ਕੈਲਗਰੀ (ਮਹਿੰਦਰਪਾਲ ਸਿੰਘ ਪਾਲ); ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਜਨਵਰੀ ਮਹੀਨੇ ਦੀ ਮਾਸਿਕ ਇਕੱਤਰਤਾ 15 ਜਨਵਰੀ ਨੂੰ ਤਰਲੋਚਨ ਸਿੰਘ ਸੈਹਿੰਬੀ ਦੀ ਪ੍ਰਧਾਨਗੀ ਹੇਠ ਕੋਸੋ ਦੇ ਹਾਲ ਵਿਚ ਹੋਈ।
ਇਸ ਮੀਟਿੰਗ ਵਿਚ ਵਿਸ਼ੇਸ਼ ਤੌਰ ’ਤੇ ਸਭਾ ਵੱਲੋਂ ਕਰਾਏ ਜਾ ਰਹੇ ਦੋ ਅਹਿਮ ਸਾਲਾਨਾ ਸਮਾਗਮਾਂ ਦੀਆਂ ਤਰੀਕਾਂ ਨਸ਼ਰ ਕੀਤੀਆਂ ਗਈਆਂ। ਹਰ ਸਾਲ ਦੀ ਤਰਾਂ ਬੱਚਿਆਂ ਦਾ ਪੰਜਾਬੀ ਬੋਲਣ ਦੀ ਮੁਹਾਰਤ ਦਾ ਮੁਕਾਬਲਾ 25 ਮਾਰਚ ਦਿਨ ਸਨਿੱਚਰਵਾਰ ਦੁਪਹਿਰ 12:30 ਤੋਂ 4:00 ਵਜੇ ਤਕ ਹੋਵੇਗਾ। ਇਸ ਸਮਾਗਮ ਵਿਚ ਸਭਾ ਦੇ ਬਾਨੀ ਮੈਂਬਰ ਜਸਵੰਤ ਸਿੰਘ ਨੂੰ ਉਨ੍ਹਾਂ ਦੇ ਸਮਾਜਿਕ ਕੰਮਾਂ ਲਈ ਸਨਮਾਨਿਤ ਕੀਤਾ ਜਾਵੇਗਾ ਅਤੇ ਹੋਣਹਾਰ ਬੱਚੀ ਹਰਲੀਨ ਗਰੇਵਾਲ ਨੂੰ ਪੰਜਾਬੀ ਕਵਿਤਾ, ਖੇਡਾਂ ਅਤੇ ਡਰਾਮਾ ਵਿਚ ਉਪਲਬਧੀਆਂ ਲਈ ਵਿਸ਼ੇਸ਼ ਸਨਮਾਨ ਦਿੱਤਾ ਜਾਵੇਗਾ। ਇਸ ਸਮਾਗਮ ਦਾ ਪੋਸਟਰ ਵੀ ਰੀਲੀਜ਼ ਕੀਤਾ ਗਿਆ।
ਦੂਸਰੇ ਸਾਲਾਨਾ ਸਮਾਗਮ ਦੀ ਤਰੀਕ 23 ਸਤੰਬਰ ਨਿਯੁਕਤ ਕੀਤੀ ਗਈ ਹੈ, ਜਿਸ ਵਿਚ ਹਰ ਸਾਲ ਦੀ ਤਰਾਂ ਇੱਕ ਕੈਨੇਡਾ ਨਿਵਾਸੀ ਸਾਹਿੱਤਕਾਰ ਨੂੰ ” ਇਕਬਾਲ ਅਰਪਨ ਯਾਦਗਾਰੀ ਪੁਰਸਕਾਰ” ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਸਮਾਗਮ ਦੀ ਤਫ਼ਸੀਲ ਆਗਾਮੀ ਰਿਪੋਰਟਾਂ ਵਿਚ ਦਿੱਤੀ ਜਾਵੇਗੀ।
ਜਨਰਲ ਸਕੱਤਰ ਬਲਬੀਰ ਗੋਰਾ ਨੇ ਜਿੱਥੇ ਸਭ ਹਾਜ਼ਰੀਨ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਉੱਥੇ ਸਾਨੂੰ ਵਿਛੋਡ਼ਾ ਦੇ ਗਈਆਂ ਪੰਜਾਬੀ ਹਸਤੀਆਂ ਦਾ ਸੋਗਮਈ ਸਮਾਚਾਰ ਵੀ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਅਦਾਕਾਰ ਸ਼੍ਰੀ ਓਮ ਪੁਰੀ ਇਸ ਦੁਨੀਆ ਤੋਂ ਭਾਵੇਂ ਚਲੇ ਗਏ ਹਨ ਪਰ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਨਾਟਕ ਅਤੇ ਫ਼ਿਲਮਾਂ ਰਾਹੀਂ ਆਪਣੀਆਂ ਅਭੁੱਲ ਯਾਦਾਂ ਅਤੇ ਇੱਕ ਖ਼ਾਸ ਛਾਪ ਛੱਡ ਗਏ ਹਨ। ਪੰਜਾਬੀ ਦੇ ਪ੍ਰਸਿੱਧ ਗਾਇਕ ਅਤੇ ਲੇਖਕ ਰਾਜ ਬਰਾਤ ਨੇ ਆਪਣੇ ਗੀਤਾਂ ਅਤੇ ਫ਼ਿਲਮਾਂ ਰਾਹੀਂ ਪੰਜਾਬੀ ਬੋਲੀ ਅਤੇ ਸਭਿਆਚਾਰ ਵਿਚ ਇੱਕ ਖ਼ਾਸ ਯੋਗਦਾਨ ਪਾਇਆ ਹੈ। ਨਾਮਵਰ ਲੇਖਕ ਪ੍ਰੋ. ਸੁਰਜੀਤ ਮਾਨ ਦਾ ਚਲੇ ਜਾਣਾ ਨਾਂ ਪੂਰਾ ਹੋਣ ਵਾਲੀ ਘਾਟ ਹੈ। ਸਮੂਹ ਪੰਜਾਬੀ ਲਿਖਾਰੀ ਸਭਾ ਵੱਲੋਂ ਵਿੱਛਡ਼ੀਆਂ ਹਸਤੀਆਂ ਦੇ ਪਰਿਵਾਰਾਂ ਨਾਲ ਦੁੱਖ ਦੀ ਸਾਂਝ ਪਾਈ।
ਇਸ ਮੀਟਿੰਗ ਦੌਰਾਨ ਨਰਿੰਦਰ ਸਿੰਘ ਢਿੱਲੋਂ ਨੇ ”ਪੰਜਾਬੀ ਕਿੱਸਾ ਕਾਰੀ ਵਿਚ ਲੁਕਿਆ ਸੱਚ” ਨਾਮੀ ਲੇਖ ਸਾਂਝੀ ਕੀਤਾ। ਇਸ ਲੇਖ ਵਿਚ ਖ਼ਾਸ ਤੌਰ ’ਤੇ ਉਨ੍ਹਾਂ ਨੇ ਕਿਹਾ ਕਿ ਹੀਰ ਰਾਂਝਾ, ਮਿਰਜ਼ਾ ਸਾਹਿਬਾਂ ਆਦਿ ਕਿੱਸਿਆਂ ਵਿਚ ਗੈਬੀ ਸ਼ਕਤੀਆਂ ਨਾਲ ਜੋਡ਼ ਦਿੱਤਾ ਜੋ ਆਮ ਸੂਝਵਾਨ ਵਿਅਕਤੀ ਦੇ ਮਨ ਨੂੰ ਨਹੀਂ ਭਾਉਂਦਾ ਅਤੇ ਔਰਤ ’ਤੇ ਬੇਵਫ਼ਾਈ ਦੇ ਇਲਜ਼ਾਮ ਵੀ ਝੂਠੇ ਜਾਪਦੇ ਹਨ। ਉਨ੍ਹਾਂ ਨੇ ਬਹੁਤ ਸਾਰੀਆਂ ਅਜਿਹਿਆਂ ਉਧਾਰਨਾ ਵੀ ਦਿੱਤੀਆਂ ਜਿਨ੍ਹਾਂ ਵਿਚ ਕਿੱਸੇ ਵਿਚਲੀ ਔਰਤ ਦੀ ਤਾਂ ਸਿਫ਼ਤ ਕੀਤੀ ਗਈ ਸੀ ਪਰ ਉਂਜ ਔਰਤਾਂ ਲਈ ਕਿੱਸਾਕਾਰਾਂ ਵੱਲੋਂ ਅਪਮਾਨ ਜਨਕ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਸੀ।
ਦਵਿੰਦਰ ਮਲਹਾਂਸ ਨੇ ਉਰਦੂ ਦੇ ਬਹੁਤ ਉੱਘੇ ਲੇਖਕ ਰਾਜਿੰਦਰ ਸਿੰਘ ਬੇਦੀ ਦੇ ਜੀਵਨ ਅਤੇ ਸਾਹਿਤਕ ਦੇਣ ਬਾਰੇ ਲੇਖ ਸਾਂਝਾ ਕੀਤਾ। ਇਸ ਲੇਖ ਵਿਚ ਦਵਿੰਦਰ ਨੇ ਬੇਦੀ ਜੀ ਦੇ ਬਾਰੇ ਗੱਲ ਕਰਦਿਆਂ ਕਿਹਾ ਕਿ ਉਹ ਉਸ ਸਮੇਂ ਦੇ ਉਰਦੂ ਕਹਾਣੀ ਰਚਣ ਵਾਲੇ ਉੱਚਕੋਟੀ ਦੇ ਲੇਖਕਾਂ ਵਿਚੋਂ ਇੱਕ ਸਨ। ਬੇਦੀ ਜੀ ਦਾ ਜਨਮ 1 ਸਤੰਬਰ 1915 ਨੂੰ ਸਿਆਲਕੋਟ ਵਿਚ ਹੋਇਆ। ਬੇਦੀ ਜੀ ਨੇ ਸਿਰਫ਼ ਸਾਹਿਤ ਰਚਿਆ ਹੀ ਨਹੀਂ ਬਲਕਿ ਉਸ ਨੂੰ ਫ਼ਿਲਮਾਂ ਰਾਹੀਂ ਦਰਸ਼ਕਾਂ ਤੀਕ ਪਹੁੰਚਾਇਆ। ਉਨ੍ਹਾਂ ਨੇ ਕਈ ਫ਼ਿਲਮਾਂ ਦੇ ਸਕਰੀਨ ਪਲੇਅ ਲਿਖੇ, ਬਹੁਤ ਸਾਰੀ ਫ਼ਿਲਮਾਂ ਲਈ ਡਾਇਲਾਗ ਲਿਖੇ ਅਤੇ ਕਈ ਫ਼ਿਲਮਾਂ ਦਾ ਖ਼ੁਦ ਨਿਰਦੇਸ਼ਨ ਕੀਤਾ। ਉਨ੍ਹਾਂ ਦੇ ਨਾਵਲ ”ਇੱਕ ਚਾਦਰ ਮੈਲੀ ਸੀ” ਲਈ ਉਨ੍ਹਾਂ ਨੂੰ 1965 ਵਿਚ ਸਾਹਿਤ ਅਕੈਡਮੀ ਪੁਰਸਕਾਰ ਨਾਲ ਨਿਵਾਜਿਆ ਗਿਆ। ਬਾਅਦ ਵਿਚ ਇਸ ਕਹਾਣੀ ’ਤੇ ਇੱਕ ਮਸ਼ਹੂਰ ਫ਼ਿਲਮ ਵੀ ਬਣੀ। ਸੰਨ 1972 ਵਿਚ ਬੇਦੀ ਜੀ ਨੂੰ ਪਦਮ ਸ਼੍ਰੀ ਅਵਾਰਡ ਵੀ ਦਿੱਤਾ ਗਿਆ। 11 ਸਤੰਬਰ 1984 ਨੂੰ 69 ਸਾਲ ਦੀ ਆਯੂ ਭੋਗ ਕੇ ਉਹ ਇਸ ਦੁਨੀਆ ਤੋਂ ਰੁਖ਼ਸਤ ਹੋ ਗਏ।
ਜੋਗਿੰਦਰ ਸੰਘਾ ਨੇ post-traumatic stress disorder (PTSD) ਬਾਰੇ ਗਲ ਬਾਤ ਕਰਦੇ ਹੋਏ ਇਸ ਦੇ ਕਾਰਨ, ਲੱਛਣ ਅਤੇ ਇਲਾਜ ਬਾਰੇ ਵਿਸਥਾਰਮਈ ਜਾਣਕਾਰੀ ਸਾਂਝੀ ਕੀਤੀ।
ਮਹਿੰਦਰਪਾਲ ਸਿੰਘ ਪਾਲ, ਮਾ. ਜੀਤ ਸਿੰਘ ਸਿੱਧੂ, ਡਾ. ਮਨਮੋਹਨ ਸਿੰਘ ਬਾਠ, ਗੁਰਦੀਸ਼ ਕੌਰ ਗਰੇਵਾਲ, ਲਖਵਿੰਦਰ ਸਿੰਘ ਜੌਹਲ, ਸਰਵਣ ਸਿੰਘ ਸੰਧੂ, ਬਲਬੀਰ ਗੋਰਾ ਵੱਲੋਂ ਰਚਨਾਵਾਂ ਪੇਸ਼ ਕੀਤੀਆਂ ਗਈਆਂ। ਜੋਰਾਵਰ ਬੰਸਲ ਨੇ ਇੱਕ ਕਹਾਣੀ ਸੁਣਾਈ ਅਤੇ ਤਰਲੋਕ ਸਿੰਘ ਚੁੱਘ ਨੇ ਚੁਟਕਲੇ ਸੁਣਾ ਕੇ ਹਾਜ਼ਰੀਨ ਦਾ ਮਨੋਰੰਜਨ ਕੀਤਾ। ਫ਼ੋਟੋਗਰਾਫ਼ੀ ਦੀ ਸੇਵਾ ਰਣਜੀਤ ਸਿੰਘ ਵੱਲੋਂ ਨਿਭਾਈ ਗਈ। ਇਸ ਤੋਂ ਇਲਾਵਾ ਬਲਜਿੰਦਰ ਸੰਘਾ, ਹਰੀਪਾਲ, ਗੁਰਲਾਲ ਰੁਪਾਲੋਂ ਅਤੇ ਸੁਖਵਿੰਦਰ ਤੂਰ ਵੀ ਇਸ ਮੀਟਿੰਗ ਵਿਚ ਸ਼ਾਮਿਲ ਸਨ।
ਅਖੀਰ ਵਿਚ ਪ੍ਰਧਾਨ ਤਰਲੋਚਨ ਸੈਹਿੰਬੀ ਨੇ ਸਭ ਹਾਜ਼ਰੀਨ ਦਾ ਧੰਨਵਾਦ ਕੀਤਾ ਅਤੇ ਸਮੇਂ ਦੀ ਘਾਟ ਕਾਰਨ ਸਾਰੇ ਬੁਲਾਰਿਆਂ ਨੂੰ ਟਾਈਮ ਨਾ ਦੇ ਸਕਣ ਲਈ ਮੁਆਫ਼ੀ ਮੰਗੀ। ਸਭਾ ਦੀ ਅਗਲੀ ਮੀਟਿੰਗ ਐਤਵਾਰ 19 ਫਰਵਰੀ ਨੂੰ ਦੁਪਹਿਰ 2 ਵਜੇ ਹੋਵੇਗੀ। ਵਧੇਰੇ ਜਾਣਕਾਰੀ ਲਈ ਪਾਠਕ ਲਈ ਤਰਲੋਚਨ ਸੈਹਿੰਬੀ ਨਾਲ 403-827-1483 ਜਾਂ ਬਲਬੀਰ ਗੋਰਾ ਨਾਲ 403-472-2662 ‘ਤੇ ਸੰਪਰਕ ਕਰ ਸਕਦੇ ਹਨ।