ਬੱਚਿਆਂ ਦੇ 17 ਮਾਰਚ ਨੂੰ ਹੋਣ ਵਾਲੇ ਪੰਜਾਬੀ ਬੋਲਣ ਦੇ ਮੁਕਾਬਲਿਆਂ ਲਈ ਨਾਮ 10 ਮਾਰਚ ਤੱਕ ਲਏ ਜਾਣਗੇ
ਜੋਰਾਵਰ ਬਾਂਸਲ:–ਸਭਾ ਦੀ ਕਾਰਵਾਈ ਸ਼ੁਰੂ ਕਰਦਿਆ ਜਨਰਲ ਸਕੱਤਰ ਰਣਜੀਤ ਸਿੰਘ ਨੇ ਪ੍ਰਧਾਨ ਬਲਜਿੰਦਰ ਸੰਘਾ, ਖਜਾਨਚੀ ਮੰਗਲ ਚੱਠਾ ਤੇ ਸੁਰਿੰਦਰ ਚੀਮਾ ਭੈਣ ਜੀ ਨੂੰ ਪ੍ਰਧਾਨਗੀ ਮੰਡਲ ਵਿੱਚ ਬੈਠਣ ਦਾ ਸੱਦਾ ਦਿੱਤਾ। ਫਿਰ ਸ਼ੌਕ ਸਮਾਚਾਰ ਸਾਂਝੇ ਕਰਦਿਆ ਉਹਨਾਂ ਦੁੱਖੀ ਮਨ ਨਾਲ ਦੱਸਿਆ ਕਿ ਪ੍ਰੀਤਮ ਸਿੱਧੂ ਤੇ ਹਰਭਜਨ ਸਿੰਘ ਦਰਦੀ ਜੋ ਇੰਗਲੈਂਡ ਦੇ ਵਸਨੀਕ ਸਨ ਤੇ ਤੇਰਾਂ ਤੋਂ ਵੱਧ ਕਿਤਾਬਾ ਪੰਜਾਬੀ ਸਾਹਿਤ ਦੀ ਝੋਲੀ ਪਾ ਚੁੱਕੇ ਹਨ, ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ। ਇੱਕ ਹੋਰ ਦੁਖਦਾਈ ਖਬਰ ਸਾਂਝੀ ਕਰਦਿਆ ਦੱਸਿਆ ਕਿ ਸਭਾ ਦੇ ਮੈਂਬਰ ਵਜੋਂ ਲੰਮੇ ਸਮੇਂ ਤੋਂ ਨਾਲ ਜੁੜੇ ਹਰਮਿੰਦਰ ਕੌਰ ਢਿਲੋਂ ਜੀ ਤੇਰਾਂ ਫਰਵਰੀ ਨੂੰ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਹਨ। ਫਿਰ ਪ੍ਰਧਾਨ ਬਲਜਿੰਦਰ ਸੰਘਾ ਨੇ ਹਰਮਿੰਦਰ ਢਿਲੋਂ ਦੀ ਜਿੰਦਗੀ ਦੇ ਸਫਰ ਉੱਤੇ ਚਾਨਣਾ ਪਾਉਦਿਆ ਜਾਤੀ ਜੀਵਨ ਦੇ ਇਲਾਵਾ ਲਿਖਤਾ ਤੇ ਉਹਨਾਂ ਦੀ 2014 ਵਿੱਚ ਆਈ ਕਿਤਾਬ ਦਾ ਜਿਕਰ ਵੀ ਕੀਤਾ ਜੋ ਇਸੇ ਸਭਾ ਵਿੱਚ ਹੀ ਰਿਲੀਜ਼ ਹੋਈ ਸੀ। ਉਹਨਾਂ ਦਾ ਆਖਰੀ ਸੁਨੇਹਾ ਵੀ ਸਾਂਝਾ ਕੀਤਾ ਕਿ ਹਰ ਕਿਸੇ ਨੂੰ ਸਮੇਂ ਸਮੇਂ ਤੇ ਕੈਂਸਰ ਰੋਗ ਦੀ ਜਾਂਚ ਕਰਵਾਉਦੇ ਰਹਿਣਾ ਚਾਹੀਦਾ ਹੈ। ਸੁਰਿੰਦਰ ਚੀਮਾ ਭੈਣ ਜੀ ਨੇ ਭਰੇ ਮਨ ਨਾਲ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ।
ਮਹਿੰਦਰ ਪਾਲ ਐਸ ਪਾਲ ਜੀ ਨੇ ਆਪਣੀ ਪਿਛਲੇ ਦਿਨੀ ਇੰਗਲੈਂਡ ਫੇਰੀ ਬਾਰੇ ਗੱਲਬਾਤ ਸਾਂਝੀ ਕੀਤੀ। ਤੇ ਉਥੇ ਆਕਾਲ ਟੀ.ਵੀ ਤੇ ਸਾਥੀ ਲੁਧਿਆਣਵੀ ਨਾਲ ਕੀਤੀ ਇੰਟਰਵਿਊ ਤੇ ਉਥੇ ਦੇ ਸਾਹਿਤਕਾਰਾ ਨਾਲ ਮਿਲਣੀ ਦਾ ਜਿਕਰ ਕੀਤਾ ਤੇ ਆਪਣੀ ਨਜ਼ਮ ‘ਕਹਿ ਰਹੇ ਸੀ ਨੇਤਾ ਸਾਨੂੰ ਅੱਛੇ ਦਿਨ ਆਉਣਗੇ’ ਵੀ ਸੁਣਾਈ। ਸੁਖਵਿੰਦਰ ਸਿੰਘ ਤੂਰ ਨੇ ‘ਜਾਗਦੇ ਰਹਿਣਾ’ ਤੇ ਪਰਮਿੰਦਰ ਰਮਨ ਨੇ ‘ਮਿੱਟੀ ਵਿੱਚ ਰੁੱਲ ਜਾਏਗਾ’ ਮਾਂ ਬੋਲੀ ਬਾਰੇ ਸਾਂਝੀ ਕੀਤੀ। ਕੜਾਕੇ ਦੀ ਠੰਡ ਬਾਰੇ ਗੱਲ ਕਰਦਿਆ ਮੰਗਲ ਚੱਠਾ ਨੇ ਆਪਣਾ ਖੂਬਸੂਰਤ ਗੀਤ ‘ਬਰਫਾ ਦੀ ਹਿੱਕ ਚੀਰਦਾ’ ਪੇਸ਼ ਕੀਤਾ।ਮਨਮੋਹਨ ਸਿੰਘ ਬਾਠ ਨੇ ‘ਇੱਧਰ ਕਣਕਾਂ ਉਧਰ ਕਣਕਾਂ’ ਸਰਬਜੀਤ ਉਪੱਲ ਨੇ ‘ਜੱਗ ਵਾਲਾ ਮੇਲਾ’ ਜਗਦੀਸ਼ ਕੌਰ ਗਰੇਵਾਲ ਨੇ ‘ਉਹਨੇ ਬਾਤ ਆਪਣੇ ਗਮ ਦੀ’ ਜੋਗਾ ਸਿੰਘ ਸਹੋਤਾ ਨੇ ‘ ਇਸ਼ਕ ਆਖਦਾ ਹੈ ਤੇਰਾ’ ਤੇ ਲਖਵਿੰਦਰ ਜੌਹਲ ਨੇ ਆਪਣੀ ਇੱਕ ਰਚਨਾ ਨਾਲ ਹਾਜ਼ਰੀ ਲਵਾਈ। ਸੁਖਪਾਲ ਪਰਮਾਰ ਵੀ ਇਸ ਮੌਕੇ ਹਾਜ਼ਰ ਸੀ।
ਜੋਰਾਵਰ ਬਾਂਸਲ ਨੇ ਮਿੰਨੀ ਕਹਾਣੀ ‘ਅੱਜ ਦਾ ਦਿਨ’ ਤੇ ਦਵਿੰਦਰ ਮਲਹਾਂਸ ਨੇ ਬਹੁਤ ਹੀ ਖੂਬਸੂਰਤ ਕਹਾਣੀ ‘ਮਨਹੂਸ’ ਭਾਵੁਕ ਅੰਦਾਜ ਵਿੱਚ ਸੁਣਾਈ। ਫਿਰ ਜੋਗਿੰਦਰ ਸੰਘਾ ਨੇ ਕਹਾਣੀ ਦੀ ਤਾਰੀਫ ਵਿੱਚ ਆਪਣੀ ਰਾਏ ਦਿੰਦਿਆ ਇਸੇ ਵਿਸ਼ੇ ਨਾਲ ਸੰਬਧਿਤ ਦਵਾਈਆਂ ਵਿੱਚ ਮੈਰੋਆਨਾ ਨਸ਼ੇ ਦੀ ਵਧਦੀ ਮਾਤਰਾ ਦਾ ਜ਼ਿਕਰ ਕਰਦਿਆਂ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕੀਤਾ ਤੇ ਨਾਲ ਹੀ ਉਹਨਾਂ ਨੇ ਪੰਜਾਬੀ ਦੇ ਨਾਲ ਨਾਲ ਇੰਗਲਿਸ਼ ਦੀਆਂ ਚੰਗੀਆਂ ਕਿਤਾਬਾਂ ਪੜ੍ਹਨ ਦੀ ਅਪੀਲ ਕੀਤੀ। ਡਰੱਗ ਅਵੇਅਰਨੇਸ ਦੀ ਗੱਲ ਨੂੰ ਅੱਗੇ ਤੋਰਦਿਆ ਮਨਜੀਤ ਕਾਂਡਾਂ ਨੇ ਹੋਰ ਜ਼ਾਗਰੂਕ ਹੋਣ ਦਾ ਸੁਨੇਹਾ ਦਿੱਤਾ ਤੇ ਆਪਣੀ ਲਿਖੀ ਇੱਕ ਇੰਗਲਿਸ਼ ਦੀ ਕਵਿਤਾ ਸਾਂਝੀ ਕੀਤੀ।
ਜਸਬੀਰ ਸਹੋਤਾ ਨੇ ਪਰਿਵਾਰਾਂ ਦੀ ਸਾਂਝ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਨਛੱਤਰ ਪੁਰਬਾ ਨੇ ਪਿਛਲੇ ਮਹੀਨੇ ਦੀ ਮੀਟਿੰਗ ਵਿੱਚ ਪੜ੍ਹੇ ਆਪਣੇ ਲੇਖ ‘ਭ੍ਰਿਸ਼ਟ ਰਾਜਨੀਤੀ’ ਨੂੰ ਅੱਗੇ ਤੋਰਦਿਆ ਬਹੁਤ ਹੀ ਡੂੰਘੀ ਸ਼ਬਦਾਵਲੀ ਨਾਲ ਲਿਖਿਆ ਲੇਖ ‘ਜਵਾਨੀ’ਜੋ ਪੰਜਾਬ ਦੇ ਨੌਜਵਾਨ ਵਰਗ ਲਈ ਫਿਕਰ ਤੇ ਰੁਜਗਾਰ ਦੀ ਜਰੂਰਤ ਵੱਲ ਇਸ਼ਾਰਾ ਕਰਦਾ ਸਭ ਨੂੰ ਪ੍ਰਭਾਵਿਤ ਕਰ ਗਿਆ। ਜਨਰਲ ਸੱਕਤਰ ਰਣਜੀਤ ਸਿੰਘ ਨੇ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਦੀ ਗੱਲ ਕੀਤੀ ਤੇ ਅਗਲੇ ਮਹੀਨੇ ਸਭਾ ਵਲੋਂ ‘ਬੱਚਿਆ ਵਿੱਚ ਪੰਜਾਬੀ ਬੋਲਣ ਦੀ ਮੁਹਾਰਤ’ ਸਮਾਗਮ ਦੀ ਜਾਣਕਾਰੀ ਦਿੱਤੀ ਕਿ 17 ਮਾਰਚ ਦਿਨ ਸਨਿੱਚਰਵਾਰ ਨੂੰ ਵਾਈਟਹੌਰਨ ਕਮਿਊਨਟੀ ਹਾਲ ਵਿੱਚ ਦੁਪਹਿਰ 12:30 ਵਜੇ ਤੋਂ ਸ਼ਾਮ 4 ਵਜੇ ਤੱਕ ਹੋਣ ਵਾਲੇ ਪ੍ਰਗਰਾਮ ਵਿੱਚ ਦੋ ਤੋਂ ਲੈ ਕੇ ਅੱਠ ਗਰੇਡ ਤੱਕ ਦੇ ਬੱਚਿਆ ਦਾ ਦਾਖਲਾ ਸ਼ੁਰੂ ਹੈ ਜੋ ਦੱਸ ਮਾਰਚ ਤੱਕ ਚੱਲੇਗਾ ਤੇ ਸਾਰਿਆ ਨੂੰ ਮਾਪਿਆ ਨੂੰ ਬੇਨਤੀ ਕੀਤੀ ਕਿ ਪੰਜਾਬੀ ਲਿਖਾਰੀ ਸਭਾ ਦੇ ਮੈਂਬਰ ਆਪਣੇ ਕੋਲੋ ਪੈਸਾ ਤੇ ਸਮਾਂ ਲਗਾਕੇ ਪਿਛਲੇ ਸੱਤ ਸਾਲਾਂ ਤੋਂ ਇਹ ਪ੍ਰੋਗਰਾਮ ਅਤੇ 19 ਸਾਲਾਂ ਤੋਂ ਸਲਾਨਾ ਸਮਾਗਮ ਕਰ ਰਹੇ ਹਨ। ਸਭਾ ਦੀ ਕੋਸ਼ਿਸ਼ ਦੇ ਬੂਟੇ ਨੂੰ ਫਲ ਫੁੱਲ ਲਾਉਣ ਲਈ ਤੇ ਪੰਜਾਬੀ ਦੇ ਪਾਸਾਰ ਲਈ ਸਾਰੇ ਵੀਰ ਭੈਣ ਆਪਣੇ ਬੱਚਿਆ ਨੂੰ ਲੈ ਕੇ ਇਸ ਪ੍ਰੋਗਰਾਮ ਵਿੱਚ ਪਹੁੰਚੋ। ਅਖੀਰ ਵਿੱਚ ਇਸੇ ਜਾਣਕਾਰੀ ਵਿੱਚ ਵਾਧਾ ਕਰਦਿਆ ਪ੍ਰਧਾਨ ਬਲਜਿੰਦਰ ਸੰਘਾ ਨੇ ਆਏ ਹਾਜ਼ਰੀਨ ਦਾ ਧੰਨਵਾਦ ਕਰਦਿਆ ਕਿਹਾ ਕਿ ਸਭਾ ਦੀ ਅਗਲੇ ਮਹੀਨੇ ਦੀ ਮੀਟਿੰਗ ਕੋਸੋ ਦੇ ਹਾਲ ਵਿੱਚ ਨਹੀਂ ਹੋਏਗੀ , ਇਸ ਦੀ ਜਗ੍ਹਾ ਉੱਤੇ ਬੱਚਿਆ ਦਾ ਸਲਾਨਾ ਸਮਾਗਮ ਹੋਏਗਾ ਤੇ ਸਭ ਨੂੰ ਬੇਨਤੀ ਕੀਤੀ ਕਿ ਜਿਹਨਾਂ ਦੇ ਬੱਚੇ ਇਸ ਸਮਾਗਮ ਵਿੱਚ ਹਿੱਸਾ ਨਹੀਂ ਵੀ ਲੈ ਰਹੇ ਉਹ ਵੀ ਬੱਚਿਆ ਸਮੇਤ ਆਉਣ ਤਾਂ ਜੋ ਉਹਨਾਂ ਵਿੱਚ ਉਤਸ਼ਾਹ ਪੈਦਾ ਹੋਏ ਤੇ ਅਗਲੇ ਸਾਲਾਂ ਵਿੱਚ ਹਿੱਸਾ ਲੈਣ ਤੇ ਪੰਜਾਬੀ ਨਾਲ ਜੁੜਨ ।
ਹੋਰ ਜਾਣਕਾਰੀ ਲਈ ਪ੍ਰਧਾਨ ਬਲਜਿੰਦਰ ਸੰਘਾ ਨੂੰ 403-680-3212 ਤੇ ਜਨਰਲ ਸਕੱਤਰ ਰਣਜੀਤ ਸਿੰਘ ਨੂੰ 403-714-9848 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।