ਲੋਕਾਂ ਵਲੋਂ ਸਮਾਗਮ ਨੂੰ ਵੱਡਾ ਹੁੰਗਾਰਾ
ਸੁਖਵੀਰ ਗਰੇਵਾਲ ਕੈਲਗਰੀ:ਪਾਕਿਸਤਾਨ ਦੇ ਉਘੇ ਸ਼ਾਇਰ ਬਾਬਾ ਨਜਮੀ ਨੇ ਆਪਣੇ ਕੈਨੇਡਾ ਦੌਰੇ ਦੌਰਾਨ ਕੈਲਗਰੀ ਦਾ ਵੀ ਦੌਰਾ ਕੀਤਾ।ਇਹ ਸਮਾਗਮ ਇੰਡੀਅਨ ਐਕਸ-ਸਰਵਿਸਮੈਨ ਸੁਸਾਇਟੀ ਦੇ ਹਾਲ ਵਿੱਚ ਕਰਵਾਇਆ ਗਿਆ।ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ, ਸਿੱੱਖ ਵਿਰਸਾ,ਪਾਕਿਸਤਾਨੀ ਕੈਨੇਡੀਅਨ ਚਲਚਰਲ ਐਸੋਸੀਏਸ਼ਨ ਅਲਬਰਟਾ ਅਤੇ ਕਮੇਟੀ ਆਫ ਪ੍ਰੌਗਰੈਸਿਵ ਪਾਕਿਸਤਾਨੀ ਕੈਨੇਡੀਅਨਜ਼ ਵਲੋਂ ਸਾਂਝੇ ਤੌਰ ਤੇ ਕਰਵਾਏ ਗਏ ਇਸ ਸਮਾਗਮ ਵਿੱਚ ਕੈਲਗਰੀ ਵਾਸੀਆਂ ਨੇ ਵੱਡੀ ਗਿਣਤੀ ਵਿੱਚ ਸ਼ਾਮਿਲ ਹੋ ਕੇ ਬਾਬਾ ਨਜਮੀ ਦੀ ਸ਼ਾਇਰੀ ਦਾ ਆਨੰਦ ਮਾਣਿਆ।ਕੈਲਗਰੀ ਵਿੱਚ ਪਹਿਲੀ ਵਾਰ ਕਿਸੇ ਕਵੀ ਨੂੰ ਸੁਣਨ ਲਈ ਐਨਾ ਭਰਵਾਂ ਇਕੱਠ ਹੋਇਆ।
ਬਾਬਾ ਨਜਮੀ ਨੇ ਆਪਣੀ ਵਿਸ਼ਵ ਪ੍ਰਸਿੱਧ ਸ਼ਾਇਰੀ ਦੀ ਪੇਸ਼ਕਾਰੀ ਨਾਲ਼ ਮਜ਼ਦੂਰ ਵਰਗ,ਪੰਜਾਬੀ ਬੋਲੀ ਤੇ ਔਰਤਾਂ ਦੇ ਹੱਕਾਂ ਦੀ ਗੱਲ ਕੀਤੀ।ਉਹਨਾਂ ਕਿਹਾ ਕਿ ਮੌਜੂਦਾ ਹਾਲਾਤਾਂ ਵਿੱਚ ਮੁਲਕਾਂ ਦੀਆਂ ਸਰਹੱਦਾਂ ਨੂੰ ਮਿਟਾਉਣਾ ਮੁਸ਼ਕਲ ਹੈ ਅਜਿਹੇ ਸਮਾਗਮਾਂ ਨਾਲ਼ ਦੋਵੇਂ ਮੁਲਕਾਂ ਦੇ ਲੋਕਾਂ ਦੇ ਦਿਲਾਂ ਦੀ ਸਾਂਝ ਪਾਈ ਜਾ ਸਕਦੀ ਹੈ।ਉਹਨਾਂ ਕਿਹਾ ਕਿ ਉਹ ਮਜ਼ਦੂਰਾਂ ਦੇ ਹੱਕਾਂ ਦੀ ਗੱਲ ਇਸ ਕਰਕੇ ਕਰਦੇ ਹਨ ਕਿਉਂਕਿ ਉਹਨਾਂ ਖੁਦ ਸੜਕਾਂ ਤੇ ਰੋੜੀ ਕੁੱਟੀ ਹੈ।
ਕੈਲਗਰੀ ਦੇ ਨਾਮਵਰ ਲੇਖਕ ਹਰੀਪਾਲ ਨੇ ਬਾਬਾ ਨਜਮੀ ਦੀਆਂ ਲਿਖਤਾਂ ਬਾਰੇ ਪਰਚਾ ਪੜਿਆ।ਪਾਕਿਸਤਾਨੀ ਕੈਨੇਡੀਅਨ ਚਲਚਰਲ ਐਸੋਸੀਏਸ਼ਨ ਅਲਬਰਟਾ ਵਲੋਂ ਅਸਜ਼ਦ ਬੁਖਾਰੀ ਅਤੇ ਜੂਨੈਦ ਬਹਾਦਰ ਖਾਨ ਨੇ ਬਾਬਾ ਨਜਮੀ ਬਾਰੇ ਜਾਣਕਾਰੀ ਸਾਂਝੀ ਕੀਤੀ।ਪ੍ਰੌਗਰੈਸਿਵ ਕਲਾ ਮੰਚ ਵਲੋਂ ਕਮਲਪ੍ਰੀਤ ਪੰਧੇਰ ਨੇ ਕੈਨੇਡਾ ਵਿੱਚ ਮਹਿੰਗਾਈ ਦੇ ਦੌਰ ਵਿੱਚ ਆਮ ਵਿਅਕਤੀ ਵਲੋਂ ਪਰਿਵਾਰ ਲਈ ਕੀਤੇ ਜਾ ਰਹੇ ਸੰਘਰਸ਼ ਦੀ ਗੱਲ ਕੀਤੀ ਤੇ ਬੱਚਿਆਂ ਦੀ ਕੋਰੀਓਗਰਾਫੀ ਵੀ ਇਸ ਸੰਘਰਸ਼ ਨੂੰ ਸਮਰਪਿਤ ਕੀਤੀ।ਬੱਚਿਆਂ ਨੇ ਫੈਜ਼ ਅਹਿਮਦ ਫੈਜ਼ ਦੀ ਰਚਨਾ ‘ਹਮ ਮਿਹਨਤਕਸ਼ ਇਸ ਦੁਨੀਆਂ ਜਬ ਅਪਨਾ ਹਿੱਸਾ ਮਾਂਗੇਗੇ’ ਤੇ ਆਧਾਰਿਤ ਕੋਰੀਓਗਰਾਫੀ ਪੇਸ਼ ਕੀਤੀ। ਇੰਡੀਅਨ ਐਕਸ-ਸਰਵਿਸਮੈਨ ਸੁਸਾਇਟੀ ਦੇ ਪ੍ਰਧਾਨ ਬਲਕਾਰ ਸਿੰਘ ਸੰਧੂ ਅਤੇ ਡਾ. ਅਹਿਮਦ ਖਾਨ ਨੇ ਵੀ ਵਿਚਾਰ ਪ੍ਰਗਟ ਕੀਤੇ।ਸ਼ਹੀਦ ਭਗਤ ਸਿੰਘ ਬੁੱਕ ਸੈਂਟਰ ਵਲੋਂ ਇਸ ਮੌਕੇ ਲਗਾਈ ਪੁਸਤਕ ਪ੍ਰਦਰਸ਼ਨੀ ਵਿੱਚ ਵੀ ਲੋਕਾਂ ਨੇ ਦਿਲਚਸਪੀ ਦਿਖਾਈ।ਮੰਚ ਸੰਚਾਲਨ ਮਾਸਟਰ ਭਜਨ ਨੇ ਕੀਤਾ।