ਇਸ ਪਰੋਗਰਾਮ ਦੀ ਤਿਆਰੀ ਲਈ ਰਿਹਸਲਾਂ ਅਤੇ ਕੁੱਲ ਤਿਆਰੀਆਂ ਜੋਰਸ਼ੋਰ ਨਾਲ ਚੱਲ ਰਹੀਆਂ ਹਨ
ਮਾ. ਭਜਨ ਸਿੰਘ ਕੈਲਗਰੀ- ਪਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵੱਲੋਂ 8 ਮਾਰਚ ਨੂੰ ਕੌਮਾਂਤਰੀ ਔਰਤ ਦਿਵਸ ਮੌਕੇ ਉਸਾਰੂ ਸਭਿੱਆਚਾਰਕ ਸਮਾਗਮ ਕੀਤਾ ਜਾ ਰਿਹਾ ਹੈ। ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਦੂਜਾ ਸਲਾਨਾ ਸਮਾਗਮ ਵੀ ਜੈਨਸਸ ਸੈਂਟਰ ਨੌਰਥ-ਈਸਟ ਕੈਲਗਰੀ ਦੇ ਐਂਟਰੀ ਗੇਟਾਂ ਤੇ ਗੋਲ ਸਰਕਲ ਵਿੱਚ ਠੀਕ ਸ਼ਾਮ 5 ਤੋਂ 7 ਵਜੇ ਤੱਕ ਹੋਵੇਗਾ। ਔਰਤ ਦੀ ਸਮਾਜ ਵਿੱਚ ਤਰਾਸਦੀ ਨੂੰ ਬਿਆਨ ਕਰਦਾ ਨਾਟਕ ‘ਸੁੱਕੀ ਕੁੱਖ਼’ ਪ੍ਰਸਿੱਧ ਨਾਟਕਕਾਰ ਅਜਮੇਰ ਸਿੰਘ ਔਲਖ਼ ਦਾ ਲਿਖਿਆ ਖੇਡਿਆ ਜਾਵੇਗਾ। ਗੁਰਦਾਸ ਮਾਨ ਦੇ ਲਿਖੇ ਗੀਤ ਤੇ ਅਧਾਰਿਤ ਕੋਰਿਓਗਰਾਫ਼ੀ ‘ਬਾਬਲ ਤੇਰੇ ਦਾ ਦਿਲ ਕਰੇ ਧੀਏ ਮੇਰੀਏ ਨੀ, ਡੋਲੀ ਤੈਨੂੰ ਕਦੇ ਨਾ ਬਿਠਾਵਾਂ’ ਕੈਲਗਰੀ ਸ਼ਹਿਰ ਦੇ ਜੰਮਪਲ ਬੱਚਿਆਂ ਵੱਲੋਂ ਪੇਸ਼ ਕੀਤੀ ਜਾਵੇਗੀ। ਨਛੱਤਰ ਗਿੱਲ ਦੇ ਗਾਏ ਗੀਤ ‘ਸਹੁੰ ਰੱਬ ਦੀ ਬਿਸ਼ਨ ਕੁਰੇ, ਸਾਨੂੰ ਮਹਿੰਗਾ ਪਿਆ ਕੈਨੇਡਾ’ ਤੇ ਅਧਾਰਿਤ ਨੌਜਵਾਨ ਬੱਚੇ-ਬੱਚੀਆਂ ਵੱਲੋਂ ਭੰਗੜਾ ਪੇਸ਼ ਕੀਤਾ ਜਾਵੇਗਾ। ਪਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਦੀ ਟੀਮ ਵੱਲੋਂ ਇਸ ਪਰੋਗਰਾਮ ਦੀ ਤਿਆਰੀ ਲਈ ਰਿਹਸਲਾਂ ਅਤੇ ਕੁੱਲ ਤਿਆਰੀਆਂ ਜੋਰਸ਼ੋਰ ਨਾਲ ਅਰੰਭ ਕਰ ਦਿੱਤੀਆਂ ਗਈਆਂ ਹਨ। ਇਸ ਪਰੋਗਰਾਮ ਦੀ ਕੋਈ ਟਿਕਟ ਨਹੀਂ ਹੈ। ਕੈਲਗਰੀ ਨਿਵਾਸੀਆਂ ਨੂੰ ਪਰਿਵਾਰਾਂ ਸਮੇਤ ਸਮੇਂ ਸਿਰ ਪੁੱਜਣ ਦੀ ਬੇਨਤੀ ਕੀਤੀ ਜਾਂਦੀ ਹੈ। ਇਸ ਮੌਕੇ ਤੇ ਵਿਸ਼ੇਸ਼ ਪ੍ਰਾਪਤੀਆਂ ਅਤੇ ਸੰਕਟਮਈ ਜੀਵਨ ਬਤੀਤ ਕਰ ਰਹੀਆਂ ਔਰਤਾਂ ਨੂੰ ਵਿਸ਼ੇਸ਼ ਸਨਮਾਨਤ ਕੀਤਾ ਜਾਵੇਗਾ। ਯਾਦ ਰਹੇ ਕਿ ਪਿਛਲੇ ਸਾਲ ਉਹਨਾਂ ਤਿੰਨ ਪਰਿਵਾਰਾਂ ਨੂੰ ਸਨਮਾਨਤ ਕੀਤਾ ਗਿਆ ਸੀ ਜਿਹਨਾਂ ਨੇ ਦੋ ਕੁੜੀਆਂ ਤੋਂ ਬਾਅਦ ਮੁੰਡਾ ਪੈਦਾ ਕਰਨ ਦੀ ਲਾਲਸਾ ਤਿਆਗੀ ਸੀ, ਐਸੋਸੀਏਸ਼ਨ ਦੇ ਜਨਰਲ ਸਕੱਤਰ ਮਾਸਟਰ ਭਜਨ ਸਿੰਘ ਨੇ ਪਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੈਨਸਸ ਸੈਂਟਰ ਦੇ ਸਹਿਯੋਗ ਨਾਲ ਕੀਤੇ ਜਾ ਰਹੇ ਇਸ ਪਰੋਗਰਾਮ ਵਿਚ ਐਸੋਸੀਏਸ਼ਨ ਵੱਲੋਂ ਸਮਾਜ ਵਿੱਚ ਔਰਤ-ਬਰਾਬਰੀ ਦੇ ਸੰਕਲਪ ਨੂੰ ਮੁੜ ਦੁਹਰਾਇਆ ਜਾਵੇਗਾ। ਸਭ ਮੀਡੀਆ ਨੂੰ ਹਮੇਸ਼ਾਂ ਦੀ ਤਰ੍ਹਾਂ ਸਹਿਯੋਗ ਦੀ ਅਪੀਲ ਕੀਤੀ ਜਾਂਦੀ ਹੈ। ਹੋਰ ਜਾਣਕਾਰੀ ਲਈ ਮਾਸਟਰ ਭਜਨ ਸਿੰਘ ਨੂੰ 403-455-4220 ਤੇ ਸੰਪਰਕ ਕੀਤਾ ਜਾ ਸਕਦਾ ਹੈ।