ਬਲਜਿੰਦਰ ਸੰਘਾ- ਪੰਜਾਬੀ ਲਿਖ਼ਾਰੀ ਸਭਾ ਕੈਲਗਰੀ, ਕੈਨੇਡਾ ਮਹੀਨਾਵਾਰ ਸਾਹਿਤਕ ਇਕੱਤਰਤਾਵਾਂ ਅਤੇ ਬੱਚਿਆਂ ਨੂੰ ਮਾਂ ਬੋਲੀ ਨਾਲ ਜੋੜਨ, ਸਾਹਿਤਕਾਰਾਂ ਦੇ ਸਨਾਮਨ ਦੇ ਸਲਾਨਾ ਸਮਾਗਮਾਂ ਤੋਂ ਇਲਾਵਾਂ ਵੱਖ-ਵੱਖ ਖੇਤਰਾਂ ਨਾਲ ਜੁੜੇ ਅਤੇ ਸਮਾਜ ਵਿਚ ਉਸਾਰੂ ਯੋਗਦਾਨ ਪਾਉਣ ਵਾਲੇ ਵਿਆਕਤੀਆਂ ਨਾਲ ਮਿਲਣੀਆਂ ਦਾ ਅਯੋਜਨ ਕਰਦੀ ਰਹਿੰਦੀ ਹੈ। ਇਸੇ ਕੜੀ ਤਹਿਤ ਪਿਛਲੇ ਦਿਨੀ ਕੈਨੇਡਾ ਆਏ ਸਤਿਕਾਰਯੋਗ ਪ੍ਰੋ.ਜਗਮੋਹਨ ਸਿੰਘ ਜੋ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਵਿਭਾਗ ਦੇ ਹੈੱਡ ਰਹੇ ਹਨ, ਪੰਜਾਬ ਦੇ ਕਿਸਾਨਾਂ ਦੀ ਇਕ ਜਰੂਰੀ ਭੱਜ-ਦੌੜ ਖ਼ਤਮ ਕਰਨ ਵਾਲੇ ਜਿਹਨਾਂ ਨੇ ਮੋਟਰ ਦੇ ਸਵੈਚਾਲਤ (ਆਟੋਮੈਟਕ ਸਟਾਰਟਰ) ਦੀ ਕਾਢ ਕੱਢੀ ਪਰ ਪੇਟੈਂਟ ਨਹੀਂ ਕਰਵਾਇਆ ਅਤੇ ਕਿਸਾਨਾਂ ਲਈ ਬਹੁਤ ਸਸਤੀ ਕੀਮਤ ਤੇ ਉਪਲਬਧ ਹੈ, ਸ਼ਹੀਦ ਭਗਤ ਸਿੰਘ ਦੇ ਭਾਣਜੇ ਦੇ ਤੌਰ ਤੇ ਰਿਸ਼ਤੇਦਾਰ ਹੋਣਾ ਅਲੱਗ ਹੈ ਪਰ ਉਹਨਾਂ ਦੀ ਵਿਚਾਰਧਾਰਾ ਨੂੰ ਵੀ ਬੜ੍ਹੀ ਸਖ਼ਤ ਮਿਹਨਤ ਨਾਲ ਉਹਨਾਂ ਦੀਆਂ ਭਾਰਤ ਦੇ ਹਰ ਕੋਨੇ ਵਿਚ ਪਈਆਂ ਹੱਥ ਲਿਖਤਾਂ, ਨਿੱਜੀ ਚਿੱਠੀਆਂ, ਅਖ਼ਬਾਰਾਂ ਵਿਚ ਛਪੀਆਂ ਖਬਰਾਂ ਆਦਿ ਇਕੱਠੀਆਂ ਕਰਨ ਤੇ ਉਹਨਾਂ ਦੀ ਵਿਚਾਰਧਾਰਾ ਦੇ ਜਿਉਂਦੇ-ਜਾਗਦੇ ਸਬੂਤ ਹਨ ਨਾਲ ਸਭਾ ਦੇ ਸਕੱਤਰ ਰਣਜੀਤ ਲਾਡੀ ਗੋਬਿੰਦਪੁਰੀ ਦੇ ਘਰ ਕਾਰਜਕਾਰੀ ਮੈਂਬਰਾਂ ਵੱਲੋਂ ਇਕ ਮਿਲਣੀ ਦਾ ਅਯੋਜਨ ਮਾਸਟਰ ਭਜਨ ਸਿੰਘ ਦੇ ਸਹਿਯੋਗ ਨਾਲ ਕੀਤਾ ਗਿਆ, ਜਿਸ ਵਿਚ ਉਹਨਾਂ ਆਪਣੀ ਮਾਂ ਅਤੇ ਭਗਤ ਸਿੰਘ ਦੀ ਭੈਣ ਮਾਤਾ ਅਮਰ ਕੌਰ ਦੇ ਹਵਾਲੇ ਨਾਲ ਬਹੁਤ ਸਾਰੀਆਂ ਨਿੱਜੀ ਤੋਂ ਲੈ ਕੇ ਸਮਾਜ ਨਾਲ ਜੁੜਦੀਆਂ ਗੱਲਾਂ ਸਾਂਝੀਆਂ ਕੀਤੀਆਂ, ਜਿਸ ਵਿਚ ਇਹ ਵੀ ਸ਼ਾਮਿਲ ਸੀ ਕਿ ਜਦੋਂ ਜਲ੍ਹਿਆਂ ਵਾਲੇ ਬਾਗ ਦਾ ਖ਼ੂਨੀ ਸਾਕਾ ਵਰਤਿਆ ਤਾਂ ਬਾਰਾਂ ਸਾਲ ਦਾ ਭਗਤ ਸਿੰਘ ਇਕੱਲਾ ਹੀ ਲਹੌਰ ਤੋ ਅੰਮ੍ਰਿਤਸਰ ਗਿਆ ਸੀ ਜੋ ਭਾਰਤੀਆਂ ਦੇ ਖੂਨ ਨਾਲ ਰੰਗੀ ਮਿੱਟੀ ਉੱਥੋ ਲੈ ਕੇ ਆਇਆ ਸੀ ਤਾਂ ਇਹੀ ਭੈਣ ਇਸ ਸੱਚ ਦੀ ਗਵਾਹ ਸੀ। ਉਹਨਾਂ ਦੱਸਿਆ ਕਿ ਜੇਕਰ ਭਗਤ ਸਿੰਘ ਦੇ ਸਾਂਡਰਸ ਨੂੰ ਮਾਰਨ ਵਾਲੇ ਉਹਨਾਂ ਦੀ ਜਿੰਦਗੀ ਦੇ ਹਿੱਸੇ ਨੂੰ ਸਮਝਣਾ ਹੈ, ਜਾਂ ਹੱਸਕੇ ਫਾਂਸੀ ਦਾ ਰੱਸਾ ਗਲ ਪਾਉਣ ਦੇ ਕਾਰਨ ਜਾਨਣੇ ਹਨ ਤਾਂ ਉਹਨਾਂ ਦੇ ਬਰਾਬਰ ਦੇ ਗਿਆਨ ਅਤੇ ਉਹਨਾਂ ਹਲਾਤਾਂ ਅਤੇ ਭਾਰਤ ਦੀ ਅਜ਼ਾਦੀ ਲਈ ਜੂਝਦੇ ਮੁੱਠੀ ਭਰ ਚੇਤਨ ਜੁਝਾਰੂਆਂ ਦੀ ਪੂਰੀ ਵਿਚਾਰਧਾਰਾ ਨੂੰ ਸਮਝਣ ਦੀ ਲੋੜ ਹੈ। ਕਿਉਂਕਿ ਉਹਨਾਂ ਦਾ ਕੋਈ ਵੀ ਐਕਸ਼ਨ ਚੇਤਨਾ ਤੋਂ ਦੂਰ ਜਾਂ ਜ਼ਜਬਾਤੀ ਨਹੀਂ ਸੀ, 23 ਸਾਲ ਦਾ ਭਗਤ ਸਿੰਘ ਦੁਨੀਆਂ ਦੀਆਂ ਤਿੰਨ ਸੌ ਤੋਂ ਵੱਧ ਮਹਾਨ ਲੋਕਾਂ ਦੀਆਂ ਲਿਖੀਆਂ ਕਿਤਾਬਾਂ ਪੜ੍ਹ ਚੁੱਕਾ ਸੀ। ਆਪਣੇ ਪਰਿਵਾਰ ਅਤੇ ਸਮਾਜ ਲਈ ਉਹਨਾਂ ਦਾ ਆਖ਼ਰੀ ਸੰਦੇਸ਼ ਇਹੀ ਸੀ ਕਿ ਚੰਗੀ ਸਿਹਤ, ਗਿਆਨ ਅਤੇ ਹਿੰਮਤ ਨਾ ਹਾਰਨਾ। ਸਭਾ ਵੱਲੋਂ ਉਹਨਾਂ ਨੂੰ ਦੋ ਘੰਟੇ ਤੋਂ ਵੱਧ ਚੱਲੀ ਇਸ ਗੱਲ-ਬਾਤ ਵਿਚ ਜਿੱਥੇ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ ਉੱਥੇ ਹੀ ਉਹਨਾਂ ਹਰੀਪਾਲ, ਗੁਰਬਚਨ ਬਰਾੜ, ਤਰਲੋਚਨ ਸੈਹਿੰਭੀ, ਬਲਜਿੰਦਰ ਸੰਘਾ, ਬਲਵੀਰ ਗੋਰਾ, ਮੰਗਲ ਚੱਠਾ ਅਤੇ ਹੋਰ ਕਾਰਜਕਾਰੀ ਮੈਂਬਰਾਂ ਦੇ ਸਵਾਲਾਂ ਦੇ ਜਵਾਬ ਵੀ ਉਹਨਾਂ ਤਰਕਪੂਰਨ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਦਿੱਤੇ, ਇਸ ਸਮੇਂ ਜ਼ੋਰਾਵਰ ਸਿੰਘ ਬਾਂਸਲ, ਦਵਿੰਦਰ ਮਲਹਾਂਸ, ਮਾਸਟਰ ਭਜਨ ਸਿੰਘ, ਗੁਰਲਾਲ ਰੁਪਾਲੋਂ, ਰਣਜੀਤ ਲਾਡੀ ਗੋਬਿੰਦਪੁਰੀ ਵੀ ਹਾਜ਼ਿਰ ਸਨ।