ਗੁਰਚਰਨ ਥਿੰਦ ਕੈਲਗਰੀ :-ਵੁਮੇਨ ਕਲਚਰਲ ਐਸੋਸੀਏਸ਼ਨ ਦੀ ਜੁਲਾਈ ਮਹੀਨੇ ਦੀ ਇਕੱਤਰਤਾ ਜੈਨੇਸਿਜ਼ ਸੈਂਟਰ ਵਿਖੇ 1000 ਵਾਇਸਜ਼ ਵਿੱਚ ਹੋਈ। ਗੁਰਚਰਨ ਥਿੰਦ ਨੇ ਸਕੱਤਰ ਦੀ ਡਿਊਟੀ ਨਿਭਾਉਂਦੇ ਗੁਰਤੇਜ ਸਿੱਧੂ ਅਤੇ ਸੁਰਿੰਦਰਪਾਲ ਕੈਂਥ ਨੂੰ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਅਤੇ ਹਾਜ਼ਰ ਮੈਂਬਰਾਂ ਨੂੰ ਜੀ ਆਇਆਂ ਆਖਿਆ। ਅੱਜ ਦੀ ਮੀਟਿੰਗ ਵਿੱਚ ਔਰਤਾਂ ਦੀ ਐਮਪਾਵਰਮੈਂਟ ਲਈ ਜੁਝਾਰੂ ਰਜਿੰਦਰ ਚੋਹਕਾ ਜੀ ਨੇ ਇਕੀਵੀ ਸਦੀ ਵਿੱਚ ਵੀ ਦੁਲਹਨਾਂ ਖ੍ਰੀਦੀਆਂ ਜਾਣ ਦੀ ਗੱਲ ਕੀਤੀ। ਜਿਸਦਾ ਮੁੱਖ ਕਾਰਨ ਪੰਜਾਬ ਅਤੇ ਹਰਿਆਣਾ ਵਿੱਚ ਅਜੇ ਵੀ ਕੀਤੀ ਜਾ ਰਹੀ ਭਰੁਣ ਹੱਤਿਆ ਨੂੰ ਦੱਸਿਆ, 2011 ਦੀ ਜਨਗਣਨਾ ਅਨੁਸਾਰ 1000 ਮਰਦਾਂ ਪਿੱਛੇ ਪੰਜਾਬ ਵਿੱਚ 840 ਔਰਤਾਂ ਅਤੇ ਹਰਿਆਣਾ ਵਿੱਚ 830 ਔਰਤਾਂ ਹਨ ਪ੍ਰੰਤੂ ਚਿੰਤਾ ਦੀ ਗੱਲ ਹੈ ਕਿ 0 ਤੋਂ 6 ਸਾਲ ਦੀਆਂ ਬੱਚੀਆਂ ਦੀ ਗਿਣਤੀ ਦਾ ਅਨੁਪਾਤ ਇਸ ਨਾਲੋਂ ਵੀ ਕਿਤੇ ਘੱਟ ਹੈ ਜੋ ਕਿ ਆਉਂਦੇ ਸਮੇਂ ਵਿੱਚ ਦੁਲਹਨਾਂ ਦੀ ਖ੍ਰੀਦੋ ਫ਼ਰੋਖ਼ਤ ਨੂੰ ਵਧਾਉਣ ਦਾ ਸਬੱਬ ਬਣੇਗਾ। ਜਿਉਂ ਹੀ ਇਹ ਚਰਚਾ ਸ਼ੁਰੂ ਹੋਈ ਤਾਂ ਹੋਰ ਮੈਂਬਰਾਂ ਨੇ ਵੀ ਆਪਣੇ ਤਜਰਬੇ ਸਾਂਝੇ ਕਰਦੇ ਹੋਏ ਇਸ ਸਮਾਜਿਕ ਬੁਰਾਈ ਤੇ ਆਪੋ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਕਿਹਾ ਕਿ ਕਿਸੇ ਨਾ ਕਿਸੇ ਹੱਦ ਤੱਕ ਸਮੇਂ ਸਮੇਂ ਵਕਤ ਦੀਆਂ ਸਰਕਾਰਾਂ ਦੇ ਬਦਲਦੇ ਕਾਨੂੰਨ ਵੀ ਇਸ ਸਮਾਜਿਕ ਬੁਰਾਈ ਲਈ ਜ਼ਿੰਮੇਵਾਰ ਹਨ। ਉਪਰੰਤ ਘਰਾਂ ਵਿੱਚ ਬਜ਼ੁਰਗਾਂ ਨਾਲ ਹੁੰਦੇ ਦੁਰਵਿਵਹਾਰ ਦੀ ਵੀ ਚਰਚਾ ਹੋਈ ਜਿਸ ਕਾਰਨ ਬਜ਼ੁਰਗਾਂ ਨੂੰ ਮਜਬੂਰਨ ਘਰ ਤੋਂ ਬਾਹਰ ਪੈਰ ਪੁੱਟਣਾ ਪੈਂਦਾ ਹੈ।ਇਸ ਵਿਚਾਰ ਚਰਚਾ ਦੇ ਨਾਲ ਨਾਲ ਗੁਰਤੇਜ ਸਿੱਧੂ, ਅਮਰਜੀਤ ਸੱਗੂ, ਜੁਗਿੰਦਰ ਪੁਰਬਾ, ਗੁਰਮੀਤ ਮੱਲੀ੍, ਸਰਬਜੀਤ ਉੱਪਲ ਅਤੇ ਸਤਵਿੰਦਰ ਕੌਰ ਹੁਰਾਂ ਗੀਤ ਤੇ ਬੋਲੀਆਂ ਪੇਸ਼ ਕਰ ਮਾਹੌਲ ਨੂੰ ਖੁਸ਼ਗਵਾਰ ਬਣਾਇਆ। ਮੀਟਿੰਗ ਵਿੱਚ ਉਚੇਚੇ ਤੌਰ ਤੇ ਸ਼ਾਮਲ ਹੋਏ ਕ੍ਰਿਸ਼ਨਾ ਜੀ ਨੇ ਜੀਵਨ ਵਿੱਚ ਖੁਸ਼ ਰਹਿਣ ਅਤੇ ਹੱਸਣ ਦੀ ਮਹੱਤਤਾ ਦਰਸਾਈ ਅਤੇ ਹਸਾਉਣ ਦੀਆਂ ਕੁੱਝ ਵਿਧੀਆਂ ਦੀ ਸਾਂਝ ਪਾਈ। ਸੀਵਾ ਤੋਂ ਆਏ ਸਮੀਨਾ ਜੀ ਨੇ ਉਹਨਾਂ ਵਲੋਂ ਅਗਸਤ ਮਹੀਨੇ ਵਿੱਚ ਸ਼ੁਰੂ ਕੀਤੇ ਜਾ ਰਹੇ ‘ਮਾਈ ਕਮਿਊਨਿਟੀ ਮਾਈ ਹੋਮ’ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ। ਅਗਸਤ ਮਹੀਨੇ ਵਿੱਚ ਇੱਕ ਰੋਜ਼ਾ ਟੂਰ ਸਬੰਧੀ ਗੁਰਤੇਜ ਸਿੱਧੂ ਨੇ ਸਾਰਿਆਂ ਨਾਲ ਗਲਬਾਤ ਸਾਂਝੀ ਕੀਤੀ
ਗੁਰਚਰਨ ਥਿੰਦ ਨੇ 29 ਜੁਲਾਈ ਨੂੰ ਇੱਕ ਤੋਂ ਸਾਢੇ ਤਿੰਨ ਵਜੇ ਤੱਕ ਇਸੇ ਸਥਾਨ ਤੇ ਸਭਾ ਵਲੋਂ ਉਹਨਾਂ ਦੀ ਪਹਿਲੀ ਅੰਗਰੇਜ਼ੀ ਵਿੱਚ ਲਿਖੀ ਕਿਤਾਬ ਰਿਲੀਜ਼ ਕਰਨ ਬਾਰੇ ਜਾਣਕਾਰੀ ਦੇਂਦਿਆਂ ਦਸਿਆ ਕਿ ‘ਬਲਿੰਕਿੰਗ ਫਇਰਫਲਾਈਜ਼’ ਨਾਂ ਦਾ ਇਹ ਨਾਵਲ ਉਹਨਾਂ ਦੇ ਪੰਜਾਬੀ ਨਾਵਲ ‘ਜਗਦੇ ਬੁੱਝਦੇ ਜੁਗਨੂੰ’ ਦਾ ਉਹਨਾਂ ਵਲੋਂ ਕੀਤਾ ਗਿਆ ਅੰਗਰੇਜ਼ੀ ਅਨੁਵਾਦ ਹੈ ਜੋ ਕਿ ਇੱਥੇ ਘਰੇਲੂ ਹਿੰਸਾ ਨਾਲ ਸਬੰਧਤ ਹੱਡ ਬੀਤੀਆਂ ਅਤੇ ਘਟਨਾਵਾਂ ਦਾ ਵੇਰਵਾ ਹੈ।
ਅੱਜ ਦੇ ਦਿਨ ਹੀ ਜੈਨੇਸਿਜ਼ ਸੈਂਟਰ ਦੀ ਗਰਾਊਂਡ ਵਿੱਚ ਅੰਮ੍ਰਿਤ ਸਾਗਰ ਫਾਊਂਡੇਸ਼ਨ ਵਲੋਂ ਸੀਨੀਅਰਜ਼ ਦਾ ਸਪੋਰਟਸ ਡੇ ਮਨਾਇਆ ਜਾ ਰਿਹਾ ਸੀ ਜਿਸ ਵਿੱਚ ਸਭਾ ਦੀਆਂ ਕੁੱਝ ਉਤਸ਼ਾਹੀ ਮੈਂਬਰਾਂ ਨੇ ਭਾਗ ਲਿਆ ਅਤੇ ਇਨਾਮਾਂ ਤੇ ਚੰਗਾ ਹੂੰਝਾ ਫੇਰਿਆ। ਕੁੱਝ ਸਮੇਂ ਲਈ ਉਹਨਾਂ ਸਭਾ ਦੀ ਮੀਟਿੰਗ ਵਿੱਚ ਹਾਜ਼ਰੀ ਲੁਆ ਸਭਾ ਦੀ ਰੌਣਕ ਵੀ ਵਧਾਈ। ਗੁਰਦੀਪ ਸਿੱਖ ਵਿਰਸਾ ਤੇ ਅਵਿਨਾਸ਼ ਜੀ ਵੀ ਅੱਜ ਦੀ ਮੀਟਿੰਗ ਵਿੱਚ ਸ਼ਾਮਲ ਹੋਏ। ਇਸ ਤਰ੍ਹਾਂ ਪੰਜਾਹ ਕੁ ਮੈਂਬਰਾਂ ਦੀ ਹਾਜ਼ਰੀ ਵਿੱਚ ਜੁਲਾਈ ਮਹੀਨੇ ਦੀ ਮੀਟਿੰਗ ਕਾਮਯਾਬੀ ਨਾਲ ਸੰਪਨ ਹੋਈ।
ਜੁਗਿੰਦਰ ਪੁਰਬਾ ਨੇ ਆਪਣੇ ਪੜਪੋਤੇ ਦੇ ਜਨਮ ਦੀ ਖੁਸੀ ਵਿੱਚ ਲੱਡੂ ਵੰਡੇ। ਸੀਮਾ ਚੱਠਾ ਅਤੇ ਅਮਰਜੀਤ ਸੱਗੂ ਵਲੋਂ ਕੀਤੀ ਗਈ ਚਾਹ ਦੀ ਸੇਵਾ ਨਾਲ ਸਭ ਨੇ ਲੱਡੂਆਂ ਦਾ ਆਨੰਦ ਮਾਣਿਆ। ਸਭਾ ਦੀ ਅਗਸਤ ਮਹੀਨੇ ਦੀ ਮੀਟਿੰਗ ਤੀਸਰੇ ਸ਼ਨੀਵਾਰ ਨੂੰ12:30-3:30 ਵਜੇ ਤੱਕ ਜੈਨੇਸਿਜ਼ ਸੈਂਟਰ ਵਿੱਖੇ 1000 ਵਾਇਸਜ਼ ਵਿੱਚ ਹੋਵੇਗੀ।