ਬਲਜਿੰਦਰ ਸੰਘਾ- ਸ਼ਾਇਰ ਮੰਗਾ ਬਾਸੀ ਸਾਹਿਤਕ ਹਲਕਿਆ ਵਿਚ ਇਕ ਜਾਣਿਆ-ਪਛਾਣਿਆ ਨਾਮ ਹੈ।ਵਧੀਆ ਸੋਚ ਵਾਲੇ ਇਨਸਾਨ ਆਪਣੇ ਪੁਰਖਿਆ ਦੀ ਯਾਦ ਨੂੰ ਵੀ ਸਮਾਜ ਦੇ ਕਿਸੇ ਅੰਗ ਦੇ ਭਲੇ ਜਾਂ ਵਿਕਾਸ ਦੇ ਤੌਰ ਤੇ ਮਨਾਉਣ ਲੱਗ ਜਾਂਦੇ ਹਨ। ਇਸੇ ਦੀ ਉਦਾਹਰਣ ਹੈ ਸ਼ਾਇਰ ਮੰਗਾ ਬਾਸੀ ਵੱਲੋਂ ਆਪਣੇ ਪਿਤਾ ਪ੍ਰੀਤਮ ਸਿੰਘ ਬਾਸੀ ਦੇ ਨਾਮ ਤੇ ਸ਼ੁਰੂ ਕੀਤਾ ‘ਸ. ਪ੍ਰੀਤਮ ਸਿੰਘ ਬਾਸੀ ਯਾਦਗਾਰੀ’ ਪੁਰਸਕਾਰ। ਇਸ ਸਾਲ ਚੌਥਾ ਸਲਾਨਾ ਪੁਰਸਕਾਰ ਅਮਰੀਕਾ ਵਸਦੇ ਪ੍ਰਸਿੱਧ ਅਤੇ ਅਗਾਂਹਵਧੂ ਸੋਚ ਵਾਲੇ ਸ਼ਾਇਰ ਸੁਖਵਿੰਦਰ ਕੰਬੋਜ ਨੂੰ ਉਹਨਾਂ ਦੀਆਂ ਸਾਹਿਤਕ ਅਤੇ ਸਮਾਜਿਕ ਸੇਵਾਵਾਂ ਲਈ ਦਿੱਤਾ ਜਾਵੇਗਾ। ਇਹ ਪੁਰਸਕਾਰ ‘ਬੀ.ਸੀ. ਕਲਚਰਲ ਫਾਊਂਡੇਸ਼ਨ (ਰਜ਼ਿ) ਵੱਲੋਂ 26 ਨਵੰਬਰ 2017 ਨੂੰ ਬੰਬੇ ਬੈਕੁਇਟ ਹਾਲ (7475-135 ਸਟਰੀਟ ਸਰੀ,ਕੈਨੇਡਾ) ਵਿਚ ਦਿਨ ਦੇ ਇੱਕ ਵਜੇ ਸ਼ੁਰੂ ਹੋਣ ਵਾਲੇ ਪਰੋਗਰਾਮ ਵਿਚ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਹੁਣ ਤੱਕ ਇਹ ਪੁਰਸਕਾਰ ਕਵੀ ਸਰਵਣ ਰਾਹੀ, ਪ੍ਰਸਿੱਧ ਗ਼ਜ਼ਲਗੋ ਨਦੀਮ ਪਰਮਾਰ, ਲੇਖਕ ਜਰਨੈਲ ਸਿੰਘ ਸੇਖਾ ਨੂੰ ਉਹਨਾਂ ਦੀਆਂ ਸਾਹਿਤਕ ਪ੍ਰਾਪਤੀਆਂ ਲਈ ਦਿੱਤਾ ਜਾ ਚੁੱਕਾ ਹੈ। ਇਸ ਪੁਰਸਕਾਰ ਵਿਚ ਗਿਆਰਾਂ ਸੌ ਕੈਨੇਡੀਅਨ ਡਾਲਰ, ਇੱਕ ਪਲੈਕ ਅਤੇ ਸ਼ਾਲ ਹੁੰਦਾ ਹੈ। ਸ਼ਾਇਰ ਮੰਗਾ ਬਾਸੀ ਜੀ ਨੇ ਦੱਸਿਆ ਕਿ ਪਿਛਲੇ ਸਮਾਗਮਾਂ ਵਾਂਗ ਇਸ ਸਾਲ ਦਾ ਇਹ ਸਮਾਗਮ ਵੀ ਯਾਦਗਾਰੀ ਹੋਵੇਗਾ ਅਤੇ ਇਸ ਵਿਚ ਕੈਨੇਡਾ ਤੋਂ ਇਲਾਵਾ ਅਮਰੀਕਾ ਤੋਂ ਵੀ ਸਾਹਿਤਕ ਹਸਤੀਆਂ ਸ਼ਮੂਲੀਅਤ ਕਰਨਗੀਆਂ। ਇਸ ਸਮੇਂ ਮੰਗਾ ਬਾਸੀ ਦੀਆਂ ਦੋ ਕਿਤਾਬਾਂ ‘ਮੰਗਾ ਬਾਸੀ ਕਾਵਿ, ਮੂਲਵਾਸ ਅਤੇ ਪਰਵਾਸ ਦਾ ਦਵੰਦ’ ਅਤੇ ‘ਉਹਨਾਂ ਦੀ ਨਵੀਂ ਸ਼ਾਇਰੀ ਦੀ ਕਿਤਾਬ ‘ਮਾਂ ਕਹਿੰਦੀ ਸੀ’ ਵੀ ਲੋਕ ਅਰਪਣ ਕੀਤੀਆ ਜਾਣਗੀਆਂ।ਬੀ. ਸੀ. ਕਲਚਰਲ ਫਾਊਂਡੇਸ਼ਨ ਵੱਲੋਂ ਸਭ ਸਾਹਿਤ ਪ੍ਰੇਮੀਆਂ ਨੂੰ ਇਸ ਸਮਾਗਮ ਵਿਚ ਸ਼ਾਮਿਲ ਹੋਣ ਦਾ ਖੁੱਲ੍ਹਾ ਸੱਦਾ ਹੈ। ਸਮਾਗਮ ਬਾਰੇ ਹੋਰ ਜਾਣਕਾਰੀ ਲਈ ਮੰਗਾ ਬਾਸੀ ਨਾਲ 1604-240-1095 ਤੇ ਰਾਬਤਾ ਕੀਤਾ ਜਾ ਸਕਦਾ ਹੈ।