ਗੁਰਦੀਸ਼ ਕੌਰ ਗਰੇਵਾਲ ਕੈਲਗਰੀ: “ਪਰਮੇਸਰ ਤੇ ਭੁਲਿਆਂ ਵਿਆਪਨਿ ਸਭੇ ਰੋਗ॥” ਬਹੁਤੇ ਰੋਗ ਪ੍ਰਮਾਤਮਾ ਨੂੰ ਭੁੱਲਣ, ਅਤੇ ਮਨ ਦੇ ਵਿਸ਼ੇ ਵਿਕਾਰਾਂ ਕਾਰਨ ਪੈਦਾ ਹੁੰਦੇ ਹਨ। ਅਤੇ “ਦੂਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ॥” ਦੇ ਮਹਾਂਵਾਕ ਅਨੁਸਾਰ ਇਹ ਰੋਗ ਨਾਮ- ਦਾਰੂ ਦੁਆਰਾ ਠੀਕ ਹੋ ਸਕਦੇ ਹਨ। ਇਹ ਵਿਚਾਰ ਡਾ. ਬਲਵੰਤ ਸਿੰਘ ਨੇ ਰੋਗ ਨਿਵਾਰਨ ਕੈਂਪ ਦੌਰਾਨ ਸੰਗਤਾਂ ਨੂੰ ਦ੍ਰਿੜ ਕਰਵਾਏ।
ਗੁਰਦੁਆਰਾ ਦਰਬਾਰ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ, ਨੌਰਥ ਈਸਟ ਕੈਲਗਰੀ ਵਿਖੇ, ਸਰਬ ਰੋਗ ਕਾ ਅਉਖਦੁ ਨਾਮੁ ਮਿਸ਼ਨ ਵਲੋਂ, ਪ੍ਰਬੰਧਕੀ ਕਮੇਟੀ ਦੇ ਸਹਿਯੋਗ ਨਾਲ, ਗੁਰਦੁਆਰਾ ਸਾਹਿਬ ਦੇ ਦਰਬਾਰ ਹਾਲ ਵਿੱਚ, 14 ਜੁਲਾਈ ਤੋਂ 18 ਜੁਲਾਈ ਤੱਕ, ਚਾਰ ਰੋਜ਼ਾ ਰੋਗ ਨਿਵਾਰਨ ਕੈਂਪ ਲਾਇਆ ਗਿਆ। ਇਸ ਮਿਸ਼ਨ ਦੇ ਜਨਰਲ ਸੈਕਟਰੀ ਸਾਬਕਾ ਕੈਪਟਨ ਡਾ. ਬਲਵੰਤ ਸਿੰਘ ਅਤੇ ਉਹਨਾਂ ਦੀ ਜੀਵਨ ਸਾਥਣ ਪ੍ਰਿਸੀਪਲ ਹਰਮੀਤ ਕੌਰ ਜੀ, ਇੰਡੀਆ ਤੋਂ ਯੂ.ਐਸ. ਏ. ਅਤੇ ਟੋਰੰਟੋ ਦੇ ਕੈਂਪਾਂ ਦੇ ਸਬੰਧ ਵਿੱਚ ਉਚੇਚੇ ਤੌਰ ਤੇ ਆਏ ਹੋਏ ਸਨ। ਉਹਨਾਂ ਦੀ ਅਗਵਾਈ ਵਿੱਚ ਮਿਸ਼ਨ ਦੇ ਟੋਰੰਟੋ ਯੂਨਿਟ ਤੋਂ ਇੱਕ ਛੇ ਮੈਂਬਰੀ ਟੀਮ, ਐਡਮੰਟਨ ਕੈਂਪ ਲਾਉਣ ਉਪਰੰਤ, ਉਪਰੋਕਤ ਸਮਾਗਮ ਲਈ ਕੈਲਗਰੀ ਵਿਖੇ ਪਹੁੰਚੀ। ਕੈਲਗਰੀ ਵਿਖੇ ਇਸ ਤਰ੍ਹਾਂ ਦਾ ਇਹ ਦੂਸਰਾ ਕੈਂਪ ਸੀ। ਪਹਿਲੇ ਦਿਨ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਨੇ ਅਰਦਾਸ ਅਤੇ ਹੁਕਮਨਾਮੇ ਨਾਲ, ਕੈਂਪ ਦੀ ਸ਼ੁਰੂਆਤ ਕੀਤੀ। ਲੇਖਿਕਾ ਗੁਰਦੀਸ਼ ਕੌਰ ਗਰੇਵਾਲ ਜੋ ਕਿ ਇਸ ਮਿਸ਼ਨ ਨਾਲ ਕਾਫੀ ਲੰਬੇ ਸਮੇਂ ਤੋਂ ਜੁੜੇ ਹੋਏ ਹਨ- ਨੇ ਮਿਸ਼ਨ ਦੀ ਟੀਮ ਨੂੰ ਜੀ ਆਇਆਂ ਕਹਿੰਦਿਆਂ ਹੋਇਆਂ, ਪ੍ਰਿੰਸੀਪਲ ਹਰਮੀਤ ਕੌਰ ਜੀ ਨੂੰ ਮਿਸ਼ਨ ਬਾਰੇ ਸੰਖੇਪ ਜਾਣਕਾਰੀ ਸੰਗਤ ਨਾਲ ਸਾਂਝੀ ਕਰਨ ਦੀ ਬੇਨਤੀ ਕੀਤੀ। ਉਹਨਾਂ ਦੱਸਿਆ ਕਿ ਇਹ ਮਿਸ਼ਨ ਸ. ਹਰਦਿਆਲ ਸਿੰਘ ਜੀ ਆਈ. ਏ. ਐਸ. ਰਿਟਾ. ਚੰਡੀਗੜ੍ਹ ਦੁਆਰਾ 1983 ਵਿੱਚ ਉਦੋਂ ਸਥਾਪਿਤ ਕੀਤਾ ਗਿਆ ਸੀ, ਜਦ ਕਿ ਉਹ ਆਪਣੀ ਲਾ- ਇਲਾਜ ਬੀਮਾਰੀ ‘ਹਰਟ ਇਨਲਾਰਜ’ ਤੋਂ ਇਸ ਵਿਧੀ ਰਾਹੀਂ ਪੂਰੀ ਤਰ੍ਹਾਂ ਰਾਹਤ ਪਾ ਚੁੱਕੇ ਸਨ। ਸੋ ਪਹਿਲਾ ਕੈਂਪ ਉਹਨਾਂ ਗੋਇੰਦਵਾਲ ਸਾਹਿਬ ਦੀ ਪਵਿੱਤਰ ਧਰਤੀ ਤੇ, ਡਾਕਟਰਾਂ ਦੀ ਮੌਜੂਦਗੀ ਵਿੱਚ ਲਾਇਆ ਜਿਸ ਦੇ ਨਤੀਜੇ ਕਾਫੀ ਸਾਰਥਕ ਰਹੇ। ਇਹਨਾਂ ਕੈਂਪਾਂ ਤੋਂ ਪ੍ਰਭਾਵਤ ਹੋ ਕੇ, ਡਾ. ਬਲਵੰਤ ਸਿੰਘ ਨੇ 1987 ਵਿੱਚ ਲੁਧਿਆਣਾ ਵਿਖੇ ਇਸ ਮਿਸ਼ਨ ਦਾ ਇੱਕ ਯੂਨਿਟ ਸਥਾਪਿਤ ਕਰਕੇ, ਰੋਗ ਨਿਵਾਰਨ ਕੈਂਪਾਂ ਰਾਹੀਂ, ਇਸ ਵਿਧੀ ਦਾ ਪ੍ਰਚਾਰ ਕਰਕੇ ਸਫਲ ਤਜਰਬੇ ਕੀਤੇ। ਹੁਣ ਇਸ ਦਾ ਕੇਂਦਰੀ ਸਥਾਨ ਲੁਧਿਆਣਾ ਵਿਖੇ ਸਥਾਪਿਤ ਹੋ ਚੁੱਕਾ ਹੈ ਅਤੇ ਇਸ ਦੀਆਂ ਸ਼ਾਖਾਵਾਂ ਸਾਰੀ ਦੁਨੀਆਂ ਵਿੱਚ ਫੈਲ ਚੁੱਕੀਆਂ ਹਨ, ਜਿਸ ਤੋਂ ਹਜ਼ਾਰਾਂ ਮਰੀਜ਼ ਲਾਭ ਉਠਾ ਚੁੱਕੇ ਹਨ।
ਡਾ. ਬਲਵੰਤ ਸਿੰਘ ਨੇ, ਵੱਡੀ ਗਿਣਤੀ ਵਿੱਚ ਪੁੱਜੀਆਂ ਸੰਗਤਾਂ ਦਾ ਤੇ ਪ੍ਰਬੰਧਕਾਂ ਦਾ ਧੰਨਵਾਦ ਕਰਦੇ ਹੋਏ, ਸੰਗਤ ਨੂੰ ਗੁਰਬਾਣੀ ਦੇ ਸ਼ਬਦਾਂ ਦਾ ਜਾਪ ਕਰਵਾਇਆ। ਉਹਨਾਂ ਸ਼ੁੱਧ ਉਚਾਰਣ ਤੇ ਜ਼ੋਰ ਦਿੰਦਿਆਂ ਕਿਹਾ ਕਿ- ਇਹ ‘ਧੁਰ ਕੀ ਬਾਣੀ’ ਹੈ ਆਪਾਂ ਇਸ ਦਾ ਸਤਿਕਾਰ ਕਰਨਾ ਹੈ। ਸੋ ਜਿਵੇਂ ਗੁਰੂ ਸਾਹਿਬ ਨੇ ਲਿਖਿਆ ਹੈ ਉਵੇਂ ਹੀ ਬੋਲਣਾ ਹੈ। ਸ਼ੁਧ ਉਚਾਰਣ ਰਾਹੀਂ ਅੰਦਰ ਗਈ ਬਾਣੀ ਸ਼ੁੱਧ ਦਵਾਈ ਜਿੰਨਾ ਅਸਰ ਕਰਦੀ ਹੈ। ਉਹਨਾਂ ਸੰਗਤ ਨਾਲ ਆਪਣੇ, ਯੂ. ਐਸ. ਏ., ਸਿੰਘਾਪੁਰ, ਇੰਗਲੈਂਡ, ਥਾਈਲੈਂਡ, ਨਰੋਬੀ, ਆਸਟ੍ਰੇਲੀਆ, ਬੈਂਕਾਕ, ਕੈਨੇਡਾ ਤੇ ਇੰਡੀਆ ਆਦਿ ਦੇਸ਼ਾਂ ਦੇ ਕੈਂਪਾਂ ਦੇ ਸਫਲ ਤਜਰਬੇ ਸਾਂਝੇ ਕੀਤੇ। ਉਹਨਾਂ ਕਿਹਾ ਕਿ- ਇਹ ਬਾਣੀ ਕੇਵਲ ਸਿੱਖਾਂ ਲਈ ਹੀ ਨਹੀਂ ਸਗੋਂ ਕੁੱਲ ਮਨੁੱਖਤਾ ਲਈ ਕਲਿਆਣਕਾਰੀ ਹੈ। ਕਿਸੇ ਧਰਮ ਜਾਤ ਨਾਲ ਸਬੰਧ ਰੱਖਣ ਵਾਲਾ, ਕੋਈ ਵੀ ਦੁਖੀ ਵੀਰ ਭੈਣ, ਇਸ ਦਾ ਪਿਆਰ ਤੇ ਭਰੋਸੇ ਨਾਲ ਜਾਪ ਕਰਕੇ, ਆਪਣੇ ਦੁੱਖਾਂ ਰੋਗਾਂ ਤੋਂ ਛੁੱਟਕਾਰਾ ਪਾ ਸਕਦਾ ਹੈ। ਉਹਨਾਂ ਦੇਸ਼ ਵਿਦੇਸ਼ ਦੇ ਬਹੁਤ ਸਾਰੇ ਹਿੰਦੂ, ਕ੍ਰਿਸ਼ਚੀਅਨ, ਤੇ ਮੁਸਲਿਮ ਪਰਿਵਾਰਾਂ ਦੀਆਂ ਉਦਾਹਰਣਾਂ ਦੇ ਕੇ ਆਪਣੇ ਨੁਕਤੇ ਨੂੰ ਸਪੱਸ਼ਟ ਕੀਤਾ। ਉਪਰੰਤ ਕੈਲਗਰੀ ਨਿਵਾਸੀ ਬੀਬੀਆਂ ਜਸਵੀਰ ਕੌਰ ਹੋਰਾਂ ਨੇ ਸੰਗਤ ਨੂੰ ਸ਼ਬਦ ਜਾਪ ਕਰਵਾਇਆ ਜਿਹਨਾਂ ਦਾ ਸਾਥ ਬੀਬੀ ਗੁਰਦੀਸ਼ ਕੌਰ ਨੇ ਵੀ ਦਿੱਤਾ। ਨਾਲ ਹੀ ਲੇਖਿਕਾ ਨੇ ਵੀ ਆਪਣੇ ਨਿੱਜੀ ਤਜਰਬੇ ਸੰਗਤ ਨਾਲ ਸਾਂਝੇ ਕੀਤੇ।
ਟੋਰੰਟੋ ਤੋਂ ਆਈ ਟੀਮ ਦੇ ਮੈਂਬਰ- ਸ. ਦਵਿੰਦਰ ਸਿੰਘ ਸਹੋਤਾ, ਬੀਬੀ ਕਿੰਦਰ ਕੌਰ, ਬੀਬੀ ਹਰਪਾਲ ਕੌਰ ਅਤੇ ਪ੍ਰਿ. ਹਰਮੀਤ ਕੌਰ ਨੇ ਬਹੁਤ ਹੀ ਪ੍ਰੇਮ ਨਾਲ ਚਾਰੇ ਦਿਨ, ਵਾਰੀ ਵਾਰੀ ਸੰਗਤੀ ਰੂਪ ਵਿੱਚ, ਸ਼ਬਦ ਜਾਪ ਕਰਵਾਇਆ। ਲਿਟਰੇਚਰ ਤੇ ਕੈਮਰੇ ਦੀ ਡਿਊਟੀ ਸ. ਰਣਧੀਰ ਸਿੰਘ ਪਨੇਸਰ ਨੇ ਬਾਖੂਬੀ ਨਿਭਾਈ। ਸੰਗਤ ਦੀ ਮੰਗ ਅਨੁਸਾਰ, ਤਿੰਨਾਂ ਭਾਸ਼ਾਵਾਂ ਵਿੱਚ ਛਪੇ ਮਿਸ਼ਨ ਦੇ ਲਿਟਰੇਚਰ ਅਤੇ ਸੀ. ਡੀਜ਼ ਦੀ ਪ੍ਰਦਰਸ਼ਨੀ ਵੀ ਲਾਈ ਗਈ। ਲੇਖਿਕਾ ਵਲੋਂ ਸੰਗਤ ਦੇ ਸੁਆਲਾਂ ਦੇ ਜਵਾਬ ਦੇਣ ਤੋਂ ਇਲਾਵਾ, ਹਰ ਸ਼ਨੀਵਾਰ ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਦੇ ਮੇਨ ਹਾਲ ਵਿੱਚ ਚਲ ਰਹੇ ਸਮਾਗਮ ਵਿੱਚ ਵੀ ਅੰਮ੍ਰਿਤ ਵੇਲੇ ੫ ਤੋਂ ੬ ਵਜੇ ਤੱਕ ਹਾਜ਼ਰੀ ਭਰਨ ਦੀ ਬੇਨਤੀ ਕੀਤੀ ਗਈ। ਸੰਗਤ ਨੂੰ ਮਿਸ਼ਨ ਦੀਆਂ ਵੈਬ ਸਾਈਟ ਤੋਂ ਵੀ ਜਾਣੂੰ ਕਰਵਾਇਆ ਗਿਆ।
ਆਖਰੀ ਦਿਨ, ਡਾ. ਬਲਵੰਤ ਸਿੰਘ ਜੀ ਦੁਆਰਾ, ਲੁਧਿਆਣਾ ਯੂਨਿਟ ਬਾਰੇ ਦਿੱਤੀ ਜਾਣਕਾਰੀ ਅਤੇ ਇੱਕ ਚਾਰ ਸਾਲ ਦੇ ਬੱਚੇ ਦੀ ਲਾਇਲਾਜ ਬੀਮਾਰੀ ਦੇ ਠੀਕ ਹੋਣ ਦੀ ਵੀਡੀਓ- ਜੋ ਯੂ ਟਿਊਬ ਤੇ ਉਪਲਬਧ ਹੈ, ਦੇ ਕੁੱਝ ਹਿੱਸੇ ਸੰਗਤ ਨੂੰ ਸਕਰੀਨ ਤੇ ਦਿਖਾਏ ਗਏ ਜਿਹਨਾਂ ਨੂੰ ਸੰਗਤ ਨੇ ਬਹੁਤ ਪਸੰਦ ਕੀਤਾ। ਇਸ ਕੈਂਪ ਵਿੱਚ ਸੰਗਤ ਦਾ ਠਾਠਾਂ ਮਾਰਦਾ ਸਮੁੰਦਰ, ਇਸ ਗੱਲ ਦੀ ਗਵਾਹੀ ਭਰਦਾ ਸੀ ਕਿ ਕੈਲਗਰੀ ਦੀ ਸੰਗਤ ਨੇ ਇਸ ਕੈਂਪ ਨੂੰ ਕਿੰਨਾ ਵੱਡਾ ਹੁੰਗਾਰਾ ਦਿੱਤਾ। ਕੈਂਪ ਦੇ ਆਖਰੀ ਦਿਨ ਸੰਗਤ ਤੋਂ ਇਸ ਦਾ ਫੀਡ ਬੈਕ ਲਿਆ ਗਿਆ। ਕੁੱਝ ਕੁ ਨੇ ਲਿਖ ਕੇ ਅਤੇ ਕੁੱਝ ਨੇ ਬੋਲ ਕੇ ਇਸ ਕੈਂਪ ਦੇ ਲਾਹੇ ਦੀ ਸਾਂਝ ਸੰਗਤ ਨਾਲ ਪਾਈ। ਬਹੁਤ ਸਾਰੇ ਵੀਰ ਭੈਣਾਂ ਨੇ- ਜੋੜਾਂ ਦੇ ਦਰਦ, ਡਿਪਰੈਸ਼ਨ, ਹਰਟ ਪ੍ਰੌਬਲਮ, ਨੀਂਦ ਨਾ ਆਉਣਾ ਆਦਿ ਬੀਮਾਰੀਆਂ ਤੋਂ ਕਾਫੀ ਰਾਹਤ ਮਹਿਸੂਸ ਕੀਤੀ। ਪਿਛਲੇ ਕੈਂਪ ਤੋਂ ਹੁਣ ਤੱਕ ਇਹਨਾਂ ਸਮਾਗਮਾਂ ਵਿੱਚ ਲਗਾਤਾਰ ਹਾਜ਼ਰੀ ਭਰਨ ਵਾਲੇ ਇੱਕ ਕੈਂਸਰ ਦੇ ਮਰੀਜ਼ ਨੇ ਆਪਣੇ ਠੀਕ ਹੋਣ ਦੀਆਂ ਰਿਪੋਰਟਾਂ ਦਿਖਾ ਕੇ ਸਭ ਨੂੰ ਹੈਰਾਨ ਕਰ ਦਿੱਤਾ। ਕੁੱਝ ਕੁ ਵੀਰ ਭੈਣਾਂ ਨੇ ਕਿਹਾ ਕਿ ਸਾਨੂੰ ਜੋ ਅਨੰਦ ਇਹਨਾਂ ਚਾਰ ਦਿਨਾਂ ਵਿੱਚ ਆਇਆ, ਉਹ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਸੋ ਇਸ ਤਰ੍ਹਾਂ ਦੇ ਕੈਂਪ ਬਾਰ ਬਾਰ ਲਗਣੇ ਚਾਹੀਦੇ ਹਨ। ਠੀਕ ਹੋਏ ਮਰੀਜ਼ਾਂ ਵਲੋਂ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਗਿਆ ਅਤੇ ਗੁਰੂ ਘਰ ਵਲੋਂ ਇਹਨਾਂ ਨੂੰ ਸਿਰੋਪਾਓ ਦੀ ਬਖਸ਼ਿਸ਼ ਕੀਤੀ ਗਈ।
ਜੈਕਾਰਿਆਂ ਦੀ ਗੂੰਜ ਵਿੱਚ ਇਸ ਸਮਾਗਮ ਦੀ ਸਮਾਪਤੀ ਹੋਈ। ਡਾ. ਬਲਵੰਤ ਸਿੰਘ ਨੇ ਮਿਸ਼ਨ ਦੇ ਵੋਲੰਟੀਅਰਜ਼, ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ, ਅਤੇ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ- ਗੁਰੁ ਪਿਆਰਿਓ, ਇਹ ਗੁਰੂ ਦੀ ਵਡਿਆਈ ਹੈ। ਇੱਧਰ ਉੱਧਰ ਭਟਕਣ ਦੀ ਵਜਾਏ ਇਸ ਪੂਰੇ ਗੁਰੂ (ਸ਼ਬਦ ਗੁਰੂ) ਤੇ ਭਰੋਸਾ ਰੱਖੋ। ਇਸ ਦੇ ਅੱਗੇ ਤਾਂ ਮੈਡੀਕਲ ਸਾਇੰਸ ਵੀ ਫੇਲ੍ਹ ਹੋ ਗਈ ਹੈ। ਉਹਨਾਂ ਬਹੁਤ ਸਾਰੇ ਮਰੀਜ਼ਾਂ ਦੇ ਸੁਆਲਾਂ ਦੇ ਜਵਾਬ ਵੀ ਦਿੱਤੇ। ਉਹਨਾਂ ਸੰਗਤ ਦੀ ਮਹਾਨਤਾ ਦੱਸਦੇ ਹੋਏ, ਇਹ ਵੀ ਕਿਹਾ ਕਿ ਬਾਣੀ ਸਾਰੀ ਸੱਚੀ ਹੈ ਇਸ ਦੀ ਕੋਈ ਇੱਕ ਤੁਕ ਵੀ ਮਨ ਵਿੱਚ ਵੱਸ ਜਾਵੇ ਤਾਂ ਦੁੱਖਾਂ ਰੋਗਾਂ ਨੂੰ ਕੱਟ ਸਕਦੀ ਹੈ। ਅਸੀਂ ਵੱਡੇ ਭਾਗਾਂ ਵਾਲੇ ਹਾਂ ਜੋ ਸਾਡਾ ਜਨਮ ਗੁਰੂ ਨਾਨਕ ਦੇ ਘਰ ਹੋਇਆ ਹੈ ਸੋ ਸਾਡੀ ਇਹ ਡਿਊਟੀ ਬਣਦੀ ਹੈ ਕਿ ਇਹ ਸੰਦੇਸ਼ ਸਾਰੀ ਦੁਨੀਆਂ ਤੱਕ ਪੁਚਾਇਆ ਜਾਵੇ। ਉਹਨਾਂ ਬੀਬੀਆਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਆਪਣੀ ਇਸ ਕੈਲਗਰੀ ਫੇਰੀ ਦੌਰਾਨ ਉਹਨਾਂ ਜੱਗ ਪੰਜਾਬੀ ਟੀ. ਵੀ. ਦੇ ਵਿਚਾਰ ਵਟਾਂਦਰਾ ਪ੍ਰੋਗਰਾਮ ਰਾਹੀ ਵੀ ਦਰਸ਼ਕਾਂ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਈ। ਲੇਖਿਕਾ ਵਲੋਂ ਵੀ ਪ੍ਰਬੰਧਕਾਂ, ਸੰਗਤਾਂ ਅਤੇ ਮੀਡੀਆ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਗਿਆ। ਗੁਰਦੁਆਰਾ ਸਾਹਿਬ ਵਲੋਂ ਟੋਰੰਟੋ ਤੋਂ ਆਈ ਟੀਮ ਦਾ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ। ਉਪਰੰਤ ਇਹ ਟੀਮ ਅਗਲਾ ਕੈਂਪ ਬੀ. ਸੀ. ਵਿਖੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਸਰੀ-ਡੈਲਟਾ, ਲਾਉਣ ਲਈ ਰਵਾਨਾ ਹੋ ਗਈ। ਗੁਰਦੁਆਰਾ ਸਾਹਿਬ ਵਿਖੇ ਲੰਗਰ ਦੇ ਨਾਲ ਨਾਲ ਸੰਗਤ ਲਈ ਸਨੈਕਸ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ। ਸੋ ਇਸ ਤਰ੍ਹਾਂ ਇਹ ਸਮਾਗਮ, ਸੰਗਤ ਦੇ ਮਨਾਂ ਤੇ ਅਮਿੱਟ ਛਾਪ ਛੱਡਦਾ ਹੋਇਆ, ਸਫਲ ਹੋ ਨਿਬੜਿਆ। ਵਧੇਰੇ ਜਾਣਕਾਰੀ ਲਈ 403-404-1450 ਤੇ ਸੰਪਰਕ ਕੀਤਾ ਜਾ ਸਕਦਾ ਹੈ।