ਅਦਾਰਾ ਦੇਸ ਪੰਜਾਬ ਟਾਇਮਜ਼ ਪਿਛਲੇ ਪੰਦਰਾਂ ਸਾਲਾਂ ਤੋਂ ਲਗਾਤਾਰ ਦੇਸ ਪੰਜਾਬ ਟਾਇਮਜ਼ ਸੱਭਿਆਚਾਰਕ ਮੇਲਾ ਕਰਵਾਉਂਦਾ
ਆ ਰਿਹਾ ਹੈ, ਜਿਸ ਵਿਚ ਮੁੱਖ ਪੁਰਸਕਾਰ ਕੈਨੇਡਾ ਵਿਚ ਪਹਿਲੇ ਗਦਰੀ ਸ਼ਹੀਦ ਮੇਵਾ ਸਿੰਘ ਲੋਪੋਕੇ ਦੇ ਨਾਮ ਤੇ ਹਰੇਕ ਸਾਲ ਇਕ ਚੁਣੀ ਹੋਈ ਹਸਤੀ ਨੂੰ ਦਿੱਤਾ ਜਾਂਦਾ ਹੈ ਉੱਥੇ ਹੀ ਅਲਬਰਟਾ ਅਸੈਬਲੀ ਵਿਚ ਪਹੁੰਚਣ ਵਾਲੇ ਪਹਿਲੇ ਭਾਰਤੀ ਪੰਜਾਬੀ ਹੈਰੀ ਸੋਹਲ ਦੇ ਨਾਮ ਉੱਪਰ ਵੀ ਇਕ ਪੁਰਸਕਾਰ ਲਗਾਤਾਰ ਦਿੱਤਾ ਜਾ ਰਿਹਾ ਹੈ। ਪਹਿਲਾ ਕੁਝ ਸਾਲ ਇਹ ਸੱਭਿਆਚਾਰਕ ਮੇਲਾ ਇਨਡੋਰ ਹੁੰਦਾ ਰਿਹਾ ਪਰ ਪਿਛਲੇ ਕਈ ਸਾਲਾਂ ਤੋਂ ਪਰੇਰੀ ਵਿੰਡ ਪਾਰਕ ਦੀਆਂ ਖੁੱਲੀਆਂ ਗਰਾਊਡਾਂ ਵਿਚ ਫ਼ਰੀ ਇੰਟਰੀ ਵਾਲਾ ਇਹ ਮੇਲਾ ਵਿਸ਼ੇਸ਼ ਖਿੱਚ ਰੱਖਦਾ ਹੈ। ਜਿੱਥੇ ਇੱਕ ਦਿਨ ਸਿਰਫ਼ ਔਰਤਾਂ ਦਾ ਮੇਲਾ ਹੁੰਦਾ ਹੈ ਜਿਸ ਵਿਚ ਵੱਖ-ਵੱਖ ਕਲਾਕਾਰ ਆਪਣੀ ਕਲਾ ਦੇ ਰੰਗ ਬਿਖ਼ੇਰਦੇ ਹਨ ਉੱਥੇ ਹੀ ਅਗਲੇ ਦਿਨ ਖੁੱਲ੍ਹਾ ਮੇਲਾ ਹੁੰਦਾ ਹੈ।
ਇਸ ਵਾਰ ਦੇ ਮੇਲੇ ਤੇ ਸੋਲਵਾਂ ਹੈਰੀ ਸੋਹਲ ਪੁਰਸਕਾਰ ਕੈਲਗਰੀ ਦੇ ਲੇਖਕ ਮੰਗਲ ਸਿੰਘ ਚੱਠਾ ਨੂੰ ਦਿੱਤਾ ਜਾ ਰਿਹਾ ਹੈ। ਮੰਗਲ ਸਿੰਘ ਚੱਠਾ ਦਾ ਜਨਮ ਪਿੰਡ ਨੂਰਪੁਰ ਚੱਠਾ ਵਿਚ ਹੋਇਆ। ਬੇਸ਼ਕ ਮੰਗਲ ਸਿੰਘ ਚੱਠਾ ਵਾਰਤਕ, ਕਵਿਤਾ ਅਤੇ ਗੀਤ ਵੀ ਲਿਖਦੇ ਹਨ ਪਰ ਉਹਨਾਂ ਦੀ ਲੇਖਣੀ ਦਾ ਮੁੱਖ ਕੇਂਦਰ ਕਵੀਸ਼ਰੀਆਂ ਹਨ। ਜਿਹਨਾਂ ਵਿਚ ਉਹ ਲੋਕ ਮੁਹਾਵਰੇ, ਠੇਠ ਬੋਲੀ ਅਤੇ ਤਰਕ ਦੀ ਇਸ ਤਰ੍ਹਾਂ ਜੜ੍ਹਤ ਕਰਦੇ ਹਨ ਕਿ ਉਹਨਾਂ ਦੀਆਂ ਚਾਲੂ ਮਸਲਿਆ ਬਾਰੇ ਲਿਖ਼ੀਆਂ ਕਈ ਕਵੀਸ਼ਰੀਆਂ ਬਹੁਤ ਮਸ਼ਹੂਰ ਹੋਈਆਂ ਹਨ। ਉਹਨਾਂ ਦੀਆਂ ਕਵੀਸ਼ਰੀਆਂ ਬਾਰੇ ਗੱਲ ਕਰਨ ਤੋਂ ਪਹਿਲਾਂ ਇਹ ਜਾਨਣਾ ਜਰੂਰੀ ਹੈ ਕਿ ਉਹਨਾਂ ਕਵਸ਼ੀਰੀ ਵੱਲ ਝੁਕਾਅ ਕਿਉਂ ਤੇ ਕਿਵੇਂ ਹੈ। ਇਸ ਬਾਰੇ ਮੰਗਲ ਅਨੁਸਾਰ ਉਹਨਾਂ ਦੇ ਪਿਤਾ ਜੀ ਨੂੰ ਕਵੀਸ਼ਰੀ ਸੁਨਣ ਦਾ ਬਹੁਤ ਸ਼ੋਕ ਸੀ ਅਤੇ 70ਵਿਆਂ ਵਿਚ ਕਰਨੈਲ ਸਿੰਘ ਪਾਰਸ, ਪੰਡਤ ਬੀਰਬਲ, ਦਇਆ ਸਿੰਘ ਦਿਲਬਰ ਦੀਆਂ ਕਵੀਸ਼ਰੀਆਂ ਉਹਨਾਂ ਦੇ ਘਰ ਗੂੰਜਦੀਆਂ ਰਹਿੰਦੀਆਂ ਸਨ ਜਿਹਨਾਂ ਵਿਚ ‘ਆਓ ਭੈਣੋ ਰਲ ਮਿਲ ਗਾਈਏ ਭਗਤ ਸਿੰਘ ਦੀ ਘੋੜੀ’ ‘ਪੰਥ ਤੇਰੇ ਦੀਆਂ ਗੂੰਜ਼ਾਂ’ ਆਦਿ ਜਿਹਨਾਂ ਦਾ ਮੰਗਲ ਸਿੰਘ ਚੱਠਾ ਦੇ ਬਾਲ ਮਨ ਤੇ ਕਾਫੀ ਅਸਰ ਹੋਇਆ ਤੇ ਉਸਨੂੰ ਕਵੀਸ਼ਰੀ ਚੰਗੀ ਲੱਗਣ ਲੱਗੀ। ਉਹਨਾਂ ਦੇ ਪਿਤਾ ਨੂੰ ਕਵੀਸ਼ਰੀਆਂ ਸੁਨਣ ਦਾ ਸ਼ੋਕ ਹੋਣ ਕਰਕੇ ਹੀ ਉਹਨਾਂ ਦਿਨਾਂ ਵਿਚ ਜਦੋਂ ਵਿਰਲੇ-ਵਿਰਲੇ ਪਿੰਡਾਂ ਵਿਚ ਕਿਸੇ ਘਰ ਹੀ ਟੇਪ ਰਿਕਾਰਡ ਹੋਇਆ ਕਰਦਾ ਸੀ ਉਹਨਾਂ ਦੇ ਪਿਤਾ ਕੋਲ ਵੀ ਇਹ ਸੌਗਾਤ ਸੀ। ਕਵੀਸ਼ਰੀਆਂ ਦੇ ਅਖਾੜੇ ਵਿਆਹਾਂ ਅਤੇ ਹੋਰ ਧਾਰਮਿਕ ਜਾਂ ਰਾਜਨੀਤਕ ਸਮਾਗਮਾਂ ਤੇ ਲੱਗਦੇ ਤਾਂ ਪਿਤਾ ਜੀ ਦਾ ਕਵਸ਼ੀਰੀ ਪ੍ਰਤੀ ਲਗਾਓ ਕਾਰਨ ਬਹੁਤੇ ਉਸ ਸਮੇਂ ਦੇ ਪ੍ਰਸਿੱਧ ਦੇ ਕਵੀਸ਼ਰ ਉਹਨਾਂ ਦੇ ਪਿਤਾ ਦੇ ਦੋਸਤ ਸਨ। ਆਵਾਜਾਈ ਦੇ ਸਾਧਨ ਘੱਟ ਹੋਣ ਕਰਨ ਜਦੋਂ ਵੀ ਪੰਡਤ ਬੀਰਬਲ ਉਹਨਾਂ ਦੇ ਪਿੰਡ ਨੂਪਪੁਰ ਚੱਠਾ ਜਾਂ ਨੇੜੇ-ਤੇੜੇ ਕਵਸ਼ੀਰੀ ਅਖਾੜਿਆਂ ਤੇ ਆਉਂਦੇ ਤਾਂ ਕਈ ਵਾਰ ਰਾਤ ਉਹਨਾਂ ਦੇ ਘਰ ਰੁੱਕਦੇ। ਇਹਨਾਂ ਹਲਾਤਾਂ ਨੇ ਮੰਗਲ ਸਿੰਘ ਚੱਠਾ ਵਿਚ ਕਲਮ ਚੁੱਕਕੇ ਖ਼ੁਦ ਲਿਖਣ ਅਤੇ ਕਵੀਸ਼ਰੀਆਂ ਸੁਨਣ ਦੀ ਚਾਹਤ ਪੈਦਾ ਕੀਤੀ। ਉਹਨਾਂ ਜੋਗਾ ਸਿੰਘ ਜੋਗੀ ਦੀਆਂ ਤਕਰੀਬਨ 40 ਕੈਸਿਟਾਂ ਆਪਣੇ ਕੋਲ ਉਸ ਸਮੇਂ ਭੰਡਾਰ ਕੀਤੀਆਂ ਤੇ ਬਾਰ-ਬਾਰ ਸੁਣੀਆਂ।
ਸ਼ੌਕ ਵੱਧਦਾ ਗਿਆ ਤੇ ਕਾਰਨ ਮੰਗਲ ਸਿੰਘ ਚੱਠਾ ਕਵੀਸ਼ਰੀ ਸੁਨਣ ਲਈ ਕਵੀਸ਼ਰੀਆਂ ਦੇ ਅਖਾੜਿਆ ਵਿਚ ਦੂਰ ਤੱਕ ਜਾਣ ਲੱਗਾ। ਉਹਨਾਂ ਅਨੁਸਾਰ ਸਾਲ 1986 ਦੀ 4 ਫਰਵਰੀ ਨੂੰ ਨਕੋਦਰ ਵਿਚ ਪੁਲਿਸ ਦੀਆਂ ਗੋਲੀਆਂ ਨਾਲ ਫੈਡਰੈਸ਼ਨ ਦੇ ਚਾਰ ਸਿੱਖ ਨੌਜਵਾਨ ਸ਼ਹੀਦੀ ਪਾ ਗਏ ਅਤੇ ਹਰੇਕ ਸਾਲ ਉਹਨਾਂ ਦੀ ਬਰਸੀ ਤੇ ਢਾਡੀ ਤੇ ਕਵੀਸ਼ਰ ਪਹੁੰਚਦੇ। ਬੇਸ਼ਕ ਉਹ ਧਾਰਮਿਕ ਪ੍ਰਸੰਗ ਵਿਚ ਕਵੀਸ਼ਰੀਆਂ ਸਨ ਤੇ ਉਸ ਸਮੇਂ ਮਸ਼ਹੂਰ ਕਵੀਸ਼ਰ ਨਿਰਮਲ ਸਿੰਘ ਚੋਹਲਾਸਾਹਬ ਆਦਿ ਕਵੀਸ਼ਰੀ ਜੱਥੇ ਉੱਥੇ ਆਉਂਦੇ ਅਤੇ ਮੰਗਲ ਸਾਲ 1988 ਤੋਂ 1993 ਤੱਕ ਲਗਾਤਾਰ ਉਹਨਾਂ ਨੂੰ ਸੁਣਦਾ ਰਿਹਾ ਤੇ ਪ੍ਰਭਾਵ ਅਧੀਨ ਮੰਗਲ ਨੇ ਕਵੀਸ਼ਰੀ ਲਿਖ਼ਣੀ ਸ਼ੁਰੂ ਕੀਤੀ ਪਰ ਮੰਗਲ ਦੀ ਕਵੀਸ਼ਰੀ ਧਾਰਮਿਕ ਵਲਗਣਾ ਤੋਂ ਬਾਹਰ ਦੀ ਹੈ। ਜੇਕਰ ਅਜੋਕੇ ਸਮੇਂ ਦੇ ਹਿਸਾਬ ਨਾਲ ਗੱਲ ਕਰੀਏ ਤਾਂ ਉਹਨਾਂ ਨੇ ਕਵਸ਼ੀਰੀ ਵਿਚ ਚਾਲੂ ਹਲਾਤ, ਠੇਠ ਬੋਲੀ, ਵਿਅੰਗਮਈ ਸ਼ਬਦਾਵਲੀ ਅਤੇ ਨਵੇਂ ਵਿਸ਼ੇ ਲੈ ਕੇ ਆਂਦੇ ਹਨ ਤੇ ਸ਼ਾਇਦ ਇਸੇ ਕਰਕੇ ਉਹਨਾਂ ਦੀ ਲਿਖ਼ੀ ਕਵੀਸ਼ਰੀ ਨੂੰ ਥੋੜ੍ਹੇ ਸਮੇਂ ਵਿਚ ਬਹੁਤਾ ਹੁੰਗਾਰਾ ਮਿਲਿਆ ਹੈ ਤੇ ਕਵੀਸ਼ਰੀ ਨੂੰ ਨਵਾਂ ਲੇਖਕ। ਉਹਨਾਂ ਦੀਆਂ ਕਵੀਸ਼ਰੀਆਂ ‘ਸੁਣ ਗੱਭਰੂ ਦੇਸ਼ ਪੰਜਾਬ ਦੇ’ ਨਸ਼ਿਆਂ ਬਾਰੇ, ‘ਬਚ-ਬਚ ਕੇ ਭੰਗਵੰਤ ਮਾਨਾਂ’ ਪੰਜਾਬ ਦੇ ਰਾਜਨੀਤਕ ਇਤਿਹਾਸ ਦਾ ਪ੍ਰਸੰਗ, ‘ਗੁੜ ਦੀ ਚਾਹ’ ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਜਿੱਤ ਤੋਂ ਬਾਅਦ ਵਿਅੰਗਮਈ ਕਵੀਸ਼ਰੀ, ‘ਦੇਸ਼-ਦੁਆਬਾ’ ਦੁਆਬੇ ਦੇ ਪੰਜਾਬੀਆਂ ਦੀਆਂ ਦੁਨੀਆਂ ਭਰ ਵਿਚ ਮਾਰੀਆਂ ਮੱਲਾਂ ਬਾਰੇ ਪੂਰਨ ਨਵੀਨਤਮ ਇਤਿਹਾਸਕ ਝਰੋਖੇ ਦਾ ਪ੍ਰਸੰਗ, ਕੈਨੇਡਾ ਵਿਚ ਪੰਜਾਬੀਆਂ ਦੀਆਂ ਰਾਜਨੀਤਕ ਪ੍ਰਾਪਤੀਆਂ ਬਾਰੇ ਕਵੀਸ਼ਰੀ ਜੋ ਇੱਥੇ ਵੱਸੇ ਪੰਜਾਬੀਆਂ ਦੇ ਰਾਜਨੀਕਤ ਖੇਤਰ ਦਾ ਪੂਰਨ ਇਤਿਹਾਸ ਹੈ ਤੇ ਬੜੀ ਸਰਲ ਤੇ ਵਿਅੰਗਮਈ ਭਾਸ਼ਾਂ ਵਿਚ ਪ੍ਰਸੰਗ ਹੈ ਆਦਿ ਬਹੁਤ ਪਸੰਦ ਕੀਤੀਆਂ ਗਈਆਂ ਕਵੀਸ਼ਰੀਆਂ ਹਨ ਜਿਹਨਾਂ ਨੂੰ ਖਾਲਸਾ ਢਾਡੀ ਜਥਾ ਕੈਲਗਰੀ, ਜਸਵਿੰਦਰ ਸਿੰਘ ਸ਼ਾਂਤ ਦਾ ਜਥਾ,ਮੱਖਣ ਸਿੰਘ ਮੁਸਾਫ਼ਿਰ ਦਾ ਜਥਾ, ਦਲੇਰ ਕੌਰ ਪੰਡੋਰੀ ਦਾ ਜਥਾ ਆਦਿ ਨੇ ਆਪਣੀ ਸੁਰੀਲੀ ਅਤੇ ਜੋਸ਼ੀਲੀ ਅਵਾਜ਼ ਦਿੱਤੀ ਹੈ। ਉਹਨਾਂ ਦੀਆਂ ਕਵੀਸ਼ਰੀਆਂ ਦੋਤਾਰਾ, ਦਵੱਈਆ, ਰਸਾਲੂ ਆਦਿ ਰਾਗਾਂ ਵਿਚ ਹਨ।
ਮੰਗਲ ਸਿੰਘ ਚੱਠਾ ਅਨੁਸਾਰ ਉਹਨਾਂ ਨੂੰ ਪੰਜਾਬੀ ਸਾਹਿਤ ਅਤੇ ਅਖ਼ਬਾਰਾਂ ਪੜ੍ਹਨ ਦਾ ਸ਼ੋਕ ਬਚਪਨ ਤੋਂ ਹੀ ਸੀ ਅਤੇ ਚਾਲੂ ਮਸਲਿਆਂ ਬਾਰੇ ਜਾਨਣ ਲਈ ਭਾਰਤ ਵਿਚ ਰਹਿੰਦਿਆਂ ਬਚਪਨ ਤੋਂ ਰੋਜ਼ਾਨਾ ਪੰਜਾਬੀ ਦੇ ਤਿੰਨ ਅਖ਼ਬਾਰ ਪੜ੍ਹਦੇ ਸਨ ਅਤੇ ਇਤਿਹਾਸਕ ਕਿਤਾਬਾਂ ਪੜ੍ਹਨ ਦਾ ਸ਼ੌਕ ਹੈ। ਹੁਣ ਕਈ ਸਾਲਾਂ ਤੋਂ ਕੈਨੇਡਾ ਵਿਚ ਰਹਿੰਦਿਆਂ ਵੀ ਨਿੱਜੀ ਰੁਝੇਵਿਆਂ ਦੇ ਬਾਵਜੂਦ ਪੜ੍ਹਨ ਦਾ ਸ਼ੌਕ ਲਗਾਤਾਰ ਜਾਰੀ ਹੈ। ਉਹਨਾਂ ਕੋਲ ਪਿਛਲੇ ਕਈ ਦਹਾਕਿਆਂ ਦੇ ਪੰਜਾਬੀ ਅਖਬਾਰਾਂ ਅਤੇ ਰਸਾਲਿਆਂ ਦਾ ਵੱਡਾ ਭੰਡਾਰ ਜਮਾ ਹੈ ਜਿਸਨੂੰ ਉਹ ਆਪਣਾ ਖਜ਼ਾਨਾ ਮੰਨਦੇ ਹਨ ਅਤੇ ਕਈ ਅਖ਼ਬਾਰ ਅੱਧੀ ਸਦੀ ਪੁਰਾਣੇ ਹਨ। ਜਿਹਨਾਂ ਦੀ ਪਰਦਰਸ਼ਨੀ ਵੀ ਕੈਲਗਰੀ ਵਿਚ ਪੰਜਾਬੀ ਲਿਖ਼ਾਰੀ ਸਭਾ ਵੱਲੋਂ ਕਈ ਸਾਲ ਪਹਿਲਾ ਲਾਈ ਗਈ ਸੀ। ਜਿੱਥੇ ਉਹ ਪੰਜਾਬੀ ਲਿਖ਼ਾਰੀ ਸਭਾ ਦਾ ਆਪਣੀ ਲੇਖਣੀ ਨਿਖ਼ਾਰਨ ਅਤੇ ਹੁਸਾਲ ਪੈਦਾ ਕਾਰਨ ਵਿਚ ਯੋਗਦਾਨ ਮੰਨਦੇ ਹਨ ਜਿਸ ਨਾਲ ਜੁੜਨ ਅਤੇ ਹਰੇਕ ਮਹੀਨੇ ਇਕੱਤਰਤਾਵਾਂ ਵਿਚ ਜਾਣ ਕਰਕੇ ਉਹਨਾਂ ਨੂੰ ਲੇਖਣੀ ਦਾ ਮਹੌਲ ਲਗਾਤਾਰ ਮਿਲਿਆ ਉੱਥੇ ਉਹ ਆਪਣੇ ਪਰਿਵਾਰ ਅਤੇ ਪਤਨੀ ਦਾ ਵੀ ਅਹਿਮ ਯੋਗਦਾਨ ਮੰਨਦੇ ਜੋ ਖ਼ੁਦ ਸਾਹਿਤ ਨਾਲ ਜੁੜੀ ਅਤੇ ਕਵਿਤਾ ਲਿਖ਼ਣ ਕਰਕੇ ਹਮੇਸ਼ਾ ਉਹਨਾਂ ਦੀ ਸ਼ਬਦ ਚੋਣ ਵਿਚ ਮਦਦ ਕਰਦੀ ਹੈ।
ਜਿੱਥੇ ਮੰਗਲ ਸਿੰਘ ਚੱਠਾ ਨੇ ਪੰਜਾਬੀ ਕਵੀਸ਼ਰੀ ਨੂੰ ਨਵੇਂ ਵਿਸ਼ੇ ਦਿੱਤੇ ਹਨ ਉੇੱਥੇ ਹੀ ਉਹਨਾਂ ਦੇ ਵੱਖ-ਵੱਖ ਵਿਸ਼ਿਆਂ ਬਾਰੇ ਅਖ਼ਬਾਰਾਂ ਵਿਚ ਲੇਖ ਛਪਦੇ ਰਹਿੰਦੇ ਹਨ ਜਿਸ ਵਿਚ ਉਹਨਾਂ ਦੀ ਆਮ ਠੇਠ ਬੋਲੀ ਦੀ ਵਾਰਤਕ ਪਰ ਵਿਸ਼ਾ ਹਮੇਸ਼ਾ ਜਾਣਕਾਰੀ ਭਰਪੂਰ ਹੁੰਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹ ਆਉਣ ਵਾਲੇ ਸਮੇਂ ਵਿਚ ਜਿੱਥੇ ਆਪਣੇ ਲੇਖਾਂ ਦੀ ਕਿਤਾਬ ਛਪਵਾਉਣ ਜਾ ਰਹੇ ਹਨ ਉੱਥੇ ਹੀ ਕਈ ਨਵੀਆਂ ਕਵੀਸ਼ਰੀਆਂ ਅਤੇ ਗੀਤ ਵੀ ਲਗਾਤਾਰ ਸਰੋਤਿਆਂ ਦੀ ਕਚਹਿਰੀ ਵਿਚ ਪੇਸ਼ ਕਰਦੇ ਰਹਿਣਗੇ ਅਤੇ ਹੁਣ ਅਦਾਰਾ ਦੇਸ ਪੰਜਾਬ ਟਾਇਮਜ਼ ਨੇ ਉਹਨਾਂ ਦੀ ਹੈਰੀ ਸੋਹਲ ਪੁਰਕਾਰ ਲਈ ਚੋਣ ਕਰਕੇ ਇਹ ਜ਼ਿੰਮੇਵਾਰੀ ਹੋਰ ਵਧਾ ਦਿੱਤੀ ਹੈ।
ਬਲਜਿੰਦਰ ਸੰਘਾ
ਫੋਨ 403-680-3212