ਕੈਲਗਰੀ: ਜਮਹੂਰੀ ਅਧਿਕਾਰਾਂ ਦੇ ਉਘੇ ਕਾਰਕੁੰਨ ਅਤੇ ਪ੍ਰਸਿੱਧ ਲੇਖਕ ਬੂਟਾ ਸਿੰਘ ਨਵਾਂ ਸ਼ਹਿਰ ਦਾ ਕੈਲਗਰੀ ਵਿੱਚ ਇੰਡੀਅਨ ਐਕਸ ਸਰਵਿਸਮੈਨ ਐਸੋਸੀਏਸ਼ਨ ਕੈਲਗਰੀ ਦੇ ਹਾਲ ਵਿੱਚ ਰਾਸ਼ਟਰੀ ਤੇ ਅੰਤਰ ਰਾਸ਼ਟਰੀ ਮਸਲਿਆਂ ਤੇ ਇੱਕ ਵਿਸ਼ੇਸ਼ ਲੈਕਚਰ ਹੋ ਰਿਹਾ ਹੈ। ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ, ਅਦਾਰਾ ਸਿੱਖ ਵਿਰਸਾ ਤੇ ਪੰਜਾਬੀ ਲਿਖਾਰੀ ਸਭਾ ਕੈਲਗਰੀ ਵਲੋਂ ਸਾਂਝੇ ਤੌਰ ਤੇ ਕਰਵਾਏ ਜਾ ਰਹੇ ਇਸ ਸਮਾਗਮ ਵਿੱਚ ਪੰਜਾਬ ਤੋਂ ਵਿਸ਼ੇਸ਼ ਸੱਦੇ ਤੇ ਪਹੁੰਚ ਰਹੇ ਬੂਟਾ ਸਿੰਘ ਨਵਾਂ ਸ਼ਹਿਰ ਦੇ ਲੈਕਚਰ ਤੋਂ ਇਲਾਵਾ ਉਨ੍ਹਾਂ ਵਲੋਂ ਨਵੀਂ ਦੀ ਅਨੁਵਾਦਤ ਕਿਤਾਬ ‘ਤੀਸਤਾ ਸੀਤਲਵਾੜ: ਸੰਵਿਧਾਨ ਦੀ ਜਾਂਬਾਜ਼ ਮੁਹਾਫਿਜ਼-ਇੱਕ ਹੱਡਬੀਤੀ’ ਵੀ ਰਿਲੀਜ਼ ਕੀਤੀ ਜਾਵੇਗੀ।ਇਹ ਅੰਗਰੇਜ਼ੀ ਦੀ ਕਿਤਾਬ-ਤੀਸਤਾ ਸੀਤਲਵਾੜ: ਫੁੱਟ ਸੋਲਜ਼ਰ ਆਫ ਕੌਂਸਟੀਟਿਊਸ਼ਨ’ ਦਾ ਪੰਜਾਬੀ ਅਨੁਵਾਦ ਹੈ।ਯਾਦ ਰਹੇ ਬੂਟਾ ਸਿੰਘ ਨਵਾਂ ਸ਼ਹਿਰ ਹੁਣ ਤੱਕ ਅੰਗਰੇਜ਼ੀ ਦੀਆਂ ਵਿਸ਼ਵ ਪ੍ਰਸਿੱਧ ਅਨੇਕਾਂ ਕਿਤਾਬਾਂ ਦਾ ਅਨੁਵਾਦ ਕਰਕੇ ਪੰਜਾਬੀ ਪਾਠਕਾਂ ਤੱਕ ਪਹੂੰਚਾ ਚੁੱਕੇ ਹਨ। ਪਿਛਲ਼ੇ ਸਾਲ ਉਨ੍ਹਾਂ ਰਾਣਾ ਅਯੂਬ ਦੀ ਗੁਜਰਾਤ ਕਤਲੇਆਮ ਨਾਲ ਸਬੰਧਤ ਕਿਤਾਬ ‘ਗੁਜਰਾਤ ਫਾਈਲਜ਼’ ਦਾ ਪੰਜਾਬੀ ਅਨੁਵਾਦ ਕੀਤਾ ਸੀ।ਤੀਸਤਾ ਸੀਤਲਵਾੜ, ਮਸ਼ਹੂਰ ਪੱਤਰਕਾਰ ਤੇ ਲੇਖਿਕਾ ਹੋਣ ਦੇ ਨਾਲ-ਨਾਲ ਮਨੁੱਖੀ ਅਧਿਕਾਰਾਂ ਦੀ ਬਹਾਦਰ ਕਾਰਕੁੰਨ ਵੀ ਹੈ।ਇਸ ਮੌਕੇ ਤੇ ਕੈਲਗਰੀ ਤੋਂ ਉਘੇ ਲੇਖਕ ਹਰੀਪਾਲ ਦੀ ਨਵੀਂ ਛਪੀ ਕਿਤਾਬ ‘ਪੂੰਜੀਵਾਦ ਤੇ ਕਨੇਡੀਅਨ ਸਮਾਜ’ ਵੀ ਰਿਲੀਜ਼ ਕੀਤੀ ਜਾਵੇਗੀ ਤੇ ਲੇਖਕ ਬਲਜਿੰਦਰ ਸੰਘਾ ਇਸ ਕਿਤਾਬ ਤੇ ਪਰਚਾ ਵੀ ਪੜ੍ਹਨਗੇ।ਇਸ ਮੌਕੇ ਬੂਟਾ ਸਿੰਘ ਵਲੋਂ ਅਨੁਵਾਦਤ ਕਿਤਾਬਾਂ ਤੇ ਹਰੀਪਾਲ ਦੀ ਕਿਤਾਬ ਤੋਂ ਇਲਾਵਾ ਹੋਰ ਪ੍ਰਸਿੱਧ ਲੇਖਕਾਂ ਦੀਆਂ ਪ੍ਰਮੁੱਖ ਕਿਤਾਬਾਂ ਵੀ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ।ਬੂਟਾ ਸਿੰਘ ਵਲੋਂ ਭਾਰਤ ਵਿੱਚ ਵਧ ਰਹੇ ਫਾਸ਼ੀਵਾਦੀ ਰੁਝਾਨਾਂ ਤੇ ਮੌਜੂਦਾ ਹਾਲਾਤਾਂ ਤੋਂ ਇਲਾਵਾ ਅੰਤਰ ਰਾਸ਼ਟਰੀ ਮਸਲਿਆਂ ਤੇ ਗੱਲਬਾਤ ਕੀਤੀ ਜਾਵੇਗੀ ਅਤੇ ਸਰੋਤਿਆਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਜਾਣਗੇ।ਇਹ ਪ੍ਰੋਗਰਾਮ ਇੰਡੀਅਨ ਐਕਸ ਸਰਵਿਸਮੈਨ ਐਸੋਸੀਏਸ਼ਨ ਦੇ ਹਾਲ ਵਿੱਚ 28 ਅਪਰੈਲ ਦਿਨ ਸ਼ਨੀਵਾਰ ਠੀਕ 2 ਵਜੇ ਤੋਂ 4:30 ਵਜੇ ਤੱਕ ਹੋਵੇਗਾ।ਇਸ ਮੌਕੇ 1:30 ਤੋਂ 2:00 ਵਜੇ ਤੱਕ ਚਾਹ ਪਾਣੀ ਦੇ ਨਾਲ-ਨਾਲ ਤੁਸੀਂ ਬੂਟਾ ਸਿੰਘ ਨਾਲ ਗੱਲਬਾਤ ਵੀ ਕਰ ਸਕਦੇ ਹੋ।ਪ੍ਰੋਗਰਾਮ ਸਬੰਧੀ ਕਿਸੇ ਵੀ ਜਾਣਕਾਰੀ ਲਈ ਮਾਸਟਰ ਭਜਨ ਸਿੰਘ ਨਾਲ 403-455-4220 ਤੇ ਸੰਪਰਕ ਕੀਤਾ ਜਾ ਸਕਦਾ ਹੈ।