ਕੈਲਗਰੀ (ਮਹਿੰਦਰਪਾਲ ਸਿੰਘ ਪਾਲ); ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਜੁਲਾਈ ਮਹੀਨੇ ਦੀ ਮਾਸਿਕ ਇਕੱਤਰਤਾ 16 ਤਰੀਕ ਨੂੰ ਤਰਲੋਚਨ ਸਿੰਘ ਸੈਹਿੰਬੀ ਦੀ ਪ੍ਰਧਾਨਗੀ ਹੇਠ ਕੋਸੋ ਦੇ ਹਾਲ ਵਿਚ ਹੋਈ। ਪ੍ਰਧਾਨਗੀ ਮੰਡਲ ਵਿਚ ਉਨ੍ਹਾਂ ਦਾ ਸਾਥ ਰਵੀ ਪ੍ਰਕਾਸ਼ ਜਨਾਗਲ ਨੇ ਦਿੱਤਾ।
ਮੀਟਿੰਗ ਦੀ ਸ਼ੁਰੂਆਤ ਵਿਚ ਗੁਰਬਚਨ ਬਰਾੜ ਨੇ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਾਹਿਤਕਾਰ ਇਕਬਾਲ ਰਾਮੂਵਾਲੀਆ ਦੀ ਜੀਵਨੀ ਅਤੇ ਸਾਹਿਤਕ ਪ੍ਰਾਪਤੀਆਂ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦੇ ਹੋਏ ਸ਼ਰਧਾਂਜਲੀ ਭੇਂਟ ਕੀਤੀ। ਉਨ੍ਹਾਂ ਕਿਹਾ ਕਿ ਸਾਨੂੰ ਫ਼ਖਰ ਹੈ ਕਿ ਰਾਮੂਵਾਲੀਆ ਜੀ ਦਾ ਪੰਜਾਬੀ ਲਿਖਾਰੀ ਸਭਾ ਨਾਲ ਇੱਲ ਖ਼ਾਸ ਸੰਬੰਧ ਰਿਹਾ ਹੈ ਅਤੇ ਪੰਜਾਬੀ ਲਿਖਾਰੀ ਸਭਾ ਨੇ ਸਾਲ 2009 ਵਿਚ ਉਨ੍ਹਾਂ ਨੂੰ ਇਕਬਾਲ ਅਰਪਨ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਵੀ ਕੀਤਾ ਸੀ। ਜਦ ਵੀ ਅਸੀਂ ਉਨ੍ਹਾਂ ਨੂੰ ਯਾਦ ਕੀਤਾ ਉਹ ਹਮੇਸ਼ਾ ਸਾਡੇ ਪਾਸ ਜ਼ਰੂਰ ਪਹੁੰਚੇ। ਪਿਛਲੇ ਦਿਨੀਂ ਉਨ੍ਹਾਂ ਦੇ ਪਿਤਾ ਕਰਨੈਲ ਸਿੰਘ ਪਾਰਸ ਜੀ ਦੇ 100ਵੇਂ ਜਨਮ ਦਿਨ ’ਤੇ ਉਨ੍ਹਾਂ ਦੀ ਯਾਦ ਵਿਚ ਪ੍ਰੋਗਰੈਸਿਵ ਕਲਚਰ ਐਸੋਸੀਏਸ਼ਨ ਕੈਲਗਰੀ ਵੱਲੋਂ ਇੱਕ ਸਮਾਗਮ ਕੀਤਾ ਗਿਆ ਜਿਸ ਵਿਚ ਇਕਬਾਲ ਜੀ ਨੇ ਹਿੱਸਾ ਲਿਆ ਅਤੇ ਨਾਸਾਜ਼ ਸਿਹਤ ਦੇ ਬਾਵਜੂਦ ਉਨ੍ਹਾਂ ਨੇ ਕਵੀਸ਼ਰੀ ਗਾ ਕੇ ਸਮਾਗਮ ਵਿਚ ਰੰਗ ਬੰਨਿਆਂ। ਉਹ ਉੱਚ ਕੋਟੀ ਦੇ ਸਾਹਿਤਕਾਰ ਹੋਣ ਦੇ ਨਾਲ ਨਾਲ ਇੱਕ ਬਹੁਤ ਵਧੀਆ ਅਤੇ ਜ਼ਿੰਦਾ ਦਿਲ ਇਨਸਾਨ ਸਨ।
ਬਾਅਦ ਵਿਚ ਨਰਿੰਦਰ ਸਿੰਘ ਢਿੱਲੋਂ ਨੇ ਵੀ ਰਾਮੂਵਾਲੀਆ ਜੀ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਕਿਹਾ ਕਿ ਪੰਜਾਬੀ ਨੂੰ ਇਹ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਨਾਲ ਹੀ ਉਨ੍ਹਾਂ ਨੇ ਬਾਕੀ ਲੇਖਕਾਂ ਨੂੰ ਉਸਾਰੂ ਸਾਹਿਤ ਲਿਖਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਹਾਜ਼ਰੀਨ ਨੂੰ ਬੱਚਿਆਂ ਲਈ ਵਧੀਆ ਉਦਾਹਰਨ ਬਣਨ ਲਈ ਵੀ ਆਖਿਆ ਤਾਂ ਕਿ ਬੱਚਿਆਂ ਨੂੰ ਸਹੀ ਸੇਧ ਮਿਲ ਸਕੇ।
ਰਚਨਾਵਾਂ ਦੇ ਦੌਰ ਵਿਚ ਕੈਨੇਡਾ-ਡੇਅ ਦਾ ਵਿਸ਼ਾ ਭਾਰੂ ਰਿਹਾ। ਸੁਖਪਾਲ ਪਰਮਾਰ, ਬਲਜਿੰਦਰ ਸੰਘਾ, ਬਲਬੀਰ ਗੋਰਾ ਅਤੇ ਮੰਗਲ ਚੱਠਾ ਨੇ ਕੈਨੇਡਾ ਲਈ ਪਿਆਰ ਅਤੇ ਸਤਿਕਾਰ ਪੂਰਵਕ ਰਚਨਾਵਾਂ ਪੇਸ਼ ਕੀਤੀਆਂ। ਰਵੀ ਪਰਕਾਸ਼ ਜਨਾਗਲ ਨੇ ਸੁਰਜੀਤ ਪਾਤਰ ਦਾ ਲਿਖੀ ਰਚਨਾ ”ਕੋਈ ਡਾਲੀਆਂ ਚੋਂ ਲੰਘਿਆ ਹਵਾ ਬਣ ਕੇ” ਖ਼ੂਬਸੂਰਤ ਅੰਦਾਜ਼ ਵਿਚ ਪੇਸ਼ ਕੀਤਾ। ਸਭਾ ਵਿਚ ਪਹਿਲੀ ਬਾਰ ਸ਼ਿਰਕਤ ਕਰ ਰਹੇ ਜੋਗਿੰਦਰ ਸਿੰਘ ਨੇ ਵੀ ਸੁਰਜੀਤ ਪਾਤਰ ਦਾ ਲਿਖਿਆ ਗੀਤ ” ਦਿਲ ਹੀ ਉਦਾਸ ਹੈ ਤੇ ਬਾਕੀ ਸਭ ਖ਼ੈਰ ਹੈ ” ਆਪਣੀ ਖ਼ੂਬਸੂਰਤ ਆਵਾਜ਼ ਅਤੇ ਪੇਸ਼ਕਾਰੀ ਵਿਚ ਗਾ ਕੇ ਸਭਨਾਂ ਦਾ ਮਨ ਮੋਹ ਲਿਆ ਅਤੇ ਸਭ ਹਾਜ਼ਰੀਨ ਨੇ ਉਸ ਦੀ ਬਹੁਤ ਪ੍ਰਸੰਸਾ ਕੀਤੀ।
ਮਹਿੰਦਰਪਾਲ ਸਿੰਘ ਪਾਲ, ਜੋਰਾਵਰ ਸਿੰਘ ਬੰਸਲ ਅਤੇ ਹਰਮਿੰਦਰ ਕੌਰ ਢਿੱਲੋਂ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ। ਮਾ. ਜੀਤ ਸਿੰਘ ਸਿੱਧੂ ਨੇ ਬਲਵਿੰਦਰ ਸਿੰਘ ਭਾਗੋਵਾਲੀਆ ਦੀ ਕੈਨੇਡਾ ਦੀ ਜ਼ਿੰਦਗੀ ਨਾਲ ਸਬੰਧਿਤ ਰਚਨਾ ਪੇਸ਼ ਕੀਤੀ। ਡਾ. ਮਨਮੋਹਨ ਸਿੰਘ ਬਾਠ ਨੇ ਇੱਕ ਗੀਤ ” ਜੀਅ ਕਰਦਾ ਏ ਇਸ ਦੁਨੀਆ ਨੂੰ ਮੈਂ ਹੱਸ ਕੇ ਠੋਕਰ ਮਾਰ ਦਿਆਂ” ਪੇਸ਼ ਕੀਤਾ। ਫ਼ੋਟੋਗਰਾਫ਼ੀ ਦੀ ਸੇਵਾ ਰਣਜੀਤ ਸਿੰਘ ਵੱਲੋਂ ਨਿਭਾਈ ਗਈ। ਅਖੀਰ ਵਿਚ ਸਭਾ ਦੇ ਪ੍ਰਧਾਨ ਤਰਲੋਚਨ ਸਿੰਘ ਸੈਹਿੰਬੀ ਨੇ ਭਰੂਣ ਹੱਤਿਆ ਖ਼ਿਲਾਫ਼ ਲਿਖਿਆ ਆਪਣਾ ਹੀ ਗੀਤ ਸਾਂਝਾ ਕੀਤਾ ਅਤੇ ਸਭ ਹਾਜ਼ਰੀਨ ਦਾ ਮੀਟਿੰਗ ਵਿਚ ਸ਼ਿਰਕਤ ਕਰਨ ਲਈ ਧੰਨਵਾਦ ਕੀਤਾ। ਨਾਲ ਹੀ ਸਭਾ ਦੀ ਅਗਲੀ ਵਿਚ ਸ਼ਾਮਿਲ ਹੋਣ ਲਈ ਸੱਦਾ ਵੀ ਦਿੱਤਾ ਜੋ ਐਤਵਾਰ 20 ਅਗਸਤ ਨੂੰ ਦੁਪਹਿਰ 2 ਵਜੇ ਹੋਵੇਗੀ। ਵਧੇਰੇ ਜਾਣਕਾਰੀ ਲਈ ਪਾਠਕ ਤਰਲੋਚਨ ਸੈਹਿੰਬੀ ਨਾਲ 403-827-1483 ਜਾਂ ਬਲਬੀਰ ਗੋਰਾ ਨਾਲ 403-472-2662 ‘ਤੇ ਸੰਪਰਕ ਕਰ ਸਕਦੇ ਹਨ।