ਕੈਲਗਰੀ (ਮਹਿੰਦਰਪਾਲ ਸਿੰਘ ਪਾਲ); ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਜੂਨ ਮਹੀਨੇ ਦੀ ਮਾਸਿਕ ਇਕੱਤਰਤਾ 18 ਤਰੀਕ ਨੂੰ ਤਰਲੋਚਨ ਸਿੰਘ ਸੈਹਿੰਬੀ ਦੀ ਪ੍ਰਧਾਨਗੀ ਹੇਠ ਕੋਸੋ ਦੇ ਹਾਲ ਵਿਚ ਹੋਈ। ਪ੍ਰਧਾਨਗੀ ਮੰਡਲ ਵਿਚ ਉਨ੍ਹਾਂ ਦਾ ਨਾਲ ਹਰਨੇਕ ਬੱਧਣੀ ਅਤੇ ਮਹਿੰਦਰਪਾਲ ਸਿੰਘ ਪਾਲ ਵੀ ਸ਼ਾਮਿਲ ਹੋਏ।
ਮੀਟਿੰਗ ਦੀ ਸ਼ੁਰੂਆਤ ਸਕੱਤਰ ਬਲਬੀਰ ਗੋਰਾ ਵੱਲੋਂ ਪੰਜਾਬੀ ਸਾਹਿਤ ਦੇ ਉੱਘੇ ਸਾਹਿਤਕਾਰਾਂ ਦੇ ਇਸ ਦੁਨੀਆ ਤੋਂ ਸਦਾ ਲਈ ਰੁਖ਼ਸਤ ਹੋ ਜਾਣ ਦੀ ਬਹੁਤ ਹੀ ਗ਼ਮਗੀਨ ਖ਼ਬਰ ਦੀ ਸਾਂਝ ਨਾਲ ਹੋਈ। ਇਨ੍ਹਾਂ ਨਾਮਵਰ ਲੇਖਕਾਂ ਵਿਚ ਨਾਟਕਕਾਰ ਅਜਮੇਰ ਸਿੰਘ ਔਲਖ, ਪ੍ਰਵਾਸੀ ਸਾਹਿਤਕਾਰ ਇਕਬਾਲ ਰਾਮੂਵਾਲੀਆ, ਡਾ. ਕੈਲਾਸ਼ ਪੁਰੀ, ਸ਼ਿਵਚਰਨ ਗਿੱਲ ਅਤੇ ਹਰੀ ਸਿੰਘ ਦਿਲਬਰ ਦੇ ਨਾਮ ਸ਼ਾਮਿਲ ਸਨ। ਬਲਬੀਰ ਗੋਰਾ ਨੇ ਸਮੂਹ ਸਭਾ ਵੱਲੋਂ ਡਾਢੇ ਦੁੱਖ ਦਾ ਇਜ਼ਹਾਰ ਕੀਤਾ ਅਤੇ ਪੰਜਾਬੀ ਸਾਹਿਤ ਦੇ ਅੰਬਰੋਂ ਟੁੱਟੇ ਅਨਮੋਲ ਸਿਤਾਰੇ ਕਹਿ ਕੇ ਸ਼ਰਧਾਂਜਲੀ ਭੇਂਟ ਕੀਤੀ।
ਗੁਰਬਚਨ ਸਿੰਘ ਬਰਾੜ ਨੇ ਅਜਮੇਰ ਸਿੰਘ ਔਲਖ ਦੀ ਜੀਵਨੀ ਅਤੇ ਸਾਹਿਤਕ ਕਿਰਤਾਂ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਅਜਮੇਰ ਜੀ ਦੀਆਂ ਬਹੁਤੀਆਂ ਲਿਖਤਾਂ ਛੋਟੀ ਕਿਰਸਾਨੀ ਨੂੰ ਦਰਪੇਸ਼ ਮੁਸ਼ਕਲਾਂ ਤੋਂ ਪ੍ਰਭਾਵਿਤ ਸਨ। ਉਨ੍ਹਾਂ ਨਾਟਕ ਅਰਬਦ ਖਰਬਦ ਧੁੰਦੂਕਾਰਾ ਅਤੇ ਬਿਗਾਨੇ ਬੋਹੜ ਦੀ ਛਾਂ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਅੱਜ ਜੋ ਜਥੇਬੰਦੀਆਂ ਕਿਰਸਾਨੀ ਦੇ ਹੱਕਾਂ ਲਈ ਸੰਘਰਸ਼ ਕਰ ਰਹੀਆਂ ਹਨ ਉਹ ਅਜਮੇਰ ਜੀ ਜਿਹੇ ਲੋਕਾਂ ਦੇ ਸਦਕੇ ਹੀ ਹੋਂਦ ਵਿਚ ਆਈਆਂ ਹਨ।
ਗੁਰਦੀਸ਼ ਸਿੰਘ ਚੋਕਾ ਅਤੇ ਹਰਨੇਕ ਬੱਧਣੀ ਨੇ ਵੀ ਔਲਖ ਸਾਹਿਬ ਨੂੰ ਸ਼ਰਧਾਂਜਲੀ ਭੇਂਟ ਕੀਤੀ। ਗੁਰਦੀਸ਼ ਸਿੰਘ ਚੋਕਾ ਨੇ ਹਰੀ ਸਿੰਘ ਦਿਲਬਰ ਨੂੰ ਵੀ ਸ਼ਰਧਾਂਜਲੀ ਭੇਂਟ ਕੀਤੀ।
ਹਰੀਪਾਲ ਨੇ ਆਪਣੇ ਲੇਖ ਵਿਚ ਕੈਨੇਡਾ ਵਿਚ ਵੀ ਅਮੀਰੀ ਗ਼ਰੀਬੀ ਦੇ ਪਾੜੇ ਦੀ ਗੱਲ ਕਰਦਿਆਂ ਕਿਹਾ ਕਿ ਕੈਨੇਡਾ ਇੱਕ ਵਿਕਸਤ ਮੁਲਕ ਹੋਣ ਦੇ ਬਾਵਜੂਦ ਇਸ ਫ਼ਾਸਲੇ ਨੂੰ ਦੂਰ ਨਹੀਂ ਕਰ ਸਕਿਆ ਜਿਸ ਦਾ ਕਾਰਨ ਇੱਥੇ ਵੀ ਸਰਕਾਰਾਂ ਵੱਲੋਂ ਜਨਤਾ ਦਾ ਘੱਟ ਪਰ ਅਮੀਰ ਕਾਰਪੋਰੇਸ਼ਨਾਂ ਦਾ ਵੱਧ ਖ਼ਿਆਲ ਰੱਖਿਆ ਜਾਂਦਾ ਹੈ। ਉਨ੍ਹਾਂ ਆਪਣੇ ਵਿਚਾਰਾਂ ਦੀ ਪੁਸ਼ਟੀ ਲਈ ਕੁੱਝ ਆਂਕਣੇ ਵੀ ਸਾਂਝੇ ਕੀਤੇ।
ਬਲਜਿੰਦਰ ਸੰਘਾ ਨੇ ਸਭਾ ਦੇ ਬਾਨੀ ਇਕਬਾਲ ਅਰਪਨ ਜੀ ਬਾਰੇ ਇੱਕ ਲੇਖ ਦੇ ਕੁੱਝ ਹਿੱਸੇ ਸਾਂਝੇ ਕੀਤੇ ਅਤੇ ਨਾਲ ਹੀ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਭਾ ਦੇ ਮੈਂਬਰ ਪ੍ਰੋ, ਮਨਜੀਤ ਸਿੰਘ ਸਿੱਧੂ ਜੀ ਨੂੰ ਵੀ ਯਾਦ ਕੀਤਾ।
ਗੁਰਚਰਨ ਕੌਰ ਥਿੰਦ ਨੇ ਇਕਬਾਲ ਅਰਪਨ ਜੀ ਨਾਲ ਆਪਣੀ ਪਹਿਲੀ ਮੁਲਾਕਾਤ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਭੇਂਟ ਕੀਤੀ। ਵਿਚਾਰ ਪੇਸ਼ ਕਰਦੇ ਹੋਏ ਉਨ੍ਹਾਂ ਨੇ ਪੰਜਾਬੀ ਬੱਚਿਆਂ ਵਿਚ ਗਾਲ਼ਾਂ ਕੱਢਣ ਦੀ ਆਦਤ ਬਾਰੇ ਚਿੰਤਾ ਜ਼ਾਹਿਰ ਕੀਤੀ।
ਮੰਗਲ ਚੱਠਾ, ਹਰਮਿੰਦਰ ਕੌਰ ਢਿੱਲੋਂ, ਗੁਰਲਾਲ ਰੁਪਾਲੋਂ, ਜਸਵੰਤ ਸਿੰਘ ਸੇਖੋਂ, ਮਾ. ਜੀਤ ਸਿੰਘ ਸਿੱਧੂ, ਸੁਖਵਿੰਦਰ ਸਿੰਘ ਤੂਰ, ਗੁਰਚਰਨ ਸਿੰਘ ਹੇਅਰ ਨੇ ਵੀ ਆਪਣੀਆਂ ਰਚਨਾਵਾਂ ਸਾਂਝਿਆਂ ਕੀਤੀਆਂ। ਸੁਰਿੰਦਰ ਗੀਤ ਅਤੇ ਨਵਪ੍ਰੀਤ ਰੰਧਾਵਾ ਨੇ ਆਪਣੀਆਂ ਗ਼ਜ਼ਲਾਂ ਪੇਸ਼ ਕੀਤੀਆਂ। ਮਹਿੰਦਰਪਾਲ ਸਿੰਘ ਪਾਲ ਨੇ ਆਪਣੇ ਮਰਹੂਮ ਪਿਤਾ ਸ੍ਰੀ ਬਿਸ਼ੰਬਰ ਸਿੰਘ ਸਾਕੀ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਇੱਕ ਗ਼ਜ਼ਲ ਦੇ ਕੁਝ ਸ਼ਿਅਰ ਸਾਂਝੇ ਕੀਤੇ। ਬਲਬੀਰ ਗੋਰਾ ਨੇ ਵੀ ਪਿਤਾ ਦਿਵਸ ਤੇ ਆਪਣੇ ਪਿਤਾ ਜੀ ਨੂੰ ਸਮਰਪਤ ਗੀਤ ਸਾਂਝਾ ਕੀਤਾ।
ਜੋਰਾਵਰ ਬੰਸਲ ਵੱਲੋਂ ਉਸ ਦੀ ਸੰਜੀਦਾ ਅਤੇ ਖ਼ੂਬਸੂਰਤ ਕਹਾਣੀ ਠੰਡਾ ਸੂਰਜ ਪੜ੍ਹ ਕੇ ਸੁਣਾਈ ਗਈ। ਫ਼ੋਟੋਗ੍ਰਾਫ਼ੀ ਦੀ ਸੇਵਾ ਰਣਜੀਤ (ਲਾਡੀ) ਗੋਬਿੰਦਪੁਰੀ ਨੇ ਨਿਭਾਈ।
ਆਖੀਰ ਵਿਚ ਪਰਧਾਨ ਤਰਲੋਚਨ ਸੈਹਿੰਬੀ ਨੇ ਆਏ ਸਭ ਹਾਜ਼ਰੀਨ ਦਾ ਧੰਨਵਾਦ ਕੀਤਾ ਅਤੇ ਨਾਲ ਇਹ ਅਹਿਮ ਸੂਚਨਾ ਵੀ ਸਾਂਝੀ ਕੀਤੀ ਕਿ ਇਸ ਸਾਲ ਸਾਲਾਨਾ ਸਮਾਗਮ ਦੀ ਤਰੀਕ 23 ਸਤੰਬਰ ਨਿਯੁਕਤ ਕੀਤੀ ਗਈ ਹੈ, ਜਿਸ ਵਿਚ ਹਰ ਸਾਲ ਇੱਕ ਕੈਨੇਡਾ ਨਿਵਾਸੀ ਸਾਹਿੱਤਕਾਰ ਨੂੰ ਇਕਬਾਲ ਅਰਪਨ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਂਦਾ ਹੈ। ਇਸ ਸਾਲ ਇਹ ਪੁਰਸਕਾਰ ਸਰੀ ਨਿਵਾਸੀ ਮਹਿੰਦਰ ਸੂਮਲ ਜੀ ਨੂੰ ਉਨ੍ਹਾਂ ਦੀ ਸਾਹਿਤਕ ਦੇਣ ਲਈ ਦਿੱਤਾ ਜਾਵੇਗਾ।
ਸਭਾ ਦੀ ਅਗਲੀ ਮੀਟਿੰਗ ਐਤਵਾਰ 16 ਜੁਲਾਈ ਨੂੰ ਦੁਪਹਿਰ 2 ਵਜੇ ਹੋਵੇਗੀ। ਵਧੇਰੇ ਜਾਣਕਾਰੀ ਲਈ ਪਾਠਕ ਲਈ ਤਰਲੋਚਨ ਸੈਹਿੰਬੀ ਨਾਲ 403-827-1483 ਜਾਂ ਬਲਬੀਰ ਗੋਰਾ ਨਾਲ 403-472-2662 ‘ਤੇ ਸੰਪਰਕ ਕਰ ਸਕਦੇ ਹਨ।