ਸਾਗਰ ਵਿੱਚ ਗਾਗਰ ਬੰਦ ਕਰਨ ਵਾਂਗ ਸਭਾ ਨੂੰ ਤੇ ਸਨਮਾਨਿਤ ਮਹਿਮਾਨ ਨੂੰ ਵਧਾਈ ਦਿੱਤੀ। ਹੈਰੀਟੇਜ ਗਿੱਧਾ ਸਕੂਲ (ਮਨਦੀਪ ਤੂਰ) ਦੀਆਂ ਬੱਚੀਆਂ ਨੇ ਆਪਣੀ ਪਰਫੋਰਮੈਂਸ ਨਾਲ ਪ੍ਰੋਗਰਾਮ ਵਿੱਚ ਚਾਰ ਚੰਨ ਲਾ ਦਿੱਤੇ। ਇਸੇ ਸਮੇਂ ਪਰਮਿੰਦਰ ਰਮਨ ਦਾ ਪਲੇਠਾ ਕਵਿ ਸੰਗ੍ਰਹਿ ‘ਆ ਸਮੇਂ ਦੇ ਹਾਣ ਦੇ ਹੋਈਏ‘ ਲੋਕ ਅਰਪਣ ਕੀਤੀ ਗਈ। ਪਰਮਿੰਦਰ ਰਮਨ ਨੇ ਜਿੱਥੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਉੱਥੇ ਇਸੇ ਕਿਤਾਬ ਵਿੱਚੋਂ ਕੁਝ ਨਜ਼ਮਾਂ ਸੁਣਾਈਆਂ। ਇਸ ਮੌਕੇ ਡਰਾਅ ਵੀ ਕੱਢੇ ਗਏ ਜਿੰਨ੍ਹਾ ਵਿੱਚ ਕਿਤਾਬਾਂ ਦੇ ਸੈੱਟ ਤੋਹਫੇ ਵਜ੍ਹੋ ਦਿੱਤੇ ਗਏ। ਚਾਹ ਪਾਣੀ ਸਨੈਕਸ ਦਾ ਪ੍ਰਬੰਧ ਗੁਰਲਾਲ ਰੁਪਾਲੋ(ਲਾਲੀ) ਤੇ ਉਸ ਦੇ ਪਰਿਵਾਰ ਵਲੋਂ ਕੀਤਾ। ਕਿਤਾਬਾਂ ਦਾ ਸਟਾਲ ਵੀ ਲਗਾਇਆਂ ਗਿਆਂ ਜਿਸ ਦੀ ਜਿੰਮੇਵਾਰੀ ਮਹਿੰਦਰ ਪਾਲ ਤੇ ਮੰਗਲ ਚੱਠਾ ਨੇ ਨਿਭਾਈ। ਇਸ ਪ੍ਰੋਗਰਾਮ ਨੂੰ ਤਸਵੀਰਾਂ ਨਾਲ ਯਾਦਗਾਰ ਰੱਖਣ ਲਈ ਕੈਮਰਾ ਦਵਿੰਦਰ ਮਲਹਾਂਸ ਤੇ ਰਾਜਨ ਸੰਘਾ ਵਲੋਂ ਚਲਾਇਆ ਗਿਆ। ਸਾਊਂਡ ਸਿਸਟਮ ਦੀ ਜਿੰਮੇਵਾਰੀ ਜੋਰਾਵਰ ਬਾਂਸਲ ਨੇ ਸੰਭਾਲੀ। ਪ੍ਰੋਗਰਾਮ ਦੌਰਾਨ ਜਨਰਲ ਸਕੱਤਰ ਰਣਜੀਤ ਸਿੰਘ ਨੇ ਸਮੇਂ ਨੂੰ ਖੁਸ਼ਗਵਾਰ ਬਨਾ੍ਹਈ ਰੱਖਣ ਲਈ ਸ਼ੇਅਰ ਤੇ ਖੂਬਸੂਰਤ ਸ਼ਬਦਾਵਲੀ ਦਾ ਇਸਤੇਮਾਲ ਕੀਤਾ। ਅਖੀਰ ਵਿੱਚ ਸਭਾ ਦੇ ਪ੍ਰਧਾਨ ਬਲਜਿੰਦਰ ਸੰਘਾ ਨੇ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਆਏ ਹੋਏ ਸਾਰੇ ਹਾਜ਼ਰੀਨ ਤੇ ਸਮੂਹ ਮੀਡੀਆ ਦਾ ਧੰਨਵਾਦ ਕੀਤਾ ਤੇ ਸਭਾ ਦੀ ਅਗਲੀ ਮੀਟਿੰਗ 16 ਸਤੰਬਰ ਦਿਨ ਐਤਵਾਰ ਬਾਅਦ ਦੁਪਿਹਰ ਦੋ ਵਜੇ ਜੋ ਕੇ ਕੋਸੋ ਦੇ ਹਾਲ ਵਿੱਚ ਹੋਏਗੀ ਉੱਥੇ ਆਉਣ ਦਾ ਸੱਦਾ ਵੀ ਸਾਰਿਆਂ ਨੂੰ ਦਿੱਤਾ। ਹੋਰ ਜਾਣਕਾਰੀ ਲਈ ਸਭਾ ਦੇ ਪ੍ਰਧਾਨ ਬਲਜਿੰਦਰ ਸੰਘਾ ਨੂੰ 403 680 3212 ਤੇ ਅਤੇ ਜਨਰਲ ਸਕੱਤਰ ਰਣਜੀਤ ਸਿੰਘ ਨੂੰ 403 714 6848 ਤੇ ਸੰਪਰਕ ਕੀਤਾ ਜਾ ਸਕਦਾ ਹੈ।