ਪੁਸਤਕ ਦਾ ਨਾਮ- ‘ਪੂੰਜੀਵਾਦ ਬਨਾਮ ਕੈਨੇਡੀਅਨ ਸਮਾਜ’
ਲੇਖਕ- ਹਰੀਪਾਲ
ਪ੍ਰਕਾਸ਼ਕ- ਤਰਕਭਾਰਤੀ ਪ੍ਰਕਾਸ਼ਨ
ਚਰਚਾ ਕਰਤਾ- ਬਲਜਿੰਦਰ ਸੰਘਾ
ਹਰੀਪਾਲ ਲੇਖਕ ਸਮਾਜ ਦਾ ਇਕ ਅਜਿਹਾ ਗੰਭੀਰ ਲੇਖਕ ਹੈ ਜੋ ਲੇਖਣੀ ਦੇ ਤੌਰ ਤੇ ਬਹੁਤ ਹੀ ਹੌਲੀ ਤੁਰਦਾ ਜਾ ਕਿ ਅੱਜ ਦੇ ਸੋਸ਼ਲ ਮੀਡੀਆ ਦੇ ਦੌਰ ਵਿਚ ਲੇਖਕ ਹੀ ਨਹੀਂ ਹੈ। ਕਿਉਂਕਿ ਅਜੋਕੇ ਸੋਸ਼ਲ ਮੀਡੀਆ ਦੇ ਦੌਰ ਦਾ ਲੇਖਕ ਉਹੀ ਹੈ ਜੋ ਨਿੱਤ ਦਿਨ ਕੋਈ ਲਿਖ਼ਤ ਕਿਸੇ ਅਖ਼ਬਾਰ ਵਿਚ ਛਪੀ ਜਾਂ ਆਪਣੀ ਨਿੱਜੀ ਫੋਟੋ ਕਿਸੇ ਸਰਕਾਰੀ ਅਧਿਕਾਰੀ
ਜਾਂ ਮੰਤਰੀ ਨਾਲ ਫੇਸਬੁੱਕ ਤੇ ਪਾਉਂਦਾ ਹੈ, ਚਾਹੇ ਲਿਖ਼ਤ ਅਤੇ ਫੋਟੋ ਦਾ ਸਮਾਜ ਦੇ ਸਰੋਕਾਰਾਂ ਨਾਲ ਕੋਈ ਵੀ ਵਾਹ-ਵਾਸਤਾ ਨਾ ਹੋਵੇ। ਸਿਰਫ਼ ਸਫ਼ੇ ਕਾਲੇ ਕੀਤੇ ਹੋਣ। ਪੰਜਾਬੀ ਸਮਾਜ ਵਿਚ ਲੋਕਾਂ ਦੇ ਲੇਖਕਾਂ ਨਾਲੋਂ ਸਰਕਾਰੀ ਲੇਖਕ ਵੱਧ ਪਹਿਚਾਣ ਰੱਖਦੇ ਹਨ ਸੋ ਇਸ ਅਨੁਸਾਰ ਹਰੀਪਾਲ ਸ਼ਾਇਦ ਫੇਲ੍ਹ ਲੇਖਕ ਹੈ, ਜਿਸ ਦੀ ਕਲਮ ਵਿਚ ਸਰਕਾਰਾਂ ਬਦਲਣ ਨਾਲ ਨਾ ਤਾਂ ਲਚਕਤਾ ਆਉਂਦੀ ਤੇ ਨਾ ਹੀ ਗੋਲ-ਮੋਲ ਵਿਚਾਰ। ਖੱਬੇ ਪੱਖੀ ਵਿਚਾਰਾਂ ਦਾ ਹਾਮੀ ਉਹ ਜੋ ਕਹਿੰਦਾ ਹੈ ਉਹੀ ਵਿਚਾਰ ਉਸਦੀ ਨਿੱਜੀ ਜ਼ਿੰਦਗੀ ਦਾ ਹਿੱਸਾ ਹਨ। ਉਹ ਇੱਕ ਸਫ਼ਾ ਪੜ੍ਹਕੇ ਹਜ਼ਾਰ ਸਫ਼ਾ ਲਿਖਣ ਵਾਲੇ ਲੇਖਕਾਂ ਵਿਚ ਨਹੀਂ ਆਉਂਦਾ ਬਲਕਿ ਹਜ਼ਾਰ ਸਫ਼ਾ ਪੜ੍ਹਕੇ ਅੱਧਾ ਸਫ਼ਾ ਲਿਖਦਾ ਹੈ।
ਇਸੇ ਕਰਕੇ ਲੰਬੇ ਸਮੇਂ ਤੋਂ ਸਾਹਿਤ ਨਾਲ ਜੁੜਿਆ ਹੋਣ ਦੇ ਬਾਵਜ਼ੁਦ ਇਹ ਉਸਦੀ ਸਿਰਫ਼ ਤੀਸਰੀ ਕਿਤਾਬ ਹੈ। ਪਹਿਲੀ ਕਵਿਤਾ ਦੀ ਕਿਤਾਬ ‘ਬੰਦ ਘਰਾਂ ਦੇ ਵਾਸੀ’ ਵਿਚ ਹੀ ਉਹ ਅਜਿਹੇ ਵਿਸ਼ੇ ਛੂਹ ਗਿਆ ਸੀ ਕਿ ਹਰ ਸੁਹਿਰਦ ਪਾਠਕ, ਅਲੋਚਕ ਉਸ ਕਿਤਾਬ ਨੂੰ ਪੜ੍ਹਕੇ ਸੋਚ ਸਕਦਾ ਹੈ ਕਿ ਲੇਖਕ ਨੇ ਉਹ ਸਭ ਕੁਝ ਕਹਿ ਦਿੱਤਾ ਹੈ ਜੋ ਅਜੋਕੇ ਸਮਾਜ ਵਿਚ ਹੋ ਰਿਹਾ ਹੈ, ਪਿੱਛੇ ਹੋਇਆ ਸੀ ‘ਤੇ ਅੱਗੇ ਕੀ ਹੋਣ ਵਾਲਾ ਹੈ ਤਾਂ ਹੀ ‘ਤੇ ਇਹ ਵਿਚਾਰ ਵੀ ਦਿਲ ਆਉਂਦੇ ਹਨ ਕਿ ਇਹ ਲੇਖਕ ਫੋਕੀ ਸ਼ੋਹਰਤ ਤੋਂ ਦੂਰ ਹੈ ਨਾ ਤਾਂ ਦੁਹਰਾਓ ਕਰੇਗਾ ਨਾ ਕੁਝ ਅਜਿਹਾ ਲਿਖੇਗਾ ਜੋ ਇਸ ਤੋਂ ਅੱਗੇ ਦੀ ਗੱਲ ਨਾ ਕਰਦਾ ਹੋਵੇ। ਗੱਲ ਖ਼ਤਮ ਕਰਦਾ ਹਾਂ ਕਿ ਨਾਂ ਹਰੀਪਾਲ ਮਹਾਰਾਜਿਆਂ ਦੇ ਬੈਡਰੂਮਾਂ ਦੇ ਕਿੱਸੇ-ਕਹਾਣੀਆਂ ਫੋਕੀ ਸ਼ੌਹਰਤ ਲਈ ਲਿਖ਼ ਸਕਦਾ ‘ਤੇ ਨਾ ਹੀ ਅਜਿਹੀ ਕੋਈ ਕਵਿਤਾ ਜੋ ਇੱਕ ਭੱਠੀ ਵਾਲੀ ਨੂੰ ਪੀੜ੍ਹਾ ਦਾ ਪੁਰਾਗਾ ਭੁੰਨਣ ਲਈ ਕਹਿੰਦੀ ਹੋਵੇ। ਜੋ ਖ਼ੁਦ ਅਜਿਹੀ ਪੀੜ੍ਹ ਦੀ ਸ਼ਿਕਾਰ ਹੈ ਜੋ ਆਰਥਿਕ ਨਾ ਬਰਾਬਰੀ ਵਿਚੋਂ ਉਪਜੀ ਹੈ ਤੇ ਜਾਤ-ਪਾਤ ਦੇ ਟੈਗ ਲੱਗੇ ਹਨ। ਸੋ ਅਜਿਹੇ ਲੇਖਕ ਲਈ ਇਹ ਕਾਮਨਾ ਨਹੀਂ ਕੀਤੀ ਜਾਂ ਸਕਦੀ ਕਿ ਕੋਈ ਸਰਕਾਰ ਜਾਂ ਸਾਹਿਤਕ ਸੰਸਥਾ ਉਹਨਾਂ ਨੂੰ ਪ੍ਰਸਿੱਧ ਲੇਖਕ ਜਾਂ ਜਨਮ ਭੂਮੀ ਦੀ ਕੋਈ ਸਰਕਾਰ ਜਾਂ ਸਰਕਾਰ ਪ੍ਰਭਾਵੀ ਸੰਸਥਾ ਕੋਈ ਸਨਮਾਨ ਦੇਵੇ। ਹਰੀਪਾਲ ਲੋਕਾਂ ਦਾ ਲੇਖਕ ਹੈ ਅਤੇ ਸਾਰੇ ਸੰਸਾਰ ਵਿਚ ਕਿਰਤੀ ਲੋਕਾਂ ਦੇ ਹਲਾਤਾਂ ਬਾਰੇ ਸਿਰਫ਼ ਜਾਣਕਾਰੀ ਨਹੀਂ ਰੱਖਦਾ ਬਲਕਿ ਹਰ ਵਿਸ਼ੇ ਦੇ ਯਥਾਰਰਥਵਾਦ ਤੋਂ ਸ਼ੁਰੂ ਹੁੰਦਿਆਂ ਉਸਨੂੰ ਸਮਾਜਵਾਦ ਰਾਹੀਂ ਕਿਉਂ? ‘ਤੇ ਕਿਵੇਂ? ਨਾਲ ਜੋੜ ਕੇ ਅਸਲ ਸੱਚ ਸਾਹਮਣੇ ਰੱਖਦਾ ਹੈ ਕਿ ਜੋ ਵਿਗਿਆਨਿਕ ਢੰਗ ਨਾਲ ਹੈ ਨਾ ਕਿ ਕਿਸੇ ਚਮਤਕਾਰ ਨਾਲ। ਕੈਨੇਡਾ ਵਿਚ ਲੱਗਭੱਗ ਪੰਜ ਦਹਾਕੇ ਤੋਂ ਕਿਰਤੀ ਦੀ ਜੂਨ ਹੰਢਾਉਂਦਾ ਉਹ ਆਪਣੇ ਤਜਰਬੇ ਵੀ ਸਾਂਝੇ ਕਰਦਾ ਹੈ, ਜਿਸ ਤੋਂ ਕੈਨੇਡਾ ਨੂੰ ਸਵਰਗ ਕਹਿਣ ਵਾਲੇ ਲੋਕ ਬਹੁਤ ਕੁਝ ਸਿੱਖ ਸੱਖਦੇ ਹਨ ਕਿ ਇਹ ਬਿਲਕੁੱਲ ਸਹੀ ਹੈ ਕਿ ਇੱਥੇ ਕਾਨੂੰਨ ਅਤੇ ਸਰਕਾਰਾਂ ਸਾਡੇ ਭਾਰਤ ਵਰਗੇ ਦੇਸਾਂ ਨਾਲੋਂ ਸਹੀ ਕੰਮ ਕਰਦੇ ਹਨ ਤੇ ਇਸੇ ਕਰਕੇ ਅਸੀਂ ਇੱਥੇ ਆਏ ਹਾਂ ਤੇ ਰਹਿਣਾ ਪਸੰਦ ਕਰਦੇ ਹਾਂ ਪਰ ਪੂੰਜੀਵਾਦ ਦਾ ਇਸ ਦੇਸ਼ ਤੇ ਕੀ ਅਸਰ ਹੈ ਉਹ ਵੀ ਇਸ ਕਿਤਾਬ ਵਿਚ ਉਹ ਕਈ ਲੇਖਾਂ ਵਿਚ ਅੰਕੜਿਆਂ ਰਾਹੀਂ ਸਿੱਧ ਕਰਦਾ ਹੈ। ਉਪਰੋਤਕ ਸਾਰੀ ਗੱਲਬਾਤ ਇਸ ਲੇਖਕ ਦੇ ਬਾਰੇ ਜਾਣਕਾਰੀ ਦੇਣ ਨਾਲ ਸਬੰਧਤ ਸੀ ਤੇ ਹਰੀਪਾਲ ਦੀ ਸਖ਼ਸੀਅਤ ਬਾਰੇ ਸ਼ਾਇਦ ਇਹ ਕਾਫ਼ੀ ਹੈ, ਕਿਉਂਕਿ ਬਹੁਤੀ ਗੱਲ ਮੈਂ ਉਹਨਾਂ ਦੀਆਂ ਇਸ ਕਿਤਾਬ ਵਿਚਲੀਆਂ ਲਿਖਤਾਂ ਬਾਰੇ ਆਪਣੇ ਨਜ਼ਰੀਏ ਤੋਂ ਆਪ ਸਭ ਨਾਲ ਸਾਂਝੀ ਕਰਨਾ ਚਾਹਾਂਗਾ।
‘ਪੂੰਜੀਵਾਦ ਬਨਾਮ ਕੈਨੇਡੀਅਨ ਸਮਾਜ’ ਕਿਤਾਬ ਵਿਚ ‘ਕਿਤਾਬਾਂ ਦੇ ਅੰਗ ਸੰਗ’ ਤੋਂ ਲੈ ਕੇ ‘ਅਮੀਰ ਕੈਨੇਡਾ ਦੇ ਗਰੀਬ ਬਜ਼ੁਰਗ’ ਤੱਕ ਕੁੱਲ ਸਤਾਰਾਂ ਲੇਖ ਹਨ ਜੋ ਯਥਾਰਥ ਦਾ ਹਵਾਲਾ ਦੇ ਕੇ ਇਸ ਤੋਂ ਅੱਗੇ ਕਿਉਂ ‘ਤੇ ਕਿਵੇਂ ਰਾਹੀਂ ਦੁਨੀਆਂ ਭਰ ਦੇ ਕਿਰਤੀ ਸਮਾਜ ਨਾਲ ਸਿੱਧੇ-ਅਸਿੱਧੇ ਢੰਗ ਨਾਲ ਜੁੜੇ ਹੀ ਨਹੀ ਬਲਕਿ ਪੂੰਜੀਵਾਦ ਦੇ ਹਰ ਖੇਤਰ ਵਿਚ ਖ਼ਤਰਨਾਕ ਪਰ ਸਹਿਜ ਢੰਗ ਨਾਲ ਪੈਰ ਪਸਾਰਨ ਦੇ ਢੰਗ ਤਰੀਕਿਆਂ ਦੇ ਵੀ ਪਾਜ ਖੋਲ੍ਹਦੇ ਹਨ। ਜੋ ਰੂਸ ਦੇ ਪ੍ਰਧਾਨ ਮੰਤਰੀ ਗੋਰਾਬਾਚੋਵ ਦੀ ਪਤਨੀ ਰਾਈਸਾ ਗੋਰਾਬਾਚੋਵ ਦੀ ਲੰਡਨ ਵਿਚ ਖ਼ਰੀਦੋ-ਫ਼ਰੋਕਤ ਤੇ ਸਰਕਾਰ ਰਾਹੀਂ ਪੂੰਜੀਵਾਦ ਦੀ ਗਹਿਰੀ ਤੇ ਗੰਭੀਰ ਅੱਖ ਰੱਖਣ ਦੀ ਗੱਲ ਦਾ ਵੀ ਪਰਦਾਫਾਸ ਕਰਦੇ ਹਨ, ਕਿ ਕਿਸ ਤਰ੍ਹਾਂ ਉਸਦੀ ਖ਼ਰੀਦਦਾਰੀ ਤੇ ਅੱਖ ਰੱਖਣ ਦੇ ਭੇਦ ਮਾਰਗਰੇਟ ਥੈਚਰ ਪ੍ਰਧਾਨ ਮੰਤਰੀ ਨਾਲ ਸਾਂਝੇ ਕਰਦੀ ਹੈ ਕਿ ਉਸਦੇ ਸ਼ੋਕ ਅਮੀਰਾਂ ਵਾਲੇ ਹਨ। ਇਸ ਔਰਤ ਰਾਹੀਂ ਪੂਰੇ ਰੂਸ ਨੂੰ ਗੁੰਮਰਾਹ ਕਰਕੇ ਲੋੜ੍ਹਾਂ ਦੀ ਥਾਂ ਪੂੰਜੀਵਾਦ ਦੇ ਸਿਧਾਂਤ ਇਸ਼ਾਵਾਂ ਵੱਲ ਕੇਂਦਰਿਤ ਕੀਤਾ ਜਾ ਸਕਦਾ ਹੈ।
ਇਹ ਤਾਂ ਸਿਰਫ਼ ਇੱਕ ਉਦਾਹਰਨ ਹੈ ਇਸਤੋਂ ਵੱਧ ਇਸ ਕਿਤਾਬ ਵਿਚ ਬਹੁਤ ਕੁਝ ਹੈ ਜੋ ਹਰੀਪਾਲ ਦੁਆਰਾ ਲਿਖੇ ‘ਸਦਮਾ ਮੱਤ’ ਕਿਤਾਬ ਬਾਰੇ ਲੇਖ ‘ਤਬਾਹੀ ਪਸੰਦ ਸਰਮਾਏਦਾਰੀ ਦਾ ਉਭਾਰ ਸਦਮਾ ਮੱਤ’ ਵਿਚ ਉਜਾਗਰ ਹੁੰਦਾ ਹੈ। ਇਸ ਲੇਖ ਵਿਚ ਲੇਖਕ ਨੇ ‘ਸਦਮਾ ਮੱਤ’ ਕਿਤਾਬ ਦੇ ਸਾਰੇ ਮੁੱਖ ਸਿਧਾਂਤ ਇਕੱਠੇ ਕਰਕੇ ਇਹ ਦੱਸਣ ਦੀ ਸਫ਼ਲ ਕੋਸ਼ਿਸ ਕੀਤੀ ਹੈ ਕਿ ਕਾਰਪੋਰੇਟ ਸੈਕਟਰ ਕਿਸੇ ਦੇਸ ਵਿਚ ਪੈਰ ਪਸਾਰਨ ਲਈ ਕੀ-ਕੀ ਕਰ ਸਕਦਾ ਹੈ ਤੇ ਉਸ ਦੇਸ ਦੀਆਂ ਸਰਕਾਰਾਂ ਕਿਵੇਂ ਇਸ ਅੱਗੇ ਗੋਡੇ ਟੇਕਦੀਆਂ ਹਨ। ਇਸ ਸਭ ਨੂੰ ਸਿਰੇ ਚਾੜ੍ਹਨ ਲਈ ਕਿਸੇ ਫੌਜੀ ਜਰਨੈਲ ਨੂੰ ਆਪਣੇ ਨਾਲ ਗੰਢਣ ਤੋਂ ਲੈ ਕੇ ਉਸ ਦੇਸ਼ ਵਿਚ ਕੁਦਰਤੀ ਆਫ਼ਤ ਆਉਣ ਜਾਂ ਜਾਣ ਬੁੱਝਕੇ ਹੜ੍ਹਾਂ ਵਰਗੇ ਹਲਾਤ ਪੈਦਾ ਕੀਤੇ ਜਾਂਦੇ ਹਨ ਤੇ ਫਿਰ ਲੋਕਾਂ ਨੂੰ ਸਦਮਾ ਦੇ ਕੇ ਉਸਦਾ ਹੱਲ ਪੂੰਜੀਵਾਦ ਦੇ ਨਜ਼ਰੀਏ ਤੋਂ ਇਸ ਢੰਗ ਨਾਲ ਲੱਭਿਆ ਜਾਂਦਾ ਹੈ ਕਿ ਸਧਾਰਨ ਮਨੁੱਖ ਇਹੀ ਸਮਝਦਾ ਹੈ ਕਿ ਸਾਡੇ ਹੱਕ ਦੀ ਗੱਲ ਕੀਤੀ ਜਾ ਰਹੀ ਹੈ ਬਲਕਿ ਅਸਲ ਵਿਚ ਪੂੰਜੀਵਾਦ ਦਾ ਦੈਤ ਉਹਨਾਂ ਨੂੰ ਸਬਜ਼ ਬਾਗ ਦਿਖਾ ਕੇ ਉਹਨਾਂ ਦੀਆਂ ਆਉਣ ਵਾਲੀਆਂ ਪੀਹੜ੍ਹੀਆਂ ਨੂੰ ਤਬਾਹ ਕਰਨ ਦਾ ਅਜਿਹਾ ਜਾਲ ਬੁਣ ਰਿਹਾ ਹੁੰਦਾ ਹੈ, ਜਿਸ ਵਿਚ ਉਹ ਇਸ਼ਾਵਾਂ ਦੇ ਖ਼ੂਹ ਵਿਚ ਵੀ ਪੁੱਠੇ ਲਕਟਦੇ ਹਨ ਪਰ ਮਾਣ ਵੀ ਮਹਿਸੂਸ ਕਰਦੇ ਹਨ ਤੇ ਅਹਿਜੇ ਹਲਾਤ ਕਿਵੇਂ ਪੈਦਾ ਕੀਤੇ ਜਾਂਦੇ ਹਨ ਇਹ ਲੇਖਕ ਦੇ ਇਸ ਕਿਤਾਬ ਵਿਚਲੇ ਹਰ ਲੇਖ ਵਿਚ ਕਿਤੇ ਨਾ ਕਿਤੇ ਅੰਕੜਿਆਂ ਸਮੇਤ ਸ਼ਾਮਿਲ ਹੈ। ਸਾਡੇ ਕੈਨੀਡੀਅਨ ਬੱਚੇ ਘਰਾਂ ਵਿਚ ਰਹਿਣ ਦੀ ਥਾਂ ਨਿੱਕੀਆਂ-ਨਿੱਕੀਆਂ ਕਾਡੋਮੀਨੀਅਮ ਪਰਾਪਰਟੀਆਂ ਵਿਚ ਰਹਿਣਗੇ ਤੇ ਅਸਲ ਸੱਚਾਈ ਨੂੰ ਜਾਨਣ ਤੋਂ ਬਿਨਾਂ ਇਸਤੇ ਮਾਣ ਵੀ ਮਹਿਸੂਸ ਕਰਨਗੇ ਇਹ ਜਾਨਣ ਤੋਂ ਬਿਨਾਂ ਕਿ ਸਾਡੇ ਮਨਮਰਜ਼ੀ ਦੇ ਘਰ ਤਾਂ ਪੂੰਜੀਵਾਦ ਨੇ ਸਾਡੇ ਤੋਂ ਸਦਾ ਲਈ ਖੋਹ ਲਏ ਹਨ।
ਆਪਾ-ਆਪਣੇ ਘਰਾਂ ਜਾ ਆਸ-ਪਾਸ ਨਜ਼ਰ ਮਾਰੀਏ ਤਾਂ ਬੱਚੇ ਉਹਨਾਂ ਮਾਪਿਆਂ ਨੂੰ ਵਿਚਾਰੇ ਸਮਝਦੇ ਹਨ ਜਾਂ ਉਹਨਾਂ ਨਾਲ ਸਟੋਰ ਤੱਕ ਜਾਣ ਵਿਚ ਸ਼ਰਮ ਮਹਿਸੂਸ ਕਰਦੇ ਹਨ ਜੋ ਸਿਲਫ-ਸਰਵਿਸ ਕਾਊਟਰਾਂ ਤੇ ਪੇਅ ਕਰਨ ਦੀ ਥਾਂ ਜਾਂ ਮੈਕਡਾਨਲ ਜਾਂ ਹੋਰ ਕਈ ਬਿਲੀਅਨ ਡਾਲਰ ਦਾ ਮੁਨਾਫ਼ਾ ਕਮਾਉਣ ਵਾਲੀਆਂ ਫਰੈਚਾਈਜ਼ ਵਿਚ ਸਿਲਫ ਸਰਵਿਸ ਮਸ਼ੀਨਾਂ ਤੇ ਆਰਡਰ ਨਹੀਂ ਕਰਦੇ ਜਾਂ ਕਰ ਸਕਦੇ। ਉਹ ਆਨ-ਲਾਈਨ ਆਰਡਰ ਕਰਕੇ ਆਪਣੀ ਹਰ ਲੋੜ ਦੀ ਚੀਜ਼ ਘਰ ਮੰਗਾਉਂਦੇ ਹਨ ਤੇ ਮਾਣ ਮਹਿਸੂਸ ਕਰਦੇ ਹਨ ਪਰ ਇਹ ਕਦੇ ਨਹੀਂ ਸੋਚਦੇ ਕਿ ਸਾਨੂੰ ਸਕੂਲੀ ਛੁੱਟੀਆਂ ਦੌਰਾਨ ਕੋਈ ਫੁੱਲ-ਟਾਈਮ ਜਾਂ ਪਾਰਟ ਟਾਈਮ ਕੰਮ ਕਿਉਂ ਨਹੀਂ ਮਿਲਦਾ ਬਲਕਿ ਉਹਨਾਂ ਦੇ ਦਿਮਾਗ ਵਿਚ ਇਹ ਗੱਲ ਆਉਂਦੀ ਹੀ ਨਹੀਂ ਕਿ ਟੈਕਨਾਲੋਜੀ ਹੀ ਤੁਹਾਡੀ ਦੁਸ਼ਮਣ ਹੈ ਜਿਸ ਤੇ ਤੁਸੀਂ ਮਾਣ ਮਹਿਸੂਸ ਕਰਦੇ ਹੋ। ਹਰ ਜਗ੍ਹਾਂ ਸੈਲਫ-ਸਰਵਿਸ ਮਸ਼ੀਨਾਂ ਹਨ ਹੁਣ ਤਾਂ ਟੈਕਸੀ ਵੀ ਡਰਾਇਵਰ ਤੋਂ ਬਿਨਾਂ ਹੈ ਤੇ ਫਿਰ ਜੌਬ ਕਿੱਥੇ ਤੇ ਕਿਸਨੂੰ ਮਿਲਣੀ ਹੈ। ਬਲਕਿ ਵੱਡੀਆਂ-ਵੱਡੀਆਂ ਕੰਪਨੀਆਂ ਵਿਚ ਵਰਕਰਾਂ ਦੀਆਂ ਛਾਟੀਆਂ ਹੋ ਰਹੀਆ ਹਨ। ਲੇਖ ‘ਪੂੰਜੀਵਾਦ-ਇੱਕ ਕਰੂਪ ਚਿਹਰਾ’ ਵਿਚ ਕੁਝ ਅਜਿਹੇ ਹੀ ਜਾਗਰੂਕਤਾ ਲਿਅਉਣ ਵਾਲੇ ਵਿਚਾਰ ਪੇਸ਼ ਕੀਤੇ ਗਏ ਹਨ। ਦਰਅਸਲ ਇਹੀ ਪੂੰਜੀਵਾਦ ਅਤੇ ਸਦਮਾ ਮੱਤ ਦੇ ਸਿਧਾਂਤ ਹਨ ਕਿ ਤੁਹਾਡਾ ਸਭ ਕੁਝ ਉਜਾੜ ਵੀ ਦੇਣਾ ਤੇ ਤੁੰਹਾਨੂੰ ਮਾਣ ਵੀ ਮਹਿਸੂਸ ਕਰਾਉਣਾ। ਇਸ ਸੱਚਾਈ ਦਾ ਅਸਲੀ ਰੂਪ ਹੁਣ ਬਹੁਤ ਸਾਰੇ ਸੁਚੇਤ ਲੋਕਾਂ ਨੂੰ ਸਮਝ ਆਉਣ ਲੱਗਾ ਤੇ ਹਰੀ ਕਰੰਤੀ ਤੇ ਖੁਸ਼ਹਾਲ ਹੋਏ ਪੰਜਾਬ ਦੇ ਕਿਸਾਨ ਵੀ ਹੁਣ ਇਹ ਮਹਿਸੂਸ ਕਰਦੇ ਹਨ ਅਸਲ ਵਿਚ ਸਾਡਾ ਉਜਾੜਾਂ ਤੇ ਕਿਸਾਨਾਂ ਦੀਆਂ ਆਤਮਹੱਤਿਆ ਦਾ ਮੁੱਢ ਤਾਂ ਉਦੋਂ ਹੀ ਬੱਝ ਗਿਆ ਸੀ ‘ਤੇ ਕਿਰਤੀ ਕਿਸਾਨ ਦੀ ਨਵੀਂ ਪੀਹੜ੍ਹੀ ਇਸ਼ਾਵਾਂ ਤੇ ਸ਼ੋਹਰਤ ਵਿਚ ਕਿਵੇਂ ਤੇ ਕਦੋਂ ਧੱਸ ਗਈ ਪਤਾ ਹੀ ਨਹੀਂ ਲੱਗਾ ਤੇ ਹੁਣ ਇਸਦੇ ਨਤੀਜੇ ਸਾਹਮਣੇ ਆ ਰਹੇ ਹਨ ਜਦੋਂ ਕਰਜ਼ਾਈ ਕਿਸਾਨ ਫਾਹੇ ਲੈ ਰਹੇ ਹਨ। ਇੰਜ ਲੱਗ ਰਿਹਾ ਹੈ ਜਿਵੇਂ ਪੰਜਾਬ ਕਿਰਤੀ ਕਿਸਾਨਾਂ ਨੂੰ ਸਦਮਾ ਦਿੱਤਾ ਜਾ ਰਿਹਾ ਹੋਵੇ ਤੇ ਇਕ ਦਿਨ ਵੱਡੀਆਂ ਕੰਪਨੀਆਂ ਕਿਸਾਨਾਂ ਦੀਆਂ ਹਮਦਰਦ ਬਣਕੇ ਪੰਜਾਬ ਵਿਚ ਪੈਰ ਪਸਾਰਨਗੀਆਂ ਕਿ ਨਿੱਕੇ-ਨਿੱਕੇ ਖੇਤੀ ਦੇ ਟੁਕੜਿਆਂ ਉੱਤੇ ਖੇਤੀ ਕਰਨ ਨਾਲ ਤੁਸੀਂ ਫੇਲ੍ਹ ਹੋਏ ਹੋ, ਅਸੀਂ ਤੁਹਾਡੀ ਜ਼ਮੀਨ ਹਜ਼ਾਰ- ਹਜ਼ਾਰ ਏਕੜ ਦੇ ਟੁਕੜਿਆਂ ਵਿਚ ਪੱਧਰ ਕਰਕੇ ਖੇਤੀ ਕਰਾਂਗੇ ‘ਤੇ ਤੁਸੀਂ ਸਾਨੂੰ ਇਸਨੂੰ ਸੋ ਸਾਲ ਲਈ ਲੀਜ਼ ਤੇ ਦੇ ਦੋਵੋਂ, ਵਿਹਲੇ ਬੈਠੇ ਹਰ ਸਾਲ ਕਮਾਈ ਕਰੋ, ‘ਤੇ ਸਦਮੇ ਵਿਚ ਪਾਈ ਕਿਸਾਨੀ ਇਸਨੂੰ ਖਿੜ੍ਹੇ ਮੱਥੇ ਸਵੀਕਾਰ ਕਰੇਗੀ ਜਿਵੇਂ ਇਹ ਸਿਧਾਂਤ ਨਾਲ ਦੁਨੀਆਂ ਦੇ ਬਹੁਤੇ ਦੇਸ਼ਾਂ ਵਿਚ ਬਹੁਤ ਕੀਤਾ ਜਾ ਚੁੱਕਾ ਹੈ।
‘ਸਮਾਜਵਾਦ’ ਇੱਕੋ ਇਕ ਹੱਲ ਲੇਖ ਵਿਚ ਪੂੰਜੀਵਾਦ ਦੇ ਲਾਲਚ ਦੀਆਂ ਗੰਭੀਰ ਗੱਲਾਂ ਹਨ, ਕਿ ਕਿਵੇਂ ਲੋਕਾਂ ਨੂੰ ਧਰਮ, ਜਾਤ ਤੋਂ ਲੈ ਕੇ ਹਰ ਢੰਗ ਨਾਲ ਵੰਡਿਆ ਹੀ ਨਹੀਂ ਜਾਂਦਾ ਬਲਕਿ ਇੱਕ ਦੂਜੇ ਤੋਂ ਉੱਚੇ ਨੀਵੇਂ ਹੋਣ ਦਾ ਫਖ਼ਰ ਮਹਿਸੂਸ ਕਰਨ ਲਈ ਪਬਲਿਕ ਸਕੂਲਾਂ ਦੇ ਬਰਾਬਰ ਪਰਾਈਵੇਟ ਸਕੂਲ, ਧਰਮ ਦੇ ਨਾਮ ਤੇ ਬਣੇ ਸਕੂਲ ਧਿਰ ਬਣਾਕੇ ਖੜ੍ਹੇ ਕੀਤੇ ਜਾਂਦੇ ਹਨ ਜੋ ਮਾਪਿਆਂ ਰਾਹੀਂ ਬੱਚਿਆਂ ਵਿਚ ਤੇ ਇੱਕ ਸਹਿਜ ਪਰਕਿਰਿਆ ਰਾਹੀਂ ਇਹ ਧਾਰਨਾਂ ਪੈਦਾ ਕਰਦੇ ਹਨ ਕਿ ਪਰਾਈਵੇਟ ਸਕੂਲ, ਧਾਰਮਿਕ ਸਕੂਲ, ਪਬਲਿਕ ਸਕੂਲ ਵਿਚ ਪੜ੍ਹੇ ਜਾਂ ਪੜ੍ਹਦੇ ਬੱਚੇ ਇੱਕ ਦੂਸਰੇ ਨਾਲੋਂ ਵੱਖਰੇ ਹਨ। ਦੂਸਰਾ ਇਸ ਰਾਹੀਂ ਪਬਲਿਕ ਸਕੂਲਾਂ ਦੇ ਅਧਿਆਪਕਾਂ ਦੀਆਂ ਯੂਨੀਅਨਾਂ ਨੂੰ ਅਪੰਗ ਕੀਤਾ ਜਾਂਦਾ ਹੈ ਤਾਂ ਕਿ ਉਹ ਆਪਣੇ ਜਾਂ ਆਪਣੇ ਸਕੂਲਾਂ ਦੇ ਬੱਚਿਆਂ ਲਈ ਕੋਈ ਹੱਕ ਨਾਂ ਮੰਗ ਲੈਣ। ਪਰ ਇਸ ਸਭ ਲਈ ਧਰਮ ਨੂੰ ਕਿੰਝ ਇੱਕ ਟੂਲ ਦੇ ਤੌਰ ਤੇ ਵਰਤਿਆ ਜਾਂਦਾ ਹੈ ਲੇਖਕ ਨੇ ਸਭ ਪਾਜ ਉਧੇੜੇ ਹਨ।
ਲੇਖ ‘ਕਿਤਾਬਾਂ ਦੇ ਅੰਗ ਸੰਗ’ ਕਿਤਾਬਾਂ ਦੀ ਸਹੀ ਚੋਣ ਬਾਰੇ ਦੱਸਦਾ ਹੈ ਜਿਸ ਨਾਲ ਅਸੀਂ ਸਮਾਜ ਦੇ ਨਾਲ-ਨਾਲ ਨਿੱਜ ਦਾ ਵੀ ਭਲਾ ਕਰ ਸਕਦੇ ਹਾਂ। ਮੈਂਨੂੰ ਆਸ ਹੈ ਕਿ ਜੇਕਰ ਕਿਸੇ ਪਾਠਕ ਕੋਲ ਪੂਰੀ ਕਿਤਾਬ ਪੜ੍ਹਨ ਦਾ ਸਮਾਂ ਨਾ ਵੀ ਹੋਵੇ ਤਾਂ ਉਹ ਇਹ ਇੱਕੋ ਲੇਖ 10-12 ਮਿੰਟ ਦਾ ਸਮਾਂ ਕੱਢਕੇ ਪੜ੍ਹ ਲਵੇ ਤਾਂ ਉਸਦੇ ਜੀਵਨ ਵਿਚ ਅਜਿਹੀ ਉਸਾਰੂ ਤਬਦੀਲੀ ਆ ਸਕਦੀ ਹੈ ਕਿ ਉਹ ਇਸ ਕਿਤਾਬ ਦੇ 15ਵੇਂ ਲੇਖ ‘ਇੱਕ ਜਨਮ ਅੰਧਵਿਸ਼ਵਾਸ਼ ਦੇ ਲੇਖੇ’ ਬਾਰੇ ਵੀ ਸਮਝ ਸਕਦਾ ਹੈ ਕਿ ਜਨਮ ਸਿਰਫ਼ ਇੱਕ ਹੀ ਹੈ ਇਸ ਵਿਚ ਕਿਵੇਂ ਨਿੱਜ,ਸਮਾਜ ਦਾ ਨਾਪ-ਤੋਲ ਰੱਖਕੇ ਅਸੀਂ ਉਸਾਰੂ ਸੋਚ ਰਾਹੀਂ ਆਪਣਾ ਅਤੇ ਸਮਾਜ ਦਾ ਭਲਾ ਕਰ ਸਕਦੇ ਹਾਂ। ਬੱਸ ਲੋੜ ਹੈ ‘ਕਿਤਾਬਾਂ ਦੇ ਅੰਗ ਸੰਗ’ ਲੇਖ ਦੇ ਭਾਗ ‘ਕਿਹੋ ਜਿਹਾ ਸਾਹਿਤ ਪੜ੍ਹੀਏ’ ਨੂੰ ਪੜ੍ਹਨ ਤੇ ਗੌਰ ਕਰਨ ਦੀ।
‘ਕੀ ਮਨੁੱਖ ਨੂੰ ਧਰਮ ਦੀ ਲੋੜ ਹੈ?’ ਲੇਖ ਵਿਚ ਲੇਖਕ ਜਿੱਥੇ ਰੱਬ ਦੇ ਜਨਮ ਬਾਰੇ ਤਰਕ ਭਰਭੂਰ ਵਿਚਾਰ ਪੇਸ਼ ਕਰਦਾ ਹੈ ਉੱਥੇ ਹੀ ਇਹ ਵੀ ਕਹਿੰਦਾ ਹੈ ਕਿ ਚਾਹੇ ਧਰਮ ਮਨੁੱਖਤਾ ਦੇ ਭਲੇ ਲਈ ਪੈਦਾ ਹੋਏ ‘ਤੇ ਨਰਕ-ਸੁਰਗ ਦਾ ਡਰ ਦੇ ਕੇ ਸਭ ਧਰਮਾਂ ਦੇ ਧਾਰਮਿਕ ਗੁਰੂਆਂ ਨੇ ਸ਼ਾਂਤੀ ਅਤੇ ਮਨੁੱਖ ਦੀ ਭਲਾਈ ਲਈ ਕੰਮ ਕੀਤਾ। ਪਰ ਜਦ ਧਰਮ ਨੂੰ ਸੱਤਾ ਹਥਿਆਉਣ ਲਈ ਵਰਤਿਆ ਜਾਣ ਲੱਗਾ ਤਾਂ ਸਿਰਫ਼ ਧਰਮ ਦੇ ਨਾਮ ਤੇ ਮਨੁੱਖਤਾ ਦਾ ਜੋ ਕਤਿਲਆਮ ਹੋਇਆ ਉਹ ਬਹੁਤ ਕੁਝ ਕਹਿੰਦਾ ਹੈ। ਜਿਵੇਂ ਅਜ਼ਾਦੀ ਤੋਂ 37 ਸਾਲ ਬਾਅਦ ਦਿੱਲੀ ਵਿਚ ਸਿੱਖਾਂ ਦਾ ਕਤਲ ਕਰਕੇ ਕਾਂਗਰਸ ਸੱਤਾ ਤੇ ਕਾਬਜ਼ ਹੁੰਦੀ ਹੈ ‘ਤੇ ਸਾਲ 2002 ਵਿਚ ਗੁਜਰਾਤ ਵਿੱਚ ਮੁਸਲਮਾਨਾਂ ਨੂੰ ਮਾਰਕੇ ਭਾਜਪਾ ਤਾਕਤ ਵਿਚ ਆਉਂਦੀ ਹੈ। ਆਮ ਇਨਸਾਨ ਦੇ ਨਾਲ-ਨਾਲ ਸਭ ਧਾਰਮਿਕ ਤੌਰ ਤੇ ਕੱਟੜ੍ਹ ਲੋਕਾਂ ਨੂੰ ਇਹ ਲੇਖ ਜਰੂਰ ਪੜ੍ਹਨਾ ਚਾਹੀਦਾ ਹੈ।
‘ਕਿਊਬਾ ਪੂੰਜੀਵਾਦ ਤੋਂ ਸਮਾਜਵਾਦ ਦਾ ਸਫ਼ਰ’ ਅਤੇ ‘ਕਾਸਤਰੋ ਦੇ ਦੇਸ਼ ਵਿੱਚ’ ਲੇਖਾਂ ਰਾਹੀਂ ਲੇਖਕ ਪੂੰਜੀਵਾਦ ਦੇ ਗਲਬੇ ਤੋਂ ਬਿਨਾਂ ਦੇਸ਼ ਕਿਊਬਾ ਬਾਰੇ ਵਿਚਾਰ ਵੀ ਪੇਸ਼ ਕਰਦਾ ਹੈ ਤੇ ਇਸ ਦੇਸ਼ ਦੀ ਕੀਤੀ ਯਾਤਰਾ ਰਾਹੀਂ ਅੱਖੀਂ ਵੇਖਿਆ ਤੇ ਮਹਿਸੂਸ ਕੀਤਾ ਹਾਲ ਵੀ ਦੱਸਦਾ ਹੈ। ਇਹਨਾਂ ਦੋਹਾਂ ਲੇਖਾਂ ਵਿਚੋਂ ਇੱਕ ਗੱਲ ਉਭਰਕੇ ਸਾਹਮਣੇ ਆਉਂਦੀ ਹੈ ਉਹ ਲੋਕ ਅੱਜ ਦੇ ਪੂੰਜੀਵਾਦ ਦੇ ਸਮਾਜ ਦੇ ਲੋਕਾਂ ਦੀ ਤੁਲਨਾ ਵਿਚ ਸ਼ਾਂਤ ਤੇ ਸਹਿਜ ਦਾ ਜੀਵਨ ਜਿਉਂਦੇ ਹਨ। ਸਿੱਖਿਆ ਸਭ ਲਈ ਮੁਫ਼ਤ ਹੈ, ਯਾਤਰਾ ਕਿਰਾਇਆ ਬਹੁਤ ਘੱਟ ਹੈ, ਸਭ ਦੀਆਂ ਬੇਸਿਕ ਲੋੜਾਂ ਸਰਕਾਰ ਪੂਰੀਆ ਕਰਦੀ ਹੈ, ਜ਼ਿੰਦਗੀ ਦੀ ਚਾਲ ਸਹਿਜ ਹੈ ਨਾ ਕਿ ਭੱਜ-ਦੌੜ।ਅਫਸਰਸ਼ਾਹੀ ਦਾ ਬੋਲ-ਬਾਲਾ ਨਹੀ ਬਲਕਿ ਸਰਕਾਰ ਵੱਲੋਂ ਸੜਕਾਂ ਦੇ ਡਿਊਟੀ ਦਿੰਦੇ ਅਧਿਕਾਰੀ ਕਿਸੇ ਵੀ ਰਾਹ ਗੀਰ ਨੂੰ ਕਿਸੇ ਅਫਸਰ ਦੀ ਕਾਰ ਰੋਕ ਕੇ ਉਸ ਵਿਚ ਬਿਠਾ ਸਕਦੇ ਹਨ ਤਾਂ ਉਹ ਰਾਹ ਵਿਚ ਆਉਂਦੀ ਆਪਣੀ ਮੰਜ਼ਿਲ ਤੇ ਪਹੁੰਚ ਸਕੇ। ਸਥਾਨਕ ਲੋਕਾਂ ਦੇ ਹਵਾਲੇ ਨਾਲ ਲੇਖਕ ਕਹਿੰਦਾ ਹੈ ਕਿ “ਜਦੋਂ ਸਾਡੀ ਜ਼ਿੰਦਗੀ ਵਿਚ ਪੂੰਜੀਵਾਦ ਦੇ ਦੇਸ਼ਾਂ ਵਾਂਗ ਭੱਜ-ਦੌੜ ਹੀ ਨਹੀਂ ਤਾਂ ਸੜਕਾਂ ਕਿਵੇਂ ਟੁੱਟ ਸਕਦੀਆਂ ਹਨ? ‘ਤੇ ਐਕਸੀਡੈਂਟ ਕਿਵੇਂ ਹੋ ਸਕਦੇ ਹਨ?” ਕਿਤੇ ਨਾ ਕਿਤੇ ਜਾ ਕੇ ਇਹ ਗੱਲ ਪੰਜਾਬ ਦੀ ਜ਼ਿੰਦਗੀ ਦੀ ਹਰੀ ਕਰੰਤੀ ਤੋਂ ਪਹਿਲਾ ਦੀ ਚਾਲ ਤੇ ਹੁਣ ਦੀ ਚਾਲ ਨਾਲ ਤੁਲਨਾ ਕਰਕੇ ਦੇਖੀਏ ਤਾਂ ਸਾਨੂੰ ਮਹਿਸੂਸ ਹੁੰਦਾ ਹੈ ਕਿ ਉਦੋਂ ਲੋਕ ਸੀਮਤ ਸਾਧਨਾਂ ਦੇ ਹੁੰਦਿਆ ਵੀ ਵੱਧ ਸਕੂਨ ਦੀ ਜ਼ਿੰਦਗੀ ਵਿਚ ਸਨ, ਹੁਣ ਵੱਡੀ ਕੋਠੀ ਵੀ ਹੈ, ਵੱਡੀਆਂ ਕਾਰਾਂ, ਮਹਿੰਗੇ ਮੋਬਾਇਲ ਫੋਨ ਵੀ ਹਨ ਪਰ ਉਸੇ ਘਰ ਆਤਮਹਿੱਤਆ ਵੀ ਹੈ। ਆਮ ਨਜ਼ਰ ਵਿਚ ਜਾਂ ਅਧਿਆਤਿਮਕ ਤੌਰ ਤੇ ਅਸੀਂ ਇਸਨੂੰ ਇਸ ਢੰਗ ਨਾਲ ਦੇਖਦੇ ਹਾਂ ਕਿ ‘ਲੋਕ ਚਾਦਰ ਦੇਖਕੇ ਪੈਰ ਨਹੀਂ ਪਸਾਰਦੇ’ ਪਰ ਅਸਲ ਵਿਚ ਖੇਤੀ ਸੰਕਟ ਪੈਦਾ ਕੀਤਾ ਗਿਆ। ਬਦਲਵੀਆਂ ਫ਼ਸਲਾਂ ਦੇ ਮੰਡੀਕਰਨ ਦੀ ਕੋਈ ਨੀਤੀ ਨਹੀਂ। ਜਿਸ ਦਰ ਨਾਲ ਖਰਚੇ ਵਧੇ ਹਨ ਉਸੇ ਅਨੁਸਾਰ ਫ਼ਸਲਾਂ ਦੇ ਮੁੱਲ ਇਨਡੈਕਸ ਮੁੱਲ ਨਾਲ ਜੋੜਕੇ ਦੇਖੀਏ ਤਾਂ ਨਿਗੂਣਾ ਵਾਧਾ ਹੈ। ਇਹੋ ਹਲਾਤ ਵਿਕਸਤ ਦੇਸ ਕੈਨੇਡਾ ਦੇ ਵੀ ਹਨ ਜਿਸ ਨੂੰ ਹਰੀਪਾਲ ਨੇ ਅੰਕੜਿਆਂ ਨਾਲ ਦੱਸਿਆ ਹੈ ਕਿ ਕਾਮਿਆਂ ਦੀਆਂ ਤਨਖਾਹਾਂ ਵਿਚ ਪੰਜ ਦਹਾਕਿਆਂ ਵਿਚ ਨਿਗੂਣਾ ਵਾਧਾ ਹੋਇਆ ਹੈ ਤੇ ਘਰਾਂ ਦੇ ਮੁੱਲ ਕਈ ਗੁਣਾ ਵਧੇ ਹਨ, ਜਿਸ ਕਰਕੇ ਸਾਡੇ ਬੱਚੇ ਘਰ ਨਹੀਂ ਲੈ ਸਕਣਗੇ।
ਦੂਸਰੇ ਪਾਸੇ ਬਿਨਾਂ ਇਹ ਸੋਚਿਆ ਕਿ ਇਹ ਕਿਉਂ ਹੈ? ਸਾਡੀਆਂ ਇਸ਼ਾਵਾਂ ਸਾਡੀਆਂ ਲੋੜਾਂ ਤੇ ਵੱਧ ਭਾਰੀ ਹਨ ਇੱਕ ਉਦਾਹਰਨ ਆਪਣੀ ਕੈਨੇਡਾ ਦੇ ਪੰਜਾਬੀ ਸਮਾਜ ਦੇ ਅਧਾਰਿਤ ਜ਼ਿੰਦਗੀ ਰਾਹੀਂ ਦੇਖਦੇ ਹਾਂ ਕਿ ਬਹੁਤੇ ਲੋਕ ਬੈਕਾਂ ਦੇ ਵੱਡੇ-ਵੱਡੇ ਕਰਜ਼ੇ ਲੈ ਕੇ ਬਹੁਤ ਮਹਿੰਗੀਆਂ ਗੱਡੀਆਂ ਲੈਂਦੇ ਹਨ। ਸੋਸ਼ਲ ਮੀਡੀਏ ਤੇ ਸ਼ੇਅਰ ਕਰਕੇ ਇੱਕ-ਦੋ ਦਿਨ ਫੋਕੀਆਂ ਵਧਾਈਆਂ ਨਾਲ ਫੁੱਲੇ-ਫੁੱਲੇ ਮਹਿਸੂਸ ਕਰਦੇ ਹਨ ਪਰ ਸਾਲ ਕੁ ਬਾਅਦ ਉਸੇ ਗੱਡੀ ਦਾ ਨਵਾਂ ਮਾਡਲ ਬਜ਼ਾਰ ਵਿਚ ਉਤਾਰ ਦਿੱਤਾ ਜਾਂਦਾ ਹੈ ‘ਤੇ ਉਹਨਾਂ ਵੱਲੋਂ ਲਏ ਕਰਜ਼ੇ ਦਾ ਦਸ ਪ੍ਰਤੀਸ਼ਤ ਵੀ ਨਹੀਂ ਉਤਾਰਿਆਂ ਹੁੰਦਾ ਪਰ ਗੱਡੀ ਦੀ ਕੀਮਤ ਕਰਜ਼ੇ ਦੇ ਭਾਰ ਨਾਲੋਂ ਕਈ ਗੁਣਾਂ ਥੱਲੇ ਸਰਕ ਜਾਂਦੀ ਹੈ, ਫਿਰ ਇਹ ਕੁਝ ਦਿਨ ਠੱਗੇ ਹੋਏ ਮਹਿਸੂਸ ਕਰਦੇ ਹਨ ਪਰ ਫਿਰ ਉਸਤੋਂ ਵੱਧ ਕੰਮ, ਵੱਡਾ ਕਰਜ਼ਾ ਤੇ ਫਿਰ ਨਵੀਂ ਕਾਰ ਖ਼ਰੀਦੀ ਜਾਂਦੀ ਹੈ। ਪਰ ਬਿਨਾਂ ਇਹ ਸਮਝਿਆ ਕਿ ਉਹ ਪੂੰਜੀਵਾਦ ਦੇ ਜਾਲ ਵਿਚ ਫਸੇ ਹਨ ਤੇ ਉੱਚੇ ਸਟੇਟਸ ਵਿਚ ਘਿਰੇ ਜ਼ਿੰਦਗੀ ਦੇ ਉੱਚੇ ਤੇ ਅਣਮੁੱਲੇ ਪਲ ਸਿਰਫ਼ ਉਸ ਕਰਜ਼ੇ ਨੂੰ ਉਤਾਰਨ ਵਿਚ ਲਾ ਰਹੇ ਜਿਸ ਦੀ ਕੋਈ ਲ੍ਹੋੜ ਹੀ ਨਹੀਂ। ਬੱਸ ਇੱਛਾ ਦਾ ਉਛਾਲ ਹੈ ਪਰ ਇਹੀ ਤਾਂ ਸਮਝਣ ਨਹੀਂ ਦਿੰਦਾ ਪੂੰਜੀਵਾਦ ਦਾ ਮੱਕੜ ਜਾਲ।
‘ਕਿਤਾਬਾਂ ਦੇ ਅੰਗ ਸੰਗ’ ਲੇਖ ਬਾਰੇ ਥੋੜ੍ਹੀ ਗੱਲ ਹੋਰ ਕਰਦੇ ਹਾਂ ਕਿ ਇਸ ਲੇਖ ਵਿਚ ਜਿੱਥੇ ਇਹ ਸਿੱਧ ਕੀਤਾ ਕਿ ਕਿਤਾਬਾਂ ਦੀ ਜ਼ਿੰਦਗੀ ਵਿਚ ਕਿੰਨੀ ਮਹੱਤਤਾ ਹੈ ਨਾਲ ਹੀ ਵੀ ਦੱਸਿਆ ਹੈ ਕੀ ਕਿਹੋ ਜਿਹੀਆਂ ਕਿਤਾਬਾਂ ਪੜ੍ਹੀਆਂ ਜਾਣ ਜਿਸ ਨਾਲ ਘਰ ਦੀ ਚਾਰ ਦਿਵਾਰੀ ਦੀ ਸਕੂਨਮਈ ਜ਼ਿੰਦਗੀ ਦੇ ਨਾਲ ਸੰਸਾਰ ਪੱਧਰ ਦੇ ਮਾਨਵਵਾਦੀ ਸਰੋਕਾਰਾਂ ਨਾਲ ਜੁੜ ਜਾਈਏ ਕਿ ਕਿੱਥੇ ਕੀ ਹੋ ਰਿਹਾ ਹੈ ਤੇ ਕਿਉਂ ਹੋ ਰਿਹਾ ਹੈ। ਲੇਖਕ ਲਿਖਦਾ ਹੈ ਕਿ ‘ਜੇਕਰ ਤੁਸੀਂ ਲੱਚਰ ਸਾਹਿਤ ਪੜ੍ਹੋਗੇ ਤਾਂ ਤੁਹਾਡੀ ਸੋਚ ਲੱਚਰ ਗਾਇਕਾਂ ਜਾਂ ਗੀਤਕਾਰਾਂ ਵਰਗੀ ਬਣ ਜਾਵੇਗੀ। ਜੇਕਰ ਫਿਰਕਾਪ੍ਰਸਤੀ ਦੀਆਂ ਕਿਤਾਬਾਂ ਪੜ੍ਹੋਗੇ ਤਾਂ ਤੁਸੀਂ ਆਪਦੇ ਫ਼ਿਰਕੇ ਨੂੰ ਛੱਡਕੇ ਦੂਸਰੇ ਫਿਰਕਿਆਂ ਨੂੰ ਨਫ਼ਰਤ ਕਰਨ ਲੱਗ ਜਾਵੋਗੇ। ਹੋ ਸਕਦਾ ਤੁਸੀਂ ਦੰਗੱਈਆਂ ਦੇ ਮੋਢੀ ਬਣ ਜਾਵੋ। ਧਾਰਮਿਕ ਕਿਤਾਬਾਂ ਤੂੰਹਾਨੂੰ ਧਾਰਮਿਕ ਬਣਾ ਦਿੰਦੀਆਂ ਹਨ। ਜੇਕਰ ਮਨੁੱਖਵਾਦੀ ਸਾਹਿਤ ਪੜ੍ਹੋਗੇ ਤਾਂ ਤੁਸੀਂ ਇੱਕ ਅਗਾਂਹਵਧੂ ਵਿਆਕਤੀ ਬਣੋਗੇ, ਜਾਤੀ ਖ਼ੁਦਗਰਜੀਆਂ ਤੋਂ ਉੱਠ ਕੇ ਮਨੁੱਖਤਾ ਦੇ ਭਲੇ ਲਈ ਆਪਣਾ ਆਪ ਅਰਪਣ ਕਰ ਦੇਵੋਗੇ। ਵਧੀਆ ਸਾਹਿਤ ਤੂੰਹਾਨੂੰ ਸਾਹਿਜ ਅਤੇ ਤਰਕ ਨਾਲ ਗੱਲ ਕਰਨੀ ਸਿਖ਼ਾਉਦਾ ਹੈ ਤੇ ਜਲਦੀ ਕਿਸੇ ਤੇ ਗੁੱਸੇ ਹੋਣ ਦੀ ਥਾਂ ਉਸਦੇ ਵਿਚਾਰਾਂ ਦੀ ਗੰਭੀਰਤਾ ਅਨੁਸਾਰ ਉਸ ਤੋਂ ਗੰਭੀਰ ਦਲੀਲ ਦੇ ਕੇ ਕਿਸੇ ਦੇ ਵਿਚਾਰਾਂ ਨੂੰ ਪਲਟ ਵੀ ਸਕਦੇ ਹੋ। ਭਗਤ ਸਿੰਘ ਨੇ ਕਿਹਾ ਸੀ ਕਿ ਇੰਨ੍ਹਾ ਪੜ੍ਹੋ ਕਿ ਆਪਣੇ ਵਿਰੋਧੀਆਂ ਦੀਆਂ ਦਲੀਲਾਂ ਦਾ ਜਵਾਬ ਦੇ ਸਕੋ। ਪਰ ਦੁੱਖ ਦੀ ਗੱਲ ਹੈ ਪੰਜਾਬੀ ਲੋਕ ਕਿਤਾਬਾਂ ਤੋਂ ਦੂਰ ਹੋ ਰਹੇ ਹਨ ਜਿੱਥੇ ਸਾਨੂੰ ਕਿਸੇ ਮਹਿਮਾਨ ਦੇ ਘਰ ਆਉਣ ਤੇ ਆਪਣੀ ਲਾਇਬਰੇਰੀ ਵਿਚਲੀਆਂ ਕਿਤਾਬਾਂ ਦਿਖਾਉਣ ਵਿਚ ਮਾਣ ਮਹਿਸੂਸ ਹੋਣਾ ਚਾਹੀਦਾ ਉੱਥੇ ਬਹੁਤੇ ਘਰਾਂ ਵਿਚ ਸ਼ਰਾਬ ਦੀਆਂ ਬੋਤਲਾਂ ਦੀ ਵੱਡੀ ਵਰਾਇਟੀ ਬਾਰ ਬਣਾਕੇ ਸਜਾਈ ਹੁੰਦੀ ਤੇ ਕਿਤਾਬ ਕੋਈ ਵੀ ਨਹੀਂ ਹੁੰਦੀ। ਕਈ ਸਿਆਣੇ-ਬਿਆਣੇ ਦਿਖਣ ਵਾਲੇ ਮਨੁੱਖ ਵੀ ਘਰ ਆਏ ਮਹਿਮਾਨਾਂ ਨੂੰ ਆਪਣੇ ਬਾਰ ਸਭ ਤੋਂ ਪਹਿਲਾ ਦਿਖਾਉਦੇ ਹਨ ਤੇ ਸ਼ੋਸਲ ਮੀਡੀਏ ਤੇ ਨਿੱਜ ਦੀਆਂ ਤਸਵੀਰਾਂ ਤੱਕ ਸਾਝੀਆਂ ਕਰਨ ਵਿਚ ਮਾਣ ਮਹਿਸੂਸ ਕਰਦੇ ਹਨ। ਪਰ ਨਾਲ ਹੀ ਇਸ ਗੱਲ ਤੇ ਦੁਖੀ ਵੀ ਹਨ ਕਿ ਉਹਨਾਂ ਦੇ ਬੱਚੇ ਚੜ੍ਹਦੀ ਜਵਾਨੀ ਵਿਚ ਹੀ ਨਸ਼ੇ ਦੇ ਆਦੀ ਹਨ ਪਰ ਅਜਿਹਾ ਕਿਉਂ ਹੈ ਇਸ ਲਈ ਆਪਣੇ ਆਪ ਦੀ ਥਾਂ ਬਹੁਤਾ ਦੋਸ਼ ਸਰਕਾਰਾਂ ਦੇ ਮੜ੍ਹਿਆ ਜਾਂਦਾ ਹੈ। ਜਦੋਂ ਕਿ ਸਰਕਾਰਾਂ ਤਾਂ ਕਾਰਪੋਰੇਟ ਦਾਬੇ ਥੱਲੇ ਹਨ ਜਿਸ ਦਾ ਉਦੇਸ਼ ਹੀ ਤੂਹਾਨੂੰ ਕਰਜ਼ੇ ਲਓ, ਖਾਓ-ਪੀਓ ਤੇ ਐਸ਼ ਕਰੋ ਨਾਲ ਜੋੜਨਾ ਪਰ ਦਿਮਾਗ ਦੇ ਦਰਵਾਜ਼ੇ ਬੰਦ ਰੱਖੋ ਵੱਲ ਖਿੱਚਣਾ ਹੈ। ਹਿਡਨ ਏਜੰਡਾ ਇਹੀ ਹੁੰਦਾ ਹੈ ਕਿ ਸ਼ਰਾਬ ਕਿਤਾਬ ਤੋਂ ਸਸਤੀ ਮਿਲੇ ਪਰ ਬਚਣਾ ਅਸੀਂ ਹੈ ਤੇ ਹੋਰਾਂ ਨੂੰ ਬਚਾਉਣਾ ਵੀ ਹੈ ਤਾਂ ਕਿ ਨਰੋਏ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ ਜਿਸ ਵਿਚ ਹਰ ਕੋਈ ਕਿਓ ਤੇ ਕਿਵੇਂ ਦੀ ਸੋਝੀ ਰੱਖੇ। ਇਸ ਕਿਤਾਬ ਵਿਚ ਪਾਠਕ ਨੂੰ ਇਸ ਬਾਰੇ ਥਾਂ-ਥਾਂ ਚੁਕੰਨਾ ਕੀਤਾ ਗਿਆ ਹੈ।
‘ਲੇਖਕ ਅਤੇ ਲਿਖਤ’ ਲੇਖ ਵਿਚ ਅਸਲੀ ਲੇਖਕ ਦੀ ਤਸਵੀਰ ਉਘਾੜੀ ਹੈ ਕਿ ਲੇਖਕ ਕਿਹੋ ਜਿਹਾ ਹੋਵੇ, ਹਰੀਪਾਲ ਅਨੁਸਾਰ ਲੇਖਕ ਇਹੋ ਜਿਹੇ ਵੀ ਹਨ ਜੋ ਸਿਰਫ਼ ਮੰਤਰੀਆਂ ਨਾਲ ਫੋਟੋਆਂ ਖਿਚਵਾਉਣ ਲਈ ਹੀ ਵੀਹ-ਵੀਹ ਕਿਤਾਬਾਂ ਲਿਖੀ ਬੈਠੇ ਹਨ। ਪਰ ਉਹਨਾਂ ਕਿਤਾਬਾਂ ਦਾ ਸਮਾਜ ਦੇ ਸਰੋਕਾਰਾਂ ਨਾਲ ਨੇੜੇ ਦਾ ਵੀ ਸਬੰਧ ਨਹੀਂ। ਹਰੀਪਾਲ ਅਜਿਹੇ ਮਹਾਨ ਲੇਖਕਾਂ ਤੇ ਤਰਸ ਕਰਦਾ ਹੈ। ਉਸ ਅਨੁਸਾਰ ਲੇਖਕ ਨੂੰ ਸਿਰਫ਼ ਯਥਾਰਥਵਾਦੀ ਨਹੀਂ ਹੋਣਾ ਚਾਹੀਦਾ ਜੋ ਕਿਸੇ ਮਸਲੇ ਦੀ ਤਸਵੀਰ ਕਿਸੇ ਵੀ ਵਿਧਾ ਰਾਹੀਂ ਪੇਸ਼ ਕਰੇ, ਬਲਕਿ ਸਮਾਜਵਾਦੀ ਹੋਣਾ ਚਾਹੀਦਾ ਕਿ ਜਿਸ ਰਾਹੀਂ ਉਹਦੀ ਲਿਖ਼ਤ ਇਹ ਸੁਨੇਹਾ ਦਿੰਦੀ ਹੋਵੇ ਕਿ ਜੋ ਹੋ ਚੁੱਕਿਆ ਹੈ, ਹੋ ਰਿਹਾ ਹੈ ਜਾਂ ਹੋਣ ਜਾ ਰਿਹਾ ਹੈ ਇਹ ਕਿਓ ਹੈ ਕੀ ਸਿੱਟੇ ਕੱਢੇਗਾ। ਲੇਖਕ ਅਨੁਸਾਰ ਤੁਸੀਂ ਕਵਿਤਾ, ਕਹਾਣੀ ਜਾਂ ਨਾਵਲ ਛਪਵਾ ਕੇ ਅਰਾਮ ਨਾਲ ਨਹੀਂ ਬੈਠ ਸਕਦੇ, ਤੁਸੀਂ ਜੋ ਲਿਖਿਆ ਹੈ ਉਸਨੂੰ ਜਿਉਣਾ ਪੈਂਦਾ ਹੈ। ਉਸ ਅਨੁਸਾਰ ਜਿਵੇਂ ਆਮ ਲੋਕਾਂ ਨੂੰ ਆਪਣੇ ਨਵੇਂ ਘਰ ਅਤੇ ਕਾਰਾਂ ਦਾ ਚਾਅ ਹੁੰਦਾ ਹੈ ਇੱਕ ਲੇਖਕ ਨੂੰ ਆਪਣੀ ਲਾਇਬਰੇਰੀ ਇੱਕ ਦੂਸਰੇ ਨੂੰ ਦਿਖਾਉਣ ਦਾ ਚਾਅ ਹੋਣਾ ਚਾਹੀਦਾ ਹੈ। ਇਸ ਲੇਖ ਦੇ ਅਖੀਰ ਵਿਚ ਲੇਖਕ ਬੇਨਤੀ ਕਰਦਾ ਹੈ ਕਿ ਜੇਕਰ ਤੂੰਹਾਨੂੰ ਪੜ੍ਹਨ ਦੀ ਆਦਤ ਨਹੀਂ ਤਾਂ ਕਿਰਪਾ ਕਰਕੇ ਲਿਖ਼ਣ ਤੋਂ ਵੀ ਗੁਰੇਜ਼ ਕਰੋ।
‘ਧੀਆਂ ਕਦੋਂ ਬਣਨਗੀਆਂ ਸਾਡੀਆਂ ਵਾਰਿਸ’ ਲੇਖ ਵਿਚ ਲੇਖਕ ਸ਼ੁਰੂ ਤੋਂ ਹੀ ਧੀਆਂ ਨਾਲ ਸਾਡੇ ਸਮਾਜ ਵਿਚ ਨਾ-ਬਰਾਬਰੀ ਦੀ ਗੱਲ ਕਰਦਾ ਅਣਖ਼ ਖਾਤਿਰ ਧੀਆਂ ਮਾਰਨ ਦੇ ਪੰਜਾਬੀਆਂ ਦਾ ਕਰੂਪ ਚਿਹਰਾ ਨੂੰ ਨੰਗਿਆਂ ਕਰਦਾ ਕਹਿੰਦਾ ਹੈ ਕਿ ਸਾਡੀਆਂ ਧੀਆਂ ਮਰਦ ਨਾਲ ਮੋਢੇ ਨਾਲ ਮੋਢਾ ਜੋੜ ਕੇ ਨਵੇਂ ਸਮਾਜ ਦੀ ਉਸਾਰੀ ਵਿਚ ਬਹੁਤ ਯੋਗਦਾਨ ਪਾ ਸਕਦੀਆਂ ਹਨ, ਪਰ ਇਸ ਲਈ ਜ਼ਰੂਰੀ ਹੈ ਕਿ ਅਸੀਂ ਉਹਨਾਂ ਨੂੰ ਪੁੱਤਾਂ ਵਾਂਗ ਹੀ ਪਾਲੀਏ। ਜੇਕਰ ਸਾਡੀ ਧੀ ਸਾਨੂੰ ਆਪਣੇ ਬੁਆਏਫਰੈਂਡ ਨਾਲ ਮਿਲਾਉਂਦੀ ਹੈ ਤਾਂ ਸਾਡੀ ਮੁੱਛ ਡਿੱਗਣੀ ਨਹੀਂ ਚਾਹੀਦੀ ਬਲਕਿ ਹੋਰ ਖੜ੍ਹਨੀ ਚਾਹੀਦੀ ਹੈ। ਫਿਰ ਹੀ ਸਾਡੀਆਂ ਧੀਆਂ ਸਾਡੀਆਂ ਵਾਰਿਸ ਬਣ ਸਕਣਗੀਆਂ।
ਇਸ ਤੋਂ ਬਿਨਾਂ ਕਿਤਾਬ ਵਿਚ ਹੋਰ ਵੀ ਬਹੁਤ ਸਾਰੇ ਲੇਖ ਹਨ ਜਿਹਨਾਂ ਨੂੰ ਪੜ੍ਹਕੇ ਅਸੀਂ ਆਪਣੇ ਨਿੱਜ ਤੋਂ ਲੈ ਕੇ ਸੰਸਾਰ ਪੱਧਰ ਦੇ ਬਹੁਤ ਸਾਰੇ ਸਰੋਕਾਰਾਂ ਨਾਲ ਸਾਂਝ ਪਾ ਕੇ ਆਪਣੇ ਦਿਮਾਗ ਵਿਚ ਵਾਧੂ ਦਾ ਅੰਧਵਿਸ਼ਾਵਸ਼ੀ ਕੂੜਾ-ਕਰਕਟ ਕੱਢਕੇ ਤਰੋ-ਤਾਜ਼ਾਂ ਹੋ ਸਕਦੇ ਹਾਂ। ਪੰਜਾਬੀ ਸਾਹਿਤ ਭੰਡਾਰ ਨੂੰ ਹੋਰ ਮਾਲਾ-ਮਾਲ ਕਰਦੀ ਅਤੇ ਮਨੁੱਖ ਨੂੰ ਅਸਲੀ ਮਨੁੱਖ ਬਣਨ ਦੀ ਪਰੇਰਨਾ ਦਿੰਦੀ ਇਸ ਕਿਤਾਬ ਨੂੰ ਪੰਜਾਬੀ ਸਾਹਿਤ ਜਗਤ ਵਿਚ ਜੀ ਆਇਆ।
ਬਲਜਿੰਦਰ ਸੰਘਾ (403-680-3212)