ਕੈਲਗਰੀ- ਵੈਨਕੂਵਰ ਤੋਂ ਕੈਲਗਰੀ ਆਏ ਪ੍ਰਸਿੱਧ ਲੇਖਕ ਮੋਹਨ ਗਿੱਲ ਨਾਲ ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਕਾਰਜਕਾਰਨੀ ਕਮੇਟੀ ਵੱਲੋਂ ਸਾਹਿਤਕ ਮਿਲਣੀ ਦਾ ਪ੍ਰਬੰਧ ਕੀਤਾ ਗਿਆ। ਜਿਸ ਵਿਚ ਉਹਨਾਂ ਤੋਂ ਆਪਣੇ ਲੇਖਣੀ ਦੇ ਸਫ਼ਰ, ਪੰਜਾਬੀ ਸਾਹਿਤਕ ਸੰਸਥਾਵਾਂ ਦਾ ਵਿਦੇਸ਼ਾਂ ਵਿਚ ਯੋਗਦਾਨ, ਨਵੀਂ ਪੀੜ੍ਹੀ ਨੂੰ ਨਿੱਗਰ ਢੰਗ ਨਾਲ ਪੰਜਾਬੀ ਸੱਭਿਆਚਾਰ ਨਾਲ ਜੋੜ੍ਹਨਾ ਤਾਂ ਕਿ ਉਹ ਇਕੱਲੇ ਨੱਚਣ-ਟੱਪਣ ਨੂੰ ਹੀ ਅਸਲੀ ਸੱਭਿਆਚਾਰ ਨਾ ਸਮਝ ਲੈਣ, ਉਹਨਾਂ ਦੇ ਲਿਖਣ ਢੰਗ, ਭਾਰਤ ਫੇਰੀ ਆਦਿ ਬਾਰੇ ਕਈ ਸਵਾਲ ਪੁੱਛੇ ਗਏ। ਜਿਹਨਾਂ ਦੇ ਜਵਾਬ ਉਹਨਾਂ ਸੰਵਾਦ ਦੇ ਰੂਪ ਵਿਚ ਗੱਲਬਾਤ ਕਰਦਿਆਂ ਦਿੱਤੇ। ਉਹਨਾਂ ਪੰਜਾਬੀ ਲਿਖ਼ਾਰੀ ਸਭਾ ਬਾਰੇ ਗੱਲ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਇਸ ਸਭਾ ਦੀ ਗੱਲ ਕਰਦੇ ਰਹਿੰਦੇ ਹਨ ਜੋ ਸਹੀ ਦਿਸ਼ਾ ਵਿਚ ਕੰਮ ਕਰ ਰਹੀ ਹੈ ਅਤੇ ਚਾਰ ਪੀੜ੍ਹੀਆਂ ਨੂੰ ਨਾਲ ਲੈ ਕੇ ਚੱਲ ਰਹੀ ਹੈ। ਬੱਚਿਆਂ ਨੂੰ ਸਭਾ ਨਾਲ ਜੋੜਨ ਅਤੇ ‘ਪੰਜਾਬੀ ਬੋਲਣ ਦੀ ਮੁਹਰਾਤ’ ਦੇ ਸਮਾਗਮ ਨੂੰ ਉਹਨਾਂ ਸਭਾ ਦਾ ਨਿਵੇਕਲਾ ਅਤੇ ਨਿੱਗਰ ਕਦਮ ਦੱਸਿਆ। ਲੰਬੇ ਸਮੇਂ ਤੋਂ ਸਾਹਿਤ ਨਾਲ ਜੁੜੇ ਮੋਹਨ ਗਿੱਲ ਜੀ ਦਸ ਤੋਂ ਵੱਧ ਕਿਤਾਬਾਂ ਪੰਜਾਬੀ ਸਾਹਿਤ ਦੀ ਝੋਲੀ ਪਾ ਚੁੱਕੇ ਹਨ। ਜਲਦੀ ਵਿਚ ਉਲੀਕੀ ਉਹਨਾਂ ਨਾਲ ਇਹ ਸਾਹਿਤਕ ਮਿਲਣੀ ਯਾਦਗਾਰੀ ਹੋ ਨਿੱਬੜੀ।