ਕੈਲਗਰੀ: ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵਲੋਂ ਹਰ ਮਹੀਨੇ ਕਰਵਾਏ ਜਾਂਦੇ ਸੈਮੀਨਾਰ ਵਿੱਚ ਅੱਜ ਜੁਲਾਈ ਇੱਕ ਨੂੰ ਪੰਜਾਬੀ ਗਾਇਕੀ ਵਿੱਚ ਲੱਚਰ, ਹਿੰਸਕ, ਜੱਟਵਾਦ, ਨਸ਼ੇ, ਔਰਤਾਂ ਵਿਰੁੱਧ ਭੱਦੀ ਸ਼ਬਦਾਵਲੀ ਤੇ ਗੈਂਗਵਾਦ ਆਦਿ ਦੇ ਨਾਲ-ਨਾਲ ਪੰਜਾਬ ਵਿੱਚ ਨਸ਼ਿਆਂ ਨਾਲ ਮਰ ਰਹੇ ਨੌਜਵਾਨਾਂ ਵਰਗੇ ਗੰਭੀਰ ਮੁੱਦਿਆਂ ਤੇ ਭਰਵੀਂ ਚਰਚਾ ਹੋਈ।ਇਸ ਮੌਕੇ ਤੇ ਹਾਜ਼ਰੀਨ ਨੇ ਆਪਣੇ ਸਿਰਾਂ ਅਤੇ ਮੋਢਿਆਂ ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਜਿਥੇ ਪੰਜਾਬ ਵਿੱਚ ਅਨੇਕਾਂ ਸਮਾਜਿਕ ਤੇ ਮਨੁੱਖੀ ਅਧਿਕਾਰ ਜਥੇਬੰਦੀਆਂ ਵਲੋਂ ਚਲਾਈ ਜਾ ਰਹੀ ਮੁਹਿੰਮ ‘ਚਿੱਟੇ ਵਿਰੁੱਧ, ਕਾਲਾ ਹਫਤਾ’ ਦੇ ਸਹਿਯੋਗ ਦਾ ਪ੍ਰਣ ਕੀਤਾ ਗਿਆ, ਉਥੇ ਸਰਕਾਰਾਂ ਤੇ ਪ੍ਰਸ਼ਾਸਨ ਦੀ ਮਿਲੀ ਭੁਗਤ ਨਾਲ ਨਸ਼ਿਆਂ ਦੇ ਚੱਲ ਰਹੇ ਵਪਾਰ ਦੀ ਸਖਤ ਨਿੰਦਾ ਕੀਤੀ ਗਈ।ਬੁਲਾਰਿਆਂ ਵਲੋਂ ਲੋਕ ਵਿਰੋਧੀ ਸਰਕਾਰਾਂ ਦੀ ਭਰਵੀਂ ਆਲੋਚਨਾ ਕੀਤੀ ਗਈ ਤੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਗਈ।ਕੋਸੋ ਹਾਲ ਵਿੱਚ ਹੋਈ ਇਸ ਮੀਟਿੰਗ ਵਿੱਚ ਸ਼ਾਮਿਲ ਬੁਲਾਰਿਆਂ ਨੇ ਨਸ਼ਿਆਂ ਦੇ ਨਾਲ-ਨਾਲ ਪੰਜਾਬੀ ਗਾਇਕੀ ਵਿੱਚ ਦਿਨੋ-ਦਿਨ ਆ ਰਹੇ ਨਿਘਾਰ ਤੇ ਭਖਵੀਂ ਚਰਚਾ ਹੋਈ।ਬੁਲਾਰਿਆਂ ਨੇ ਪੰਜਾਬੀ ਗਾਇਕੀ ਰਾਹੀਂ ਨਸ਼ਿਆਂ, ਹਿੰਸਾ, ਗੈਂਗਵਾਦ, ਨਸਲਵਾਦ, ਜਾਤ-ਪਾਤ, ਜੱਟਵਾਦ, ਸ਼ਰਾਬ ਕਲਚਰ, ਔਰਤਾਂ ਵਿਰੁੱਧ ਘਟੀਆ ਸ਼ਬਦਾਵਲੀ ਦੀ ਕੀਤੀ ਜਾ ਰਹੀ ਪ੍ਰਮੋਸ਼ਨ ਤੇ ਚਿੰਤਾ ਪ੍ਰਗਟ ਕਰਨ ਦੇ ਨਾਲ-ਨਾਲ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ।ਮੀਟਿੰਗ ਵਿੱਚ ਅਜਿਹੇ ਗਾਇਕਾਂ ਦੇ ਸ਼ੋਆਂ ਦੇ ਪ੍ਰਮੋਟਰਾਂ, ਸਪੌਂਸਰਾਂ, ਮੀਡੀਆ ਤੇ ਟਿਕਟਾਂ ਵੇਚਣ ਵਾਲਿਆਂ ਨੂੰ ਅਪੀਲ ਕੀਤੀ ਗਈ ਕਿ ਉਹ ਪੈਸੇ ਦੇ ਲਾਲਚ ਜਾਂ ਸਸਤੀ ਸ਼ੋਹਰਤ ਲਈ ਇਨ੍ਹਾਂ ਸਮਾਜ ਵਿਰੋਧੀ ਗਾਇਕਾਂ ਨੂੰ ਪ੍ਰਮੋਟ ਨਾ ਕਰਨ, ਜਿਸ ਨਾਲ ਸਾਡੀ ਨੌਜਵਾਨੀ ਨਸ਼ਿਆਂ ਤੇ ਹਿੰਸਾ ਦੇ ਰਾਹ ਪੈ ਰਹੀ ਹੈ।ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਰਮਨਜੀਤ ਸਿਧੂ (ਰੇਡੀਉ ਰੈਡ ਐਫ ਐਮ), ਜਗਦੇਵ ਸਿਧੂ (ਲੇਖਕ), ਹਰਚਰਨ ਪਰਹਾਰ (ਸੰਪਾਦਕ-ਸਿੱਖ ਵਿਰਸਾ), ਕਮਲਪ੍ਰੀਤ ਪੰਧੇਰ (ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ), ਸੁਰਿੰਦਰ ਗੀਤ (ਪ੍ਰਧਾਨ-ਪੰਜਾਬੀ ਸਾਹਿਤ ਸਭਾ), ਬਲਜਿੰਦਰ ਸੰਘਾ (ਪ੍ਰਧਾਨ-ਪੰਜਾਬੀ ਲਿਖਾਰੀ ਸਭਾ), ਅਵੀ ਜਸਵਾਲ (ਕਵਿਤਰੀ), ਹਰੀਪਾਲ (ਲੇਖਕ), ਸੁਖਦੇਵ ਸਿੰਘ, ਮਾਸਟਰ ਬਚਿੱਤਰ ਗਿੱਲ (ਕਵੀਸ਼ਰ), ਜਸਵੰਤ ਸਿੰਘ ਸੇਖੋਂ (ਕਵੀਸ਼ਰ) ਆਦਿ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ।ਪੰਜਾਬ ਤੋਂ ਆਏ ਪੱਤਰਕਾਰ ਰਾਮ ਦਾਸ ਬੰਗੜ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਲਵਾਈ।ਬੁਲਾਰਿਆਂ ਅਨੁਸਾਰ ਦੁਨੀਆਂ ਭਰ ਵਿੱਚ ਨੌਜਵਾਨਾਂ ਵਿੱਚ ਨਸ਼ਿਆਂ ਤੇ ਹਿੰਸਾ ਆਦਿ ਦੇ ਰੁਝਾਨਾਂ ਲਈ ਸਰਮਾਏਦਾਰੀ ਲੁਟੇਰਾ ਨਿਜ਼ਾਮ ਹੀ ਜਿੰਮੇਵਾਰ ਹੈ, ਜਦੋਂ ਤੱਕ ਅਸੀਂ ਇਸ ਸਿਸਟਮ ਨੂੰ ਨਹੀਂ ਸਮਝਦੇ ਤੇ ਲਾਮਬੰਦ ਨਹੀਂ ਹੁੰਦੇ, ਸਾਡੀਆਂ ਸਮੱਸਿਆਵਾਂ ਹੱਲ ਨਹੀਂ ਹੋ ਸਕਦੀਆਂ।
ਇਸ ਮੀਟਿੰਗ ਵਿੱਚ ਵਿਚਾਰ ਚਰਚਾ ਤੋਂ ਬਾਅਦ ਅਗਲੇ ਦਿਨਾਂ ਵਿੱਚ ਕੈਲਗਰੀ ਵਿੱਚ ਪੰਜਾਬੀ ਗਾਇਕ ਅੰਮ੍ਰਿਤ ਮਾਨ ਦੇ 7 ਜੁਲਾਈ ਨੂੰ ਮੈਗਨੋਲੀਆ ਹਾਲ ਵਿੱਚ ਹੋ ਰਹੇ ਸ਼ੋਅ ਦੇ ਪ੍ਰਬੰਧਕਾਂ (ਪ੍ਰਮੋਟਰਾਂ) ਨੂੰ ਅਪੀਲ ਕੀਤੀ ਗਈ ਕਿ ਉਹ ਮੀਡੀਏ ਰਾਹੀਂ ਪਬਲੀਕਲੀ ਅਨਾਊਂਸ ਕਰਨ ਕਿ ਅੰਮ੍ਰਿਤ ਮਾਨ ਨੂੰ ਕੈਲਗਰੀ ਵਿੱਚ ਲੱਚਰ, ਹਿੰਸਕ, ਨਸ਼ਿਆਂ, ਸ਼ਰਾਬ, ਜੱਟਵਾਦ, ਗੈਂਗਵਾਦ, ਅੋਰਤਾਂ ਵਿਰੋਧੀ ਗੀਤ ਨਹੀਂ ਗਾਉਣ ਦਿੱਤੇ ਜਾਣਗੇ।ਜੇ ਪ੍ਰਮੋਟਰਾਂ ਤੇ ਸਪੌਂਸਰਾਂ ਵਲੋਂ ਅਗਲੇ ਇੱਕ ਦੋ ਦਿਨਾਂ ਵਿੱਚ ਹਾਂ ਪੱਖੀ ਹੁੰਗਾਰਾ ਨਾ ਦਿੱਤਾ ਗਿਆ ਤਾਂ ਅੰਮ੍ਰਿਤ ਮਾਨ ਦਾ ਕੈਲਗਰੀ ਵਿੱਚ ਹਰ ਪੱਧਰ ਤੇ ਲੋਕਤੰਤਰੀ ਢੰਗਾਂ ਨਾਲ ਵਿਰੋਧ ਕੀਤਾ ਜਾਵੇਗਾ।ਮੀਟਿੰਗ ਦੇ ਮੁੱਖ ਬੁਲਾਰੇ ਮਾਸਟਰ ਭਜਨ ਸਿੰਘ ਵਲੋਂ ਕੈਲਗਰੀ ਦੇ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਇਸ ਸ਼ੋਅ ਦਾ ਵਿਰੋਧ ਕਰਨ ਲਈ ਤਿਆਰ ਰਹਿਣ ਦੀ ਅਪੀਲ ਕੀਤੀ।ਮੀਟਿੰਗ ਵਲੋਂ ਸਾਰੇ ਪੰਜਾਬੀਆਂ ਨੂੰ ਪੰਜਾਬ ਵਿੱਚ 1 ਜੁਲਾਈ ਤੋਂ 7 ਜੁਲਾਈ ਤੱਕ ‘ਚਿੱਟੇ ਖਿਲਾਫ, ਕਾਲਾ ਹਫਤਾ’ ਮੁਹਿੰਮ ਦਾ ਸਾਥ ਦੇਣ ਲਈ ਸਾਰਾ ਹਫਤਾ ਕਾਲੇ ਕੱਪੜੇ ਪਾਉਣ ਜਾਂ ਕਾਲੀਆਂ ਪੱਗਾਂ ਜਾਂ ਚੁੰਨੀਆਂ ਲੈਣ, ਜਾਂ ਕਾਲੀਆਂ ਪੱਟੀਆਂ ਸਿਰਾਂ ਜਾਂ ਬਾਂਹ ਤੇ ਬੰਨਣ ਦੀ ਅਪੀਲ ਵੀ ਕੀਤੀ ਗਈ ਤਾਂ ਕਿ ਅਸੀਂ ਆਪਣੇ ਹਮ ਵਤਨੀ ਪੰਜਾਬੀਆਂ ਨਾਲ ਸਹਿਯੋਗ ਕਰ ਸਕੀਏ।ਹੋਰ ਜਾਣਕਾਰੀ ਲਈ ਮਾਸਟਰ ਭਜਨ ਸਿੰਘ: 403-455-4220,ਹਰਚਰਨ ਸਿੰਘ ਪਰਹਾਰ: 403-681-8689 (ਰਿਪੋਰਟ ਕਰਤਾ: ਹਰਚਰਨ ਸਿੰਘ ਪਰਹਾਰ)