ਦਰਸ਼ਨ ਸਿੰਘ ਕੰਗ (ਐਮ.ਪੀ.) ਤੋਂ ਅਸਤੀਫੇ ਦੀ ਮੰਗ ਦਾ ਮਤਾ ਸਾਂਝਾ ਕੀਤਾ ਗਿਆ
ਮਾ.ਭਜਨ ਕੈਲਗਰੀ- ਪਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵੱਲੋਂ ਜੈਨਸਸ ਸੈਂਟਰ ਵਿਖੇ ਦੂਜਾ ਸਲਾਨਾ ਸਭਿੱਆਚਾਰਕ ਨਾਟਕ ਸਮਾਗਮ ‘ਅੰਤਰਰਾਸ਼ਟਰੀ ਔਰਤ ਦਿਵਸ’ ਨੂੰ ਸਮਰਪਤ ਕੀਤਾ ਗਿਆ। ਸ਼ੁਰੁਆਤ ਵਿਚ ਮਾ.ਭਜਨ ਨੇ ਔਰਤ ਦਿਵਸ ਦੇ ਸੰਖੇਪ ਇਤਿਹਾਸ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ 8 ਮਾਰਚ 1857 ਨੂੰ ਅਮਰੀਕਾ ਦੇ ਨਿਉਯਾਰਕ ਸ਼ਹਿਰ ਵਿਚ ਔਰਤ ਕੱਪੜਾ ਮਜ਼ਦੂਰਾਂ ਨੇ 10 ਘੰਟੇ ਦੀ ਕੰਮ ਦਿਹਾੜੀ, ਔਰਤਾਂ ਲਈ ਮਰਦਾਂ ਬਰਾਬਰ ਹੱਕ ਆਦਿ ਮੰਗਾਂ ਨੂੰ ਲੈ ਕੇ ਵਿਸ਼ਾਲ ਮੁਜ਼ਹਾਰਾਂ ਕੀਤਾ, ਜਿਸ ਤੇ ਪੁਲਿਸ ਵੱਲੋਂ ਭਾਰੀ ਜ਼ਬਰ ਢਾਇਆ ਗਿਆ, 51 ਸਾਲ ਬਾਅਦ 8 ਮਾਰਚ ਨੂੰ ਹੀ ਨਿਉਯਾਰਕ ਵਿਚ 20 ਹਜ਼ਾਰ ਔਰਤਾਂ ਨੇ ਬਿਹਤਰ ਮਜ਼ਦੂਰੀ ਅਤੇ ਵੋਟ ਦੇ ਹੱਕ ਨੂੰ ਲੈ ਕੇ ਮੁਜ਼ਹਾਰਾਂ ਕੀਤਾ। ਦੋ ਸਾਲ ਬਾਅਦ 8 ਮਾਰਚ 1910 ਨੂੰ ਕੋਪਨਹੇਗੇਨ ਵਿੱਚ ਮਜ਼ਦੂਰ ਜਮਾਤੀ ਪਾਰਟੀਆਂ ਦੇ ਕੌਮਾਤਰੀ ਮੰਚ ਵੱਲੋਂ ਸੰਮੇਲਨ ਕੀਤਾ ਗਿਆ। ਇਸ ਸੰਮੇਲਨ ਵਿਚ ਜਰਮਨ ਪਾਰਟੀ ਦੀ ਇਨਕਲਾਬੀ ਆਗੂ ਕਲਾਰਾ ਜੈਟਕਿਨ ਨੇ 8 ਮਾਰਚ ਨੁੰ ‘ਕੌਮਾਂਤਰੀ ਔਰਤ ਦਿਵਸ’ ਮਨਾਉਣ ਦਾ ਮਤਾ ਪੇਸ਼ ਕੀਤਾ ਜੋ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਉਦੋਂ ਤਂੋ ਇਹ ਦਿਨ ਸੰਸਾਰ ਪੱਧਰ ਤੇ ਮਨਾਇਆ ਜਾਂਦਾ ਹੈ। ਪਰੋਗਰੈਸਿਵ ਕਲਾ ਮੰਚ ਕੈਲਗਰੀ ਵੱਲੋਂ ਪਹਿਲੀ ਪੇਸ਼ਕਾਰੀ ਕੈਲਗਰੀ ਦੇ ਜੰਮਪਲ ਬੱਚਿਆਂ ਵੱਲੋਂ ਪੇਸ਼ ਕੀਤੀ ਗਈ, ਜੋ ਜਸਵੀਰ ਜੱਸੀ ਦੇ ਗਏ ਗੀਤ ਦੇ ਅਧਾਰਿਤ ਸੀ ‘ਮਾਏ ਨੀ ਇਕ ਲੋਰੀ ਦੇ ਦੇ,ਬਾਬਲ ਤੋਂ ਭਾਵੇਂ ਚੋਰੀ ਨੀ’।ਦੂਜੀ ਪੇਸ਼ਕਾਰੀ ਨਾਮਵਰ ਲੇਖਕ ਨਾਟਕਕਾਰ ਅਜਮੇਰ ਔਲਖ ਦੇ ਲਿਖੇ ਨਾਟਕ ‘ਸੁੱਕੀ ਕੁੱਖ’ ਦੀ ਸੀ। ਜਿਸ ਵਿਚ ਬੱਚਾ ਨਾ ਪੈਦਾ ਕਰਨ ਵਾਲੀ ਔਰਤ ਦੀ ਤਰਾਸਦੀ ਬਾਖ਼ੂਬੀ ਪੇਸ਼ ਕੀਤੀ ਗਈ। ਸਾਰੇ ਹੀ ਪਾਤਰਾਂ ਦੀ ਪੇਸ਼ਕਾਰੀ ਅਤੇ ਮਿਹਨਤ ਨੇ ਸਰੋਤਿਆਂ ਤੇ ਪ੍ਰਭਾਵਸ਼ਾਲੀ ਅਸਰ ਛੱਡਿਆ। ਆਖਰੀ ਪੇਸ਼ਕਾਰੀ ਨਛੱਤਰ ਗਿੱਲ ਦੇ ਗੀਤ ‘ਸਾਨੂੰ ਮਹਿੰਗਾ ਪਿਆ ਕੈਨੇਡਾ’ ਦੇ ਅਧਾਰਿਤ ਸੀ। ਕਮੇਟੀ ਵੱਲੋਂ ਸਭਾ ਦੇ ਪ੍ਰਧਾਨ ਜੀਤਇੰਦਰ ਪਾਲ ਦੀ ਅਗਵਾਈ ਵਿਚ ਸਭ ਕਲਾਕਾਰਾਂ ਨੂੰ ਪ੍ਰਸੰਸਾ ਪੱਤਰ ਅਤੇ ਬੱਚਿਆਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਬਲਜਿੰਦਰ ਸੰਘਾ ਅਤੇ ਸੁਖਜੀਤ ਖਹਿਰਾ ਨੇ ਢੁਕਵੀਆਂ ਕਵਿਤਾਵਾਂ ਨਾਲ ਹਾਜ਼ਰੀ ਲੁਆਈ। ਹਰੀਪਾਲ ਨੇ ਸੰਸਾਰ ਭਰ ਦੀਆਂ ਔਰਤਾਂ ਦਾ ਸੰਖੇਪ ਵੇਰਵਾਂ ਸਾਂਝਾ ਕੀਤਾ। ਮਾਸਟਰ ਭਜਨ ਵੱਲੋਂ ਦਰਸ਼ਨ ਸਿੰਘ ਕੰਗ (ਐਮ.ਪੀ.) ਵਿਵਾਦ ਦੀਆਂ ਔਰਤਾਂ ਦੇ ਹੱਕ ਵਿਚ ਐਸੋਸੀਏਸ਼ਨ ਵੱਲੋਂ ਖੜ੍ਹਨ ਦਾ ਮਤਾ ਪੜ੍ਹਕੇ ਸੁਣਾਇਆ ਗਿਆ, ਅਤੇ ਦਰਸ਼ਨ ਸਿੰਘ ਕੰਗ ਤੋਂ ਅਸਤੀਫੇ ਦੀ ਮੰਗ ਕੀਤੀ।