ਸਿੱਖ ਧਰਮ ਵਿਚ ਸਿਰੋਪਾ (ਸਿਰੋਪਾਓ) ਸਭ ਤੋਂ ਵੱਡਾ ਸਨਮਾਨ ਹੈ ਅਤੇ ਮੇਰੀ ਸਮਝ ਅਨੁਸਾਰ ਉਸ ਇਨਸਾਨ ਨੂੰ ਦਿੱਤਾ ਜਾਂਦਾ ਸੀ ਜਿਸ ਨੇ ਸਿੱਖ ਧਰਮ ਦੀ ਚੜ੍ਹਦੀ ਕਲਾ ਲਈ ਕੋਈ ਵਿਸ਼ੇਸ਼ ਕੰਮ ਜਾਂ ਕੁਰਬਾਨੀ ਕੀਤੀ ਹੋਵੇ। ਪਰ ਅਜੋਕੇ ਯੁੱਗ ਵਿਚ ਸਾਡੇ ਧਾਰਮਿਕ ਲੀਡਰਾਂ ਅਤੇ ਪੰਥਕ ਸਰਕਾਰ ਦੇ ਰਾਜਨੀਤਕ ਚੌਧਰੀਆਂ ਨੇ ਇਸ ਪਵਿੱਤਰ ਸਨਮਾਨ ਦੀ ਇੰਨੀ ਕੁ ਦੁਰਵਰਤੋਂ ਕੀਤੀ ਕਿ ਢਾਈ ਮੀਟਰ ਦੇ ਕੱਪੜੇ ਤੋਂ ਵੱਧ ਇਸਦੀ ਕਦਰ ਨਹੀਂ ਰਹੀ। ਪੰਜਾਬ ਵਿਚ ਜਦੋਂ ਵੀ ਕੋਈ ਲੀਡਰ ਦਲਬਦਲੀ ਕਰਦਾ ਤਾਂ ਉਹਦੇ ਗਲ ਵਿਚ ਸਿਰੋਪਾ ਪਾ ਦਿੱਤਾ ਜਾਂਦਾ। ਭਾਵੇ ਉਹ ਸਿੱਖ ਹੋਵੇ ਜਾਂ ਨਾਂ, ਜੋਗਿੰਦਰਪਾਲ ਜੈਨ ਇੱਕ ਉਦਹਾਰਨ ਹੈ, ਸਾਰੇ ਪਰਿਵਾਰ ਉੱਪਰ ਕੁਰੱਪਸ਼ਨ ਦੇ ਅਨੇਕਾਂ ਕੇਸ ਚੱਲਦੇ ਹਨ, ਕੁਝ ਸਾਲ ਪਹਿਲਾ ਬਾਦਲ ਸਾਹਬ੍ਹ ਨੇ ਸਿਰੋਪਾ ਪਾ ਕੇ ਅਕਾਲੀ ਦਲ ਵਿਚ ਸ਼ਾਮਿਲ ਕਰ ਲਿਆ। ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਨਰਿੰਦਰ ਮੋਦੀ ਦੇ ਜਗਰਾਓ ਰੈਲੀ ਸਮੇਂ ਸਿਰ ਤੇ ਕਲਗੀਧਰ ਪਾਤਸ਼ਾਹ ਦੀ ਬਖ਼ਸ਼ੀ ਦਸਤਾਰ ਰੱਖ ਦਿੱਤੀ ਨਾਲੇ ਸਿਰੋਪਾ ਤੇ ਕਿਰਪਾਨ ਭੇਂਟ ਕੀਤੀ। ਇਹੀ ਕੁਝ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਚੌਧਰੀਆਂ ਨੇ ਰਾਹੁਲ ਗਾਂਧੀ ਅਤੇ ਅਰਵਿੰਦ ਕੇਜਰੀਵਾਲ ਨੂੰ ਦਸਤਾਰ, ਸਿਰੋਪਾ ਤੇ ਕਿਰਪਾਨ ਨਾਲ ਸਨਮਾਨਿਤ ਕਰਕੇ ਕੀਤਾ। ਕੀ ਦਸਤਾਰ ਕੋਈ ਟੋਪੀ ਹੈ ਕਿ ਜਿਸਦੇ ਮਰਜ਼ੀ ਸਿਰਤੇ ਰੱਖ ਦਿਓ?
ਦਿੱਲੀ ਵਿਚ ਤਾਂ ਸਰਨਾ ਭਰਾਵਾਂ ਨੇ ਇਸ ਤੋਂ ਵੀ ਸਿਰੇ ਲਾ ਦਿੱਤੀ, ਸਿੱਖਾਂ ਦੇ ਕਾਤਲ ਜਗਦੀਸ਼ ਟਾਈਟਲਰ ਨੂੰ ਸਿਰੋਪਾ ਵੀ ਦਿੱਤਾ ਤੇ ਕਿਰਪਾਨ ਵੀ ਭੇਂਟ ਕੀਤੀ,ਨਾਲੇ ਕਹਿੰਦੇ ਹੋਣੇ ਨੇ ਕਿ ਲੈ ਬਈ ਸੱਜਣਾ ਜੇ 1984 ਵਿਚ ਕੋਈ ਕਸਰ ਰਹਿ ਗਈ ਸੀ ਤਾਂ ਕਿਰਪਾਨ ਅਸੀਂ ਤੈਨੂੰ ਦਿੰਨੇ ਆ ਰਹਿੰਦੀ ਕਸਰ ਵੀ ਕੱਢ ਲਈ। ਵਿਦੇਸ਼ਾਂ ਵਿਚ ਵੱਸਦੇ ਸਿੱਖ ਧਾਰਿਮਕ ਅਦਾਰੇ ਵੀ ਪਿੱਛੇ ਨਹੀਂ ਰਹੇ। ਹਰ ਸਾਲ ਵਿਸਾਖ਼ੀ ਮੌਕੇ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿਚ ਨਗਰ ਕੀਰਤਨ ਹੁੰਦੇ ਹਨ ਜਿੱਥੇ ਬਹੁਤ ਸਾਰੇ ਨੌਨ-ਸਿੱਖ ਭਾਵ ਦੂਸਰੀ ਕਮਿਊਨਟੀ ਨਾਲ ਸਬੰਧਤ ਰਾਜਨੀਤਕ ਲੀਡਰ (ਗੋਰੇ) ਸ਼ਾਮਿਲ ਹੁੰਦੇ ਹਨ। ਬਹੁਤੀ ਵਾਰ ਦੇਖਣ ਵਿਚ ਆਇਆ ਹੈ ਕਿ ਸਾਡੇ ਗੁਰਦਾਰਿਆਂ ਦੇ ਧਾਰਮਿਕ ਲੀਡਰਾਂ ਵੱਲੋਂ ਉਹਨਾਂ ਦੇ ਗਲਾਂ ਵਿਚ ਵੀ ਸਿਰੋਪਾ ਪਾ ਕੇ ਅਤੇ ਕਿਰਪਾਨ ਦੇ ਕੇ ਸਨਾਮਨਿਤ ਕੀਤਾ ਜਾਂਦਾ ਹੈ। ਹੁਣ ਗੋਰਿਆਂ ਨੂੰ ਕੋਈ ਪਤਾ ਨਹੀਂ ਕਿ ਸਿਰੋਪੇ ਦਾ ਕੀ ਮਤਲਬ ਹੈ। ਹੁਣ ਉਹ ਭਾਵੇ ਉਸ ਨਾਲ ਜੁੱਤੀਆਂ ਸਾਫ਼ ਕਰਨ ਜਾਂ ਕਾਰਾਂ ਸਾਫ਼ ਕਰਨ ਇਹ ਉਹਨਾਂ ਦੀ ਮਰਜ਼ੀ ਹੈ। ਕਿੰਨਾ ਚੰਗਾ ਹੋਵੇ ਜੇ ਸਾਡੇ ਵਿਦੇਸ਼ਾਂ ਵਿਚ ਵੱਸਦੇ ਧਾਰਮਿਕ ਅਦਾਰਿਆਂ ਦੇ ਲੀਡਰ ਗੈਰ ਸਿੱਖ ਲੀਡਰਾਂ ਨੂੰ ਸਿੱਖ ਇਤਿਹਾਸ ਨਾਲ ਸਬੰਧਤ ਅੰਗਰੇਜ਼ੀ ਵਿਚ ਤਰਜਮਾ ਹੋ ਚੁੱਕੀਆਂ ਕਿਤਾਬਾਂ ਦੇ ਕੇ ਸਨਮਾਨਿਤ ਕਰਨ ਤਾਂ ਕਿ ਉਹਨਾਂ ਨੂੰ ਸਿੱਖ ਇਤਿਹਾਸ ਅਤੇ ਕਲਚਰ ਬਾਰੇ ਜ਼ਿਆਦਾ ਸਮਝ ਆ ਸਕੇ।
ਪਿੱਛੇ ਜਿਹੇ ਕੈਨੇਡਾ ਦੀ ਪਾਰਲੀਮੈਂਟ ਵਿਚ ਵਿਸਾਖੀ ਮਨਾਈ ਗਈ ਜਿੱਥੇ ਕੈਨੇਡਾ ਦੇ ਮਾਣਯੋਗ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਸਿਰੋਪਾ ਅਤੇ ਕਿਰਪਾਨ ਭੇਂਟ ਕੀਤੀ ਅਤੇ ਪ੍ਰਧਾਨ ਮੰਤਰੀ ਨੇ ਬੜੇ ਹੀ ਅਦਬ ਸਤਿਕਾਰ ਨਾਲ ਸਵਿਕਾਰ ਕੀਤਾ। ਪਰ ਇਹ ਗੱਲ ਇੱਕ ਦਮ ਮੇਰੇ ਦਿਮਾਗ ਵਿਚ ਆਈ ਕਿ ਇਹੀ ਕਿਰਪਾਨ ਅਤੇ ਸਿਰੋਪਾ ਜਗਦੀਸ਼ ਟਾਈਟਲਰ ਅਤੇ ਨਰਿੰਦਰ ਮੋਦੀ ਨੂੰ ਵੀ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਹੁਣ ਜੇ ਸੋਚਿਆ ਜਾਵੇ ਕਿੱਥੇ ਪ੍ਰਧਾਨ ਮੰਤਰੀ ਜਸਰਿਨ ਟਰੂਡੋ ਦੀ ਸਖਸੀਅਤ ਅਤੇ ਕਿੱਥੇ ਟਾਈਟਲਰ ਅਤੇ ਮੋਦੀ। ਪਰ ਸਾਡੇ ਸਿੰਘਾਂ ਦੁਆਰਾ ਕੀਤਾ ਜਾਂਦਾ ਸਨਮਾਨ ਇੱਕੋ ਹੀ ਹੈ। ਜਸਟਿਨ ਟਰੂਡੋ ਨੇ ਜੋ ਇੱਜਤ-ਮਾਣ ਅਤੇ ਸਨਮਾਣ ਸਿੱਖ ਕੌਮ ਨੂੰ ਦਿੱਤਾ ਉਹ ਭਾਰਤ ਵਿਚ ਵੀ ਨਹੀਂ ਮਿਲਿਆ ਜਿਸ ਦੀ ਅਜ਼ਾਦੀ ਲਈ 80 ਪ੍ਰਤੀਸ਼ਤ ਕੁਰਬਾਨੀਆਂ ਸਿੱਖ ਕੌਮ ਨੇ ਦਿੱਤੀਆਂ। ਭਾਵੇ ਕਹਿਣ ਨੂੰ ਕਈ ਇਹ ਕਹਿੰਦੇ ਹਨ ਕਿ ਭਾਰਤ ਦੇ ਪ੍ਰਧਾਨ ਮੰਤਰੀ ਸਿੱਖ ਸਰਦਾਰ ਮਨਮੋਹਨ ਸਿੰਘ ਸੀ ਪਰ ਕਾਂਗਰਸ ਨੇ ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਇਸ ਕਰਕੇ ਨਹੀਂ ਸੀ ਬਣਾਇਆ ਕਿ ਉਹ ਸਿੱਖ ਸਨ ਬਲਕਿ ਇਸ ਲਈ ਬਣਾਇਆ ਸੀ ਕਿ ਕਾਂਗਰਸ ਕੋਲ ਕੋਈ ਇਮਾਨਦਾਰ, ਬੇ-ਦਾਗ ਅਤੇ ਕਾਬਲ ਸਖਸੀਅਤ ਨਹੀਂ ਸੀ ਜਿਸ ਤਰ੍ਹਾਂ ਦਾ ਚਿਹਰਾ ਭਾਰਤ ਦੇ ਲੋਕਾਂ ਨੂੰ ਦਿਖਾਕੇ ਲੋਕਾਂ ਤੋਂ ਵੋਟਾਂ ਲਈਆਂ ਜਾ ਸਕਣ। ਵੈਸੇ ਸੋਨੀਆ ਗਾਂਧੀ ਨੂੰ ਪਤਾ ਸੀ ਕਿ ਡਾਕਟਰ ਮਨਮੋਹਨ ਸਿੱੰਘ ਇਕ ਇਮਾਨਦਾਰ ਅਤੇ ਸਾਊ ਇਨਸਾਨ ਹਨ ਜਿਹਨਾਂ ਨੂੰ ਉਹ ਰਾਜਨੀਤਕ ਤੌਰ ਤੇ ਵਰਤ ਸਕਦੀ ਹੈ ਅਤੇ ਇਸ ਉਦੇਸ਼ ਲਈ ਰੱਜ ਕੇ ਵਰਤਿਆ ਵੀ।
ਕੈਨੇਡਾ ਦੇ ਹੋਰ ਸ਼ਹਿਰਾਂ ਵਾਂਗ ਇਸ ਸਾਲ ਸਾਡੇ ਅਲਬਰਟਾ ਦੀ ਰਾਜਧਾਨੀ ਐਡਮਿੰਟਨ ਦੀ ਅਸੈਬਲੀ ਵਿਚ ਵੀ ਵਿਸਾਖੀ ਦੇ ਜ਼ਸ਼ਨ ਮਨਾਏ ਗਏ। ਐਡਮਿੰਟਨ ਦੀ ਕਿਸੇ ਸਿੱਖ ਜੱਥੇਬੰਦੀ ਜਾਂ ਗਰੁੱਪ ਨੇ ਸਿੱਖ ਮਾਰਸ਼ਲ ਆਰਟ ਗੱਤਕੇ ਦੇ ਜੌਹਰ ਅਲੈਂਬਲੀ ਦੀ ਲੌਬੀ ਵਿਚ ਦਿਖਾਏ। ਮੈਂ ਉੱਥੇ ਹਾਜ਼ਰ ਤਾਂ ਨਹੀਂ ਸੀ ਪਰ ਕਿਸੇ ਸੱਜਣ ਨੇ ਵੀਡੀਓ ਬਣਾਕੇ ਫੇਸਬੁੱਕ ਤੇ ਪਾਈ ਹੋਈ ਸੀ, ਜੋ ਮੈਂ ਦੇਖਿਆ ਉਹ ਸੱਚਮੁੱਚ ਚਿੰਤਾ ਜਨਕ ਹੈ, 12-14 ਸਾਲ ਦੇ ਨਾ-ਬਾਲਗ ਬੱਚੇ ਨੰਗੀਆਂ ਕਿਰਪਾਨਾਂ ਨਾਲ ਅਸੈਂਬਲੀ ਦੀ ਲੌਬੀ ਵਿਚ ਗੱਤਕਾ ਖੇਡ ਰਹੇ ਸੀ ਅਤੇ ਕਿਰਪਾਨਾਂ ਦੀ ਟਣ-ਟਣ ਦੀ ਅਵਾਜ਼ ਸੁਣ ਰਹੀ ਸੀ। ਕਿਉਂਕਿ ਅਸੈਬਲੀ ਸੀ ਤਾਂ ਜ਼ਾਹਿਰ ਹੈ ਕਿ ਜ਼ਿਆਦਾਤਰ ਗੋਰੇ ਹੀ ਦੇਖ ਰਹੇ ਸਨ। ਸਾਡੇ ਨਗਰ ਕੀਰਤਨ ਵਿਚ ਗੱਤਕੇ ਦੇ ਜ਼ੌਹਰ ਦਿਖਾਏ ਜਾਣੇ ਵੱਖਰੀ ਗੱਲ ਹੈ। ਪਰ ਰਾਜਧਾਨੀ ਦੀ ਅਲੈਂਬਲੀ ਵਿਚ ਨਾ-ਬਾਲਗ ਬੱਚਿਆਂ ਦੇ ਹੱਥਾਂ ਵਿਚ ਨੰਗੀਆਂ ਕਿਰਪਾਨਾਂ ਫੜਾਕੇ ਸਾਡੀਆਂ ਸਿੱਖ ਜੱਥੇਬੰਦੀਆਂ ਕੀ ਸਾਬਿਤ ਕਰਨਾ ਚਾਹੁਉਂਦੀਆਂ ਹਨ ਕਿ ਅਸੀਂ ਲੜਾਕੇ ਹਾਂ ?
ਸਿੱਖ ਇਤਿਹਾਸ ਕੁਰਬਨੀਆਂ ਨਾਲ ਭਰਿਆ ਪਿਆ ਹੈ ਅਤੇ ਸਿੱਖੁ ਗੁਰੂ ਸਹਿਬਾਨ ਨੇ ਕੁਰਬਾਨੀਆਂ ਵੀ ਮਨੁੱਖਤਾ ਦੀ ਖ਼ਾਤਿਰ ਕੀਤੀਆਂ ਨੇ। ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਾਰਾ ਪਰਿਵਾਰ ਮਨੁੱਖਤਾ ਲਈ ਵਾਰ ਦਿੱਤਾ। ਜੇ ਗੋਰਿਆ ਨੂੰ ਕੁਝ ਦਿਖਾਉਣਾ ਚਾਹੁੰਦੇ ਹੋ ਤਾਂ ਦਿਖਾਓ, ਗੁਰੂ ਤੇਗ ਬਹਾਦਰ ਸਾਹਿਬ ਦੀ ਹਿੰਦੂਆਂ ਦੇ ਲਈ ਕੀਤੀ ਸ਼ਹਾਦਤ, ਦਿਖਾਓ ਛੋਟੇ ਸਾਹਿਬਜਾਦਿਆਂ ਦਾ ਇਤਿਹਾਸ, ਦਿਖਾਓ ਭਾਈ ਘਨਈਆਂ ਜੀ ਦੀ ਸਖਸੀਅਤ, ਦਿਖਾਓ ਭਗਤ ਪੂਰਨ ਸਿੰਘ ਦਾ ਇਤਿਹਾਸ, ਦਿਖਾਓ ਜਲਿਆਂ ਵਾਲੇ ਬਾਗ ਦਾ ਇਤਿਹਾਸ, ਦਿਖਾਓ ਸਿੱਖਾ ਦੀਆਂ ਭਾਰਤ ਲਈ ਕੀਤੀਆਂ ਕੁਰਬਾਨੀਆਂ, ਦਿਖਾਓ ਗਦਰੀ ਬਾਬਿਆਂ ਦਾ ਇਤਿਹਾਸ, ਦਿਖਾਓ ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ, ਰਾਜਗੂਰ, ਸੁਖਦੇਵ, ਸਰਾਭਾ ਅਤੇ ਹੋਰ ਅਨੇਕਾਂ ਸ਼ਹੀਦਾਂ ਦਾ ਇਤਿਹਾਸ। ਲਿਸਟ ਬਹੁਤ ਲੰਬੀ ਹੈ ਸਿੱਖ ਇਤਿਹਾਸ ਵਿਚ ਕੁਰਬਾਨੀਆਂ ਦੀ।
ਹੱਥ ਬੰਨ੍ਹਕੇ ਬੇਨਤੀ ਹੈ ਸਾਰੀਆਂ ਸਿੱਖ ਜੱਥੇਬੰਦੀਆਂ ਨੂੰ ਬਹੁਤ ਚਲਾ ਲਈਆਂ ਕਿਰਪਾਨਾਂ, ਵਿਦੇਸ਼ਾਂ ਵਿਚ ਕੋਈ ਗੁਰਦੁਆਰਾ ਬਚਿਆ ਨਹੀਂ ਹੋਣਾ ਜਿੱਥੇ ਕਬਜ਼ੇ ਲਈ ਕਿਰਪਾਨਾਂ ਨਾ ਚੱਲੀਆਂ ਹੋਣ ਅਤੇ ਇਹ ਸਭ ਕੁਝ ਗੋਰੇ ਅਖ਼ਬਾਰਾਂ ਦੇ ਮੁੱਖ ਪੰਨਿਆਂ ਅਤੇ ਟੀ ਵੀ ਚੈਨਲਾਂ ਉੱਪਰ ਦੇਖ ਚੁੱਕੇ ਹਨ। ਇਹ ਚਲਦੀਆਂ ਕਿਰਪਾਨਾਂ ਰੋਕਣ ਲਈ ਸਣੇ ਜੁੱਤੀਆਂ ਪੁਲਿਸ ਅਤੇ ਉਹਨਾਂ ਦੇ ਕੁੱਤੇ ਗੁਰਦੁਵਾਰਿਆਂ ਵਿਚ ਵੜ ਚੁੱਕੇ ਹਨ ਫਿਰ ਸਾਨੂੰ ਤਕਲੀਫ਼ ਵੀ ਬਹੁਤ ਹੁੰਦੀ ਹੈ ਕਿ ਪੁਲਿਸ ਸਣੇ ਜੁੱਤੀਆਂ ਅੰਦਰ ਕਿਉਂ ਆਈ। ਹੁਣ ਤਾਂ ਅਕਾਲ ਤਖ਼ਤ ਜੋ ਸਿੱਖਾਂ ਦਾ ਸਰਬ ਉੱਚ ਸਥਾਨ ਹੈ ਉੱਤੇ ਵੀ ਕਿਰਪਾਨਾਂ ਚੱਲ ਚੁੱਕੀਆਂ ਹਨ। ਰੱਬ ਦਾ ਵਾਸਤਾ ਬੱਸ ਕਰੋ, ਬਹੁਤ ਹੋ ਗਈ ਕਿਰਪਾਨ ਦੀ ਰਾਜਨੀਤੀ। ਵਿਦੇਸ਼ਾਂ ਵਿਚ ਦਸਤਾਰ ਅਤੇ ਅੰਮ੍ਰਿਤਧਾਰੀ ਸਿੱਖਾਂ ਦੇ ਸ੍ਰੀ ਸਾਹਿਬ ਲਈ ਬਹੁਤ ਸਾਰੀ ਜਦੋ-ਜਹਿਦ ਕਰਨੀ ਪਈ। ਹਾਲੇ ਵੀ ਵਕਤ ਹੈ ਕਿ ਅਸੀਂ ਗੁਰੂ ਨਾਨਕ ਦੀ ਸਿੱਖੀ ਕਿਰਤ ਕਰੋ, ਵੰਡ ਛਕੋ ਦੇ ਸਿਧਾਂਤ ਬਾਰੇ ਇਹਨਾਂ ਨੂੰ ਦੱਸੀਏ। ਗੁਰੂ ਸਾਹਿਬ ਦੇ ਸ਼ਹਿਨਸ਼ੀਲਤਾ, ਲੋੜਵੰਦ ਦੀ ਮਦਦ, ਹੱਕ-ਸੱਚ ਅਤੇ ਇਨਸਾਫ਼ ਵਾਲੇ ਸਿਧਾਂਤ ਬਾਰੇ ਇਹਨਾਂ ਨੂੰ ਜਾਣੂ ਕਰਵਾਇਆ ਜਾਵੇ। ਅੱਜ ਅਸੀਂ ਗਦਰੀ ਬਾਬਿਆਂ ਦੇ ਮੇਲੇ ਲਗਾਕੇ ਉਹਨਾਂ ਵੱਲੋਂ ਕੀਤੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹਾਂ ਕਿਉਂਕਿ ਉਹਨਾਂ ਨੇ ਨਾਂ ਸਿਰਫ਼ ਭਾਰਤ ਨੂੰ ਅਜ਼ਾਦ ਕਰਵਾਉਣ ਲਈ ਕੁਰਬਾਨੀਆਂ ਕੀਤੀਆਂ ਬਲਕਿ ਕੈਨੇਡਾ ਵਿਚ ਸਾਨੂੰ ਹੱਕ ਦਿਵਾਉਣ ਲਈ ਵੀ ਜੱਦੋ-ਜਹਿਦ ਕੀਤੀ। ਅੱਜ ਗਦਰੀ ਬਾਬਿਆਂ ਦੀ ਕੁਰਬਾਨੀ ਸਦਕਾ ਜਿੱਥੇ ਸਾਨੂੰ ਵੋਟ ਦਾ ਹੱਕ ਵੀ ਨਹੀਂ ਸੀ ਉੱਤੇ ਅੱਜ ਕੈਨੇਡਾ ਦੀ ਪਾਰਲੀਮੈਂਟ ਵਿਚ ਐਮ ਪੀ ਅਤੇ ਮੰਤਰੀ ਬਣਨ ਦੇ ਕਾਬਲ ਹੋਏ ਹਾਂ। ਆਓ ਅਸੀਂ ਕੁਝ ਅਜਿਹਾ ਕਰੀਏ ਕਿ ਸਾਡੀ ਆਉਣ ਵਾਲੀ ਕੌਮ ਸਾਡੇ ਚੰਗੇ ਕੰਮਾਂ ਕਰਕੇ ਸਾਨੂੰ ਯਾਦ ਕਰੇ। ਬਰਟ੍ਰੇਂਡ ਰਸਲ ਇਕ ਮਹਾਨ ਫਿਲਾਸਪਰ ਹੋਇਆ ਹੈ। ਉਸਨੇ 1950 ਵਿਚ ਸਿੱਖ ਧਰਮ ਬਾਰੇ ਕੁਝ ਅਜਿਹਾ ਲਿਖਿਆ ਸੀ।
Bertrand Russell was a great philosopher and freethinker, and is said to have given Christianity (same apply to Islam & Judaism) a body blow and exposed its absurdities: but even this great man got stuck when it came to Sikhism! In fact, he gave up and said “That if some lucky men survive the onslaught of the third world war of atomic and hydrogen bombs, then the Sikh will be the only means of guiding them”. Russell was asked that he was talking about the third world war, but is this religion capable of guiding mankind before the third world war? In reply, Russell said “yes, it has this capability”, but the Sikhs have not brought out in the broad daylight, the splendid doctrine of this religion which has come into existence for the benefit of the entire mankind. This is the greatest sin and the Sikhs cannot be freed of it, in some way he thought that Sikhs should go out and propagate their great faith.
ਜੇ ਥੋੜੇ ਸ਼ਬਦਾ ਵਿਚ ਕਹਿਣਾ ਹੋਵੇ ਤਾਂ ਬਾਰਟਰ ਰਸਲ ਨੇ ਇਹ ਸ਼ਬਦ 1950 ਵਿਚ ਕਹੇ ਸਨ ਕਿ ਜੇ ਕਿਤੇ ਦੁਨੀਆਂ ਵਿਚ ਤੀਸਰੀ ਜੰਗ ਹੋਈ ਜਿਹੜੀ ਕਿ ਐਟਮ ਬੰਬ ਅਤੇ ਹਾਈਡਰੋਜਨ ਬੰਬਾਂ ਨਾਲ ਲੜੀ ਜਾਵੇਗੀ, ਜਿਹੜੇ ਲੋਕ ਇਸ ਵਿਚੋਂ ਬਚ ਗਏ ਤਾਂ ਉਹਨਾਂ ਨੂੰ ਸਿੱਖ ਧਰਮ ਹੀ ਰਾਹ ਦਿਖਾ ਸਕੇਗਾ। ਕਿਸੇ ਨੇ ਉਸਨੂੰ ਪੁੱਛਿਆ ਕਿ ਜੇ ਸਿੱਖ ਧਰਮ ਇੰਨਾ ਹੀ ਮਹਾਨ ਹੈ ਤਾਂ ਫਿਰ ਉਹ ਤੀਸਰੀ ਜੰਗ ਤੋਂ ਪਹਿਲਾ ਹੀ ਲੋਕਾਂ ਨੂੰ ਕਿਉਂ ਨਹੀਂ ਰਾਹ ਦਿਖਾ ਸਕਦਾ, ਤਾਂ ਰਸਲ ਨੇ ਕਿਹਾ ਕਿ ਦਿਖਾ ਸਕਦਾ ਹੈ ਪਰ ਬਦਕਿਸਮਤੀ ਇਹ ਹੈ ਸਿੱਖ ਆਪਣੇ ਧਰਮ ਦੇ ਮਹਾਨ ਸਿਧਾਂਤਾਂ ਬਾਰੇ ਮਨੁੱਖਤਾ ਨੂੰ ਹਾਲੇ ਦੱਸ ਹੀ ਨਹੀਂ ਸਕੇ ਕਿ ਸਿੱਖ ਧਰਮ ਮਨੁੱਖਤਾ ਦੀ ਭਲਾਈ ਲਈ ਬਣਿਆ ਸੀ। ਇਹ ਸਿੱਖਾਂ ਦਾ ਸਭ ਤੋਂ ਵੱਡਾ ਪਾਪ ਹੈ ਜਿਸ ਤੋਂ ਇਹਨਾਂ ਨੂੰ ਬਰੀ ਨਹੀਂ ਕੀਤਾ ਜਾ ਸਕਦਾ।
ਪਰ ਬਦਕਿਸਮਤੀ ਇਹ ਹੈ ਕਿ 66 ਸਾਲਾਂ ਬਾਅਦ ਵੀ ਅਸੀਂ ਗੁਰਦੁਆਰਿਆਂ ਦੇ ਕਬਜ਼ਿਆਂ ਖਾਤਿਰ ਹੀ ਲੜੀ ਜਾਂਦੇ ਹਾਂ। ਸਾਡੀ ਸੋਚ ਸਿਰੋਪਿਆਂ ਅਤੇ ਕਿਰਪਾਨਾਂ ਤੋਂ ਉੱਪਰ ਨਹੀਂ ਉੱਠੀ, ਕਿਉਂਕਿ ਸਿੱਖ ਗੁਰੂ ਸਹਿਬਾਨਾਂ ਵੱਲੋਂ ਬਖ਼ਸ਼ੇ ਸਿਧਾਂਤ ਸਾਨੂੰ ਖ਼ੁਦ ਵੀ ਨਹੀਂ ਪਤਾ ਫਿਰ ਅਸੀਂ ਮਨੁੱਖਤਾ ਨੂੰ ਕੀ ਦੱਸਾਂਗੇ। ਪਤਾ ਨਹੀਂ ਕਿ ਸਾਨੂੰ ਕਦੋਂ ਸਮਝ ਆਵੇਗੀ ਕਿ ਅਸੀਂ ਇਸ ਮਹਾਨ ਸਿੱਖ ਧਰਮ ਦੇ ਵਾਰਿਸ ਹਾਂ। ਪ੍ਰਮਾਤਮਾਂ ਸਾਡੇ ਸਿੱਖ ਲੀਡਰਾਂ ਅਤੇ ਸਾਨੂੰ ਸਮੱਤ ਬਖ਼ਸ਼ੇ ਤਾਂ ਕਿ ਗੁਰਦੁਵਾਰਿਆਂ ਦੀ ਰਾਜਨੀਤੀ ਵਿਚੋਂ ਨਿਕਲਕੇ, ਅਸਲ ਸਿੱਖ ਸਿਧਾਂਤਾਂ ਦਾ ਪ੍ਰਚਾਰ ਮਨੁੱਖਤਾ ਦੀ ਭਲਾਈ ਲਈ ਕਰ ਸਕੀਏ।
ਡੈਨ ਸਿੱਧੂ (ਕੈਲਗਰੀ, ਕੈਨੇਡਾ)
ਫੋਨ : 403-560-6300