ਕੈਲਗਰੀ (ਮਹਿੰਦਰਪਾਲ ਸਿੰਘ ਪਾਲ); ਜੁਲਾਈ 01, 2016 ਨੂੰ ਪੰਜਾਬੀ ਲਿਖਾਰੀ ਸਭਾ ਵੱਲੋਂ ਇੰਡੀਅਨ ਐਕਸ ਸਰਵਿਸਮਿਨ ਇੰਮੀਗਰੇਸ਼ਨ ਅਸੋਸੀਏਸ਼ਨ ਦੇ ਹਾਲ ਵਿਚ ਕੈਂਸਰ ਦੀ ਬਿਮਾਰੀ ਬਾਰੇ ਜਾਣਕਾਰੀ ਭਰਪੂਰ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਸੈਮੀਨਾਰ ਦੀ ਸ਼ੁਰੂਆਤ ਵਿਚ ਸਕੱਤਰ ਰਣਜੀਤ ਸਿੰਘ ਨੇ ਹਾਜ਼ਰੀਨ ਦਾ ਸਵਾਗਤ ਕੀਤਾ ਅਤੇ ਸਭਨਾ ਨੂੰ ਕੈਨੇਡਾ ਦਿਵਸ ਦੀ ਵਧਾਈ ਦਿੱਤੀ। ਪੰਜਾਬੀ ਲਿਖਾਰੀ ਸਭਾ ਦੇ ਪ੍ਰਧਾਨ ਤਰਲੋਚਨ ਸਿੰਘ ਸੈਂਹਿਬੀ, ਇੰਡੀਅਨ ਐਕਸ ਸਰਵਿਸਮਿਨ ਇੰਮੀਗਰੇਸ਼ਨ ਅਸੋਸੀਏਸ਼ਨ ਦੇ ਸਕੱਤਰ ਹਰਬਖਸ਼ ਸਿੰਘ ਧਨੋਆ ਅਤੇ ਮੁਖ ਮਹਿਮਾਨ ਕੈਂਸਰ ਰੋਕੋ ਯੂਕੇ ਦੇ ਗਲੋਬਲ ਅੰਬੈਸਡਰ ਕੁਲਵੰਤ ਸਿੰਘ ਧਾਲੀਵਾਲ ਨੂੰ ਪ੍ਰਧਾਨਗੀ ਮੰਡਲ ਵਿਚ ਸ਼ਾਮਿਲ ਹੋਣ ਲਈ ਨੂੰ ਸੱਦਾ ਦਿੱਤਾ। ਇਸ ਤੋਂ ਉਪਰੰਤ ਤਰਲੋਚਨ ਸਿੰਘ ਸੈਂਹਿਬੀ ਨੇ ਆਏ ਸੱਜਣਾਂ ਦਾ ਸਵਾਗਤ ਕੀਤਾ ਅਤੇ ਹਾਜ਼ਰੀਨ ਨਾਲ ਕੁਲਵੰਤ ਸਿੰਘ ਧਾਲੀਵਾਲ ਦਾ ਤਆਰਫ਼ ਕਰਵਾਇਆ। ਉਹਨਾਂ ਦੱਸਿਆ ਕਿਸ ਤਰਾਂ ਧਾਲੀਵਾਲ ਜੀ ਤਨ ਮਨ ਧੰਨ ਨਾਲ ਲੋਕ ਸੇਵਾ ਨੂੰ ਸਮਰਪਿਤ ਹਨ। ਉਹਨਾਂ ਕਿਹਾ ਕਿ ”ਅਸੀਂ ਸਾਰੇ ਹੀ ਆਪਣੇ ਲਈ ਜਾਂ ਆਪਣੇ ਪਰੀਵਾਰ ਲਈ ਬਹੁਤ ਕੁਝ ਕਰਦੇ ਹਾਂ ਪਰ ਜਿਹੜੇ ਦੂਸਰਿਆਂ ਲਈ ਕੰਮ ਕਰਦੇ ਹਨ ਉਹਨਾਂ ਵਰਗਾ ਸੂਰਮਾ ਕੋਈ ਨਹੀਂ ਹੋ ਸਕਦਾ।”
ਇਸ ਤੋਂ ਉਪਰੰਤ ਸੁਰਿੰਦਰ ਗੀਤ ਨੇ ਪੰਜਾਬ ਦੇ ਅੱਜ ਕੱਲ੍ਹ ਦੇ ਹਾਲਾਤ ’ਤੇ ਇਕ ਬਹੁਤ ਹੀ ਭਾਵ ਪੂਰਵਕ ਕਵਿਤਾ ਪੇਸ਼ ਕੀਤੀ। ਜਿਸ ਦੀਆਂ ਕੁਝ ਸਤਰਾਂ ਹਾਜ਼ਰ ਹਨ।
ਮੈਂ ਧਰਤ ਹਾਂ ਦੇਸ਼ ਪੰਜਾਬ ਦੀ, ਮੇਰਾ ਮੰਦੜਾ ਹੋਇਆ ਹਾਲ।
ਮੈਂ ਰਾਣੀ ਪੰਜ ਦਰਿਆ ਦੀ, ਅੱਜ ਹੋਈ ਫਿਰਾਂ ਕੰਗਾਲ।
ਇਸ ਤੋਂ ਉਪਰੰਤ ਸਕੱਤਰ ਰਣਜੀਤ ਸਿੰਘ ਨੇ ਵਰਲਡ ਕੈਂਸਰ ਕੇਅਰ ਵੱਲੋਂ ਲੋਕ ਅਰਪਨ ਕੀਤੇ ਜਾ ਰਹੇ ਮੈਗਜ਼ੀਨ ਬਾਰੇ ਇਕੱਤਰਤਾ ਨਾਲ ਸੂਚਨਾ ਸਾਂਝੀ ਕੀਤੀ ਅਤੇ ਨਾਲ ਹੀ ਮਹਿੰਦਰਪਾਲ ਸਿੰਘ ਪਾਲ ਨੂੰ ਇਸ ਮੈਗਜ਼ੀਨ ਬਾਰੇ ਆਪਣੇ ਵਿਚਾਰ ਪੇਸ਼ ਕਰਨ ਲਈ ਕਿਹਾ। ਮਹਿੰਦਰਪਾਲ ਨੇ ਮੈਗਜ਼ੀਨ ਬਾਰੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਦੱਸਿਆ ਕਿ ਇਸ ਵਿਚ ਕੈਸਰ ਦੇ ਮਾਹਰ ਡਾਕਟਰਾਂ ਦੇ ਲੇਖ ਸ਼ਾਮਿਲ ਹਨ, ਜਿਹੜੇ ਸਾਨੂੰ ਕੈਂਸਰ ਦੀ ਬਿਮਾਰੀ ਦੇ ਲੱਛਣਾਂ ਅਤੇ ਇਲਾਜ ਦੇ ਨਾਲ ਨਾਲ ਬਚਾਉ ਦੇ ਸਾਧਨ ਵੀ ਦੱਸਦੇ ਹਨ। ਮਹਿੰਦਰਪਾਲ ਨੇ ਸਭ ਨੂੰ ਇਹ ਮੈਗਜ਼ੀਨ ਪੜ੍ਹਨ ਦੀ ਪੁਰਜ਼ੋਰ ਬੇਨਤੀ ਕੀਤੀ।
ਹੁਣ ਮੁਖ ਮਹਿਮਾਨ ਕੁਲਵੰਤ ਸਿੰਘ ਧਾਲੀਵਾਲ ਨੇ ਹਾਜ਼ਰੀਨ ਨਾਲ ਕੈਂਸਰ ਦੇ ਵੱਖ ਵੱਖ ਪ੍ਰਕਾਰ ਦੇ ਰੋਗਾਂ ਦੇ ਲੱਛਣ, ਉਹਨਾਂ ਦੇ ਇਲਾਜ ਅਤੇ ਰੋਕ ਥਾਮ ਬਾਰੇ ਹੋਰ ਵਿਸਤਾਰ ਵਿਚ ਵਡਮੁੱਲੀ ਜਾਣਕਾਰੀ ਸਾਂਝੀ ਕੀਤੀ। ਉਹਨਾਂ ਨੇ ਦਸ ਤਰਾਂ ਦੇ ਕੈਂਸਰ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ। ਉਹਨਾਂ ਇਹ ਵੀ ਕਿਹਾ ਕਿ ਉਹ ਖ਼ੁਦ ਡਾਕਟਰ ਤਾਂ ਨਹੀਂ ਪਰ ਇਹ ਜਾਣਕਾਰੀ ਡਾਕਟਰਾਂ ਦੀ ਖੋਜ ਦੇ ਮੁਤਾਬਕ ਹੈ। ਉਹਨਾਂ ਕਿਹਾ ਕਿ ਕੈਨੇਡਾ ਵਰਗੇ ਦੇਸ਼ ਵਿਚ ਬਹੁਤ ਘੱਟ ਲੋਕ ਕੈਂਸਰ ਦੀ ਬਿਮਾਰੀ ਦੇ ਨਾਲ ਮਰਦੇ ਹਨ ਕਿਉਂ ਕਿ ਇਥੇ ਇਸ ਰੋਗ ਦੀ ਜਲਦੀ ਜਾਂਚ ਹੋ ਜਾਂਦੀ ਹੈ ਅਤੇ ਲੋੜੀਂਦਾ ਇਲਾਜ ਵੀ ਅਕਸਰ ਹੋ ਜਾਂਦਾ ਹੈ। ਪੰਜਾਬ ਵਿਚ ਅਜੇਹਾ ਨਹੀਂ ਹੈ, ਇਸ ਲਈ ਨਤੀਜੇ ਬਹੁਤ ਹੀ ਦਰਦਨਾਕ ਹਨ। ਉਹਨਾਂ ਇਹ ਵੀ ਕਿਹਾ ਕ ਲੋਕਾਂ ਨੂੰ ਦਾਨ ਦੀ ਦਿਸ਼ਾ ਬਦਲਣ ਦੀ ਲੋੜ ਹੈ। ਜੇਕਰ ਦਾਨ ਐਜੂਕੇਸ਼ਨ, ਸਾਫ ਪਾਣੀ ਅਤੇ ਮੈਡੀਕਲ ਸਹੂਲਤਾਂ ਨੂੰ ਮੁਖ ਰੱਖ ਕੇ ਦਿੱਤਾ ਜਾਵੇ ਤਾਂ ਕੈਂਸਰ ਰੋਕਣ ਵਿਚ ਸਹਾਈ ਹੋ ਸਕਦਾ ਹੈ।
ਉਹਨਾਂ ਲੋਕਾਂ ਨੂੰ ਵਿਆਹ ਅਤੇ ਅੰਤਮ ਸੰਸਕਾਰ ਦੀਆਂ ਰਸਮਾਂ ’ਤੇ ਬੇਲੋੜੇ ਖਰਚ ਤੋਂ ਗੁਰੇਜ਼ ਕਰਨ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਇਹ ਹੀ ਧਨ ਬੱਚਿਆਂ ਦੇ ਭਵਿੱਖ ਅਤੇ ਲੋਕ ਭਲਾਈ ਦੇ ਕੰਮਾਂ ਵਿਚ ਯੋਗਦਾਨ ਪਾਉਣ ਦੇ ਕੰਮ ਆ ਸਕਦਾ ਹੈ। ਉਹਨਾਂ ਨੇ ਤੰਦਰੁਸਤ ਭੋਜਨ ਖਾਣ ਲਈ ਅਤੇ ਕਸਰਤ ਕਰਨ ਲਈ ਵੀ ਲੋਕਾਂ ਨੂੰ ਪ੍ਰੇਰਣਾਂ ਦਿੱਤੀ।
ਹਰਬਖਸ਼ ਸਿੰਘ ਧਨੋਆ ਨੇ ਸਭ ਨੂੰ ਉਹਨਾਂ ਦੇ ਵਿਹੜੇ ਆਉਣ ਲਈ ਜੀ ਆਇਆਂ ਕਿਹਾ। ਉਹਨਾਂ ਕਿਹਾ ਕਿ ਉਹ ਕੁਲਵੰਤ ਸਿੰਘ ਧਾਲੀਵਾਲ ਤੋਂ ਬਹੁਤ ਹੀ ਪ੍ਰਭਾਵਤ ਹੋਏ ਹਨ। ਉਹਨਾਂ ਕਿਹਾ ਕੁਲਵੰਤ ਸਿੰਘ ਧਾਲੀਵਾਲ ਸਹੀ ਮਾਨਿਆਂ ਵਿਚ ਇਕ ਸੰਤ ਹਨ।
ਫਿਰ ਰਸਮੀ ਤੌਰ ’ਤੇ ਵਰਲਡ ਕੈਂਸਰ ਕੇਅਰ ਦੇ ਮੈਗਜ਼ੀਨ ”ਧੁਖਦਾ ਪੰਜਾਬ” ਨੂੰ ਲੋਕ ਅਰਪਨ ਕੀਤਾ ਗਿਆ ਅਤੇ ਨਾਲ ਹੀ ਪੰਜਾਬੀ ਲਿਖਾਰੀ ਸਭਾ ਵੱਲੋਂ ਕੁਲਵੰਤ ਸਿੰਘ ਧਾਲੀਵਾਲ ਨੂੰ ਇਕ ਯਾਦਗਾਰੀ ਪ੍ਰਸੰਸਾ ਪੱਤਰ ਭੇਂਟ ਕੀਤਾ ਗਿਆ।
ਪੰਜਾਬੀ ਲਿਖਾਰੀ ਸਭਾ ਦੇ ਪ੍ਰਧਾਨ ਤਰਲੋਚਨ ਸਿੰਘ ਸੈਂਹਿਬੀ ਨੇ ਹਾਜ਼ਰ ਮਹਿਮਾਨਾਂ, ਹੋਰ ਸੰਸਥਾਵਾਂ ਤੋਂ ਆਏ ਪਤਵੰਤੇ ਸੱਜਣ ਅਤੇ ਹਾਜ਼ਰੀਨ ਸਰੋਤਿਆਂ ਦਾ ਸੈਮੀਨਾਰ ਵਿਚ ਆਉਣ ਲਈ ਧੰਨਵਾਦ ਕੀਤਾ। ਉਹਨਾਂ ਵਿਸ਼ੇਸ ਤੌਰ ’ਤੇ ਕੈਲਗਰੀ ਮੀਡੀਆ ਦਾ ਇਸ ਸੈਮੀਨਾਰ ਦੀ ਕਾਮਯਾਬੀ ਵਿਚ ਯੋਗਦਾਨ ਪਾਉਣ ਲਈ ਧੰਨਵਾਦ ਕੀਤਾ ਅਤੇ ਇਸ ਸੈਮੀਨਾਰ ਦੀ ਸਮਾਪਤੀ ਕੀਤੀ।