ਬਲਜਿੰਦਰ ਸੰਘਾ- ਇੰਡੋ-ਕਨੇਡੀਅਨ ਕਲਾਕਾਰ ਮੰਚ ਕੈਲਗਰੀ ਵੱਲੋਂ ਆਪਣਾ ਤੀਸਰਾ ਸਲਾਨਾ ਸਮਾਗਮ ਐਡਮਿੰਟਨ ਵਿਚ ਰੇਡੀਓ ਸੁਰ-ਸਾਗਰ ਅਤੇ ਪੰਜਾਬ ਇੰਸ਼ੋਰੈਸ ਦੇ ਸਹਿਯੋਗ ਨਾਲ ਕਰਵਾਇਆ ਗਿਆ। ਸਟੇਜ ਸਕੱਤਰ ਰਣਜੀਤ ਸਿੱਧੂ ਦੁਆਰਾ ਸਭ ਹਾਜ਼ਰੀਨ ਨੂੰ ਜੀ ਆਇਆ ਆਖਣ ਤੋਂ ਬਾਅਦ ਦੱਸਿਆ ਗਿਆ ਇੰਡੋ-ਕਨੇਡੀਅਨ ਕਲਾਕਾਰ ਮੰਚ ਕੈਲਗਰੀ ਵੱਲੋਂ ਆਪਣੇ ਸਹਿਯੋਗੀਆਂ ਨਾਲ ਰਲਕੇ ਕਰਵਾਏ ਜਾਂਦੇ ਇਸ ਸਲਾਨਾ ਸਮਾਗਮ ਦਾ ਮੁੱਖ ਉਦੇਸ਼ ਜਿੱਥੇ ਸਥਾਨਕ ਕਲਾਕਾਰਾਂ ਨੂੰ ਪਲੇਟਫਾਰਮ ਮੁਹੱਈਆ ਕਰਨਾ ਹੈ ਉੱਥੇ ਹੀ ਵੱਖ-ਵੱਖ ਖੇਤਰਾਂ ਵਿਚ ਆਪਣਾ ਨਾਮ ਕਮਾਉਣ ਵਾਲੀਆਂ ਹਸਤੀਆਂ ਨੂੰ ਸਨਮਾਨਿਤ ਕਰਨਾ ਵੀ ਹੈ। ਪਰੋਗਰਾਮ ਦੀ ਸ਼ੁਰੂਆਤ ਕੈਲਗਰੀ ਦੇ ਕਲਾਕਾਰ ਯੁਵਰਾਜ ਸਿੰਘ ਵੱਲੋਂ ‘ਮਰ ਜਾਂਦੇ ਜੋ ਦੇਸ਼ ਲਈ, ਉਹ ਜਿਉਂਦੇ ਰਹਿੰਦੇ’ਨਾਲ ਕੀਤੀ ਗਈ। ਹਰਜਿੰਦਰ ਹੈਰੀ ਵੱਲੋਂ ‘ਰਾਤ ਚਾਨਣੀ ਮੈਂ ਟੁਰਾਂ’ ਅਤੇ ਹੋਰ ਗੀਤਾਂ ਨਾਲ ਪਰੋਗਰਾਮ ਦੇ ਮਿਆਰੀ ਹੋਣ ਦਾ ਸਬੂਤ ਦਿੱਤਾ। ਅਰਜਨ ਸਿੰਘ ਨੇ ਕਲਾਸੀਕਲ ਲਹਿਜੇ ਵਿਚ ਹਿੰਦੀ ਗੀਤ ਪੇਸ਼ ਕੀਤਾ। ਬਲਵੀਰ ਗੋਰਾ ਨੇ ਮਾਂ ਦੀ ਮਮਤਾ ਅਤੇ ਇਕ ਹੋਰ ਪਰਿਵਾਰਕ ਰਿਸ਼ਤਿਆ ਦੀ ਸੰਜੀਦਗੀ ਦੇ ਆਪਣੇ ਲਿਖੇ ਗੀਤ ਨਾਲ ਮਹੌਲ ਨੂੰ ਸੰਜੀਦਾ ਕੀਤਾ। ਪ੍ਰਸਿੱਧ ਗਾਇਕ ਬਿੰਦੀ ਬਰਾੜ ਨੇ ਆਪਣੇ ਧਾਰਮਿਕ ਗੀਤ ‘ਗੋਬਿੰਦ ਜੀ ਦੇ ਲਾਲ’ ਤੋਂ ਸ਼ੁਰੂ ਹੋਕੇ ਆਪਣੇ ਮਸ਼ਹੂਰ ਪਰਿਵਾਰਕ ਨੋਕ-ਝੋਚ ਦੇ ‘ਜੇ ਰੁੱਸ ਗਿਆ ਪ੍ਰਹੁਣਾ’ ਅਤੇ ਹੋਰ ਗੀਤਾਂ ਨਾਲ ਭਰਪੂਰ ਹਾਜ਼ਰੀ ਲਵਾਈ। ਇਸ ਤੋਂ ਇਲਾਵਾ ਸੁਖਵਿੰਦਰ ਤੂਰ, ਲਾਡੀ ਪੱਡਾ, ਉਪਿੰਦਰ ਮਠਾੜੂ, ਵਾਨੀਆ ਜ਼ਿਬਰਾਨ ਨੇ ਵੀ ਵਧੀਆ ਪੇਸ਼ਕਾਰੀ ਨਾਲ ਮੰਨੋਰੰਜਨ ਕੀਤਾ। ਕਮੇਟੀ ਮੈਂਬਰਾਂ ਬਲਵੀਰ ਸਿੰਘ ਕੁਲਾਰ, ਪਰਮ ਸੂਰੀ, ਤਰਨਜੀਤ ਮੰਡ, ਬਲਜਿੰਦਰ ਸੰਘਾ, ਮੰਗਲ ਚੱਠਾ ਅਤੇ ਰੇਡੀਓ ਸੁਰਸਾਗਰ ਵੱਲੋਂ ਰਣਜੀਤ ਸਿੱਧੂ ਨੇ ਕੈਲਗਰੀ ਦੇ ਲੇਖਕ ਮਹਿੰਦਰਪਾਲ ਸਿੰਘ ਪਾਲ, ਲਾਡੀ ਪੱਡਾ, ਪੁਨੀਤ ਰਿਆੜ, ਜ਼ੋਰਾ ਸਿੰਘ ਝੱਜ, ਅਜੈਬ ਸਿੰਘ ਮਾਨ ਆਦਿ ਨੂੰ ਉਹਨਾਂ ਦੇ ਵੱਖ-ਵੱਖ ਖੇਤਰਾਂ ਵਿਚ ਯੋਗਦਾਨ ਲਈ ਸਨਮਾਨਚਿੰਨ ਭੇਂਟ ਕੀਤੇ।