ਨਸ਼ਾ ਪੱਖੀ ਲਾਬੀਆਂ ਦਾ ਵਿਰੋਧ ਕਰਕੇ ਸਮਾਜ ਨੂੰ ਸਿਹਤਮੰਦ ਲੀਹਾਂ ਉਤੇ ਤੋਰਨ ਦੀ ਲੋੜ -ਗੁਰਭਜਨ ਗਿੱਲ
ਮੇਪਲ ਬਿਊਰੋ-ਕੈਲਗਰੀ, (ਕੈਨੇਡਾ) ਸਥਿਤ ਡਰੱਗ ਅਵੇਰਨੈਸ ਫਾਊਡੇਸ਼ਨ (ਰਜਿ:) ਵਲੋਂ ਟੈਂਪਲ ਕਮਿਉਨਿਟੀ ਹਾਲ ਵਿਚ ਕਰਵਾਏ ਗਏ ਸਮਾਗਮ ਦੇ ਮੁੱਖ ਬੁਲਾਰੇ ਵਜੋਂ ਬੋਲਦਿਆਂ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪੋ੍:ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਨਸ਼ਾਖੋਰੀ ਨੂੰ ਮਹਾਂਮਾਰੀ ਵਾਂਗ ਅੰਤਰਰਾਸ਼ਟਰੀ ਪੱਧਰ `ਤੇ ਨਜਿੱਠਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਭਾਈਚਾਰੇ ਵਾਂਗ ਹੀ ਹੋਰਨਾਂ ਮੁਲਕਾਂ ਦੇ ਨੌਜਵਾਨ ਨਸ਼ਾਖੋਰੀ ਵਿਚ ਗਲਤਾਨ ਪਰ ਸਾਨੂੰ ਆਪਣਾ ਮੂਲ ਧਨ ਪੰਜਾਬੀ-ਪੁੱਤਰ, ਧੀਆਂ ਬਚਾਉਣ ਲਈ ਸਰਬਪੱਖੀ ਕੰਟ੍ਰੋਲ ਦੀ ਲੋੜ ਹੈ। ਇਸ ਕਾਰਜ ਵਿਚ ਧਾਰਮਿਕ, ਸਮਾਜਿਕ, ਸਾਹਿਤਕ ਤੇ ਸਿਆਸੀ ਸੰਸਥਾਵਾਂ ਨੂੰ ਸਾਂਝੇ ਉਦਮ ਦੀ ਲੋੜ ਹੈ ਤਾਂ ਜੋ ਨਸ਼ਾ ਪੱਖੀ ਲਾਬੀਆਂ ਦਾ ਵਿਰੋਧ ਕਰਕੇ ਸਮਾਜ ਨੂੰ ਸਿਹਤਮੰਦ ਲੀਹਾਂ ਉਤੇ ਤੋਰਿਆ ਜਾ ਸਕੇ। ਸਮਾਗਮ ਦੇ ਆਰੰਭ ਵਿਚ ਪੰਜਾਬੀ ਕਵੀ ਤੇ ਗਾਇਕ ਤਰਲੋਚਨ ਸੈਂਭੀ ਨੇ ਗੁਰਭਜਨ ਸਿੰਘ ਗਿੱਲ ਦੀ ਕਵਿਤਾ ‘ਲੋਰੀ` ਗਾ ਕੇ ਧੀਆਂ ਦੇ ਸੁਰੱਖਿਅਤ ਭਵਿੱਖ ਦੀ ਗੱਲ ਤੋਰੀ। ਮੰਚ ਸੰਚਾਲਕ ਮਨਜੀਤ ਸਿੰਘ ਪਿਆਸਾ ਨੇ ਡਰੱਗ ਅਵੇਅਰਨੈਸ ਫਾਊਡੇਸ਼ਨ ਦੇ ਇਤਿਹਾਸ ਤੇ ਸਫ਼ਰ ਬਾਰੇ ਦੱਸਣ ਲਈ ਪ੍ਰਧਾਨ ਸੁਰਿੰਦਰ ਦਯਾਲ ਜੀ ਨੂੰ ਬੁਲਾਇਆ। ਸੁਰਿੰਦਰ ਦਯਾਲ ਨੇ ਨਸ਼ਾ ਵਿਰੋਧੀ ਸੱਭਿਆਚਾਰ ਉਸਾਰਨ ਲਈ ਫਾਊਡੇਸ਼ਨ ਵਲੋਂਂ ਪੰਜ ਸਾਲ ਕੀਤੇ ਰੇਡੀਓ ਪ੍ਰੋਗਰਾਮਾਂ, ਬਲਵਿੰਦਰ ਸਿੰਘ ਕਾਹਲੋਂ ਵਲੋਂ ਕੈਨੇਡਾ ਦੇ ਆਰ-ਪਾਰ 7500 ਕਿਲੋਮੀਟਰ ਲੰਬੀ ਨਸ਼ਾ ਵਿਰੋਧੀ ਪੈਦਲ ਯਾਤਰਾ ਅਤੇ ਨਿਰੰਤਰ ਕੋਸਿ਼ਸ਼ਾਂ ਦਾ ਜਿ਼ਕਰ ਕੀਤਾ।ਸਟੀਨਾ ਰਿਜ਼ਰਵ ਦੇ ਨੇਟਿਵ ਦੇ ਸਾਬਕਾ ਪੁਲਸ ਅਧਿਕਾਰੀ ਕੈਵਿਨ ਸਟਾਰ ਲਾਈਟ ਨੇ ਕਿਹਾ ਕਿ ਨਸ਼ਾ ਕੁਲਘਾਤਕ ਵਰਤਾਰਾ ਹੈ। ਮੇਰੇ ਪਰਿਵਾਰ ਦੀ ਤਬਾਹੀ ਕਰਨ ਵਿਚ ਇਸ ਨਸ਼ਾਖੋਰੀ ਦਾ ਵੱਡਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਆਪੋ-ਆਪਣੇ ਸੱਭਿਆਚਾਰ ਦੀ ਰਾਖੀ ਲਈ ਮਾਂ ਬੋਲੀ ਸੰਭਾਲਣ ਅਤੇ ਨਸ਼ਾ ਮੁਕਤ ਸਮਾਜ ਸਿਰਜਣ ਦੀ ਵੱਡੀ ਲੋੜ ਹੈ। ਨਸ਼ਾ ਵਿਰੋਧੀ ਕਾਰਜ ਕਰਦੀ ਸੰਸਥਾ ਡਰੱਗ ਅਵੇਅਰਨੈਸ ਫਾਊਡੇਸ਼ਨ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬੀਆਂ ਦੀ ਇਸ ਸਿਹਤਮੰਦ ਸੋਚ ਤੋਂ ਹੋਰ ਲੋਕਾਂ ਨੂੰ ਵੀ ਸੇਧ ਲੈਣੀ ਚਾਹੀਦੀ ਹੈ।ਐਕਟਿੰਗ ਸਾਰਜੈਂਟ (ਪੁਲਸ) ਐਡਰਿਊ ਕਰਿਸ਼ਲੀ ਨੇ ਨਸ਼ਾਖੋਰੀ ਦੇ ਵਿਹੁ ਚੱਕਰ ਵਿਚ ਪੈਣਾ, ਵਿਚਰਨ ਤੇ ਨਿਕਲਣ ਦੇ ਢੰਗ ਬਾਰੇ ਵਿਸ਼ਾਲ ਜਾਣਕਾਰੀ ਦਿੱਤੀ। ਨਸਿ਼ਆਂ ਦੇ ਇਤਿਹਾਸ ਤੇ ਭਵਿੱਖ ਮੁਖੀ ਖਤਰਿਆਂ `ਤੇ ਵੀ ਤੱਥਾਂ `ਤੇ ਆਧਾਰਿਤ ਗਿਆਨ ਦੇ ਕੇ ਉਨ੍ਹਾਂ ਨੇ ਸਰੋਤਿਆਂ ਨੂੰ ਸੁਚੇਤ ਕੀਤਾ। ਡਰੱਗ ਅਵੇਅਰਨੈਸ ਫਾਊਡੇਸ਼ਨ ਦੇ ਬਾਨੀ ਤੇ ਕੈਨੇਡਾ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੀਕ ਨਸ਼ਾ ਵਿਰੋਧੀ ਪੈਦਲ 7500 ਕਿਲੋਮੀਟਰ ਪੈਦਲ ਯਾਤਰਾ ਸੱਤ ਮਹੀਨੇ ਚ ਸੰਪੂਰਨ ਕਰਨ ਵਾਲੇ ਕਰਨ ਵਾਲੇ ਬਲਵਿੰਦਰ ਸਿੰਘ ਕਾਹਲੋਂ ਨੇ ਕਿਹਾ ਕਿ ਨਵੇ-ਨਵੇ ਨਸਿ਼ਆਂ ਨੂੰ ਸਰਕਾਰੀ ਪ੍ਰਵਾਨਗੀ ਦੇਣ ਤੋ ਪਹਿਲਾਂ ਸਰਬਪੱਖੀ ਅਧਿਐਨ ਦੀ ਸਖ਼ਤ ਲੋੜ ਹੈ, ਤਾਂ ਜੋ ਕੁੱਝ ਪਲਾਂ ਦੀ ਉਕਾਈ ਦਾ ਖਾਮਿਆਜ਼ਾ ਸਦੀਆਂ ਨੂੰ ਨਾ ਭੁਗਤਣਾ ਪੈ ਜਾਵੇ।ਇਸ ਮੌਕੇ ਪੰਜਾਬੀ ਮੂਲ ਦੀ ਉਘੀ ਖਿਡਾਰਨ ਬੀਬਾ ਨਿਸ਼ਾ ਸੂਰੀ ਤੇ ਸਨਾਵਰ ਔਜਲਾ ਨੂੰ ਕੌਮੀ ਪੱਧਰ ਉਤੇ ਖੇਡ ਪ੍ਰਾਪਤੀਆਂ ਲਈ ਡਰੱਗ ਅਵੇਅਰਨੈਸ ਫਾਊਡੇਸ਼ਨ ਵਲੋਂ ਅਲਬਰਟਾ ਸਰਕਾਰ ਦੇ ਮੰਤਰੀ ਇਰਫਾਨ ਸ਼ੱਬੀਰ ਨੇ ਸਨਮਾਨਿਤ ਕੀਤਾ। ਉਨ੍ਹਾਂ ਡਰੱਗ ਅਵੇਅਰਨੈਸ ਫਾਊਡੇਸ਼ਨ ਦੀ ਟੀਮ ਦੇ ਆਗੂ ਬਲਵਿੰਦਰ ਕਾਹਲੋਂ, ਸੁਰਿੰਦਰ ਦਯਾਲ ਤੇ ਮੈਂਬਰਾਂ ਸਮੇਤ ਸਹਿਯੋਗੀਆਂ ਮਨਜੀਤ ਸਿੰਘ ਸੂਰੀ, ਤਰਨਜੀਤ ਔਜਲਾ, ਤਰਸੇਮ ਪਰਿਹਾਰ, ਹਰਚਰਨ ਸਿੰਘ ਪਰਿਹਾਰ (ਸਿੱਖ ਵਿਰਸਾ) ਬਲਜਿੰਦਰ ਸਿੰਘ ਸੰਘਾ ,ਮਨਧੀਰ ਕੌਰ, ਰਣਜੀਤ ਸਿੱਧੂ ਮੁੱਖ ਸੰਪਾਦਕ ਪੰਜਾਬੀ ਨੈਸ਼ਨਲ ,ਬਲਬੀਰ ਸਿੰਘ ਕੁਲਾਰ, ਗੁਰਦੀਪ ਸਿੰਘ ਚੀਮਾ ਸਮੇਤ ਸਭਨਾਂ ਨੂੰ ਵਧਾਈ ਦਿੱਤੀ ਜਿੰਨ੍ਹਾੰ ਨੇ ਸਮਾਗਮ ਦੀ ਕਾਮਯਾਬੀ ਵਿਚ ਹਿੱਸਾ ਪਾਇਆ। ਇਸ ਮੌਕੇ ਪੰਜਾਬੀ ਲੇਖਿਕਾ ਗੁਰਚਰਨ ਕੌਰ ਥਿੰਦ ਨੇ ਆਪਣੀਆਂ ਨਵੀਆਂ ਪ੍ਰਕਾਸਿ਼ਤ ਪੁਸਤਕਾਂ ਦਾ ਸੈਟ ਗੁਰਭਜਨ ਸਿੰਘ ਗਿੱਲ ਤੇ ਉਨ੍ਹਾਂ ਦੀ ਜੀਵਨ ਸਾਥਣ ਜਸਵਿੰਦਰ ਕੌਰ ਗਿੱਲ ਨੂੰ ਭੇਟ ਕੀਤਾ।