ਕੈਲਗਰੀ (ਮਹਿੰਦਰਪਾਲ ਸਿੰਘ ਪਾਲ); ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਦੀ ਅਗਸਤ ਮਹੀਨੇ ਦੀ ਮਾਸਿਕ ਇਕੱਤਰਤਾ 20 ਤਰੀਕ ਨੂੰ ਤਰਲੋਚਨ ਸਿੰਘ ਸੈਹਿੰਬੀ ਦੀ ਪ੍ਰਧਾਨਗੀ ਹੇਠ ਕੋਸੋ ਦੇ ਹਾਲ ਵਿਚ ਹੋਈ। ਪ੍ਰਧਾਨਗੀ ਮੰਡਲ ਵਿਚ ਉਨ੍ਹਾਂ ਦਾ ਨਾਲ ਜਸਵੰਤ ਸਿੰਘ ਸੇਖੋਂ ਅਤੇ ਗੁਰਲਾਲ ਰੁਪਾਲੋਂ ਵੀ ਸ਼ਾਮਿਲ ਹੋਏ।
ਮੀਟਿੰਗ ਦੀ ਸ਼ੁਰੂਆਤ ਵਿੱਚ ਸਕੱਤਰ ਬਲਬੀਰ ਗੋਰਾ ਨੇ ਦੋ ਸ਼ੋਕ ਸਮਾਚਾਰ ਸਾਂਝੇ ਕੀਤੇ। ਪਹਿਲਾ ਸੀ ਕਿ ਸਭਾ ਦੇ ਮੈਂਬਰ ਅਤੇ ਸ਼ਹਿਰ ਦੀ ਉੱਘੀ ਲੇਖਕਾ ਸੁਰਿੰਦਰ ਗੀਤ ਦੇ ਭਰਾ ਗੁਰਮੀਤ ਸਿੰਘ ਧਾਲੀਵਾਲ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਹਨ। ਬਲਬੀਰ ਗੋਰਾ ਨੇ ਸਮੂਹ ਸਭਾ ਵੱਲੋਂ ਇਸ ਦੁੱਖ ਦੇ ਸਮੇਂ ਸੁਰਿੰਦਰ ਗੀਤ ਜੀ ਅਤੇ ਪਰਿਵਾਰ ਨਾਲ ਸਭਾ ਵੱਲੋਂ ਡਾਢੇ ਦੁੱਖ ਦਾ ਇਜ਼ਹਾਰ ਕੀਤਾ। ਦੂਜੀ ਦੁਖਦਾਇਕ ਖ਼ਬਰ ਪ੍ਰਸਿੱਧ ਗੀਤਕਾਰ ਤੇ ਸੰਗੀਤ ਨਿਰਦੇਸ਼ਕ ਪ੍ਰੀਤ ਮਹਿੰਦਰ ਤਿਵਾੜੀ ਦਾ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਜਾਣ ਦੀ ਸੀ । ਬਲਬੀਰ ਗੋਰਾ ਨੇ ਦੱਸਿਆ ਕਿ ਤਿਵਾੜੀ ਜੀ ਦੇ ਵਧੀਆ ਗੀਤਾਂ ਨੂੰ ਕੁਲਦੀਪ ਮਾਣਕ, ਹੰਸ ਰਾਜ ਹੰਸ ਅਤੇ ਸਰਦੂਲ ਸਿਕੰਦਰ ਆਦਿ ਕਲਾਕਾਰਾਂ ਨੇ ਆਵਾਜ਼ਾਂ ਦੇ ਕੇ ਮਕਬੂਲ ਅਤੇ ਸਦਾ ਬਹਾਰ ਬਣਾ ਦਿੱਤਾ। ਉਨ੍ਹਾਂ ਦਾ ਟੁਰ ਜਾਣਾ ਪੰਜਾਬੀ ਸੰਗੀਤ ਜਗਤ ਲਈ ਬਹੁਤ ਵੱਡਾ ਘਾਟਾ ਹੈ। ਨਰਿੰਦਰ ਸਿੰਘ ਢਿੱਲੋਂ ਨੇ ਵੀ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਅੱਜ ਦੇ ਜ਼ਮਾਨੇ ਵਿਚ ਜਿੱਥੇ ਲੱਚਰ ਗੀਤਾਂ ਦੀ ਭਰਮਾਰ ਹੈ ਪ੍ਰੀਤ ਮਹਿੰਦਰ ਤਿਵਾੜੀ ਇੱਕ ਵਧੀਆ ਗੀਤਕਾਰ ਸਨ। ਉਨ੍ਹਾਂ ਬਾਕੀ ਲੇਖਕਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਸੰਭਾਲਦੇ ਹੋਏ ਵਧੀਆ ਸਭਿਆਚਾਰਕ ਗੀਤ ਲਿਖਣ ਲਈ ਤਾਕੀਦ ਕੀਤੀ ਤਾਂ ਕਿ ਮੌਜੂਦਾ ਸਭਿਆਚਾਰ ਸਾਡੇ ਅਮੀਰ ਸਭਿਆਚਾਰ ਨੂੰ ਗੰਧਲਾ ਨਾਂ ਕਰ ਜਾਵੇ।
ਰਚਨਾਵਾਂ ਦੇ ਦੌਰ ਵਿੱਚ ਡਾ. ਮਨਮੋਹਨ ਸਿੰਘ ਬਾਠ ਨੇ ਮੱਖਣ ਬਰਾੜ ਦਾ ਲਿਖਿਆ ਗੀਤ ”ਇੱਕ ਦਿਨ ਭਗਤ ਸਰਾਭਾ ਬੋਲੇ” ਖ਼ੂਬਸੂਰਤੀ ਨਾਲ ਪੇਸ਼ ਕੀਤਾ। ਮਾ. ਜੀਤ ਸਿੰਘ ਸਿੱਧੂ ਨੇ ਗੁਰਦੀਸ਼ ਕੌਰ ਗਰੇਵਾਲ ਦਾ ਲਿਖਿਆ ਬੰਦਾ ਸਿੰਘ ਬਹਾਦਰ ਬਾਰੇ ਗੀਤ ਸਾਂਝਾ ਕੀਤਾ। ਹਰਮਿੰਦਰ ਕੌਰ ਢਿੱਲੋਂ ਨੇ ਆਪਣੀਆਂ ਕਵਿਤਾਵਾਂ ਦੇ ਕੁੱਝ ਹਿੱਸੇ ਸਾਂਝੇ ਕੀਤੇ। ਸਰੂਪ ਸਿੰਘ ਮੰਡੇਰ ਜੋ ਹਾਲ ਹੀ ਵਿਚ ਅਮਰੀਕਾ ਦੇ ਸ਼ਹਿਰ ਫੀਨਿਕਸ ਹੋ ਕੇ ਆਏ ਸਨ ਉੱਥੋਂ ਦੀ ਗਰਮੀ ਬਾਰੇ ਆਪਣੀ ਰਚਨਾ ਸੁਣਾਈ। ਜਸਵੰਤ ਸਿੰਘ ਸੇਖੋਂ‘ ਨੇ ਕਿੱਸਾ ਪੂਰਨ ਭਗਤ ਗਾ ਕੇ ਪੇਸ਼ ਕੀਤਾ। ਰਵੀ ਪ੍ਰਕਾਸ਼ ਜਨਾਗਲ ਨੇ ਸੰਤ ਰਾਮ ਉਦਾਸੀ ਦਾ ਗੀਤ ਗਾਇਆ। ਗੁਰਨਾਮ ਸਿੰਘ ਗਿੱਲ ਨੇ ਮਾਂ ਦਾ ਦਿਲ ਰਚਨਾ ਪੇਸ਼ ਕੀਤੀ, ਅਜਾਇਬ ਸਿੰਘ ਸੇਖੋਂ, ਗੁਰਦੀਸ਼ ਕੌਰ ਗਰੇਵਾਲ, ਜਸਵੀਰ ਸਹੋਤਾ ਅਤੇ ਸੁਰਿੰਦਰ ਦੀਪ ਰੀਹਲ ਨੇ ਵੀ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਅਮਰੀਕ ਸਿੰਘ ਚੀਮਾ ਨੇ ਉਜਾਗਰ ਸਿੰਘ ਕੰਵਰ ਦੀ ਲਿਖੀ ਰਚਨਾ ਸਾਂਝੀ ਕੀਤੀ। ਸ਼ਿਵ ਕੁਮਾਰ ਸ਼ਰਮਾ ਨੇ ਕੁੱਝ ਚੁਟਕਲੇ ਅਤੇ ਇੱਕ ਕਵਿਤਾ ਸਾਂਝੀ ਕੀਤੀ। ਮਹਿੰਦਰਪਾਲ ਸਿੰਘ ਪਾਲ ਨੇ ਆਪਣੀ ਇੱਕ ਗ਼ਜ਼ਲ ਸਾਂਝੀ ਕੀਤੀ। ਨਵਪ੍ਰੀਤ ਰੰਧਾਵਾ ਨੇ ਕੁੱਝ ਗ਼ਜ਼ਲ ਦੇ ਸ਼ੇਅਰ ਅਤੇ ਇੱਕ ਕਵਿਤਾ ਸੁਣਾਈ। ਨੌਜਵਾਨ ਗਾਇਕ ਸਿਮਰ ਸਿੱਧੂ ਨੇ ਆਪਣੇ ਪਿਤਾ ਜਗਰੂਪ ਸਿੰਘ ਝੁਨੀਰ ਦਾ ਲਿਖਿਆ ਖ਼ੂਬਸੂਰਤ ਗੀਤ ਆਪਣੀ ਬੁਲੰਦ ਅਤੇ ਸੁਰੀਲੀ ਆਵਾਜ਼ ਵਿਚ ਪੇਸ਼ ਕਰ ਕੇ ਸਭ ਤੋਂ ਵਾਹ ਵਾਹ ਖੱਟੀ। ਬੱਚੀ ਸੁਖਰੂਪ ਕੌਰ ਸੰਘਾ ਨੇ ਇੱਕ ਧਾਰਮਿਕ ਗੀਤ ਬੜੀ ਖ਼ੂਬਸੂਰਤੀ ਨਾਲ ਪੇਸ਼ ਕੀਤਾ। ਸਕੱਤਰ ਬਲਬੀਰ ਗੋਰਾ ਵੱਲੋਂ ਸੁਖਰੂਪ ਦੀ ਪੇਸ਼ਕਾਰੀ ਅਤੇ ਸਹੀ ਸ਼ਬਦ ਉਚਾਰਨ ਦੀ ਸ਼ਲਾਘਾ ਕੀਤੀ ਗਈ। ਸਭਾ ਵੱਲੋਂ ਸੁਖਰੂਪ ਦੀ ਹੌਸਲਾ ਅਫ਼ਜ਼ਾਈ ਲਈ ਉਸ ਨੂੰ ਇੱਕ ਤੋਹਫ਼ਾ ਵੀ ਦਿੱਤਾ ਗਿਆ। ਸਕੱਤਰ ਬਲਬੀਰ ਗੋਰਾ ਨੇ ਵੀ ਆਪਣੀ ਰਚਨਾ ਸਾਂਝੀ ਕੀਤੀ। ਗੁਰਪਾਲ ਰੁਪਾਲੋਂ ਨੇ ਇੱਕ ਮਿੰਨੀ ਕਹਾਣੀ ਅਤੇ ਜੋਗਿੰਦਰ ਸੰਘਾ ਨੇ ਨਸ਼ਿਆਂ ਦੇ ਵਧੇ ਹੋਏ ਰੁਝਾਨ ਬਾਰੇ ਇੱਕ ਕਹਾਣੀ ਸਾਂਝੀ ਕੀਤੀ।
ਇਸ ਮੀਟਿੰਗ ਦੌਰਾਨ ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਦੇ 18ਵੇਂ ਸਾਲਾਨਾ ਸਮਾਗਮ ਦਾ ਪੋਸਟਰ ਰੀਲੀਜ਼ ਕੀਤਾ ਗਿਆ। ਯਾਦ ਰਹੇ ਇਹ ਸਮਾਗਮ 23 ਸਤੰਬਰ ਸਨਿੱਚਰਵਾਰ ਨੂੰ 1-4 ਵਜੇ ਵਾਇਟਹਾਰਨ ਕਮਉਨਿਟੀ ਹਾਲ ਵਿੱਚ ਨਿਯੁਕਤ ਕੀਤਾ ਗਿਆ ਹੈ ਇਸ ਸਾਲ ਇਕਬਾਲ ਅਰਪਨ ਯਾਦਗਾਰੀ ਪੁਰਸਕਾਰ ਸਰੀ ਨਿਵਾਸੀ ਮਹਿੰਦਰ ਸੂਮਲ ਜੀ ਨੂੰ ਉਨ੍ਹਾਂ ਦੀ ਸਾਹਿੱਤਿਕ ਦੇਣ ਲਈ ਦਿੱਤਾ ਜਾਵੇਗਾ।
ਇਸ ਤੋਂ ਇਲਾਵਾ ਹਰੀਪਾਲ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਲੇਖਕਾਂ ਨੂੰ ਨਸਲਵਾਦ ਦੇ ਖ਼ਿਲਾਫ਼ ਹੋ ਰਹੇ ਮੁਜ਼ਾਰਿਆਂ ਵਿਚ ਲੇਖਕਾਂ ਨੂੰ ਸ਼ਾਮਲ ਹੋਣ ਲਈ ਤਾਕੀਦ ਕੀਤੀ। ਦੇਸ ਪੰਜਾਬ ਟਾਈਮਜ਼ ਦੇ ਸੰਪਾਦਕ ਬ੍ਰਹਮ ਪ੍ਰਕਾਸ਼ ਲੁੱਡੂ ਨੇ ਜਿੱਥੇ ਸਤੰਬਰ 1-3 ਨੂੰ ਹੋ ਰਹੇ ਗ਼ਦਰੀ ਬਾਬਿਆਂ ਦਾ ਮੇਲੇ ਬਾਰੇ ਜਾਣਕਾਰੀ ਸਾਂਝੀ ਕੀਤੀ ਨਾਲ ਇਹ ਵੀ ਦੱਸਿਆ ਕਿ ਇਸ ਸਾਲ ਸਭਾ ਦੇ ਮੈਂਬਰ ਜੋਗਿੰਦਰ ਸੰਘਾ ਨੂੰ ਉਨ੍ਹਾਂ ਦੀਆਂ ਸਾਹਿੱਤਿਕ ਪ੍ਰਾਪਤੀਆਂ ਲਈ ਹੈਰੀ ਸੋਹਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ।
ਅਖੀਰ ਵਿਚ ਪ੍ਰਧਾਨ ਸਭਾ ਤਰਲੋਚਨ ਸੈਹਿੰਬੀ ਨੇ ਆਏ ਸਭ ਹਾਜ਼ਰੀਨ ਦਾ ਧੰਨਵਾਦ ਕੀਤਾ ਅਤੇ ਜੋਗਿੰਦਰ ਸੰਘਾ ਨੂੰ ਉਨ੍ਹਾਂ ਦੇ ਹੋ ਰਹੇ ਸਨਮਾਨ ਲਈ ਵਧਾਈ ਦਿੱਤੀ। ਇਹ ਵੀ ਸੂਚਨਾ ਸਾਂਝੀ ਕੀਤੀ ਕਿ ਸਤੰਬਰ ਵਿਚ ਸਾਲਾਨਾ ਸਮਾਗਮ ਹੋਣ ਕਰ ਕੇ ਸਭਾ ਦੀ ਮਾਸਿਕ ਇਕੱਤਰਤਾ ਨਹੀਂ ਹੋਵੇਗੀ। ਵਧੇਰੇ ਜਾਣਕਾਰੀ ਲਈ ਪਾਠਕ ਲਈ ਤਰਲੋਚਨ ਸੈਹਿੰਬੀ ਨਾਲ 403-827-1483 ਜਾਂ ਬਲਬੀਰ ਗੋਰਾ ਨਾਲ 403-472-2662 ‘ਤੇ ਸੰਪਰਕ ਕਰ ਸਕਦੇ ਹਨ।