ਕੈਲਗਰੀ ਦੇ ਸੰਜੀਦਾ ਸ਼ਾਇਰ ਮਹਿੰਦਰਪਾਲ ਸਿੰਘ ਪਾਲ ਨੂੰ ਦਿੱਤਾ ਜਾਵੇਗਾ ਨੰਦ ਲਾਲ ਨੂਰਪੁਰੀ ਸਨਮਾਨ
ਬਲਜਿੰਦਰ ਸੰਘਾ- ਇੰਡੋ-ਕੈਡੀਅਨ ਆਟਿਸਟ ਕਲੱਬ ਕੈਲਗਰੀ ਇਸ ਉਦੇਸ਼ ਨਾਲ ਬਣਾਈ ਗਈ ਬਿਨਾ ਲਾਭ ਸੰਸਥਾ ਹੈ ਜਿਸਦਾ ਉਦੇਸ਼ ਸਾਹਿਤ, ਸ਼ੋਸ਼ਲ ਅਤੇ ਕਲਾ ਦੇ ਹੋਰ ਖੇਤਰਾਂ ਵਿਚ ਸਥਾਪਿਤ ਹੋ ਰਹੇ ਅਤੇ ਹੋ ਚੁੱਕੇ ਯੋਗ ਕਲਾਕਾਰਾਂ ਅਤੇ ਸਨਮਾਨਯੋਗ ਹਸਤੀਆਂ ਨੂੰ ਹੋਰ ਮੌਕੇ ਪ੍ਰਦਾਨ ਕਰਨਾ ਅਤੇ ਉਹਨਾਂ ਦੇ ਚੰਗੇ ਕੰਮਾਂ ਲਈ ਸਨਮਾਨ ਕਰਨਾ ਹੈ ਅਤੇ ਨਾਲ ਹੀ ਕੈਨੇਡਾ ਦੀ ਸਥਾਨਿਕ ਕਲਾਕਾਰੀ ਨੂੰ ਪਲੇਟਫਾਰਮ ਪ੍ਰਦਾਨ ਕਰਨਾ ਵੀ ਹੈ। ਜਿੱਥੇ ਪਿਛਲੇ ਦੋ ਸਾਲਾਂ ਵਿਚ ਇਸ ਸੰਸਥਾਂ ਵੱਲੋਂ ਕੈਲਗਰੀ ਵਿਚ ਸਲਾਨਾ ਸਮਾਗਮ ਕਰਕੇ ਸਮਾਜ ਦੇ ਹਰ ਖੇਤਰ ਵਿਚ ਯੋਗਦਾਨ ਪਾਉਣ ਵਾਲੀਆਂ ਹਸਤੀਆਂ ਦਾ ਸਨਮਾਨ ਕੀਤਾ ਜਾ ਚੁੱਕਾ ਹੈ ਅਤੇ ਇਸ ਵਾਰ ਆਪਣਾ ਸਲਾਨਾ ਸਮਾਗਮ ਅਲਬਰਟਾ ਦੇ ਸ਼ਹਿਰ ਐਡਮਿੰਟਨ ਵਿਚ ਗਿਆਰਾਂ ਨਵੰਬਰ ਦਿਨ ਸ਼ੁੱਕਰਵਾਰ ਨੂੰ ਠੀਕ ਬਾਰਾਂ ਵਜੇ ਮਹਾਰਾਜਾ ਬੈਕੁੰਟ ਹਾਲ ਵਿਚ ਰੇਡੀਓ ਸੁਰ-ਸਾਗਰ ਅਤੇ ਮੌਜਿਕ ਆਰਟਸ ਐਸ਼ੋਸੀਏਸ਼ਨ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਜਿੱਥੇ ਇਸ ਸਮਾਗਮ ਵਿਚ ਹੋਰ ਖੇਤਰਾਂ ਵਿਚ ਕੰਮ ਕਰ ਰਹੀਆਂ ਹਸਤੀਆਂ ਦਾ ਵੱਖ-ਵੱਖ ਪੁਰਸਕਾਰਾਂ ਨਾਲ ਸਨਮਾਨ ਕੀਤਾ ਜਾ ਰਿਹਾ ਹੈ ਉੱਥੇ ਹੀ ਇਸ ਸਾਲ ਦਾ ਸਾਹਿਤਕ ਨੰਦ ਲਾਲ ਨੂਰਪੁਰੀ ਸਨਮਾਨ ਕੈਲਗਰੀ ਦੇ ਸੰਜੀਦਾ ਸ਼ਾਇਰ ਅਤੇ ਮਨੁੱਖੀ ਕਦਰਾਂ-ਕੀਮਤਾਂ ਦੇ ਹਾਮੀ ਮਹਿੰਦਰਪਾਲ ਸਿੰਘ ਪਾਲ ਨੂੰ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਬਚਪਨ ਤੋਂ ਹੀ ਲਿਖਣ ਦਾ ਸ਼ੌਕ ਰੱਖਣ ਵਾਲਾ ਇਹ ਸ਼ਾਇਰ ਬਹੁਤ ਹੀ ਮਿਲਾਪੜਾ, ਨਿਮਰ ਅਤੇ ਇਨਸਾਨੀਅਤ ਦੀਆ ਡੂੰਘੀਆਂ ਕਦਰਾਂ-ਕੀਮਤਾਂ ਰੱਖਣ ਵਾਲਾ ਇਨਸਾਨ ਹੈ। ਉਸਦਾ ਪਿੰਡ ਹੇੜੀਆਂ ਜ਼ਿਲ੍ਹਾ ਨਵਾਂ ਸ਼ਹਿਰ ਵਿਚ ਹੈ। ਲਿਖ਼ਣ ਦਾ ਪ੍ਰਭਾਵ ਉਨ੍ਹਾਂ ਆਪਣੇ ਪਿਤਾ ਮਰਹੂਮ ਬਿਸੰæਭਰ ਸਿੰਘ ਸਾਕੀ ਤੋਂ ਅਤੇ ਉਹਨਾਂ ਦੇ ਲੇਖਣੀ ਸਬੰਧਾਂ ਤੋ ਕਬੂਲਿਆ ਕਿਉਂਕਿ ਜਿੱਥੇ ਉਹ ਪੰਜਾਬੀ ਦੇ ਪ੍ਰਸਿੱਧ ਕਵੀ ਸਨ ਅਤੇ ਇੰਗਲੈਂਡ ਵਿਚ ਰਹਿੰਦੇ ਹੋਣ ਕਰਕੇ ਮਹਿੰਦਰਪਾਲ 1970 ਵਿਚ ਇੰਗਲੈਂਡ ਆ ਗਿਆ ਅਤੇ ਆਪਣੇ ਘਰ ਲੱਗਦੀਆਂ ਸ਼ਾਇਰਾਂ ਅਤੇ ਲੇਖਕਾਂ ਦੀਆਂ ਮਹਿਫ਼ਲਾਂ ਜਿਸ ਵਿਚ ਗੁਰਦਾਸ ਰਾਮ ਆਲਮ ਅਤੇ ਸ਼ਿਵ ਕੁਮਾਰ ਬਟਾਵਲੀ ਵੀ ਹਾਜ਼ਰ ਹੋਇਆ ਕਰਦੇ ਸਨ ਅਚੇਤ ਹੀ ਮਹਿੰਦਰਪਾਲ ਸਿੰਘ ਪਾਲ ਨੂੰ ਲੇਖਣੀ ਦੇ ਗੁਣਾਂ ਦੀ ਪਰਪੱਕਤਾ ਬਖ਼ਸ਼ਦੀਆਂ ਗਈਆਂ। ਫਿਰ ਜ਼ਿੰਦਗੀ ਦੇ ਸਫ਼ਰ ਦੇ ਚਲਦਿਆਂ 1982 ਮਹਿੰਦਰਪਾਲ ਨੇ ਕੈਨੇਡਾ ਨੂੰ ਆਪਣਾ ਦੇਸ਼ ਬਣਾ ਲਿਆ ਤੇ ਕੈਲਗਰੀ ਸ਼ਹਿਰ ਵਿਚ ਰਹਿੰਦਿਆਂ ਹੋਇਆ ਮਹਰੂਮ ਇਕਬਾਲ ਅਰਪਨ ਜੀ ਦੀ ਅਗਵਾਈ ਹੇਠ 1999 ਵਿਚ ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਦਾ ਮੈਂਬਰ ਅਤੇ ਫਿਰ ਕਾਰਜਕਾਰੀ ਮੈਂਬਰ, ਖਜ਼ਨਾਚੀ, ਸਹਾਇਕ ਸਕੱਤਰ, ਸਕੱਤਰ ਅਤੇ ਪ੍ਰਧਾਨ ਦੇ ਆਹੁਦੇ ਦੀ ਨਿਸ਼ਕਾਮ ਜ਼ਿੰਮੇਵਾਰੀ ਨਾਲ ਨਿਭਾਈ। ਉਹਨਾਂ ਦਾ ਪਹਿਲਾ ਗ਼ਜ਼ਲ ਸੰਗ੍ਰਹਿ ‘ਨਵੇਂ ਸਵੇਰੇ ਨਵੀਆਂ ਮਹਿਕਾਂ’ ਸਾਲ 2003 ਛਪਿਆ। ਦੂਸਰਾ ਗ਼ਜ਼ਲ ਸੰਗ੍ਰਹਿ ‘ਖਮੋਸ਼ੀਆਂ’ ਸਾਲ 2008 ਵਿਚ ਪ੍ਰਕਾਸ਼ਿਤ ਹੋਇਆ। ਸਾਲ 2011 ਉਹ ਆਪਣੀ ਸ਼ਾਇਰੀ ਦੇ ਹੋਰ ਸੂਖ਼ਮ ਅਤੇ ਮਨੁੱਖਵਾਦੀ ਰੰਗ ਨਵੀਂ ਕਿਤਾਬ ‘ਆਲ੍ਹਣਾ’ ਰਾਹੀ ਸਾਹਿਤਕ ਖੇਤਰ ਵਿਚ ਭਰਪੂਰ ਹਾਜ਼ਰੀ ਲਵਾਈ, ਇਸ ਕਿਤਾਬ ਵਿਚ ਉਹਨਾਂ ਦੀਆਂ ਕੁਝ ਰੁਬਾਈਆਂ ਸਮੇਤ 79 ਗ਼ਜ਼ਲਾਂ ਅਤੇ ਕਵਿਤਾਵਾਂ ਦਰਜ਼ ਹਨ, 2015 ਵਿਚ ‘ਨਵ-ਤਰੰਗ’ ਮਹਿੰਦਰਪਾਲ ਸਿੰਘ ਪਾਲ ਦੇ ਇਸ ਕਿਤਾਬ ਵਿਚ ਪਿਆਰ ਮੁਹੱਬਤ ਤੋਂ ਬਿਨਾਂ- ਧਰਮ, ਨਸਲਵਾਦ, ਜਾਤ-ਪਾਤ ਅਤੇ ਮਨੁੱਖਤਾ ਦੇ ਹੋਰ ਮਸਲਿਆਂ ਬਾਰੇ ਬੜੀ ਸੂਖ਼ਮ ਅਤੇ ਮਨੁੱਖਤਾ ਦਾ ਭਲਾ ਮੰਗਦੀ ਤਰਕਵਾਦੀ ਕਵਿਤਾ ਅਤੇ ਗ਼ਜ਼ਲ ਦਰਜ਼ ਹੈ। ਜਿਸ ਵਿਚ ਉਸਦੀ ਕੋਮਲ ਅਤੇ ਮਨੁੱਖਵਾਦੀ ਸੋਚ ਦੇ ਦਰਸ਼ਨ ਹੁੰਦੇ ਹਨ। ਉਹ ਮਨੁੱਖ ਨੂੰ ਮਨੁੱਖ ਦੇ ਭੇਸ ਵਿਚ ਬੈਠੇ ਸ਼ੈਤਾਨਾਂ ਤੋਂ ਅਗਾਂਹ ਵੀ ਕਰਦਾ ਹੈ ਕਿ ਇਹ ਸ਼ੈਤਾਨ ਮਨੁੱਖ ਨੂੰ ਮਨੁੱਖ ਨਾਲ ਕਦੇ ਜਾਤਾਂ ਦੇ ਨਾਮ ਉੱਪਰ, ਕਦੇ ਧਰਮਾਂ ਦੇ ਨਾਮ ਉੱਪਰ ਲੜਾਉਂਦੇ ਹਨ ਤੇ ਆਪਣਾ ਉੱਲੂ ਸਿੱਧਾ ਕਰਦੇ ਹਨ। ਇੰਡੋ-ਕੈਨੀਅਨ ਆਰਟਿਸਟ ਕਲੱਬ ਉਹਨਾਂ ਦਾ ਸਾਹਿਤਕ ਯੋਗਦਾਨ ਲਈ ਸਮਨਾਮ ਕਰਨ ਤੇ ਵਧਾਈ ਦਾ ਹੱਕਦਾਰ ਹੈ। ਕਲੱਬ ਦੇ ਸਰਪ੍ਰਸਤ ਬਲਵੀਰ ਗੋਰਾ ਅਤੇ ਕਾਰਜਕਾਰੀ ਕਮੇਟੀ ਜਿਸ ਵਿਚ ਪਰਮ ਸੂਰੀ, ਤਰਨਜੀਤ ਮੰਡ, ਫਤਿਹਜੀਤ ਅਤੇ ਬਲਜਿੰਦਰ ਸੰਘਾ ਸ਼ਾਮਿਲ ਹਨ ਸਭ ਨੂੰ ਇਸ ਫ਼ਰੀ ਇੰਟਰੀ ਪਰੋਗਰਾਮ ਵਿਚ ਸ਼ਾਮਿਲ ਹੋਣ ਦਾ ਖੁੱਲ੍ਹਾਂ ਸੱਦਾ ਹੈ। ਗਾਇਕ ਉਪਿੰਦਰ ਮਠਾੜੂ, ਬਿੰਦੀ ਬਰਾੜ, ਪੁਨੀਤ ਰਿਆੜ ਆਦਿ ਇਸ ਸਮਾਗਮ ਦਾ ਮੁੱਖ ਅਕਾਰਸ਼ਨ ਹੋਣਗੇ।