ਬਲਜਿੰਦਰ ਸੰਘਾ- ਇੱਕ ਸਦੀ ਪਹਿਲਾ ਵਰਤੇ ਕਾਮਾਗਾਟਾ ਮਾਰੂ ਦੁਖਾਂਤ ਜਿਸ ਵਿਚ ਭਾਰਤੀਆਂ ਦਾ ਸਮੁੰਦਰੀ ਜਹਾਜ਼ ਜਿਹਨਾਂ ਵਿਚ ਤਕਰੀਬਨ ਬਹੁਤੇ ਪੰਜਾਬੀ ਸਨ ਕੈਨੇਡਾ ਦੀਆਂ ਬੰਦਰਗਾਹਾਂ ਤੋਂ ਇੱਥੇ ਵੱਸਦੇ ਉਸ ਸਮੇਂ ਦੇ ਬਹੁਤ ਘੱਟ ਗਿਣਤੀ ਭਾਰਤੀਆਂ ਵੱਲੋਂ ਹਰ ਹੀਲਾ ਵਰਤਨ ਦੇ ਬਾਵਜੂਦ ਵਾਪਸ ਮੋੜ ਦਿੱਤਾ ਗਿਆ। ਜਿਸ ਲਈ ਪਾਰਲੀਮੈਂਟ ਵਿਚ ਮੁਆਫ਼ੀ ਮੰਗਣ ਲਈ ਭਾਰਤੀਆਂ ਅਤੇ ਹੋਰ ਨਸਲਵਾਦ ਵਿਰੋਧੀ ਸੰਸਥਾਵਾਂ ਵੱਲੋਂ ਕਾਫ਼ੀ ਲੰਬੇ ਸਮੇਂ ਮੰਗ ਕੀਤੀ ਜਾ ਰਹੀ ਸੀ। ਇਸ ਸਮੇਂ ਦੀ ਲਿਬਰਲ ਸਰਕਾਰ ਨੇ ਸਾਲ 2016 ਵਿਚ ਇਸ ਤੇ ਸਹੀ ਫੈਸਲਾ ਲੈਂਦਿਆ ਮੁਆਫ਼ੀ ਦਾ ਐਲਾਨ ਕੀਤਾ ਕਿ ਅਸੀਂ ਮੰਨਦੇ ਹਾਂ ਉਹਨਾਂ ਰੁਜ਼ਗਾਰ ਦੀ ਭਾਲ ਵਿਚ ਨਿਕਲੇ ਲੋਕਾਂ ਨਾਲ ਨਸਲੀ ਵਿਤਕਰਾ ਹੋਇਆ ਸੀ ਤੇ ਨੌਜਵਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਸ ਲਈ ਪਾਰਲੀਮੈਂਟ ਵਿਚ ਮੁਆਫ਼ੀ ਮੰਗੀ ਗਈ। ਇਸ ਸਬੰਧ ਵਿਚ ਕੈਲਗਰੀ ਸ਼ਹਿਰ ਦੇ ਲੇਖਕ ਸੁਖਪਾਲ
ਪਰਮਾਰ ਵੱਲੋਂ ‘ਕਾਮਾਗਾਟਾ ਮਾਰੂ ਮੁਆਫ਼ੀਨਾਮਾ’ ਗੀਤ ਲਿਖਿਆ ਗਿਆ ਜਿਸ ਵਿਚ ਬਹੁਤ ਵਧੀਆ ਢੰਗ ਨਾਲ ਇਸ ਦੁਖਾਂਤ ਦੇ ਵਰਣਨ ਦੇ ਨਾਲ-ਨਾਲ ਮੌਜੂਦਾ ਸਰਕਾਰ ਦਾ ਧੰਨਵਾਦ ਵੀ ਸੀ ਜਿਹਨਾਂ ਨੇ ਇਹ ਕਦਮ ਚੁੱਕਿਆ। ਪ੍ਰਸਿੱਧ ਗਾਇਕ ਦਰਸ਼ਨ ਖੇਲਾ ਵੱਲੋਂ ਗਾਏ ਅਤੇ ਜਗਪ੍ਰੀਤ ਸਿੰਘ ਸ਼ੇਰਗਿੱਲ ਵੱਲੱਂ ਪੇਸ਼ ਕੀਤੇ ਇਸ ਗੀਤ ਲਈ ਰਚੇਤਾ ਸੁਖਪਾਲ ਪਰਮਾਰ ਅਤੇ ਗਾਇਕ ਦਰਸ਼ਨ ਖੇਲਾ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਸ਼੍ਰੀ ਜਸਟਿਨ ਟਰੂਡੋ ਵੱਲੋਂ ਕੈਨੇਡਾ ਦੀ ਪਾਰਲੀਮੈਂਟ ਵਿਚ ਸਨਮਾਨਿਤ ਕੀਤਾ ਗਿਆ। ਇਸ ਬਾਰੇ ਦੱਸਦਿਆਂ ਸੁਖਪਾਲ ਪਰਮਾਰ ਅਤੇ ਗਾਇਕ ਦਰਸ਼ਨ ਖੇਲਾ ਨੇ ਕਿਹਾ ਕਿ ਇਹ ਸਨਮਾਨ ਸਾਰੀ ਪੰਜਾਬੀ ਕਮਿਊਨਟੀ ਦਾ ਹੈ ਅਤੇ ਉਹਨਾਂ ਆਪਣੀ ਸਾਰੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਭ ਸਕਾਈਵਿਊ ਹਲਕੇ ਕੈਲਗਰੀ ਦੇ ਮਾਣਯੋਗ ਮੈਂਬਰ ਪਾਰਲੀਮੈਂਟ ਦਰਸ਼ਨ ਸਿੰਘ ਕੰਗ ਦੇ ਸਾਰਥਿਕ ਯਤਨਾਂ ਨਾਲ ਸੰਭਵ ਹੋਇਆ।