ਸੱਤਵੇ ਸਲਾਨਾ ‘ਬੱਚਿਆਂ ਦੇ ਪੰਜਾਬੀ ਬੋਲਣ ਦੀ ਮੁਹਾਰਤ’ ਦੇ ਮੁਕਾਬਲੇ ਦਾ ਪੋਸਟਰ ਰੀਲੀਜ਼ ਕੀਤਾ ਗਿਆ
ਸੋਸ਼ਲ ਕੰਮਾਂ ਲਈ ਇਸ ਸਾਲ ਬੱਚੀ ਸੁਟਨ ਗਾਰਨਰ ਅਤੇ ਲੈ :ਕਰਨਲ ਰਤਨ ਸਿੰਘ ਪਰਮਾਰ ਨੂੰ ਸਨਮਾਨਿਤ ਕੀਤਾ ਜਾਵੇਗਾ
ਜੋਰਾਵਰ ਸਿੰਘ ਬਾਂਸਲ—ਇਸ ਸਾਲ ਦੀ ਪਲੇਠੀ ਮੀਟਿੰਗ ਸ਼ੁਰੂ ਕਰਦਿਆ ਜਨਰਲ ਸਕੱਤਰ ਰਣਜੀਤ ਸਿੰਘ ਨੇ ਨਵੇਂ ਸਾਲ ਦੀ ਵਧਾਈ ਦਿੰਦਿਆ ਪ੍ਰੋਗਰਾਮ ਦਾ ਆਗਾਜ਼ ਕੀਤਾ ਤੇ ਪ੍ਰਧਾਨਗੀ ਮੰਡਲ ਵਿੱਚ ਬੈਠਣ ਲਈ ਸਭਾ ਦੇ ਪ੍ਰਧਾਨ ਬਲਜਿੰਦਰ ਸੰਘਾ ਤੇ ਜੋਰਾਵਰ ਬਾਂਸਲ ਨੂੰ ਸੱਦਾ ਦਿੱਤਾ।
ਸ਼ੋਕ ਸਮਾਚਾਰ ਸਾਂਝੇ ਕਰਦਿਆਂ ਬਹੁਤ ਹੀ ਭਾਵੁਕ ਸ਼ਬਦਾਂ ਨਾਲ ਰਣਜੀਤ ਸਿੰਘ ਨੇ ਨਛੱਤਰ ਬਰਾੜ ਤੇ ਗੁਰਦਿਆਲ ਸਿੰਘ ਕੰਵਲ ਬਾਰੇ ਖਾਸ ਜਾਣਕਾਰੀ ਦਿੱਤੀ। ਜਿੰਨ੍ਹਾ ਕਈ ਕਿਤਾਬਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਤੇ ਬਹੁਤ ਅੱਛੇ ਇਨਸਾਨ ਸਨ। ਉਹ ਸਦੀਵੀ ਵਿਛੋੜਾ ਦੇ ਗਏ ਹਨ। ਅਗਲੀ ਖਬਰ ਵਿੱਚ ਮਲਕੀਤ ਚਿੱਤਰਕਾਰ ਨੂੰ ਭਾਵੁਕ ਸ਼ਬਦਾਂ ਨਾਲ ਸ਼ਰਧਾਜਲੀ ਦਿੱਤੀ,ਜਿੰਨ੍ਹਾਂ ਬਾਰੇ ਗੁਰਬਚਨ ਬਰਾੜ ਨੇ ਬਾਅਦ ‘ਚ ਖੁੱਲ ਕੇ ਖੁਲਾਸਾ ਕੀਤਾ ਤੇ ਉਹਨਾਂ ਦੀਆਂ ਪ੍ਰਾਪਤੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।ਉਹਨਾਂ ਆਖੀਰ ‘ਚ ਆਪਣੀ ਇੱਕ ਖੂਬਸੂਰਤ ਗਜ਼ਲ ‘ਜੁੰਗਨੂਆਂ ਦੇ ਵਾਂਗ’ ਵੀ ਸਾਂਝੀ ਕੀਤੀ।
ਦਵਿੰਦਰ ਮਲਹਾਂਸ ਨੇ ਗੁਰਪਾਲ ਲਿੱਟ ਬਾਰੇ ਉਹਨਾਂ ਦੀ ਪੂਰੀ ਜਿੰਦਗੀ ਤੇ ਸਾਹਿਤ ਯੋਗਦਾਨ ਬਾਰੇ ਆਪਣਾ ਲਿਖਿਆ ਇੱਕ ਜਾਣਕਾਰੀ ਭਰਪੂਰ ਪਰਚਾ ਸਾਂਝਾਂ ਕੀਤਾ। ਮਨਮੋਹਨ ਬਾਠ ਨੇ ਸੁਰਿੰਦਰ ਗੀਤ ਦੀ ਲਿਖੀ ਕਵਿਤਾ ‘ਬੁਰਾ ਮੈਨੂੰ ਮੈਥੋ ਨਾ ਦਿਸਦਾ ਹੋਰ ਹੈ ਕੋਈ’ ਤਰਨੁੰਮ ‘ਚ ਗਾ ਕੇ ਤਾੜੀਆ ਦੀ ਦਾਦ ਲਈ।ਬਾਅਦ ਵਿੱਚ ਸੁਰਿੰਦਰ ਗੀਤ ਨੇ ਆਪਣੀ ਇੱਕ ਹੋਰ ਖੂਬਸੂਰਤ ਕਵਿਤਾ ਸਾਂਝੀ ਕੀਤੀ।
ਨਛੱਤਰ ਪੁਰਬਾ ਨੇ ਆਪਣਾ ਲਿਖਿਆ ਲੇਖ ‘ਭ੍ਰਿਸ਼ਟ ਰਾਜਨੀਤੀ’ ਪੜਿਆ, ਜਿਸ ਵਿੱਚ ਭਾਰਤ ਦੀ ਰਾਜਨੀਤੀ, ਨਸ਼ੇ , ਲੱਚਰ ਗਾਇਕੀ ਤੇ ਹਰ ਬੁਰਾਈ ਦਾ ਜਿਕਰ ਕੀਤਾ। ਲੇਖ ਦੀ ਸ਼ਬਦਾਵਲੀ ਬਹੁਤ ਹੀ ਅਰਥ ਭਰਪੂਰ ਤੇ ਰੂਹ ਤੱਕ ਪਹੁੰਚਣ ਵਾਲੀ ਸੀ।
ਪ੍ਰਧਾਨ ਬਲਜਿੰਦਰ ਸੰਘਾ ਨੇ ‘ਬੱਚਿਆ ਵਿੱਚ ਪੰਜਾਬੀ ਬੋਲਣ ਦੀ ਮੁਹਾਰਤ’ ਸਮਾਗਮ ਦੀ ਜਾਣਕਾਰੀ ਵਿਸਥਾਰ ਨਾਲ ਸਾਂਝੀ ਕੀਤੀ। ਜਿਸ ਵਿੱਚ ਭਾਗ ਲੈਣ ਲਈ ਗਰੇਡ ਦੋ ਤੋਂ ਲੈ ਕੇ ਗਰੇਡ ਅੱਠ ਤੱਕ ਦੇ ਬੱਚਿਆ ਨੂੰ ਮੌਕਾ ਦਿੱਤਾ ਜਾਂਦਾ ਹੈ ਤੇ ਉਸ ਲਈ ਦਾਖਲਾ ਸ਼ੁਰੂ ਹੈ। ਇਸ ਦੀ ਹੋਰ ਜਾਣਕਾਰੀ ਪੰਜਾਬੀ ਲਿਖਾਰੀ ਸਭਾ ਦੇ ਫੇਸਬੁੱਕ ਦੇ ਪੇਜ ਤੇ ਵੀ ਹੈ। ਇਹ ਸਮਾਗਮ 17 ਮਾਰਚ ਦਿਨ ਸ਼ਨੀਵਾਰ 12:30 ਦੁਪਿਹਰ ਤੋਂ 4 ਵਜੇ ਤੱਕ ਵਾਈਟਹੌਰਨ ਕਮਿਊਨਟੀ ਹਾਲ ਵਿੱਚ ਹੋਏਗਾ। ਬਾਅਦ ਵਿੱਚ ਸਭਾ ਦੇ ਮੈਂਬਰਾਂ ਤੇ ਬੱਚਿਆਂ ਵਲੋਂ 17 ਮਾਰਚ 2018 ਨੂੰ ਹੋਣ ਵਾਲੇ ਪ੍ਰੋਗਰਾਮ ਦਾ ਪੋਸਟਰ ਰੀਲੀਜ਼ ਕੀਤਾ ਗਿਆ।
ਮੰਗਲ ਚੱਠਾ ਨੇ ਆਪਣੇ ਲਿਖੇ ਗੀਤ ‘ਆਜਾ ਦੇਸ਼ ਪੰਜਾਬ ਦੀ ਤੈਨੂੰ ਗੱਲ ਸੁਣਾਵਾਂ’ ਜੋਸ਼ ਨਾਲ ਸੁਣਾਇਆ। ਗੁਰਤਾਜ ਸਿੰਘ ਤੇ ਜਸਲੀਨ ਕੌਰ ਨੇ ਆਪਣੀ ਸੁਰੀਲੀ ਆਵਾਜ਼ ਵਿੱਚ ਖੁਬਸੂਰਤ ਗੀਤ ਸੁਣਾਏ ਤੇ ਸਭ ਦੀਆਂ ਦੁਆਵਾਂ ਲਈਆਂ। ਖੁਸ਼ ਚਾਹਲ ਨੇ ਪੰਜਾਬ ਦੇ ਨਸ਼ਿਆ ਦੀ ਭਰਮਾਰ ਉੱਤੇ ‘ਲਾਸ਼ਾਂ’ ਗੀਤ ਭਾਵੁਕ ਅੰਦਾਜ ਵਿੱਚ ਤੇ ਸਰਬਜੀਤ ਉੱਪਲ ਨੇ ਪੰਜਾਬ ਦੀ ਕਿਸਾਨੀ ਉੱਤੇ ‘ਡੱਬੀਆਂ ਵਾਲਾ ਪਰਨਾ’ ਗੀਤ ਸੁਣਾਇਆ।
ਗੁਰਮੀਤ ਸਰਪਾਲ ਨੇ ਆਪਣੀ ‘ਸਿਬਲਿੰਗ ਯੂਨੀਵਰਸ’ ਸੀ.ਡੀ. ਜਿਸ ਵਿੱਚ ਜੀਵਨ ਜਾਂਚ ਦੀ ਵੱਡਮੁੱਲੀ ਵਿਆਖਿਆ ਹੈ ਤੇ ਅਜੀਤ ਸਿੰਘ ਰੱਖੜਾ ਉਹਨਾਂ ਦੇ ਨਾਲ ਜੀਵਨ ਵਿਸਥਾਰ ਦੀ ਜਾਣਕਾਰੀ ਦੇ ਰਹੇ ਹਨ। ਉਹਨਾਂ ਉਸ ਬਾਰੇ ਸਾਰੀ ਗੱਲਬਾਤ ਕਰਦਿਆ ਇਹ ਸੀ.ਡੀ. ਸਭਾ ਦੇ ਪ੍ਰਧਾਨ ਬਲਜਿੰਦਰ ਸੰਘਾ ਨੂੰ ਭੇਂਟ ਕੀਤੀ।
ਤਰਲੋਚਨ ਸੈਂਭੀ ਨੇ ਆਪਣੀ ਬੁਲੰਦ ਆਵਾਜ਼ ਵਿੱਚ ਆਪਣਾ ਲਿਖਿਆ ਗੀਤ ‘ਪੰਜ ਜਾਤਾਂ ਨੇ ਖੜੀਆ ਤੇ ਤੇਰਾ ਇੱਕ ਪਿਆਲਾ ਹੈ’ਗਾਇਆ ਤੇ ਨਾਲ ਹੀ ਪ੍ਰੋ.ਮੋਹਨ ਸਿੰਘ ਦੀਆਂ ਕੁਝ ਲਾਈਆਂ ਤੇ ਆਪਣੇ ਵੱਡਮੁਲੇ ਵਿਚਾਰਾਂ ਨਾਲ ਗੀਤ ਤੋਂ ਪਹਿਲਾਂ ਭੂਮਿਕਾ ਬੰਨ੍ਹੀ। ਇਸ ਵਿਸ਼ੇ ਨਾਲ ਹੀ ਸੰਬਿਧਤ ਆਪਣੀ ਰਚਨਾ ‘ਆਪਣਾ ਹੀ ਨਾਮ’ ਗੁਰਦੀਸ਼ ਗਰੇਵਾਲ ਨੇ ਸਾਂਝੀ ਕਰ ਕੇ ਕਰਾਰੀ ਚੋਟ ਕੀਤੀ।ਜੋਗਿੰਦਰ ਸੰਘਾ ਨੇ ਖੂਬਸੂਰਤ ਸੁਨੇਹਾ ਦਿੰਦੀ ਮਿੰਨੀ ਕਹਾਣੀ ਪੜ੍ਹੀ। ਗੁਦਿਆਲ ਖਹਿਰਾ ਨੇ ‘ਪਤਾ ਹੀ ਨਹੀਂ ਚੱਲਿਆ’ ਜਿੰਦਗੀ ਤੇ ਰਿਸ਼ਤਿਆ ਬਾਰੇ ਗੀਤ ਸਾਂਝਾਂ ਕੀਤਾ ਤੇ ਇਕ ਚੁਟਕਲਾ ਸੁਣਾਇਆ ਤੇ ਜਿਸ ਨੂੰ ਅੱਗੇ ਤੋਰਦਿਆ ਤਰਲੋਕ ਸਿੰਘ ਚੁੰਘ ਨੇ ਹਮੇਸ਼ਾ ਦੀ ਤਰਾਂ ਚੁੱਟਕਲਿਆ ਦੀ ਝੜੀ ਲਾ ਕੇ ਮਾਹੌਲ ਖੁਸ਼ਗਵਾਰ ਬਣਾ ਦਿੱਤਾ।
ਸੁਖਵਿੰਦਰ ਸਿੰਘ ਤੂਰ ,ਜਸਵੀਰ ਸਹੋਤਾ,ਮਲਕੀਤ ਬਰਾੜ,ਲਖਵਿੰਦਰ ਸਿੰਘ ਜੌਹਲ ਤੇ ਮਨਜੀਤ ਕੰਡਾ ਨੇ ਆਪਣੀ ਆਪਣੀ ਰਚਨਾ ਤੇ ਸੁਨੇਹੇ ਨਾਲ ਹਾਜ਼ਰੀ ਲਵਾਈ।ਸਭਾ ਦੀ ਮੀਟਿੰਗ ਵਿੱਚ ਪ੍ਰਭਜੀਤ ਸੈਂਭੀ,ਗੁਰਪ੍ਰੀਤ ਸੈਂਭੀ,ਹਰਭਜਨ ਸੰਧੂ,ਗੁਰਪਾਲ ਕੌਰ, ਗੁਰਲਾਲ ਰੁਪਾਲੋ,ਮਨਜੀਤ ਸਿੰਘ, ਜੋਗਿੰਦਰ ਸਿੰਘ, ਮਨਜੀਤ ਕੌਰ ਖਹਿਰਾ,ਨਰਿੰਦਰ ਸਿੰਘ,ਜਸਰਾਜਵੀਰ ਸਿੰਘ,ਜਪਜੋਤ ਸਿੰਘ,ਰਵੀਚਰ ਕੌਰ,ਜਿਵਮਜੌਤ ਸਿੰਘ ਵੀ ਹਾਜ਼ਰ ਸਨ;
ਅਖੀਰ ਵਿੱਚ ਪ੍ਰਧਾਨ ਬਲਜਿੰਦਰ ਸੰਘਾ ਨੇ ਸਭ ਦਾ ਧੰਨਵਾਦ ਕੀਤਾ। ਯਾਦ ਰਹੇ ਸਭਾ ਦੀ ਅਗਲੀ ਮੀਟਿੰਗ 18 ਫਰਵਰੀ 2018 ਦਿਨ ਐਤਵਾਰ ਨੂੰ ਦਿਨ ਦੇ ਠੀਕ ਦੋ ਵਜੇ ਕੋਸੋ ਦੇ ਹਾਲ ਵਿੱਚ ਹੋਏਗੀ। ਹੋਰ ਜਾਣਕਾਰੀ ਲਈ ਸਭਾ ਦੇ ਪ੍ਰਧਾਨ ਬਲਜਿੰਦਰ ਸੰਘਾ ਨਾਲ 403-680-3212 ਜਾਂ ਜਨਰਲ ਸਕੱਤਰ ਰਣਜੀਤ ਸਿੰਘ ਨਾਲ 403-714-6848 ਤੇ ਸੰਪਰਕ ਕੀਤਾ ਜਾ ਸਕਦਾ ਹੈ।