ਕੈਲਗਰੀ (ਮਹਿੰਦਰਪਾਲ ਸਿੰਘ ਪਾਲ); ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਸਤੰਬਰ ਮਹੀਨੇ ਦੀ ਮਾਸਿਕ ਇਕੱਤਰਤਾ 18 ਸਤੰਬਰ ਨੂੰ ਕੋਸੋ ਦੇ ਹਾਲ ਵਿਚ ਹੋਈ। ਮੀਟਿੰਗ ਦੀ ਸ਼ੁਰੂਆਤ ਵਿਚ ਸਕੱਤਰ ਰਣਜੀਤ ਸਿੰਘ ਨੇ ਪ੍ਰਧਾਨ ਤਰਲੋਚਨ ਸਿੰਘ ਸੈਹਿੰਬੀ ਅਤੇ ਡਾ. ਮਨਮੋਹਨ ਸਿੰਘ ਬਾਠ ਨੂੰ ਪ੍ਰਧਾਨਗੀ ਮੰਡਲ ਵਿਚ ਸ਼ਾਮਿਲ ਹੋਣ ਲਈ ਸੱਦਾ ਦਿੱਤਾ।
ਰਚਨਾਵਾਂ ਦੇ ਦੌਰ ਵਿਚ ਦੋ ਅਹਿਮ ਲੇਖ ਪੜ੍ਹੇ ਗਏ। ਪਹਿਲਾ ਲੇਖ ਗੁਰਬਚਨ ਬਰਾੜ ਨੇ ਮਸ਼ਹੂਰ ਗ਼ਜ਼ਲਗੋ ਡਾ. ਜਗਤਾਰ ਬਾਰੇ ਪਡ਼੍ਹਿਆ, ਜਿਸ ਵਿਚ ਉਨ੍ਹਾਂ ਡਾ. ਜਗਤਾਰ ਦੇ ਜੀਵਨ ਅਤੇ ਲਿਖਤਾਂ ’ਤੇ ਵਿਸਥਾਰ ਵਿਚ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਡਾ. ਜਗਤਾਰ ਦਾ ਜਨਮ 1935 ਵਿਚ ਇੱਕ ਮੱਧ ਸ਼੍ਰੇਣੀ ਦੇ ਪਰਿਵਾਰ ਵਿਚ ਹੋਇਆ। ਉਨ੍ਹਾਂ ਆਪਣੇ ਜੀਵਨ ਕਾਲ ਵਿਚ 32 ਕਿਤਾਬਾਂ ਸਾਹਿਤ ਜਗਤ ਦੀ ਝੋਲੀ ਵਿਚ ਪਾਈਆਂ। ਡਾ. ਜਗਤਾਰ ਨੂੰ ਭਾਵੇਂ ਉਨ੍ਹਾਂ ਦੀ ਪ੍ਰਗਤੀਸ਼ੀਲ ਗ਼ਜ਼ਲਾਂ ਕਾਰਨ ਜਾਣਿਆ ਜਾਂਦਾ ਹੈ ਪਰ ਉਨ੍ਹਾਂ ਨੇ ਸ਼ੁਰੂਆਤ ਵਿਚ ਜਗਤਾਰ ਪਪੀਹਾ ਦੇ ਨਾਮ ਹੇਠ ਪਿਆਰ ਮੁਹੱਬਤ ਦੇ ਗੀਤ ਅਤੇ ਕਵਿਤਾਵਾਂ ਵੀ ਲਿਖੀਆਂ। ਪਰ 1965 ਤੋਂ ਬਾਅਦ ਉਨ੍ਹਾਂ ਨੇ ਸਮੇਂ ਦੀ ਨਕਸਲਬਾੜੀ ਲਹਿਰ ਵਿਚ ਆਪਣੀਆਂ ਗ਼ਜ਼ਲਾਂ ਰਾਹੀ ਯੋਗਦਾਨ ਪਾਇਆ। ਉਨ੍ਹਾਂ ਨੇ ਪਾਕਿਸਤਾਨੀ ਪੰਜਾਬੀ ਕਵਿਤਾ ’ਤੇ ਪੀ ਐਚ ਡੀ ਕੀਤੀ ਅਤੇ ਇਸ ਦੌਰਾਨ ਕਈ ਬਾਰ ਪਾਕਿਸਤਾਨ ਜਾ ਕੇ ਰਹੇ। ਉਨ੍ਹਾਂ ਦਾ ਇਹ ਵੀ ਮੰਨਣਾ ਸੀ ਕਿ ਉਰਦੂ ਅਤੇ ਫ਼ਾਰਸੀ ਦੇ ਮੁਕਾਬਲੇ ਪੰਜਾਬੀ ਵਿਚ ਵਧੀਆ ਗ਼ਜ਼ਲ ਲਿਖੀ ਜਾ ਰਹੀ ਹੈ। 1992 ਵਿਚ ਉਨ੍ਹਾਂ ਨੂੰ ਸਾਹਿਤ ਅਕਾਦਮੀ ਪੁਰਸਕਾਰ ਨਾਲ ਨਿਵਾਜਿਆ ਗਿਆ। 2010 ਵਿਚ ਉਹ ਸੰਸਾਰ ਨੂੰ ਸਦੀਵੀ ਵਿਛੋੜਾ ਦੇ ਗਏ ਪਰ ਉਨ੍ਹਾਂ ਦੀ ਮਹਾਨ ਰਚਨਾਵਾਂ ਸਦਕਾ ਪੰਜਾਬੀ ਜਗਤ ਉਨ੍ਹਾਂ ਨੂੰ ਯਾਦ ਕਰਦਾ ਰਹੇਗਾ। ਗੁਰਬਚਨ ਬਰਾੜ ਨੇ ਉਨ੍ਹਾਂ ਦੀਆਂ ਗ਼ਜ਼ਲਾਂ ਅਤੇ ਸ਼ਿਅਰ ਵੀ ਹਾਜ਼ਰੀਨ ਨਾਲ ਸਾਂਝੇ ਕੀਤੇ।
ਦੂਸਰਾ ਲੇਖ ਹਰੀਪਾਲ ਵੱਲੋਂ ਵਾਤਾਵਰਨ ਦੀ ਤਬਦੀਲੀ (Climate Change) `ਤੇ ਪੜ੍ਹਿਆ, ਜੋ ਨਾਮਵਰ ਲੇਖਕ ਨੋਅਮ ਚੌਮਸਕੀ ਦੀ ਕਿਤਾਬ ਚੋਂ ਹਵਾਲਿਆਂ ਦੇ ਆਧਾਰ ’ਤੇ ਲਿਖਿਆ ਗਿਆ ਸੀ। ਇਸ ਲੇਖ ਵਿਚ ਹਰੀਪਾਲ ਨੇ ਦੱਸਿਆ ਕਿ ਕਿਸ ਤਰਾਂ ਅੱਜ ਦੇ ਮਸ਼ੀਨੀ ਯੁੱਗ ਵਿਚ ਤਾਪਮਾਨ ਵੱਧ ਰਿਹਾ ਹੈ ਅਤੇ ਜੇ ਇਸ ਨੂੰ ਠੱਲ੍ਹ ਨਾ ਪਾਈ ਤਾਂ ਸਾਰੇ ਜਗਤ ਲਈ ਬਹੁਤ ਹੀ ਖ਼ਤਰਨਾਕ ਹਾਲਾਤ ਬਣ ਜਾਣਗੇ। ਭਾਵੇਂ ਅੰਤਰਰਾਸ਼ਟਰੀ ਪੱਧਰ ’ਤੇ ਕਈ ਸਮਝੌਤੇ ਹੋ ਚੁੱਕੇ ਹਨ ਪਰ ਸਰਕਾਰਾਂ ਅਤੇ ਕਾਰਪੋਰੇਸ਼ਨਾਂ ਦੀ ਪੂੰਜੀਵਾਦੀ ਸੋਚ ਮੁਨਾਫ਼ੇ ਦੇ ਲਾਲਚ ਵਿਚ ਉਨ੍ਹਾਂ ਸਮਝੌਤਿਆਂ ’ਤੇ ਪੂਰਾ ਨਹੀਂ ਉੱਤਰ ਰਹੇ। ਇਹਨਾਂ ਵਿਚੋਂ ਤੇਲ ਦੀਆਂ ਕੰਪਨੀਆਂ ਬਹੁਤ ਹੱਦ ਤਕ ਜ਼ਿੰਮੇਵਾਰ ਹਨ।
ਇਸ ਰਚਨਾਵਾਂ ਦੇ ਦੌਰ ਵਿਚ ਹਰਮਿੰਦਰ ਕੌਰ ਢਿੱਲੋਂ, ਡਾ. ਮਨਮੋਹਨ ਸਿੰਘ ਬਾਠ, ਸਰਵਣ ਸਿੰਘ ਸੰਧੂ, ਸਰੂਪ ਸਿੰਘ ਮੰਡੇਰ, ਮਹਿੰਦਰਪਾਲ ਸਿੰਘ ਪਾਲ, ਹਰਨੇਕ ਸਿੰਘ ਬੱਧਣੀ, ਯੁਵਰਾਜ ਸਿੰਘ, ਮਾ. ਅਜੀਤ ਸਿੰਘ, ਸੁਖਵਿੰਦਰ ਸੰਘ ਤੂਰ, ਤਰਲੋਚਨ ਸੈਹਿੰਬੀ ਨੇ ਆਪਣੀਆਂ ਰਚਨਾਵਾਂ ਸਾਂਝਿਆਂ ਕੀਤੀਆਂ। ਦਵਿੰਦਰ ਮਲਹਾਂਸ ਨੇ ਇੱਕ ਛੋਟੀ ਪਰ ਖ਼ੂਬਸੂਰਤ ਕਹਾਣੀ ਸਾਂਝੀ ਕੀਤੀ।
ਬਲਜਿੰਦਰ ਸੰਘਾ ਨੇ ਅਜੋਕੇ ਦੌਰ ਦੀਆਂ ਪੰਜਾਬੀ ਫ਼ਿਲਮਾਂ ਅਤੇ ਗੀਤਾਂ ਵਿਚ ਆ ਗਏ ਨਿਘਾਰ ਬਾਰੇ ਚਿੰਤਾ ਜ਼ਾਹਿਰ ਕੀਤੀ। ਜਗਦੀਸ਼ ਸਿੰਘ ਚੋਹਕਾ ਨੇ ਗੁਰਬਚਨ ਬਰਾਡ਼ ਦੇ ਡਾ. ਜਗਤਾਰ ਬਾਰੇ ਲੇਖ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਵਿਛੋਡ਼ਾ ਦੇ ਗਏ ਸਾਹਿਤਕਾਰਾਂ ਨੂੰ ਯਾਦ ਕਰਨਾ ਇੱਕ ਬਹੁਤ ਚੰਗਾ ਕਦਮ ਹੈ। ਤਰਲੋਕ ਸਿੰਘ ਚੁੱਘ ਨੇ ਆਪਣੀ ਚੁਟਕਲਿਆਂ ਦੀ ਪਟਾਰੀ ਖੋਲ੍ਹ ਕੇ ਸਭ ਨੂੰ ਹੱਸਣ ਲਈ ਮਜਬੂਰ ਕੀਤਾ।
ਅਖੀਰ ਵਿਚ ਪ੍ਰਧਾਨ ਤਰਲੋਚਨ ਸੈਹਿੰਬੀ ਨੇ ਸਭ ਹਾਜ਼ਰੀਨ ਦਾ ਆਪਣਾ ਕੀਮਤੀ ਸਮਾ ਅਤੇ ਵਿਚਾਰਾਂ ਦੀ ਸਾਂਝ ਪਾਉਣ ਲਈ ਧੰਨਵਾਦ ਕੀਤਾ। ਮੰਗਲ ਚੱਠਾ ਵੱਲੋਂ ਉਸ ਦੀ ਬੇਟੀ ਦੇ ਜਨਮ ਦਿਨ ਦੀ ਖ਼ੁਸ਼ੀ ਵਿਚ ਚਾਹ ਪਾਣੀ ਦੀ ਸੇਵਾ ਕੀਤੀ ਗਈ। ਫ਼ੋਟੋਗਰਾਫ਼ੀ ਦੀ ਸੇਵਾ ਬਲਜਿੰਦਰ ਸੰਘਾ ਵੱਲੋਂ ਨਿਭਾਈ ਗਈ। ਸਭਾ ਦੀ ਸਤੰਬਰ ਮਹੀਨੇ ਦੀ ਮੀਟਿੰਗ 21 ਅਕਤੂਬਰ ਨੂੰ ਹੋਵੇਗੀ, ਵਧੇਰੇ ਜਾਣਕਾਰੀ ਲਈ ਪਾਠਕ ਲਈ ਤਰਲੋਚਨ ਸੈਹਿੰਬੀ ਨਾਲ 403-827-1483 ਜਾਂ ਬਲਬੀਰ ਗੋਰਾ ਨਾਲ 403-472-2662 ‘ਤੇ ਸੰਪਰਕ ਕਰ ਸਕਦੇ ਹਨ।