ਕੈਲਗਰੀ (ਮਾ.ਭਜਨ): ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਦੀ ਨਵੰਬਰ ਮਹੀਨੇ ਦੀ ਮੀਟਿੰਗ ਜੈਨਸਿਸ ਸੈਂਟਰ ਵਿੱਚ ਹੋਈ।ਵੱਖ-ਵੱਖ ਭਖਦੇ ਮਸਲਿਆਂ ਤੇ ਜਗਦੇਵ ਸਿੰਘ ਸਿੱਧੂ,ਹਰੀਪਾਲ, ਰਿਸ਼ੀ ਨਾਗਰ ਅਤੇ ਐਸੋਸੀਏਸ਼ਨ ਦੇ ਪ੍ਰਧਾਨ ਸੋਹਨ ਮਾਨ ਨੇ ਵਿਚਾਰ ਪੇਸ਼ ਕੀਤੇ।ਪਿਛਲੇ ਡੇਢ ਸਾਲ ਤੋਂ ਚੱਲ ਰਹੀਆਂ ਪੰਜਾਬੀ ਕਲਾਸਾਂ ਬਾਰੇ ਸੁਖਵੀਰ ਗਰੇਵਾਲ ਨੇ ਅਤੇ ਗੁਰਚਰਨ ਕੌਰ ਥਿੰਦ ਨੇ ਕੈਨੇਡਾ ਵਿੱਚ ਹੋ ਰਹੇ ਨਸਲਵਾਦ ਬਾਰੇ ਵਿਚਾਰ ਪੇਸ਼ ਕੀਤੇ।ਹਰਨੇਕ ਬੱਧਣੀ, ਮਾ.ਬਚਿੱਤਰ ਗਿੱਲ ਅਤੇ ਬਲਜਿੰਦਰ ਸੰਘਾ ਨੇ ਹਾਲਾਤਾਂ ਨਾਲ਼ ਮੇਲ਼ ਖਾਂਦੀਆਂ ਰਚਨਾਵਾਂ ਪੇਸ਼ ਕੀਤੀਆਂ।ਮੰਚ ਸੰਚਾਲਨ ਮਾਸਟਰ ਭਜਨ ਨੇ ਕੀਤਾ। ਸਭ ਤੋਂ ਪਹਿਲਾਂ ਜਗਦੇਵ ਸਿੰਘ ਸਿੱਧੂ ਨੇ ਭਾਰਤ ਅਤੇ ਸੰਸਾਰ ਭਰ ਵਿੱਚ ਲੇਖਕਾਂ ਅਤੇ ਪੱਤਰਕਾਰਾਂ ਦੇ ਹੋ ਰਹੇ ਕਤਲਾਂ ਬਾਰੇ ਮਤਾ ਰੱਖਿਆ।ਉਹਨਾਂ ਕਿਹਾ ਕਿ ਗੌਰੀ ਲੰਕੇਸ਼ ਦੇ ਕਤਲ ਤੋਂ ਬਾਅਦ ਪਨਾਮਾ ਪੇਪਰ ਲੀਕ ਮਾਮਲੇ ਆਦਿ ਬਾਰੇ ਰਾਜਨੀਤੀ ਜਾਰੀ ਹੈ ਜਿਸਦੀ ਨਿਖੇਧੀ ਅਤੇ ਵਿਰੋਧ ਕਰਨਾ ਬਣਦਾ ਹੈ।ਸਿੱਖ ਵਿਰਸਾ ਦੇ ਸੰਪਾਦਕ ਹਰਚਰਨ ਸਿੰਘ ਪਰਹਾਰ ਨੇ ਸ੍ਰੀ ਗੁਰੁ ਨਾਨਕ ਜੀ ਦੀ ਮਨੁੱਖਤਾਵਾਦੀ ਵਿਚਾਰਧਾਰਾ ਬਾਰੇ ਗੱਲ ਕਰਦਿਆਂ ਕਿਹਾ ਕਿ ਅੱਜ ਸਿੱਖ ਸੰਸਥਾਵਾਂ ਵਲੋਂ ਰਵਾਇਤੀ ਤੌਰ ਤੇ ਦਿਨ ਮਨਾ ਕੇ ਜਾਂ ਪੂਜਾ ਪਾਠ ਕਰਾ ਕੇ ਸਿੱਖ ਜਗਤ ਨੂੰ ਕਰਮਾਂਕਾਡਾਂ ਵਿੱਚ ਪਾਇਆ ਜਾ ਰਿਹਾ ਹੈ ਜੋ ਬਹੁਤ ਘਾਤਕ ਹੈ ।ਰੇਡੀਓ ਰੈਡ ਐਫ.ਐਮ. ਦੇ ਨਿਊਜ਼ ਡਾਇਰੈਕਟਰ ਰਿਸ਼ੀ ਨਾਗਰ ਨੇ ਕੈਨੇਡਾ ਦੇ ਕਈ ਘੁਟਾਲਿਆਂ ਬਾਰੇ ਸਨਸਨੀਖੇਜ਼ ਪ੍ਰਗਟਾਵੇ ਪੇਸ਼ ਕਰਦੇ ਦੱਸਿਆ ਕਿ ਕਈ ਪ੍ਰਧਾਨ ਮੰਤਰੀਆਂ ਦੇ ਨਾਮ ਵੀ ਇਸ ਵਿੱਚ ਸ਼ਾਮਲ ਹਨ।ਉਹਨਾਂ ਬਿਲੀਅਨ ,ਟਰਿਲੀਅਨ ਡਾਲਰਾਂ ਦੇ ਅੰਕੜਿਆਂ ਦੇ ਹਵਾਲਿਆਂ ਨਾਲ਼ ਇਹ ਜਾਣਕਾਰੀ ਸਾਂਝੀ ਕੀਤੀ।ਕੈਲਗਰੀ ਸਕੂਲ ਬੋਰਡ ਦੇ ਸੁਪਰਡੈਂਟ ਸਮੇਤ ਕਈ ਉਚ ਅਧਿਕਾਰੀਆਂ ਨੂੰ ਮਿਲ ਰਹੀਆਂ ਤਨਖਾਹਾਂ ਅਤੇ ਭੱਤਿਆਂ ਦਾ ਜ਼ਿਕਰ ਕਰਦਿਆਂ ਉਹਨਾਂ ਦੱਸਿਆ ਕਿ ਕਿਵੇਂ ਫਜ਼ੂਲ ਖਰਚੀ ਰਾਹੀਂ ਜਨਤਾ ਦੇ ਟੈਕਸਾਂ ਦੇ ਲੱਖਾਂ ਡਾਲਰ ਅਜ਼ਾਈਂ ਜਾ ਰਹੇ ਹਨ।ਲੋਕਾਂ ਨੂੰ ਇਸ ਦਾ ਵਿਰੋਧ ਕਰਨਾ ਚਾਹੀਦਾ ਹੈ। ਸੋਹਨ ਮਾਨ ਨੇ ਚੀ ਗਵੇਰਾ ਦੀ ਸ਼ਹਾਦਤ ਦੇ 5੦ਵੇਂ ਵਰ੍ਹੇ ਤੇ ਬੋਲਦਿਆਂ ਕਿਹਾ ਕਿ ਅਮਰੀਕਨ ਸਾਮਰਾਜ ਖਿਲਾਫ ਫੀਡਲ ਕਾਸਟਰੋ ਨਾਲ਼ ਰਲ਼ ਕੇ ਕਿਊਬਾ ਨੂੰ ਇੱਕ ਸੰਸਾਰ ਮਾਡਲ ਬਣਾਉਣ ਵਿੱਚ ਚੀ ਗਵੇਰਾ ਦੀ ਮੁੱਖ ਭੂਮਿਕਾ ਹੈ।ਭਾਵੇਂ ਸੀ.ਆਈ.ਏ. ਅਮਰੀਕਾ ਦੇ ਇਸ਼ਾਰੇ ਤੇ ਉਸਦਾ ਕਤਲ ਕਰਵਾ ਦਿੱਤਾ ਗਿਆ ਪਰ ਉਹ ਲੋਕਾਂ ਦੇ ਦਿਲ ਵਿੱਚ ਅੱਜ ਵੀ ਜ਼ਿੰਦਾ ਹੈ।ਉਹਨਾਂ ਕਿਹਾ ਕਿ ਅਮਰੀਕਾ ਅੱਜ ਵੀ ਕਿਊਬਾ ਤੇ ਪਾਬੰਦੀਆਂ ਲਾ ਰਿਹਾ ਹੈ ਜਿਸਦੀ ਸੰਸਾਰ ਦੇ 193 ਚੋਂ 191 ਦੇਸ਼ ਨਿੰਦਾ ਕਰ ਰਹੇ ਹਨ। ਜਗਦੇਵ ਸਿੰਘ ਸਿੱਧੂ ਨੇ ਕਿਰਤੀ ਫਲਸਫੇ ਦੇ ਮਹਾਨ ਆਗੂ ਕਾਰਲ ਮਾਰਕਸ ਦੇ ਸਾਥੀ ਫਰੈਡਰਿੱਕ ਐਂਗਲਜ਼ ਦੇ ਜੀਵਨ ਅਤੇ ਸਮਾਜ ਨੂੰ ਦੇਣ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ।ਉਹਨਾਂ ਕਿਹਾ ਕਿ ਕਿਤਾਬ ‘ਸਰਮਾਇਆ'(ਕੈਪੀਟਲ) ਨੂੰ ਪੂਰਾ ਕਰਨ ਵਿੱਚ ਫਰੈਡਰਿੱਕ ਐਂਗਲਜ਼ ਦੀ ਬਹੁਤ ਵੱਡੀ ਦੇਣ ਹੈ ।ਇਹ ਫਲਸਫਾ ਦੁਨੀਆਂ ਭਰ ਦੇ ਕਿਰਤੀਆਂ ਨੂੰ ਸਹੀ ਅਗਵਾਈ ਦੇ ਰਿਹਾ ਹੈ।ਹਰੀਪਾਲ ਨੇ ਬਾਲ ਦਿਵਸ(14 ਨਵੰਬਰ) ਤੇ ਬੋਲਦਿਆਂ ਸੰਸਾਰ ਭਰ ਦੇ ਬੱਚਿਆਂ ਨਾਲ ਹੋ ਰਹੇ ਜ਼ੁਲਮਾਂ ਬਾਰੇ ਦਿਲ ਨੂੰ ਹਲੂਣ ਵਾਲ਼ੇ ਤੱਥ ਸਾਹਮਣੇ ਲਿਆ ਕੇ ਸਭ ਨੂੰ ਹੈਰਾਨ ਤੇ ਭਾਵੁਕ ਕਰ ਦਿੱਤਾ।ਉਹਨਾਂ ਕਿਹਾ ਕਿ ਬਾਲ ਮਜ਼ਦੂਰੀ ਹੀ ਇਕੱਲੀ ਸੱਮਸਿਆ ਨਹੀਂ ਸਗੋਂ ਬੱਚਿਆਂ ਨੂੰ ਸੈਕਸ ਧੰਦੇ ਵਿੱਚ ਵੀ ਧੱਕਿਆ ਜਾ ਰਿਹਾ ਹੈ।ਉਹਨਾਂ ਕਿਹਾ ਕਿ ਗਰੀਬ ਦੇਸ਼ਾਂ ਵਿੱਚ ਤਾਂ ਇਹ ਹੋ ਹੀ ਰਿਹਾ ਹੈ ਪਰੰਤੂ ਕੈਨੇਡਾ-ਅਮਰੀਕਾ ਵਰਗੇ ਅਮੀਰ ਅਤੇ ਵਿਕਸਤ ਮੁਲਕਾਂ ਵਿੱਚ ਵੀ ਬੱਚੇ ਲੱਖਾਂ ਦੀ ਗਿਣਤੀ ‘ਚ ਸਕੂਲਾਂ ਨੂੰ ਭੁੱਖੇ ਜਾ ਰਹੇ ਹਨ।ਉਹਨਾਂ ਕਿਊਬਾ ਵਰਗੇ ਕੁਝ ਮੁਲਕਾਂ ਦੀਆਂ ਮਿਸਾਲਾਂ ਦਿੰਦੇ ਹੋਏ ਕਿਹਾ ਕਿ ਉਥੇ ਬੱਚਿਆਂ ਦੀ ਹਾਲਤ ਕਾਫੀ ਬਿਹਤਰ ਹੈ । ਸੁਖਵੀਰ ਗਰੇਵਾਲ ਨੇ ਜੈਨਸਿਸ ਸੈਂਟਰ ਵਿੱਚ ਚੱਲ ਰਹੀਆਂ ਪੰਜਾਬੀ ਦੀਆਂ ਕਲਾਸਾਂ ਲਈ ਵਲੰਟੀਅਰਾਂ ਦੀ ਲੋੜ ਬਾਰੇ ਜਾਣਕਾਰੀ ਸਾਂਝੀ ਕੀਤੀ।ਗੁਰਚਰਨ ਕੌਰ ਥਿੰਦ ਨੇ ਕੈਨੇਡਾ ਵਿੱਚ ਵੱਧ ਰਹੇ ਨਸਲਵਾਦ ਬਾਰੇ ਗੱਲ ਕਰਦਿਆਂ ਕਿਹਾ ਕਿ ਇਹ ਇੱਕ ਬਹੁਤ ਹੀ ਗੰਭੀਰ ਚੁਣੌਤੀ ਹੈ।ਮਾਸਟਰ ਭਜਨ ਨੇ ਕਿਹਾ ਕਿ ਠੰਢ ਕਾਰਨ ਐਸੋਸੀਏਸ਼ਨ ਦੀਆਂ ਅਗਲੀਆਂ ਕੁਝ ਮੀਟਿੰਗਾਂ ਜੈਨਸਿਸ ਸੈਂਟਰ ਵਿੱਚ ਹੋਣਗੀਆਂ।ਦਸੰਬਰ ਮਹੀਨੇ ਦੀ ਮੀਟਿੰਗ 3 ਦਸੰਬਰ ਨੂੰ 1:30 ਵਜੇ ਤੋਂ 3:30 ਵਜੇ ਤੱਕ ਜੈਨਸਿਸ ਸੈਂਟਰ ਦੇ ਕਮਰਾ ਨੰਬਰ 123-ਡੀ ‘ਚ ਹੋਵੇਗੀ।ਮੀਟਿੰਗ ਦਾ ਲਾਈਵ ਪ੍ਰੋਗਰਾਮ ਦਿਖਾਉਣ ਅਤੇ ਫੋਟੋਗਰਾਫੀ ਲਈ ਹਰਚਰਨ ਪਰਹਾਰ ਦਾ ਧੰਨਵਾਦ ਕੀਤਾ ਗਿਆ ਅਤੇ ਸਮੁੱਚੇ ਮੀਡੀਏ ਦਾ ਸਹਿਯੋਗ ਲਈ ਧੰਨਵਾਦ ਕੀਤਾ।ਹੋਰ ਜਾਣਕਾਰੀ ਲਈ ਫੋਨ ਨੰਬਰ 403-455-4220 ਤੇ ਸੰਪਰਕ ਕੀਤਾ ਜਾ ਸਕਦਾ ਹੈ।