ਲੇਖਿਕਾ ਅਤੇ ਅਗਾਂਹਵਧੂ ਰੰਗਮੰਚ ਨਾਲ ਜੁੜੀ ਬਖ਼ਸ਼ ਸੰਘਾ ਨੂੰ ਕੀਤਾ ਜਾਵੇਗਾ ਸਨਮਾਨਿਤ
ਜੋਰਾਵਰ ਬਾਂਸਲ – ਪੰਜਾਬੀ ਲਿਖ਼ਾਰੀ ਸਭਾ ਕੈਲਗਰੀ, ਕੈਨੇਡਾ ਸੰਸਾਰ ਪੱਧਰ ਦੀਆਂ ਪੰਜਾਬੀ ਸਾਹਿਤਕ ਸੰਸਥਾਵਾਂ ਵਿੱਚ ਵਿਸ਼ੇਸ਼ ਸਥਾਨ ਰੱਖਦੀ ਹੈ,1999 ਤੋਂ ਲਗਾਤਾਰ ਮਹੀਨਾਵਾਰ ਸਾਹਿਤਕ ਇਕੱਤਰਤਾਵਾਂ ਅਤੇ ਸਾਲ 2000 ਤੋਂ ਸਲਾਨਾ ਸਮਾਗਮ ਲਗਾਤਾਰ ਕਰਦੀ ਆ ਰਹੀ ਹੈ। ਸਲਾਨਾ ਸਮਾਗਮ ਵਿਚ ਪੰਜਾਬੀ ਸਾਹਿਤ ਅਤੇ ਸਮਾਜ ਲਈ ਨਿੱਗਰ ਅਤੇ ਉਸਾਰੂ ਕੰਮ ਕਰਨ ਵਾਲੇ ਇੱਕ ਲੇਖਕ/ਲੇਖਿਕਾ ਨੂੰ ਸਲਾਨਾ ਪੁਰਸਕਾਰ ਪ੍ਰਦਾਨ ਕੀਤਾ ਜਾਂਦਾ ਹੈ। ਪਹਿਲਾ ਪੁਰਸਕਾਰ ਸਵ:ਸ੍ਰੋਮਣੀ ਸਾਹਿਤਕਾਰ ਗਿਆਨੀ ਕੇਸਰ ਸਿੰਘ ਨਾਵਲਿਸਟ ਨੂੰ ਸਾਲ 2000 ਵਿਚ ਦਿੱਤਾ ਗਿਆ ਸੀ। ਹੁਣ 19ਵਾਂ ਪੁਰਸਕਾਰ ਕੈਨੇਡਾ ਵਿਚ ਰਹਿਕੇ ਸਖ਼ਤ ਕਿਰਤੀ ਮਿਹਨਤ ਦੇ ਨਾਲ-ਨਾਲ ਸਾਹਿਤ ਅਤੇ ਸਮਾਜ ਲਈ ਉਸਾਰੂ ਯੋਗਦਾਨ ਪਾਉਣ ਵਾਲੀ ਲੇਖਿਕਾ ਅਤੇ ਅਲਬਟਾ ਸੂਬੇ ਵਿਚ ਪੰਜਾਬੀਆਂ ਦੇ ਅਗਾਂਹਵਧੂ ਨਾਟਕ ਮੰਚ ਵਿਚ ਲੰਬੇ ਸਮੇਂ ਤੋਂ ਲਗਾਤਾਰ ਆਪਣੇ ਨਿੱਜੀ ਰੁਝੇਵਿਆਂ ਦੇ ਬਾਵਜ਼ੂਦ ਹਰ ਹਲਾਤ,ਹਰ ਸਮੇਂ ਸਿਦਕ ਨਾਲ ਵੱਖ-ਵੱਖ ਪਾਤਰਾਂ ਰਾਹੀਂ ਅਲਬਰਟਾ ਸੂਬੇ ਵਿਚ ਪੇਸ਼ ਹੋਣ ਵਾਲੀ ਪਹਿਲੀ ਪੰਜਾਬੀ ਰੰਗਕਰਮੀ ਬਖ਼ਸ਼ ਸੰਘਾ ਵਾਸੀ ਐਡਮਿੰਟਨ ਨੂੰ ਦਿੱਤਾ ਜਾਵੇਗਾ। ਵਾਈਟਹੌਰਨ ਕਮਿਊਨਟੀ ਹਾਲ ਵਿਚ 18 ਅਗਸਤ ਦਿਨ ਸ਼ਨਿੱਚਰਵਾਰ ਨੂੰ ਇਹ ਸਮਾਗਮ 1 ਤੋਂ 4 ਵਜੇ ਤੱਕ ਹੋਵੇਗਾ। ਪਰਮਿੰਦਰ ਰਮਨ ਢੁੱਡੀਕੇ ਦੀ ਕਾਵਿ ਪੁਸਤਕ ਲੋਕ ਅਰਪਣ ਕੀਤੀ ਜਾਵੇਗੀ, ਪੁਸਤਕਾਂ ਦਾ ਸਟਾਲ ਲਗਾਇਆ ਜਾਵੇਗਾ, ਹੈਰੀਟੇਜ ਗਿੱਧਾ ਸਕੂਲ ਵੱਲੋਂ ਸੱਭਿਆਚਾਰਕ ਸਮਾਗਮ ਪੇਸ਼ ਕੀਤਾ ਜਾਵੇਗਾ, ਵੱਖ-ਵੱਖ ਸ਼ਹਿਰਾਂ ਤੋਂ ਵੀ ਲੇਖਕ ਸ਼ਮੂਲੀਅਤ ਕਰਨਗੇ। ਹਰ ਹਾਜ਼ਰੀਨ ਲਈ ਚਾਹ ਅਤੇ ਸਨੈਕਸ ਦਾ ਵਿਸ਼ੇਸ਼ ਪ੍ਰਬੰਧ ਹੋਵੇਗਾ। ਮੌਜੂਦਾ ਪ੍ਰਧਾਨ ਬਲਜਿੰਦਰ ਸੰਘਾ ਅਤੇ ਜਨਰਲ ਸਕੱਤਰ ਰਣਜੀਤ ਸਿੰਘ ਅਨੁਸਾਰ ਇਹ ਸਭਾ ਸਖ਼ਤ ਨਿਯਮਾਂ ਅਨੁਸਾਰ ਚੱਲਦੀ ਹੈ ਨਾ ਕਿ ਕਿਸੇ ਇੱਕ ਵਿਆਕਤੀ ਦੇ ਅਧਾਰਿਤ। ਸਭ ਫੈਸਲੇ ਕਾਰਜਕਾਰੀ ਕਮੇਟੀ ਦੀ ਬਹੁਮਤ ਨਾਲ ਹੁੰਦੇ ਹਨ। ਹਰ ਕਾਰਜਕਾਰੀ ਮੈਂਬਰ ਸਖ਼ਤ ਨਿਯਮਾਂ ਵਿਚ ਬੱਝਿਆ ਹੋਇਆ ਹੈ। ਜਿਵੇਂ ਕਿ ਸਾਲ ਦਾ ਪੰਜ ਸੌ ਡਾਲਰ ਸਭਾ ਦੇ ਖ਼ਾਤੇ ਵਿਚ ਜਮਾਂ ਕਰਵਾਉਂਦਾ ਹੈ, ਸੌਂਪੀ ਜਿੰਮੇਵਾਰੀ ਨਾ ਨਿਭਾਉਣ ਤੇ ਕਾਰਜਕਾਰੀ ਮੈਂਬਰ ਬਹੁਮਤ ਨਾਲ ਕਿਸੇ ਵੀ ਕਾਰਜਕਾਰੀ ਮੈਂਬਰ ਨੂੰ ਬਰਖ਼ਾਸਤ ਕਰ ਸਕਦੇ ਹਨ। ਰਾਜਨੀਤਕ ਜਾਂ ਸਭਾ ਦਾ ਹੋਰ ਨਿੱਜੀ ਲਾਭ ਲੈਣ ਵਾਲੇ ਤੋਂ ਅਸਤੀਫ਼ਾ ਲਿਆ ਜਾਂਦਾ ਹੈ ਜਾਂ ਬਹੁਮਤ ਨਾਲ ਬਾਹਰ ਦਾ ਰਸਤਾ ਦਿਖਾਇਆ ਜਾਂਦਾ ਹੈ। ਕੋਈ ਕਿਤਾਬ ਤਾਂ ਹੀ ਲੋਕ ਅਰਪਣ ਕੀਤੀ ਜਾ ਸਕਦੀ ਹੈ ਜੇਕਰ ਸਭਾ ਦੇ ਘੱਟੋ-ਘੱਟ ਚਾਰ ਕਾਰਜਕਾਰੀ ਮੈਂਬਰ ਕਿਤਾਬ ਪੜ੍ਹਨ ਤੋਂ ਬਾਅਦ ਆਪਣੀ ਸਹਿਮਤੀ ਦੇਣ ਆਦਿ। ਜ਼ਿਕਰਯੋਗ ਹੈ ਕਿ ਗਿਆਨੀ ਕੇਸਰ ਸਿੰਘ ਨਾਵਲਿਸਟ ਦੇ ਸਨਮਾਨ ਤੋਂ ਸ਼ੁਰੂ ਹੋਕੇ ਹੁਣ ਤੱਕ ਸਭਾ ਸਵ:ਸ੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ,ਸ੍ਰੋਮਣੀ ਸਾਹਿਤਕਾਰ ਗੁਰਚਰਨ ਰਾਮਪੁਰੀ, ਜੋਗਿੰਦਰ ਸ਼ਮਸ਼ੇਰ, ਸਵ:ਡਾ ਦਰਸ਼ਨ ਗਿੱਲ,ਸ੍ਰੋਮਣੀ ਸਾਹਿਤਕਾਰ ਨਵਤੇਜ ਭਾਰਤੀ, ਬਲਵੀਰ ਕੌਰ ਸੰਘੇੜਾ, ਨਦੀਮ ਪਰਮਾਰ,ਸਵ:ਇਕਬਾਲ ਰਾਮੂਵਾਲੀਆ, ਜਰਨੈਲ ਸੇਖਾ, ਜਰਨੈਲ ਸਿੰਘ ਕਹਾਣੀਕਾਰ, ਸਾਧੂ ਬਿਨਿੰਗ, ਮੰਗਾ ਬਾਸੀ, ਅਜਮੇਰ ਰੋਡੇ, ਮੋਹਨ ਗਿੱਲ, ਮੇਜਰ ਮਾਂਗਟ, ਮੁਹਿੰਦਰ ਸੂਮਲ ਜਿਹੇ ਸਮਾਜ ਨੂੰ ਸਮਰਪਿਤ ਅਤੇ ਲਿਖਣ ਕਲਾ ਨਾਲ ਜੁੜੀਆਂ ਹਸਤੀਆਂ ਦਾ ਸਨਮਾਨ ਕਰ ਚੁੱਕੀ ਹੈ। ਇਸ ਤੋਂ ਇਲਾਵਾ ਸਭਾ ਵੱਲੋਂ ਨਵੀਂ ਪੀੜ੍ਹੀ ਨੂੰ ਪੰਜਾਬੀ ਬੋਲੀ ਅਤੇ ਨਿੱਗਰ ਕਦਰਾਂ-ਕੀਮਤਾਂ ਨਾਲ ਜੋੜਨ ਲਈ 2012 ਤੋਂ ਹਰੇਕ ਇੱਕ ਪਰੋਗਰਾਮ ਸਿਰਫ਼ ਬੱਚਿਆਂ ਲਈ ‘ਪੰਜਾਬੀ ਬੋਲਣ ਦੀ ਮੁਹਾਰਤ ਦਾ ਸਮਾਗਮ’ ਕੀਤਾ ਜਾਂਦਾ ਹੈ। ਕੈਲਗਰੀ ਨਿਵਾਸੀਆਂ ਨੂੰ ਬੇਨਤੀ ਹੈ ਕਿ ਜੇਕਰ ਆਪ ਸੱਚਮੁੱਚ ਹੀ ਨਸ਼ੇ, ਲੱਚਰ ਗਾਇਕੀ, ਗੈਂਗਵਾਰ ਦੇ ਵਿਰੋਧੀ ਹੋ ਤਾਂ ਆਪਣੇ ਬੱਚਿਆਂ ਸਮੇਤ ਇਸ ਤਰਾਂ ਦੇ ਨਿੱਗਰ ਸਮਾਜ ਸਿਰਜਕ ਸਮਾਗਮਾਂ ਵਿਚ ਸ਼ਮੂਲੀਅਤ ਵਧਓ। ਆਓ ਲੇਖਕਾਂ/ਸ਼ਾਇਰਾਂ ਨੂੰ ਆਪਣੇ ਅਤੇ ਆਪਣੇ ਬੱਚਿਆਂ ਦੇ ਰੋਲ ਮਾਡਲ ਬਣਾਈਏ। ਹੋਰ ਜਾਣਕਾਰੀ ਲਈ ਸਭਾ ਦੇ ਪ੍ਰਧਾਨ ਬਲਜਿੰਦਰ ਸੰਘਾ ਨਾਲ 403-680-3212 ਜਾਂ ਜਨਰਲ ਸਕੱਤਰ ਰਣਜੀਤ ਸਿੰਘ ਨਾਲ 403-714-6848 ਤੇ ਸਪੰਰਕ ਕੀਤਾ ਜਾ ਸਕਦਾ ਹੈ।