“ਰਹਿੰਦੇ ਬਣਕੇ ਭਾਈ–ਭਾਈ…ਵਿਚ ਕੈਨੇਡਾ, ਪੰਜਾਬੀਆਂ ਦੀ ਫੁੱਲ ਚੜ੍ਹਾਈ… ਵਿਚ ਕੈਨੇਡਾ ”
ਬਲਜਿੰਦਰ ਸੰਘਾ- ਕੈਨੇਡਾ ਵਿਚ ਪੰਜਾਬੀਆਂ ਦੀ ਤਰੱਕੀ ਬਾਰੇ ਸੁਖਪਾਲ ਸਿੰਘ ਪਰਮਾਰ ਦੀ ਲਿਖ਼ੀ ਨਵੀਂ ਕਵੀਸ਼ਰੀ ਜੱਗ ਪੰਜਾਬੀ ਟੀ.ਵੀ.ਵੱਲੋਂ 7 ਜੁਲਾਈ ਨੂੰ ਰੀਲੀਜ਼ ਕੀਤੀ ਜਾਵੇਗੀ। ਜਿੱਥੇ ਪ੍ਰਸਿੱਧ ਕਵੀਸ਼ਰ ਭਾਈ ਮੱਖਣ ਸਿੰਘ ਮੁਸਾਫ਼ਿਰ ਅਤੇ ਸਾਥੀਆਂ ਨੇ ਇਸ ਕਵੀਸ਼ੀਰੀ ਨੂੰ ਆਪਣੀ ਬੁਲੰਦ ਅਤੇ ਰਸਮਈ ਅਵਾਜ਼ ਨਾਲ ਸ਼ਿੰਗਾਰਿਆ ਹੈ ਉੱਥੇ ਹੀ ਕਵੀਸ਼ਰੀ ਬੜ੍ਹੀ ਵਧੀਆ ਸ਼ਬਦਾਵਲੀ ਵਿਚ ਲਿਖ਼ੀ ਗਈ ਹੈ। ਇਸ ਕਵੀਸ਼ਰੀ ਵਿਚ ਕੈਨੇਡਾ ਵੱਸਦੇ ਪੂਰੇ ਪੰਜਾਬੀਆਂ ਅਤੇ ਖ਼ਾਸ ਕਰ ਸਿੱਖਾ ਦਾ ਇਤਿਹਾਸ ਹੈ, ਨਾਲ ਹੀ ਉਹਨਾਂ ਦੇ ਮਿਹਨਤ, ਇਮਾਨਦਾਰੀ ਅਤੇ ਦਿੜ੍ਹਤਾ ਨਾਲ ਵਿਚਰਨ ਕਰਕੇ ਹਰ ਖੇਤਰ ਭਾਵੇਂ ਉਹ ਆਰਥਿਕ ਹੋਵੇ, ਰਾਜਨੀਤਕ ਜਾਂ ਸਮਾਜਿਕ ਵਿਚ ਮਾਰੀਆਂ ਮੱਲਾਂ ਦਾ ਜ਼ਿਕਰ ਹੈ। ਬੋਲੀਆਂ ਦੀ ਇੱਕ ਕਿਤਾਬ, ਕਈ ਗੀਤ ਅਤੇ ਹੋਰ ਸਾਹਿਤਕ ਰਚਨਾਵਾਂ ਲਿਖਣ ਵਾਲੇ ਲੇਖਕ ਸੁਖਪਾਲ ਸਿੰਘ ਪਰਮਾਰ ਨੇ ਇਸ ਕਵੀਸ਼ਰੀ ਵਿਚ ਵੀ ਸਬਦਾਂ ਦੀ ਬਹੁਤ ਵਧੀਆ ਜੜ੍ਹਤ ਕੀਤੀ ਜਿਵੇਂ ‘ਪਿੱਛੇ ਛੱਡਕੇ ਆਏ ਸਰਦਾਰੀ, ਕੀਤੀ ਮਿਹਨਤ ਬੜੀ ਕਰਾਰੀ, ਹੁਣ ਨਾਲ ਗੋਰਿਆਂ ਯਾਰੀ, ਰਹਿੰਦੇ ਬਣਕੇ ਭਾਈ–ਭਾਈ ਵਿਚ ਕੈਨੇਡਾ, ‘ । ਸੁਖਪਾਲ ਸਿੰਘ ਪਰਮਾਰ ਅਨੁਸਾਰ ਇਸਦੀ ਵੀਡੀਓ ਜੱਗ ਪੰਜਾਬੀ ਟੀ.ਵੀ.ਵੱਲੋਂ ਵਧੀਆ ਢੰਗ ਅਤੇ ਬੜ੍ਹੀ ਮਿਹਨਤ ਨਾਲ ਤਿਆਰ ਕੀਤੀ ਗਈ ਹੈ ਅਤੇ ਉਹਨਾਂ ਦੀ ਪੂਰੀ ਟੀਮ ਨੂੰ ਆਸ ਹੈ ਕਿ ਕੈਨੇਡਾ ਦੀ 150ਵੀਂ ਵਰ੍ਹੇਗੰਢ ਨੂੰ ਸਮਰਪਿਤ ਇਸ ਕਵੀਸ਼ਰੀ ਨੂੰ ਲੋਕ ਪਸੰਦ ਕਰਨਗੇ।