ਕੈਲਗਰੀ (ਮਹਿੰਦਰਪਾਲ ਸਿੰਘ ਪਾਲ); ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਦਸੰਬਰ ਮਹੀਨੇ ਦੀ ਮਾਸਿਕ ਇਕੱਤਰਤਾ 18 ਦਸੰਬਰ ਨੂੰ ਤਰਲੋਚਨ ਸਿੰਘ ਸੈਹਿੰਬੀ ਦੀ ਪ੍ਰਧਾਨਗੀ ਹੇਠ ਕੋਸੋ ਦੇ ਹਾਲ ਵਿਚ ਹੋਈ। ਪ੍ਰਧਾਨਗੀ ਮੰਡਲ ਵਿਚ ਮਾਸਟਰ ਜੀਤ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਸੰਧੂ ਵੀ ਸ਼ਾਮਿਲ ਹੋਏ।
ਇਸ ਮੀਟਿੰਗ ਵਿਚ ਵਿਸ਼ੇਸ਼ ਤੌਰ ’ਤੇ ਬਲਬੀਰ ਗੋਰਾ ਦੁਆਰਾ ਲਿਖਿਆ ਹੋਇਆ ਗੀਤ ’ਅਸਲਾ’ ਰੀਲੀਜ਼ ਕਿਤਾ ਗਿਆ। ਇਹ ਗੀਤ ਅਸਲ ਵਿਚ ਭਾਰਤ ਵਿਚ ਚੱਲ ਰਹੇ ਅਸਲਾ ਕਲਚਰ ਦੇ ਵਿਰੁੱਧ ਇੱਕ ਆਵਾਜ਼ ਹੈ। ਇਸ ਗੀਤ ਨੂੰ ਹੈਪੀ ਕੁਲਾਰ ਨੇ ਪ੍ਰੋਡਿਊਸ ਕੀਤਾ ਹੈ ਜਿਸ ਨੂੰ ਸੁਨੀਲ ਵਰਮਾ ਦੇ ਸੰਗੀਤ ਨਾਲ ਸ਼ਿੰਗਾਰਿਆ ਗਿਆ ਹੈ ਅਤੇ ਇੱਕ ਬਹੁਤ ਹੀ ਖ਼ੂਬਸੂਰਤ ਆਵਾਜ਼ ਮੁਸਕਾਨ ਕੁਰੈਸ਼ੀ ਨੇ ਬਹੁਤ ਸੁਚੱਜੇ ਢੰਗ ਨਾਲ ਗਾਇਆ ਹੈ। ਬਲਬੀਰ ਗੋਰਾ ਦੇ ਇਸ ਉੱਦਮ ਨੂੰ ਸਭ ਹਾਜ਼ਰੀਨ ਵੱਲੋਂ ਬਹੁਤ ਸਲਾਹਿਆ ਗਿਆ। ਬਲਜਿੰਦਰ ਸੰਘਾ ਨੇ ਅਤੇ ਸਤਵਿੰਦਰ ਸਿੰਘ ਨੇ ਇਸ ਗੀਤ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।
ਇਸ ਮੀਟਿੰਗ ਦੌਰਾਨ ਤਿੰਨ ਖ਼ਾਸ ਲੇਖ ਪੜ੍ਹੇ ਗਏ। ਪਹਿਲਾ ਦਵਿੰਦਰ ਮਲਹਾਂਸ ਨੇ ਸਆਦਤ ਹਸਨ ਮੰਟੋ ਬਾਰੇ ਪੜ੍ਹਿਆ। ਜਿਸ ਵਿਚ ਉਸ ਨੇ ਮੰਟੋ ਦੀਆਂ ਲਿਖਤਾਂ ਬਾਰੇ ਅਤੇ ਉਸ ਦੇ ਜੀਵਨ ਬਾਰੇ ਵਿਸਥਾਰ ਭਰਪੂਰ ਜਾਣਕਾਰੀ ਦਿੱਤੀ ਅਤੇ ਕੁੱਝ ਮੰਟੋ ਦੀਆਂ ਕਹਾਣੀਆਂ ਵੀ ਹਾਜ਼ਰੀਨ ਨਾਲ ਸਾਂਝੀਆਂ ਕੀਤੀਆਂ। ਦਵਿੰਦਰ ਨੇ ਦੱਸਿਆ ਕਿ ਮੰਟੋ 11 ਮਈ 1912 ਵਿਚ ਆਪਣੇ ਨਾਨਕੇ ਪਿੰਡ ਪਪੜੋਦੀ ਵਿਚ ਪੈਦਾ ਹੋਏ ਪਰ ਵਧੇਰੇ ਬਚਪਨ ਦਾ ਸਮਾਂ ਅੰਮ੍ਰਿਤਸਰ ਵਿਚ ਗੁਜ਼ਰਿਆ। ਸਕੂਲੀ ਪੜ੍ਹਾਈ ਵਿਚ ਉਹ ਬਹੁਤੇ ਕਾਮਯਾਬ ਨਾ ਹੋ ਸਕੇ ਅਤੇ ਇਸ ਕਰ ਕੇ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਤੋਂ ਖ਼ੁਸ਼ ਨਹੀਂ ਸੀ। ਬੁਰੀ ਸੰਗਤ ਵਿਚ ਪੈ ਕੇ ਉਹ ਸ਼ਰਾਬ ਅਤੇ ਅਵਾਰਗੀ ਦੀ ਜ਼ਿੰਦਗੀ ਜੀ ਰਹੇ ਸਨ ਪਰ ਜਦੋਂ ਉਹ ਪ੍ਰਸਿੱਧ ਰੋਮਾਨੀ ਚਿੰਤਕ ਬਾਰੀ ਸਾਹਿਬ ਦੇ ਸੰਪਰਕ ਵਿਚ ਆਏ ਤਾਂ ਉਨ੍ਹਾਂ ਦੀ ਜ਼ਿੰਦਗੀ ਦੀ ਦਿਸ਼ਾ ਹੀ ਬਦਲ ਗਈ। ਬਾਰੀ ਸਾਹਿਬ ਦੀ ਪ੍ਰੇਰਨਾ ਸਦਕਾ ਮੰਟੋ ਦੇ ਅੰਦਰਲੇ ਕਹਾਣੀਕਾਰ ਨੇ ਜਨਮ ਲਿਆ। ਉਹ ਉਮਰ ਭਰ ਜ਼ਿੰਦਗੀ ਦੀਆਂ ਤਲਖ਼ ਸਚਾਈਆਂ ਨਾਲ ਜੂਝਦੇ ਰਹੇ ਅਤੇ ਉਨ੍ਹਾਂ ਨੂੰ ਆਪਣੀ ਕਹਾਣੀਆਂ ਅਤੇ ਨਾਟਕਾਂ ਦਾ ਰੂਪ ਦਿੰਦੇ ਰਹੇ। ਉਨ੍ਹਾਂ ਦੀਆਂ ਕਹਾਣੀ, ਨਾਟਕ ਅਤੇ ਨਾਵਲ ਦੀਆਂ ਤੀਹ ਤੋਂ ਜ਼ਿਆਦਾ ਪੁਸਤਕਾਂ ਦੀ ਸਾਹਿਤ ਨੂੰ ਲਾਸਾਨੀ ਦੇਣ ਹੈ। ਉਹ ਸੰਨ 1955 ਵਿਚ ਸਿਰਫ਼ 42 ਸਾਲ ਦੀ ਉਮਰ ਭੋਗ ਕੇ ਇਸ ਦੁਨੀਆ ਤੋਂ ਰੁਖ਼ਸਤ ਹੋ ਗਏ।
ਦੂਜਾ ਲੇਖ ਹਰੀਪਾਲ ਨੇ ਪੜ੍ਹਿਆ ਜਿਸ ਵਿਚ ਉਸ ਨੇ ਕਿਹਾ ਕਿ ਸੰਸਾਰ ਵਿਚ ਦੋ ਤਰਾਂ ਦੇ ਲੇਖਕ ਹਨ। ਇੱਕ ਹਨ ਉਹ ਜੋ ਆਪਣੇ ਸ਼ੌਕ ਲਈ ਲਿਖਦੇ ਹਨ ਅਤੇ ਇੱਕ ਉਹ ਹਨ ਜਿਨ੍ਹਾਂ ਲਈ ਲਿਖਣਾ ਇੱਕ ਮਜਬੂਰੀ ਬਣ ਜਾਂਦਾ ਹੈ ਕਿਉਂ ਕਿ ਉਹ ਹਨ ਜਿਨ੍ਹਾਂ ਨੂੰ ਸਮਾਜ ਦੀਆਂ ਕੁਰੀਤੀਆਂ ਚੁੱਭਦੀਆਂ ਹਨ ਅਤੇ ਉਹ ਆਮ ਲੋਕਾਂ ਦੇ ਦੁੱਖ ਤਕਲੀਫ਼ਾਂ ਨੂੰ ਉਜਾਗਰ ਕਰਦੇ ਹਨ ਅਤੇ ਉਨ੍ਹਾਂ ਦੇ ਹੱਕ ਵਿਚ ਆਪਣੀ ਆਵਾਜ਼ ਬੁਲੰਦ ਕਰਦੇ ਹਨ। ਸਿਰਫ਼ ਇਹ ਰਚਨਾਵਾਂ ਹੀ ਸਦੀਵੀ ਹੋ ਜਾਂਦੀਆਂ ਹਨ। ਹਰੀਪਾਲ ਨੇ ਆਪਣੇ ਸਾਥੀ ਲੇਖਕਾਂ ਨੂੰ ਵੱਧ ਤੋਂ ਵੱਧ ਸਾਹਿਤ ਪੜ੍ਹਨ ਲਈ ਪ੍ਰੇਰਿਆ ਤਾਂ ਕਿ ਉਹ ਵੀ ਆਪਣੀਆਂ ਰਚਨਾਵਾਂ ਨੂੰ ਹੋਰ ਪਰਪੱਕਤਾ ਦੇ ਸਕਣ।
ਤੀਜਾ ਲੇਖ ਨਰਿੰਦਰ ਸਿੰਘ ਢਿੱਲੋਂ ਨੇ ਘਰੇਲੂ ਹਿੰਸਾ ਬਾਰੇ ਪੜ੍ਹਿਆ। ਇਸ ਲੇਖ ਵਿਚ ਉਨ੍ਹਾਂ ਨੇ ਘਰੇਲੂ ਹਿੰਸਾ ਦੇ ਖ਼ਾਸ ਕਾਰਨਾਂ ਬਾਰੇ ਹਾਜ਼ਰੀਨ ਨੂੰ ਜਾਣੂ ਕਰਵਾਇਆ । ਉਨ੍ਹਾਂ ਦੱਸਿਆ ਕਿ ਇਸ ਮਸਲੇ ਨਾਲ ਸਬੰਧਿਤ ਚਾਰ ਪ੍ਰਮੁੱਖ ਕਾਰਨ ਹਨ। #1 lack of Commitment and adjustment (ਵਚਨਬੱਧਤਾ ਅਤੇ ਹਾਲਾਤ ਨਾਲ ਸਮਝੌਤਾ ਦੀ ਘਾਟ), #2 Lack of problem solving skills (ਸਮੱਸਿਆਵਾਂ ਨਾਲ ਨਜਿੱਠਣ ਦੇ ਗੁਣਾਂ ਦੀ ਘਾਟ), #3 Our desires (ਸਾਡੀਆਂ ਇੱਛਾਵਾਂ), #4 lack of trust (ਬੇਵਿਸ਼ਵਾਸੀ) । ਉਨ੍ਹਾਂ ਨੇ ਕੁੱਝ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਘਟਨਾਵਾਂ ਦੇ ਹਵਾਲੇ ਨਾਲ ਇਹਨਾਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਤਰੀਕੇ ਵੀ ਦੱਸੇ।
ਮਹਿੰਦਰਪਾਲ ਸਿੰਘ ਪਾਲ, ਮਾ. ਜੀਤ ਸਿੰਘ ਸਿੱਧੂ, ਡਾ. ਮਨਮੋਹਨ ਸਿੰਘ ਬਾਠ, ਗੁਰਨਾਮ ਸਿੰਘ ਗਿੱਲ ਵੱਲੋਂ ਰਚਨਾਵਾਂ ਪੇਸ਼ ਕੀਤੀਆਂ ਗਈਆਂ। ਇਸ ਮੀਟਿੰਗ ਵਿਚ ਮੰਗਲ ਚੱਠਾ, ਸੁਖਪਾਲ ਪਰਮਾਰ, ਰਣਜੀਤ ਸਿੰਘ ਲਾਡੀ, ਗੁਰਮੇਲ ਸਿੰਘ, ਜਗਤਾਰ ਸਿੰਘ ਸਿੱਧੂ, ਗੁਰਲਾਲ ਸਿੰਘ ਰੁਪਾਲੋ, ਅਵਨਿੰਦਰ ਨੂਰ, ਜਸਜੀਤ ਸਿੰਘ ਧਾਮੀ, ਕਮਲਜੀਤ ਢਿੱਲੋਂ, ਰਾਜੀਵ ਸ਼ਰਮਾ, ਪਰਮਜੀਤ ਸੂਰੀ ਅਤੇ ਜਗਪ੍ਰੀਤ ਸ਼ੇਰਗਿੱਲ ਵੀ ਸ਼ਾਮਿਲ ਹੋਏ।
ਪ੍ਰਧਾਨ ਤਰਲੋਚਨ ਸੈਹਿੰਬੀ ਵੱਲੋਂ ਬਲਬੀਰ ਗੋਰਾ ਨੂੰ ਵਧਾਈ ਦਿੱਤੀ ਗਈ ਅਤੇ ਨਾਲ ਹੀ ਸੁਖਪਾਲ ਪਰਮਾਰ, ਦਰਸ਼ਨ ਖੇਲਾ ਅਤੇ ਜਗਪ੍ਰੀਤ ਸਿੰਘ ਸ਼ੇਰਗਿੱਲ ਦੀ ਟੀਮ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉਨ੍ਹਾਂ ਦੇ ਕਾਮਾਗਾਟਾਮਾਰੂ ਦੇ ਮੁਆਫ਼ੀ ਨਾਮੇ ਦੇ ਗੀਤ ਲਈ ਸਨਮਾਨ ਮਿਲਣ ਦੀ ਵਧਾਈ ਦਿੱਤੀ ਅਤੇ ਆਏ ਸਭ ਹਾਜ਼ਰੀਨ ਦਾ ਧੰਨਵਾਦ ਕਰਦੇ ਹੋਏ ਮੀਟਿੰਗ ਦੀ ਸਮਾਪਤੀ ਕੀਤੀ।
ਸਭਾ ਦੀ ਅਗਲੀ ਮੀਟਿੰਗ ਐਤਵਾਰ 15 ਜਨਵਰੀ ਨੂੰ ਨਵੇਂ ਸਮੇਂ ’ਤੇ ਦੁਪਹਿਰ 1:30 ਵਜੇ ਹੋਵੇਗੀ। ਵਧੇਰੇ ਜਾਣਕਾਰੀ ਲਈ ਪਾਠਕ ਲਈ ਤਰਲੋਚਨ ਸੈਹਿੰਬੀ ਨਾਲ 403-827-1483 ਜਾਂ ਬਲਬੀਰ ਗੋਰਾ ਨਾਲ 403-472-2662