ਵੱਖ ਵੱਖ ਕਮਿਊਨੀਟੀਜ਼ ਦੇ ਵੱਖ ਵੱਖ ਭਾਈਚਾਰਿਆਂ ਦੀਆਂ ਅੱਠ ਸਭਾਵਾਂ ਨੇ ਇਸ ਪ੍ਰੋਗਰਾਮ ਵਿੱਚ ਭਾਗ ਲਿਆ
ਗੁਰਚਰਨ ਕੌਰ ਥਿੰਦ ਕੈਲਗਰੀ -ਨਾਰਥ ਆਫ ਮੈਕਨਾਈਟ ਕਮਿਊਨੀਟੀਜ਼ ਸੋਸਾਇਟੀ ਕੈਲਗਰੀ ਪਿਛਲੇ ਛੇ ਸਾਲਾਂ ਤੋਂ ਨਾਰਥ ਆਫ਼ ਮੈਕਨਾਈਟ ਵਿੱਚ ਸਥਿਤ ਇਲਾਕੇ, ਸੈਡਲ ਰਿੱਜ, ਮਾਰਟਿਨ ਡੇਲ, ਟਾਰਾ ਡੇਲ, ਫਾਲਕਿਨ ਰਿੱਜ ਅਤੇ ਕੋਰਲ ਸਪਰਿੰਗ ਵਿੱਚ ਕਾਰਜਸ਼ੀਲ ਹੈ। ਇਸ ਵਲੋਂ ਇਨ੍ਹਾਂ ਕਮਿਊਨਟੀਜ਼ ਦੀ ਭਲਾਈ ਲਈ ਇੱਥੇ ਦਰਪੇਸ਼ ਵੱਖ ਵੱਖ ਮੁੱਦਿਆਂ ਤੇ ਕੰਮ ਕੀਤਾ ਜਾਂਦਾ ਹੈ। ਜਿੰਨ੍ਹਾਂ ਵਿਚੋਂ ਸਭ ਤੋਂ ਪ੍ਰਮੁੱਖ ਘਰੇਲੂ ਹਿੰਸਾ ਦਾ ਮੁੱਦਾ ਹੈ। ਇਸ ਦੇ ਤਹਿਤ ਨਾਰਥ ਆਫ਼ ਮੈਕਨਾਈਟ ਡੋਮੈਸਟਿਕ ਵਾਇਲੈਂਸ ਕੋਲੈਬੋਰੇਟਿਵ ਵਲੋਂ 19 ਨਵੰਬਰ 2017 ਨੂੰ ਜੈਨੇਸਿਜ਼ ਸੈਂਟਰ ਵਿੱਖੇ ‘ਕਮਿਊਨੀਟੀਜ਼ ਇਨ ਐਕਸ਼ਨ’ ਸਿਰਲੇਖ ਹੇਠ ਸਲਾਨਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਡੋਮੈਸਟਿਕ ਵਾਇਲੈਂਸ ਦੇ ਸਬੰਧ ਵਿੱਚ ਕੰਮ ਕਰ ਰਹੀਆਂ ਵੱਖ ਵੱਖ ਕਮਿਊਨੀਟੀਜ਼ ਦੇ ਵੱਖ ਵੱਖ ਭਾਈਚਾਰਿਆਂ ਦੀਆਂ ਅੱਠ ਸਭਾਵਾਂ ਨੇ ਇਸ ਪ੍ਰੋਗਰਾਮ ਵਿੱਚ ਭਾਗ ਲਿਆ। ਪੰਜਾਬੀ ਭਾਈਚਾਰੇ ਵਲੋਂ ਕੈਲਗਰੀ ਵੁਮੇਨ ਕਲਚਰਲ ਐਸੋਸੀਏਸ਼ਨ, ਸਾਊਥ ਏਸ਼ੀਅਨ ਕਨੇਡੀਅਨ ਐਸੋਸੀਏਸ਼ਨ ਅਤੇ ਰਾਇਲ ਵੁਮੇਨ ਕਲਚਰਲ ਐਸੋਸੀਏਸ਼ਨ; ਮੁਸਲਿਮ ਭਾਈਚਾਰੇ ਵਲੋਂ ਅਲ-ਹਦਾਇਆ ਸੈਂਟਰ ਅਤੇ ਮੁਸਲਿਮ ਫੈਮਲੀਜ਼ ਨੈਟਵਰਕ; ਨੈਪਲੀਜ਼ ਕਮਿਊਨਿਟੀ ਐਸੋਸੀਏਸ਼ਨ ਕੈਲਗਰੀ, ਨਾਰਥ ਆਫ਼ ਮੈਕਨਾਈਟ ਫਿਲਪੀਨੋ ਕਮੇਟੀ ਅਤੇ ਮੈਨ ਐਕਸ਼ਨ ਨੈੱਟਵਰਕ ਕੈਲਗਰੀ (ਚਾਈਨੀਜ਼ ਐਸੋਸੀਏਸ਼ਨ) ਸ਼ਾਮਲ ਹੋਏ।
ਕੋਲੈਬੋਰੇਟਿਵ ਦੇ ਕੋ-ਚੇਅਰ ਵਕਾਰ ਮਨਜ਼ੂਰ ਨੇ ਪ੍ਰੋਗਰਾਮ ਦਾ ਸੰਚਾਲਨ ਕੀਤਾ। ਸਭਾ ਦੇ ਦੂਸਰੇ ਕੋ-ਚੇਅਰ ਗੁਰਚਰਨ ਥਿੰਦ ਨੇ ਸਭ ਨੂੰ ਜੀ ਆਇਆਂ ਆਖਿਆ ਅਤੇ ਕੋਲੈਬੋਰੇਟਿਵ ਦੇ ਮਕਸਦ ਅਤੇ ਕੰਮ ਕਾਜ ਦਾ ਵੇਰਵਾ ਸਾਂਝਾ ਕੀਤਾ। ਹਰੇਕ ਸਭਾ ਦੇ ਪ੍ਰਤੀਨਿਧ ਨੇ ਵਾਰੀ ਵਾਰੀ ਸਾਲ 2017 ਵਿੱਚ ਉਹਨਾਂ ਦੀ ਸਭਾ ਵਲੋਂ ਘਰੇਲੂ ਹਿੰਸਾ ਜਾਗਰੂਕਤਾ ਲਈ ਕੀਤੇ ਗਏ ਐਕਸ਼ਨਾਂ ਬਾਰੇ ਵਿਸਥਾਰ ਨਾਲ ਵਰਨਣ ਕੀਤਾ ਅਤੇ ਇਹਨਾਂ ਈਵੈਂਟਸ ਨੂੰ ਨੇਪਰੇ ਚਾੜ੍ਹਨ ਲਈ ਯੂਨਾਈਟਿਡ ਵੇ ਵਲੋਂ ਕੀਤੀ ਜਾਣ ਵਾਲੀ ਮਾਇਕ ਸਹਾਇਤਾ ਅਤੇ ਹੋਰ ਲੋੜੀਂਦੀ ਯੋਗ ਅਗਵਾਈ ਲਈ ਲਲਿਤਾ ਸਿੰਘ ਅਤੇ ਅਤੀਆ ਆਸ਼ਨਾ ਹੁਰਾਂ ਦਾ ਧੰਨਵਾਦ ਕੀਤਾ।
ਮਨਿਸਟਰ ਇਰਫਾਨ ਸਬੀਰ ਹੁਰਾਂ ਵਲੋਂ ਰੂਪ ਰਾਏ ਜੀ ਨੇ ਉਹਨਾਂ ਦਾ ਸੁਨੇਹਾ ਸਾਂਝਾ ਕੀਤਾ। ਐਮ. ਐਲ. ਏ. ਪ੍ਰਭ ਗਿੱਲ ਵੀ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਅਤੇ ਉਹਨਾਂ ਸਭਾਵਾਂ ਦੇ ਕੰਮਾਂ ਦੀ ਭਰਪੂਰ ਸ਼ਲਾਘਾ ਕੀਤੀ। ਅੰਤ ਵਿੱਚ ਯੂਨਾਈਟਡ ਵੇ ਦੇ ਪ੍ਰਤੀਨਿਧ ਲਲਿਤਾ ਸਿੰਘ ਨੇ ਸਭ ਦਾ ਧੰਨਵਾਦ ਕੀਤਾ ਅਤੇ ਅਗੇ ਤੋਂ ਵੀ ਯੂਨਾਈਟਡ ਵੇ ਵਲੋਂ ਇਸੇ ਤਰ੍ਹਾਂ ਸਹਿਯੋਗ ਦੇਂਦੇ ਰਹਿਣ ਬਾਰੇ ਗੱਲ ਕੀਤੀ।