ਗੁਰਚਰਨ ਥਿੰਦ -ਕੈਲਗਰੀ ਵੁਮੇਨ ਕਲਚਰਲ ਐਸੋਸੀਏਸ਼ਨ ਦੀ ਫਰਵਰੀ ਮਹੀਨੇ ਦੀ ਮੀਟਿੰਗ ਮਿੱਤੀ 04.02.2017 ਨੂੰ ਜੈਨੇਸਿਜ਼ ਸੈਂਟਰ ਵਿਖੇ 1000 ਵਾਇਸਜ਼ ਦੇ 119 ਨੰਬਰ ਕਮਰਾ ਵਿੱਚ ਹੋਈ। ਕੈਲਗਰੀ ਇਮੀਗ੍ਰੈਂਟ ਵੁਮੇਨ ਐਸੋਸੀਏਸ਼ਨ (ਸੀਵਾ) ਤੋਂ ਵੰਦਨਾ ਸ਼ਰਮਾ ਅਤੇ ਸਮੀਨਾ ਉਚੇਚੇ ਅੱਜ ਦੀ ਮੀਟਿੰਗ ਵਿੱਚ ਸ਼ਾਮਲ ਹੋਏ ਅਤੇ ਸੀਵਾ ਦੁਆਰਾ ਔਰਤਾਂ ਲਈ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸੇਵਾਵਾਂ ਦੀ ਜਾਣਕਾਰੀ ਦਿੱਤੀ। ਉਹਨਾਂ ਦਸਿਆ ਕਿ ਆਪਣਾ ਮੁਲਕ ਛੱਡ ਨਵੇਂ ਮਾਹੌਲ ਵਿੱਚ ਆ ਵਸੀਆ ਔਰਤਾਂ ਜਦੋਜਹਿਦ ਭਰੀ ਜ਼ਿੰਦਗੀ ਜਿਉਂਦੀਆਂ ਕਦੇ ਅੰਦਰਲੇ ਅਤੇ ਕਦੇ ਬਾਹਰਲੇ ਹਾਲਾਤਾਂ ਕਾਰਨ ਇਕੱਲਤਾ ਦਾ ਸ਼ਿਕਾਰ ਹੋ ਜਾਂਦੀਆਂ ਹਨ। ਇਸ ਤਰ੍ਹਾਂ ਉਹਨਾਂ ਦੇ ਸਵੈਮਾਣ ਨੂੰ ਠੇਸ ਲਗਦੀ ਹੈ ਅਤੇ ਉਹਨਾਂ ਦਾ ਆਪਣੇ ਅੰਦਰਲੀ ਸਮਰਥਾ ਤੋਂ ਵਿਸ਼ਵਾਸ਼ ਡੋਲਣ ਲਗਦਾ ਹੈ। ਅਜਿਹੀ ਮਾਨਸਿਕ ਅਵਸਥਾ ਅਤੇ ਦੁਬਿਧਾ ਤੋਂ ਉਪਰ ਉਠਣ ਲਈ ਸੀਵਾ ਵਲੋਂ ‘ਸੈਲਫ ਐਸਟੀਮ’ ਦੀਆਂ ਵਰਕਸ਼ਾਪ ਲਗਾਈਆਂ ਜਾਂਦੀਆਂ ਹਨ। ਇੰਜ ਹੀ ਹਰ ਔਰਤ ਕੋਲ ਕੋਈ ਨਾ ਕੋਈ ਵਿਸ਼ੇਸ਼ ਟੈਲੇਂਟ ਹੁੰਦਾ ਹੈ। ਇਹਨਾਂ ਖਾਸ ਟੈਲੇਂਟਸ ਨੂੰ ਦੂਜੀਆਂ ਔਰਤਾਂ ਨਾਲ ਸ਼ੇਅਰ ਕਰਨ ਲਈ ‘ਗ੍ਰੈਂਡਮਾਂ’ਜ਼ ਕਿਚਨ’ ਨਾਂ ਦਾ ਪ੍ਰੋਗਰਾਮ ਹੈ ਜਿਸ ਵਿੱਚ ਸ਼ਾਮਲ ਹੋ ਔਰਤਾਂ ਆਪਸੀ ਲੈਣ ਦੇਣ ਦੀ ਖੁਸ਼ੀ ਹਾਸਲ ਕਰ ਸਕਦੀਆਂ ਹਨ। ਸਭਾ ਦੀਆਂ ਉਤਸ਼ਾਹਿਤ ਮੈਂਬਰਾਂ ਨੇ ਇਨ੍ਹਾਂ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਲਈ ਆਪਣੇ ਨਾਂ ਰਜਿਸਟਰ ਕਰਵਾਏ।
ਇਸ ਮਹੀਨੇ ਦਾ ਤੀਜਾ ਸੋਮਵਾਰ ‘ਫੈਮਲੀ ਡੇ’ ਵਜੋਂ ਮਨਾਇਆ ਜਾਣਾ ਹੈ। ਇਸ ਸਬੰਧੀ ਗੱਲ ਕਰਦਿਆਂ ਗੁਰਚਰਨ ਥਿੰਦ ਨੇ ਕਿਹਾ ਕਿ ਸਾਡੀ ਇਹ ਸਭਾ ਵੀ ਇਕ ਪਰਿਵਾਰ ਵਾਂਗ ਹੈ ਜਿਥੇ ਆਪਾਂ ਮਹੀਨੇ ਵਿੱਚ ਇਕ ਵਾਰ ਰਲ ਬੈਠਦੇ ਹਾਂ। ਪਰਿਵਾਰਕ ਸਬੰਧਾਂ ਦੀ ਮਜ਼ਬੂਤੀ ਲਈ ਪਰਿਵਾਰ ਦੇ ਜੀਆਂ ਦਾ ਇਕੱਠੇ ਮਿਲ ਬੈਠਣਾ ਬਹੁਤ ਮਹੱਤਵ ਪੂਰਨ ਹੈ। ਅਤਿ ਦੇ ਰੁਝੇਵਿਆਂ ਭਰਪੂਰ ਜੀਵਨ ਵਿਚੋਂ ਬਹੁਤਾ ਨਹੀਂ ਤਾਂ ਹਫਤੇ ਵਿੱਚ ਇੱਕ ਵਾਰ ਸਾਰੇ ਜੀਆਂ ਦਾ ਮਿਲ ਬੈਠਣਾ ‘ਫੈਮਲੀ ਡੇ’ ਦੀ ਗਰਿਮਾ ਨੂੰ ਬਰਕਰਾਰ ਰਖਣ ਲਈ ਸਹਾਈ ਸਾਬਤ ਹੋ ਸਕਦਾ ਹੈ।
“ਜੋਤਸ਼ੀਆਂ, ਤੰਤਰਕਾਂ, ਪਾਖੰਡੀ ਸਾਧਾਂ, ਪੀਰਾਂ ਆਦਿ ਵਲੋਂ ਭੋਲੇ-ਭਾਲੇ ਲੋਕਾਂ ਦੀ ਕੀਤੀ ਜਾ ਰਹੀ ਲੁੱਟ ਨੂੰ ਰੋਕਣ ਲਈ ਕਾਨੂੰਨ ਬਣਾਉਣ ਦੀ ਮੰਗ” ਸਬੰਧੀ ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਅਤੇ ਅਦਾਰਾ ਸਿੱਖ ਵਿਰਸਾ ਵਲੋਂ ਕੀਤੇ ਜਾ ਰਹੇ ਯਤਨਾਂ ਬਾਰੇ ਸਭਾ ਵਿੱਚ ਗੱਲ ਕੀਤੀ ਗਈ ਅਤੇ ਪੈਂਫਲੈਟ ਪੜ੍ਹ ਕੇ ਸੁਣਾਇਆ ਗਿਆ। ਸਾਰੇ ਮੈਂਬਰਾਂ ਨੇ ਇਸ ਕਾਰਜ ਦੀ ਸ਼ਲਾਘਾ ਕੀਤੀ ਅਤੇ ਹੱਥ ਖੜ੍ਹੇ ਕਰਕੇ ਪ੍ਰੋੜਤਾ ਕੀਤੀ। ‘ਅੰਮ੍ਰਿਤ ਸਾਗਰ ਫਾਊਂਡੇਸ਼ਨ’ ਵਲੋਂ ਅੰਮ੍ਰਿਤ ਬਰਾੜ ਮੀਟਿੰਗ ਵਿੱਚ ਸ਼ਾਮਲ ਹੋਏ। ਉਹਨਾਂ ਨੇ ਅੰਮ੍ਰਿਤ ਸਾਗਰ ਫਾਊਂਡੇਸ਼ਨ’ ਅਤੇ ‘ਇਮੀਗੈਂਟ ਸਰਵਿਸਜ਼ ਕੈਲਗਰੀ’ ਦੇ ਸਹਿਯੋਗ ਨਾਲ ਸੀਨੀਅਰਜ਼ ਨੂੰ ਇਨਕਮ ਟੈਕਸ ਰਿਟਰਨ ਸਬੰਧੀ ਜਾਣਕਾਰੀ ਦੇਣ ਲਈ ਕਰਵਾਈ ਜਾ ਰਹੀ ਵਰਕਸ਼ਾਪ ਬਾਰੇ ਸਭਾ ਦੇ ਮੈਂਬਰਾਂ ਨੂੰ ਸੂਚਿਤ ਕੀਤਾ। ਇਹ ਵਰਕਸ਼ਾਪ 18 ਫਰਵਰੀ 2017 ਨੂੰ 11 ਵਜੇ ਤੋਂ 1 ਵਜੇ ਤੱਕ ਜੈਨੇਸਿਜ਼ ਸੈਂਟਰ ਦੇ 100 ਵਾਇਸਜ਼ ਦੇ ਕਮਰਾ ਨੰਬਰ ਡੀ 122 ਵਿੱਚ ਕੀਤੀ ਜਾਣੀ ਹੈ। ਸਭਾ ਦੇ ਕਈ ਮੈਂਬਰਾਂ ਨੇ ਉਹਨਾਂ ਕੋਲ ਆਪਣੇ ਨਾਂ ਦਰਜ ਕਰਾ ਕੇ ਆਪਣੀ ਹਾਜ਼ਰੀ ਯਕੀਨੀ ਬਣਾਈ।
ਮੀਟਿੰਗ ਦੇ ਸਕੱਤਰ ਦੀ ਜ਼ਿੰਮੇਵਾਰੀ ਨਿਭਾਉਂਦਿਆਂ ਗੁਰਚਰਨ ਥਿੰਦ ਨੇ ਨਵੇਂ ਆਏ ਮੈਂਬਰਾਂ ਸੀਮਾ ਚੱਠਾ ਅਤੇ ਸੁਰਿੰਦਰ ਕੌਰ ਦਾ ਸਭਾ ਵਿੱਚ ਸੁਆਗਤ ਕਰਦਿਆਂ ਕਿਹਾ ਕਿ ਇਹ ਸ਼ਮੂਲੀਅਤ ਸਭਾ ਦੀ ਲਗਾਤਾਰਤਾ ਵਿੱਚ ਸੂਝਵਾਨ ਵਾਧਾ ਹੈ ਜਿਸ ਨੂੰ ਅਸੀਂ ਤਹਿ ਦਿਲੋਂ ਜੀ ਆਇਆਂ ਆਖਦੇ ਹਾਂ। ਅੱਜ ਦੀ ਇਸ ਮੀਟਿੰਗ ਵਿੱਚ ਸਭਾ ਦੀ ਸ਼ਾਨ ਬਜ਼ੁਰਗ ਮੈਂਬਰ ਕੁਲਵੰਤ ਗਰੇਵਾਲ ਦੀ ਬੁਲੰਦ ਅਵਾਜ਼ ‘ਵੇ ਤੂੰ ਰਖ ਲੈ ਬਾਬਲਾ ਰਖ ਲੈ ਵੇ, ਤੂੰ ਡੱਕ ਲੈ ਜਹਾਜ਼ ਨੂੰ ਡੱਕ ਲੈ ਵੇ’ ਧੀਆਂ ਦੀ ਪੁਕਾਰ ਬਣ ਉਭਰੀ। ਨੌਜੁਆਨ ਮੈਂਬਰ ਸੀਮਾ ਚੱਠਾ ਨੇ ‘ਐ ਔਰਤ ਤੂੰ ਮਰਦ ਦਾ ਸਾਇਆ’ ਬੋਲਾਂ ਨਾਲ ਔਰਤ ਨੂੰ ਲਲਕਾਰਿਆ। ਸੁਰਿੰਦਰ ਕੌਰ ਨੇ ਅੰਤਾਂ ਦੇ ਰੁਝੇਵਿਆਂ ਅਤੇ ਜਦੋਜਹਿਦ ਭਰਪੂਰ ਜ਼ਿੰਦਗੀ ਉਪਰੰਤ ਆਪਣੀ ਅਜੋਕੀ ਇਕੱਲਤਾ ਦੀ ਗੱਲ ਕੀਤੀ। ‘ਬੱਚੇ ਆਪੋ ਆਪਣੇ ਆਲ੍ਹਣਿਆਂ ਵਿੱਚ ਉਡਾਰੀ ਮਾਰ ਗਏ ਹਨ ਅਤੇ ਹੁਣ ਮੈਂ ਬਹੁਤ ਇਕੱਲੀ ਮਹਿਸੂਸ ਕਰਦੀ ਹਾਂ’ ਕਹਿੰਦਿਆਂ ਉਹ ਲਗਪਹ ਫਿਸ ਹੀ ਪਏ। ਪ੍ਰੰਤੂ ਬਹੁਤ ਹੀ ਮਿੱਠੀ ਅਵਾਜ਼ ਵਿੱਚ ਸ਼ਿਵ ਦੀ ਗ਼ਜ਼ਲ ‘ਮੈਨੂੰ ਤੇਰਾ ਸ਼ਬਾਬ ਲੈ ਬੈਠਾ’ ਦੀਆਂ ਚੰਦ ਕੁ ਲਾਈਨਾਂ ਸਾਂਝੇ ਕਰਦਿਆਂ ਇਸ ਸਭਾ ਵਿੱਚ ਸ਼ਾਮਲ ਹੋ ਕਿਨਾਰਾ ਲਭ ਜਾਣ ਵਰਗੀ ਸੰਤੁਸ਼ਟੀ ਉਹਨਾਂ ਦੇ ਚਿਹਰੇ ਤੋਂ ਝਲਕਦੀ ਪ੍ਰਤੀਤ ਹੁੰਦੀ ਸੀ। ਸਰਬਜੀਤ ਉੱਪਲ, ਜੁਗਿੰਦਰ ਪੁਰਬਾ, ਹਰਬੰਸ ਪੇਲੀਆ, ਜਤਿੰਦਰ ਪੇਲੀਆ, ਅਵਤਾਰ ਕੌਰ ਸੁਰਜੀਤ ਢਿਲੋਂ ਅਤੇ ਗੁਰਦੀਸ਼ ਗਰੇਵਾਲ ਨੇ ਕਵਿਤਾ, ਗੀਤਾਂ ਅਤੇ ਚੁਟਕਲਿਆਂ ਨਾਲ ਹਾਜ਼ਰੀ ਲੁਆਈ।
ਸਭਾ ਦੇ ਮਾਨਯੋਗ ਮੈਂਬਰ ਅਮਰਜੀਤ ਸੱਗੂ ਦੇ ਘਰ ਪੋਤਰੀ ਦੀ ਆਮਦ ਤੇ ਸਭਾ ਵਲੋਂ ਬੱਚੀ ਨੂੰ ਜੀ ਆਇਆਂ ਕਿਹਾ ਗਿਆ ਅਤੇ ਸਾਰੇ ਪਰਿਵਾਰ ਨੂੰ ਵਧਾਈ ਦਿੱਤੀ ਗਈ। ਅੰਤ ਵਿੱਚ ਬਲਵਿੰਦਰ ਬਰਾੜ ਜੀ ਨੇ ਆਏ ਮੈਂਬਰਾਂ ਦਾ ਧੰਨਵਾਦ ਕੀਤਾ
ਜਿਹਨਾਂ ਨੇ ਇਸ ਨਾਸਾਜ਼ ਮੌਸਮ ਦੇ ਬਾਵਜੂਦ ਮੀਟਿੰਗ ਵਿੱਚ ਸ਼ਾਮਲ ਹੋ ਭਰਪੂਰ ਯੋਗਦਾਨ ਪਾਇਆ। ਅੱਜ ਦੀ ਮੀਟਿੰਗ ਵਿੱਚ ਅਮਰਜੀਤ ਹਾਂਸ, ਜਗਦੀਸ਼ ਬਰੀਆ, ਬਲਜੀਤ ਜਠੌਲ, ਤਰਨਜੀਤ ਪਰਮਾਰ ਅਤੇ ਰਣਜੀਤ ਲੰਮੇ ਦੀ ਹਾਜ਼ਰੀ ਜ਼ਿਕਰਯੋਗ ਰਹੀ। ਸੰਪਰਕ ਲਈ ਫੋਨ
ਨੰਬਰ : 403-293-2625,403-590-9629