ਬੂਟਾ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਦੁਨੀਆ ਦੇ ਬਹੁਤ ਸਾਰੇ ਮੁਲਕਾਂ ਵਿਚ ਸੱਜੇ ਪੱਖੀ ਵਿਚਾਰਧਾਰਾ ਵਾਲੀਆਂ ਤਾਕਤਾਂ ਦੇ ਸੱਤਾਧਾਰੀ ਹੋਣ ਨਾਲ ਖੁੱਲ੍ਹੀ ਮੰਡੀ ਦੀ ਆਰਥਿਕਤਾ ਦਾ ਬੋਲਬਾਲਾ ਹੈ, ਜੋ ਸਮਾਜਿਕ ਨਾਬਰਾਬਰੀ ਅਤੇ ਆਰਥਕ ਪਾੜੇ ਨੂੰ ਹੋਰ ਜ਼ਿਆਦਾ ਵਧਾ ਰਹੀ ਹੈ।ਕਰੋਨੀ ਕੈਪੀਟਲਿਜ਼ਮ ਹੇਠ ਅਗਾਂਹਵਧੂ ਵਿਚਾਰ, ਲੰਮੇ ਸੰਘਰਸ਼ਾਂ ਰਾਹੀਂ ਹਾਸਲ ਕੀਤੀ ਜਮਹੂਰੀ ਸਪੇਸ, ਕਿਰਤ ਕਾਨੂੰਨਾਂ ਸਮੇਤ ਤਮਾਮ ਮਨੁੱਖੀ ਤੇ ਜਮਹੂਰੀ ਅਧਿਕਾਰ, ਸਮਾਜਿਕ ਸੁਰੱਖਿਆ ਅਤੇ ਹੋਰ ਸਹੂਲਤਾਂ ਲਗਾਤਾਰ ਹਮਲੇ ਦੀ ਮਾਰ ਹੇਠ ਹਨ।ਭਾਰਤ ਦੀ ਹੁਕਮਰਾਨ ਜਮਾਤ ਵੀ ਇਸ ਆਲਮੀ ਬੁਰਾਈ ਦੇ ਧੁਰੇ ਦੀ ਭਾਈਵਾਲ ਬਣੀ ਹੋਈ ਹੈ।ਭਾਜਪਾ ਦੇ ਸੱਤਾਧਾਰੀ ਹੋਣ ਨਾਲ ਇਹ ਘੋਰ ਪਿਛਾਖੜੀ ਭਾਈਵਾਲੀ ਹੋਰ ਵੀ ਗੂੜ੍ਹੀ ਹੋ ਗਈ ਹੈ।ਉਨ੍ਹਾਂ ਅੱਗੇ ਕਿਹਾ ਕਿ ਇਸ ਘੋਰ ਅੰਧਕਾਰ ਵਿਚ ਵੀ ਮਜ਼ਲੂਮ ਅਤੇ ਦੱਬੇ-ਕੁਚਲੇ ਲੋਕ ਫਾਸ਼ੀਵਾਦੀ ਹਮਲੇ ਵਿਰੁੱਧ ਲੜ ਰਹੇ ਹਨ ਅਤੇ ਹਿੰਦੂਤਵ ਅਤੇ ਕਾਰਪੋਰੇਟ ਗੱਠਜੋੜ ਨੂੰ ਚੁਣੌਤੀ ਦੇ ਰਹੇ ਹਨ। ਉਹਨਾਂ ਜ਼ੋਰ ਦਿੱਤਾ ਕਿ ਇਸ ਫਾਸ਼ੀਵਾਦੀ ਵਰਤਾਰੇ ਨੂੰ ਠੱਲ ਪਾਉਣ ਲਈ ਮੁਲਕ ਦੀਆਂ ਇਸ ਨਹਾਇਤ ਖ਼ਤਰਨਾਕ ਗੱਠਜੋੜ ਵਿਰੋਧੀ ਸਮੂਹ ਤਾਕਤਾਂ ਨੂੰ ਆਪਣੇ ਸੈਕਸ਼ਨਲ ਏਜੰਡਿਆਂ ਤੋਂ ਉੱਪਰ ਉੱਠਕੇ ਵਿਆਪਕ ਸਾਂਝੇ ਸੰਘਰਸ ਲੜਨ ਲਈ ਅੱਗੇ ਆਉਣਾ ਹੋਵੇਗਾ।ਪ੍ਰਵਾਸੀ ਭਾਰਤੀਆਂ ਨੂੰ ਗ਼ਦਰੀ ਇਨਕਲਾਬੀਆਂ ਦੀ ਸ਼ਾਨਾਮੱਤੀ ਵਿਰਾਸਤ ਅਨੁਸਾਰ ਭਾਰਤ ਸਮੇਤ ਦੁਨੀਆਂ ਭਰ ਦੇ ਸਮੂਹ ਜਾਬਰਾਂ ਅਤੇ ਫਾਸ਼ੀਵਾਦੀਆਂ ਵਿਰੁੱਧ ਡੱਟਕੇ ਆਵਾਜ਼ ਉਠਾਉਂਦੇ ਰਹਿਣਾ ਚਾਹੀਦਾ ਹੈ।
ਇਸ ਮੌਕੇ ਤੇ ਕਮਲਪ੍ਰੀਤ ਪੰਧੇਰ ਵਲੋਂ ਤਿੰਨ ਮਤੇ ਪੜ੍ਹ ਕੇ ਸੁਣਾਏ ਗਏ, ਜਿਨ੍ਹਾਂ ਨੂੰ ਸਰੋਤਿਆਂ ਵਲੋਂ ਹੱਥ ਖੜੇ ਕਰਕੇ ਪ੍ਰਵਾਨਗੀ ਦਿੱਤੀ। ਪਹਿਲੇ ਮਤੇ ਵਿੱਚ ਜੰਮੂ-ਕਸ਼ਮੀਰ ਵਿੱਚ 8 ਸਾਲ ਬੱਚੀ ਅਸ਼ੀਫਾ ਬਾਨੋ ਦੇ ਸਮੂਹਿਕ ਬਲਾਤਕਾਰ ਤੋਂ ਬਾਅਦ ਬੇਰਹਿਮ ਕਤਲ ਦੀ ਨਿਖੇਧੀ ਤੇ ਇਨਸਾਫ ਦੀ ਮੰਗ ਕੀਤੀ ਗਈ।ਦੂਜੇ ਮਤੇ ਵਿੱਚ ਜਮਹੂਰੀ ਹੱਕਾਂ ਲਈ ਲੜ ਰਹੇ ਪ੍ਰੋ: ਸਾਈਂ ਬਾਬਾ ਸਮੇਤ ਦੇਸ਼ ਭਰ ਦੀਆਂ ਜ਼ੇਲ੍ਹਾਂ ਵਿੱਚ ਬੰਦ ਬੇਗੁਨਾਹ ਲੋਕਾਂ ਲਈ ਇਨਸਾਫ ਤੇ ਰਿਹਾਈ ਦੀ ਮੰਗ ਕੀਤੀ ਗਈ।ਤੀਜੇ ਮਤੇ ਵਿੱਚ ਪਾਕਿਸਤਾਨ ਤੋਂ ਲੋਕ ਹਿੱਤਾਂ ਨੂੰ ਸਮਰਪਿਤ ਥੀਏਟਰ ਕਲਾਕਾਰ ਮਦੀਹਾ ਗੌਹਰ ਦੀ ਮੌਤ ਤੇ ਸ਼ਰਧਾਂਜਲੀ ਭੇਟ ਕੀਤੀ ਗਈ। ਮਾਸਟਰ ਭਜਨ ਸਿੰਘ ਵਲੋਂ ਸਟੇਜ ਦੀਆਂ ਸੇਵਾਵਾਂ ਨਿਭਾਈਆਂ ਗਈਆਂ। ਇਸ ਤੋਂ ਇਲਾਵਾ ਹਰਚਰਨ ਸਿੰਘ ਪਰਹਾਰ ਵਲੋਂ ਬੂਟਾ ਸਿੰਘ ਬਾਰੇ ਜਾਣਕਾਰੀ ਅਤੇ ਸਭ ਨੂੰ ਜੀ ਆਇਆਂ ਆਖਿਆ।ਉਨ੍ਹਾਂ ਲੱਚਰ ਤੇ ਹਿੰਸਕ ਗਾਇਕੀ ਅਤੇ ਜੋਤਸ਼ੀਆਂ ਬਾਬਿਆਂ ਖਿਲਾਫ ਚੱਲ ਰਹੀ ਮੁਹਿੰਮ ਬਾਰੇ ਵੀ ਜਾਣਕਾਰੀ ਦਿੱਤੀ। ਪ੍ਰਧਾਨ ਜੀਤਇੰਦਰ ਪਾਲ ਵਲੋਂ ਸਭ ਦਾ ਧੰਨਵਾਦ ਕੀਤਾ ਗਿਆ। ਹਰੀਪਾਲ ਦੀ ਕਿਤਾਬ ਤੇ ਬਲਜਿੰਦਰ ਸੰਘਾ ਵਲੋਂ ਪ੍ਰਭਾਵਸ਼ਾਲੀ ਪਰਚਾ ਪੜ੍ਹਿਆ ਗਿਆ ਤੇ ਹਰੀਪਾਲ ਵਲੋਂ ਵੀ ਆਪਣੇ ਸੰਖੇਪ ਵਿਚਾਰ ਪੇਸ਼ ਕੀਤੇ ਗਏ। ਤਰਲੋਚਨ ਸੈਂਭੀ ਤੇ ਹਰਨੇਕ ਬਧਨੀ ਵਲੋਂ ਰਚਨਾਵਾਂ ਪੇਸ਼ ਕੀਤੀਆਂ ਗਈਆਂ।