ਪ੍ਰਦੇਸੀ ਪੰਜਾਬੀਆਂ ਵੱਲੋਂ ਹੱਡਭੰਨਵੀਂ ਮਿਹਨਤ ਨਾਲ ਕੀਤੀ ਤਰੱਕੀ ਦੀ ਤਸਵੀਰ ਹੈ ਇਹ ਗੀਤ
ਬਲਜਿੰਦਰ ਸੰਘਾ- ਕੈਨੇਡਾ ਦੇ ਸ਼ਹਿਰ ਕੈਲਗਰੀ ਵੱਸਦਾ ਗਾਇਕ ਦਲਜੀਤ ਸੰਧੂ ਹਮੇਸ਼ਾ ਸਾਫ਼-ਸੁਥਰੀ ਗਾਇਕੀ ਦਾ ਹਾਮੀ ਰਿਹਾ ਹੈ। ਉਸਨੂੰ ਕੈਲਗਰੀ ਦੇ ਲੋਕ ਅਕਸਰ ਸਟੇਜਾਂ ਤੇ ਆਪਣੀ ਸੁਰੀਲੀ ਅਵਾਜ਼ ਵਿਚ ਅਰਥ-ਭਰਪੂਰ ਗਾਇਕੀ ਨਾਲ ਹਾਜ਼ਰੀ ਲਵਾਉਂਦਿਆਂ ਸੁਣਦੇ ਰਹਿੰਦੇ ਹਨ। ਹੁਣ ਉਹ ਆਪਣਾ ਨਵਾਂ ਗੀਤ ‘ਸਖ਼ਤ ਮਿਹਨਤਾਂ’ ਲੈ ਕੇ 5 ਦਸੰਬਰ 2017 ਨੂੰ ਸਰੋਤਿਆਂ ਦੀ ਕਚਿਹਰੀ ਵਿਚ ਆ ਰਿਹਾ ਹੈ। ਗਾਇਕ ਅਨੁਸਾਰ ਇਸ ਗੀਤ ਵਿਚ ਪ੍ਰਦੇਸਾਂ ਵਿਚ ਵੱਸਦੇ ਪੰਜਾਬੀਆਂ ਦੀ ਹੱਡਭੰਨਵੀਂ ਮਿਹਨਤ ਨਾਲ ਕੀਤੀ ਤਰੱਕੀ ਦੀ ਤਸਵੀਰ ਹੈ। ਉਹਨਾਂ ਦੇ ਗੀਤ ਦੇ ਬੋਲਾਂ ਵਿਚੋਂ ਝਲਕਦਾ ਹੈ ਕਿ ਪੰਜਾਬੀ ਚਾਹੇ ਕਿਸੇ ਵੀ ਹਲਾਤ ਵਿਚ ਕਿਸੇ ਵੀ ਤਰ੍ਹਾਂ ਵਿਦੇਸ਼ਾਂ ਵਿਚ ਪਹੁੰਚੇ ਪਰ ਉਹਨਾਂ ਹਰ ਹਲਾਤ ਅਤੇ ਕੰਮ ਨੂੰ ਖਿੜੇ ਮੱਥੇ ਸਵੀਕਾਰ ਕਰਕੇ ਅਣਥੱਕ ਮਿਹਨਤ ਨਾਲ ਆਪਣਾ ਲੋਹਾ ਮਨਵਾਇਆ ਹੈ ਅਤੇ ਹੁਣ ਲੱਗਭੱਗ ਹਰ ਖੇਤਰ ਵਿਚ ਉਹਨਾਂ ਮੱਲਾਂ ਮਾਰ ਲਈਆਂ ਹਨ। ਇਸ ਗੀਤ ਦੇ ਗੀਤਕਾਰ ਕੁਲਵੀਰ ਸਿਹੋਤਾ ਡਾਨਸੀਵਾਲ ਹਨ ਅਤੇ ਮਿਊਜ਼ਿਕ ਸੁੱਖ ਬਰਾੜ ਦਾ ਹੈ। ਕੈਲਗਰੀ ਸ਼ਹਿਰ ਵਿਚ ਇਸ ਗੀਤ ਦੀ ਵੀਡੀਓ ਸ਼ੂਟ ਕੀਤੀ ਗਈ ਹੈ ਜਿਸ ਨੂੰ ਡਾਇਰੈਕਟ ਕੀਤਾ ਹੈ ਬੇਅੰਤ ਗਿੱਲ ਨੇ। ਮੋਗਾ ਫਿਲਮ ਸਟੂਡੀਓ ਅਤੇ ਜੱਸੀ ਸੰਧੂ ਢੰਡੀਆਂ ਵੱਲੋਂ ਰੀਲੀਜ਼ ਕੀਤੇ ਜਾ ਰਹੇ ਇਸ ਗੀਤ ਬਾਰੇ ਗੱਲ ਕਰਦਿਆਂ ਗਾਇਕ ਦਲਜੀਤ ਸੰਧੂ ਨੇ ਦੱਸਿਆ ਕਿ ਉਹਨਾਂ ਨੂੰ ਆਸ ਹੈ ਕਿ ਸਰੋਤੇ ਇਸ ਗੀਤ ਨੂੰ ਪਸੰਦ ਕਰਨਗੇ। ਇਸ ਗੀਤ ਦਾ ਪੋਸਟਰ ਮਨਦੀਪ ਸਿੰਘ ਦੁੱਗਲ, ਜੈਗ ਦੁੱਗਲ, ਬਲਵਿੰਦਰ ਦੁੱਗਲ, ਰੋਮੀ ਅਵਾਨ, ਰਵਿੰਦਰ ਗੋਤਰਾ, ਤਰਨਜੀਤ ਵਿਰਕ, ਸੁਖਦੀਪ ਸੁੱਖੀ, ਧਰਮਜੀਤ ਮਾਂਗਟ, ਸਿਧਾਰਤ ਭਿੰਡਰ, ਜਗਮਿੰਦਰ ਮਾਂਗਟ, ਰਾਜ ਗਿੱਲ, ਅਮ੍ਰਿੰਤ ਹੇਅਰ, ਸੁਹੇਲ ਰਾਜਾ, ਕੁਲਦੀਪ ਸਿੰਘ ਨਾਹਲ ਵੱਲੋਂ ਰਾਜਨੀਤਕ ਹਸਤੀਆਂ ਸ੍ਰੀ ਪ੍ਰਭ ਗਿੱਲ ਜੀ, ਇਰਫ਼ਾਨ ਸਬੀਰ ਅਤੇ ਰੂਪ ਰਾਏ ਦੀ ਹਾਜ਼ਰੀ ਵਿਚ ਰਲੀਜ਼ ਕੀਤਾ ਗਿਆ।ਇਸ ਗੀਤ ਦੇ ਪ੍ਰੋਡਿਊਸਰ ਹਨ ਪਰੋਟੈਕਸ ਬਲਾਕ, ਸਕਾਈਬਲਿਊ ਕਸਟਮ ਹੋਮਜ਼, ਨਿਊ ਲੁੱਕ ਸਟੱਕੋ ਅਤੇ ਜੈਗ ਦੁੱਗਲ।