ਬਲਜਿੰਦਰ ਸੰਘਾ- ਪ੍ਰਸਿੱਧ ਗੀਤਕਾਰ ਅਤੇ ਸੰਜੀਦਾ ਹਸਤੀ ਜਸਵੀਰ ਗੁਣਾਚੌਰੀਆ ਦੀ ਛੇਵੀ ਕਿਤਾਬ ‘ਹੱਸਦੇ ਸ਼ਹੀਦੀਆਂ ਪਾ ਗਏ’ ਕੈਨੇਡਾ ਦੇ ਸ਼ਹਿਰ ਕੈਲਗਰੀ ਵਿਖੇ ਐਕਸ ਸਰਵਿਸਮੈਨ
ਸੁਸਾਇਟੀ ਦੇ ਹਾਲ ਵਿਚ ਲੋਕ ਅਰਪਣ ਕੀਤੀ ਗਈ। ਦਲਵੀਰ ਜਲੋਵਾਲੀਆ ਵੱਲੋਂ ਸਹਿਯੋਗੀ ਸਪਾਂਸਰਾਂ ਦੀ ਮਦਦ ਨਾਲ ਉਲੀਕੇ ਇਸ ਪ੍ਰੋਗਾਰਮ ਵਿਚ ਸਟੇਜ ਸੰਚਾਲਕ ਬਲਜਿੰਦਰ ਸੰਘਾ ਵੱਲੋ ਜਸਵੀਰ ਗੁਣਾਚੌਰੀਆ, ਰਾਜਨੀਤਕ ਹਸਤੀਆਂ ਸ਼੍ਰੀ ਪ੍ਰਭ ਗਿੱਲ, ਇਰਫਾਨ ਸਾਬੀਰ, ਪ੍ਰਸਿੱਧ ਲੋਕ ਗਾਇਕ ਅਜੈ ਦਿਓਲ, ਦਰਸ਼ਨ ਖੇਲਾ ਅਤੇ ਸੁਸਾਇਟੀ ਦੇ ਪ੍ਰਧਾਨ ਰਤਨ ਸਿੰਘ ਪਰਮਾਰ ਨੂੰ ਪ੍ਰਧਾਨਗੀ ਮੰਡਲ ਵਿਚ ਬੈਠਣ ਦਾ ਸੱਦਾ ਦਿੱਤਾ ਗਿਆ। ਗਾਇਕ ਯੁਵਰਾਜ ਸਿੰਘ ਨੇ ਸੰਤ ਰਾਮ ਉਦਾਸੀ ਦੇ ਗੀਤ ਨਾਲ ਪ੍ਰੋਗਰਾਮ ਦੀ ਸਾਹਿਤਕ ਸ਼ੁਰੂਆਤ ਕੀਤੀ। ਖ਼ਰਾਬ ਮੌਸਮ ਦੇ ਕਾਰਨ ਪ੍ਰੋਗਰਾਮ ਬੇਸ਼ਕ ਦੇਰ ਨਾਲ ਸ਼ੁਰੂ ਹੋ ਸਕਿਆ ਪਰ ਜਸਵੀਰ ਗੁਣਾਚੌਰੀਆ ਦੇ ਪ੍ਰਸੰਸਕ ਅਖ਼ੀਰ ਤੱਕ ਉਹਨਾਂ ਦੇ ਵਿਚਾਰ ਸੁਨਣ ਲਈ ਜੁੜੇ ਰਹੇ। ਜ਼ਿਕਰਯੋਗ ਹੈ ਪੰਜ ਸੋ ਤੋਂ ਵੱਧ ਗੀਤਾਂ ਦੇ ਰਚੇਤਾ ਜਸਵੀਰ ਗੁਣਾਚੌਰੀਆਂ ਦੇ ਗੀਤਾਂ ਨੂੰ ਲੱਗਭੱਗ ਹਰ ਪ੍ਰਸਿੱਧ ਗਾਇਕ ਨੇ ਗਾਇਆ ਹੈ ਅਤੇ ਉਹਨਾਂ ਦੇ ਗੀਤ ਬਹੁਤ ਮਕਬੂਲ ਹੋਏ ਹਨ। ਗੀਤਕਾਰੀ ਦੇ ਨਾਲ ਉਹਨਾਂ ਦੀਆਂ ਇਸ ਕਿਤਾਬ ਤੋਂ ਪਹਿਲਾ ਪੰਜ ਪੁਸਤਕਾਂ ਛਪ ਚੁੱਕੀਆਂ ਹਨ ਅਤੇ ਇਹ ਛੇਵੀ ਪੁਸਤਕ ‘ਹੱਸਦੇ ਸ਼ਹੀਦੀਆਂ ਪਾ ਗਏ’ ਵਿਚ ਸਿੱਖ ਧਰਮ ਦੀਆਂ ਸ਼ਹੀਦੀਆਂ ਛੋਟੇ ਸਹਿਬਜ਼ਾਦਿਆਂ ਤੋਂ ਲੈ ਕੇ ਸ਼ਹੀਦ ਊਧਮ ਸਿੰਘ ਤੱਕ ਪ੍ਰਸੰਗ ਹਨ। ਜਸਵੀਰ ਗੁਣਾਚੌਰੀਆਂ ਨੇ ਆਪਣੀ ਲਿਖਣ ਕਲਾ ਅਤੇ ਇਸ ਕਿਤਾਬ ਬਾਰੇ ਸੰਖੇਪ ਗੱਲਬਾਤ ਤੋਂ ਇਲਾਵਾ ਕੁਝ ਗੀਤ ਵੀ ਹਾਜ਼ਰੀਨ ਨਾਲ ਸਾਂਝੇ। ਵੱਖ-ਵੱਖ ਗਾਇਕਾਂ ਵੱਲੋਂ ਇਸ ਮੌਕੇ ਭੇਜੇ ਵਧਾਈ ਸੰਦੇਸ਼ ਪ੍ਰੋਜੈਕਟਰ ਰਾਹੀਂ ਸਭ ਨਾਲ ਸਾਂਝੇ ਕੀਤੇ ਗਏ। ਸਟੇਜ ਤੋ ਹਾਜ਼ਰੀ ਲਵਾਉਣ ਵਾਲਿਆ ਵਿਚ ਅਜੈ ਦਿਓਲ, ਦਰਸ਼ਨ ਖੇਲਾ, ਸੁਸਾਇਟੀ ਦੇ ਪ੍ਰਧਾਨ ਰਤਨ ਸਿੰਘ ਪਰਮਾਰ, ਸੁਖਪਾਲ ਪਰਮਾਰ, ਦਲਵੀਰ ਜੱਲੋਵਾਲੀਆ, ਜਤਿੰਦਰ ਸਿੰਘ ਸਹੇੜੀ, ਯੁਵਰਾਜ ਸਿੰਘ ਰਾਜਨੀਤਕ ਹਸਤੀਆਂ ਸ਼੍ਰੀ ਪ੍ਰਭ ਗਿੱਲ, ਇਰਫਾਨ ਸਾਬੀਰ, ਅਵੀਨਾਸ਼ ਸਿੰਘ ਖੰਗੂੜਾ, ਰੂਪ ਰਾਏ ਸ਼ਾਮਿਲ ਸਨ।