ਗੁਰਚਰਨ ਥਿੰਦ-ਕੈਲਗਰੀ ਵੁਮੈਨ ਕਲਚਰਲ ਐਸੋਸੀਏਸ਼ਨ ਵਲੋਂ ਟੋਰਾਂਟੋ ਤੋਂ ਆਈ ਲੁਧਿਆਣੇ ਦੀ ਜੰਮਪਲ ਨਾਮਵਰ ਲੇਖਿਕਾ ਅਤੇ ਪਤਰਕਾਰ ਮਿੰਨੀ ਗਰੇਵਾਲ ਜੀ ਨਾਲ 24 ਜੂਨ ਨੂੰ ਜੈਨੇਸਿਜ਼ ਸੈਂਟਰ ਵਿੱਖੇ ਮਿਲ ਬੈਠ ਗੱਲਾਂਬਾਤਾਂ ਕਰ ਉਹਨਾਂ ਦੇ ਜੀਵਨ-ਸੰਘਰਸ਼ ਤੇ ਝਾਤ ਪਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ। ਗੁਰਚਰਨ ਥਿੰਦ ਨੇ ਸਾਰਿਆਂ ਨੂੰ ਜੀ ਆਇਆਂ ਕਹਿ ਮਿੰਨੀ ਗਰੇਵਾਲ ਤੇ ਬਲਵਿੰਦਰ ਬਰਾੜ ਨੂੰ ਸਾਹਮਣੇ ਵਾਲੇ ਮੇਜ਼ ਤੇ ਬੈਠਣ ਦਾ ਸੱਦਾ ਦਿੱਤਾ। ਬਲਵਿੰਦਰ ਬਰਾੜ ਨੇ ਮਿੰਨੀ ਗਰੇਵਾਲ ਜੀ ਬਾਰੇ ਲਿਖਿਆ ਰੇਖਾ-ਚਿੱਤਰ ਪੜ੍ਹ ਉਹਨਾਂ ਬਾਰੇ ਜਾਣਕਾਰੀ ਪ੍ਰਦਾਨ ਕਰਵਾਈ।
ਉਪਰੰਤ “ਲੁਧਿਆਣੇ ਦੀ ਜੰਮਪਲ, ਮਾਸਕੋ ਵਿਖੇ ਕਾਰਾਂ ਤੇ ਕਾਰਾਂ ਵਿੱਚ ਬੈਠੇ ਕੰਮਾਂ ਕਾਰਾਂ ਤੋਂ ਮੁੜ ਰਹੇ ਆਦਮੀਆਂ ਦੀ ਭੀੜ ਵੇਖ ਮੈਨੂੰ ਆਪਣੀ ਜ਼ਿੰਦਗੀ ਦੀ ਦੌੜ ਯਾਦ ਆਈ। ਦਿੱਲੀ ਦੀ ਬਾਰਾਂ ਖੰਭਾਂ ਰੋਡ ਤੇ ਕਨਾਟ ਪਲੇਸ ਪਿਛੋਂ ਮੁੰਬਈ ਦੀ ਮਾਲਾਬਾਰ ਹਿੱਲ ਅਤੇ ਟਾਈਮਜ਼ ਆਫ ਇੰਡੀਆ ਹੁੰਦੀ ਹੋਈ ਟੋਰਾਂਟੋ ਪਹੁੰਚ ਗਈ। ਈਟੋਬੀਕੋ ਦੀ ਸੜਕ ਡਾਊਨ ਟਾਊਨ ਦੀ ਕਿੰਗ ਸਟ੍ਰੀਟ ਉੱਤੇ ਅੰਗਰੇਜ਼ੀ ਡੇਲੀ “ਟੋਰਾਂਟੋ ਸਨ” ਦੇ ਆਫਿਸ ਲੈ ਜਾਂਦੀ ਤੇ ਫਿਰ ਇਹ ਦੌੜ ਟੋਰਾਂਟੋ ਦੇ ਪੀਅਰਸਨ ਏਅਰਪੋਰਟ ਤੇ ਆ ਕੇ ਢਾਈ ਦਹਾਕਿਆਂ ਲਈ ਰੁਕ ਗਈ।……ਜਿਉਣ ਦੀ ਦੌੜ ਇਕੋ ਜਿਹੀ ਹੁੰਦੀ ਹੈ ਸਿਰਫ ਰੰਗ ਵਖਰੇ ਵਖਰੇ ਹਨ” ਉਹਨਾਂ ਦੁਆਰਾਂ ਲਿਖਤ ਵਾਕ-ਅੰਸ਼ਾਂ ਨੂੰ ਦੁਹਰਾ ਗੁਰਚਰਨ ਥਿੰਦ ਨੇ ਉਹਨਾਂ ਨੂੰ ਆਪਣੀ ਜੀਵਨ ਦੌੜ ਦੇ ਭਿੰਨ ਭਿੰਨ ਰੰਗਾਂ ਦੀ ਸਾਂਝ ਪਾਉਣ ਦਾ ਅਤੇ ਹਾਜ਼ਰ ਮੈਂਬਰਾਂ ਨੂੰ ਉਹਨਾਂ ਨਾਲ ਸਿੱਧੀ ਗਲਬਾਤ ਕਰਨ ਦਾ ਖੁੱਲ੍ਹਾ ਸੱਦਾ ਦਿੱਤਾ। ਫਿਰ ਆਪਸੀ ਗਲਬਾਤ ਦਾ ਐਸਾ ਸਿਲਸਲਾ ਸ਼ੁਰੂ ਹੋਇਆ ਕਿ ਦੋ ਘੰਟੇ ਦਾ ਸਮਾਂ ਲੰਘਦੇ ਦਾ ਪਤਾ ਹੀ ਨਹੀਂ ਚਲਿਆ।
’19 ਸਾਲ ਦੀ ਉਮਰ ਵਿੱਚ ਜਦੋਂ ਉਹਦੇ ਰੱਜੇ ਪੁੱਜੇ ਪਰਿਵਾਰ, ( ਉਹਨਾਂ ਦੇ ਦਾਦਾ ਜੀ ਮਹਾਰਾਜਾ ਨਾਭਾ ਦੇ ਦਰਬਾਰ ਵਿੱਚ ਚੀਫ਼ ਜਸਟਿਸ ਰਹਿ ਚੁੱਕੇ ਸਨ ਅਤੇ ਨਾਨਾ ਜੀ ਇੰਜਨੀਅਰ ਸਨ) ਵਲੋਂ ਉਹਨਾਂ ਵੇਲਿਆਂ ਦੇ ਰੀਤੀ ਰਿਵਾਜਾਂ ਅਨੁਸਾਰ ਉਹਨਾਂ ਦੇ ਵਿਆਹ ਦੀ ਗੱਲ ਤੋਰੀ ਗਈ ਤਾਂ ਵਿਆਹ ਦੀ ਬਜਾਏ ਹੋਰ ਪੜ੍ਹਾਈ ਕਰਨ ਦੀ ਜ਼ਿੱਦ ਤੇ ਅੜੀ ਮਿੰਨੀ ਸਾਰਿਆਂ ਨੂੰ ਨਰਾਜ਼ ਕਰ ਦਿੱਲੀ ਆ ਗਈ। ਉੱਥੇ ਕੁੜੀਆਂ ਦੇ ਹਾਸਟਲ ਵਿੱਚ ਰਹਿ ਨੌਕਰੀ ਕਰਦੀ, ਦਿੱਲੀ ਯੂਨੀਵਰਸਟੀ ਦੀਆਂ ਸ਼ਾਮ ਦੀਆਂ ਕਲਾਸਾਂ ਵਿੱਚ ਪੜ੍ਹਾਈ ਕਰਦੀ, ਸਾਈਕਲ ਤੇ ਕਈ ਮੀਲ ਰੋਜ਼ਾਨਾ ਪੈਂਡਾ ਕਰਦੀ ਮਿੰਨੀ ਨੂੰ ਹੌਸਟਲ ਦੇਰ ਨਾਲ ਪਹੁੰਚਣ ਤੇ ਖਾਣੇ ਤੋਂ ਜੁਆਬ ਅਤੇ ਜੇਬ ਵਿੱਚ ਬਾਹਰੋਂ ਕੁੱਝ ਖਾ ਕੇ ਪੇਟ ਭਰਨ ਲਈ ਪੈਸੇ ਨਾ ਹੋਣ ਕਾਰਨ ਕਈ ਵਾਰ ਭੁੱਖੇ ਸੌਣਾ ਪੈਂਦਾ। ਉਹ ਹਤਾਸ਼ ਹੋ ਜਾਂਦੀ ਪਰ ਆਪਣੇ ਫੈਸਲੇ ਤੇ ਅਟੱਲ ਉਸ ਪੜ੍ਹਾਈ ਪੂਰੀ ਕੀਤੀ। ਅਖਬਾਰ ਦੀ ਨੌਕਰੀ ਉਹਨਾਂ ਨੂੰ ਦਿੱਲੀ ਦੀ ਬਾਰਾਂ ਖੰਭਾਂ ਰੋਡ ਤੋਂ ਬੰਬਈ ਲੈ ਆਈ। ਇੱਥੇ ਚਾਲਾਂ ਵਿੱਚ ਰਹਿੰਦੀ ਮਿੰਨੀ ਦੁਸ਼ਵਾਰੀਆਂ ਭਰਪੂਰ ਜ਼ਿੰਦਗੀ ਨਾਲ ਇਕੱਲੀ ਦੋ ਹੱਥ ਕਰਦੀ ਸੋਵੀਅਤ ਲੈਂਡ ਰਸਾਲੇ ਦੀ ਸੰਪਾਦਕ ਬਣ ਆਖਰ ਮਾਲਾਬਾਰ ਹਿੱਲ ਦੀ ਵਾਸੀ ਬਣ ਗਈ।’ ਉੁਹਨਾਂ ਦੇ ਮੌਜੂਦ ਰਵਾਇਤਾਂ ਤੋੜਨ ਦੇ ਮੁੱਢਲੇ ਜੀਵਨ ਸੰਘਰਸ਼ ਤੇ ਝਾਤ ਪਾਉਂਦਿਆਂ ਆਪਸੀ ਮਿਲਣੀ ਸਾਰਥਿਕ ਹੋ ਲੁਧਿਆਣੇ ਅਤੇ ਦਿੱਲੀ ਨਾਲ ਜੁੜੀਆਂ ਕਈ ਭੈਣਾਂ ਦੇ ਜੀਵਨ ਨਾਲ ਆ ਜੁੜੀ ਤਾਂ ਹਰਦੇਵ ਕੌਰ ਅਤੇ ਹਰਬਿਮਲ ਕੌਰ ਨੇ ਇਸ ਗੱਲਬਾਤ ਵਿੱਚ ਆਪਣੀਆਂ ਯਾਦਾਂ ਦੀ ਸਾਂਝ ਪਾਈ।
‘ਰਿਸ਼ਤੇ ਟੁੱਟਦੇ ਨਹੀਂ ਨਰਾਜ਼ ਹੋ ਜਾਂਦੇ ਨੇ’ ਮਿੰਨੀ ਜੀ ਦੇ ਕਥਨ ਅਨੁਸਾਰ ਉਹਨਾਂ ਨੇ ਆਪਣੀ ਪਸੰਦ ਪਰ ਮਾਪਿਆਂ ਦੀ ਰਜ਼ਾਮੰਦੀ ਨਾਲ ਇੱਕ ਬਿਜ਼ਨਸਮੈਨ ਨਾਲ ਸ਼ਾਦੀ ਕੀਤੀ। ਇੱਕ ਬੇਟੇ ਬੇਟੀ ਦੀ ਮਾਂ ਬਣੀ।ਪ੍ਰੰਤੂ ਮਿੰਨੀ ਦੀ ਪਤਰਕਾਰਤਾ ਦਾ ਰੁਤਬਾ ਅਤੇ ਇੱਕ ਲੇਖਿਕਾ ਵਜੋਂ ਪੁੱਛ ਪ੍ਰਤੀਤ ਪਤੀ ਦੀ ਵਪਾਰੀ ਸੋਚ ਦੇ ਮੇਚ ਨਾ ਆਈ ਤਾਂ ਇਹ ਰਿਸ਼ਤਾ ਸਦਾ ਸਦਾ ਲਈ ਨਰਾਜ਼ ਹੋ ਗਿਆ। ਆਖਰ ਉਹ ਮੁਬੰਈ ਨੂੰ ਅਲਵਿਦਾ ਕਹਿ ਸਤਰ੍ਹਵੇਂ ਦਹਾਕੇ ਦੇ ਪਹਿਲੇ ਅੱਧ ਵਿੱਚ ਆਪਣੇ ਨੌਂ ਤੇ ਬਾਰਾਂ ਸਾਲ ਦੀ ਉਮਰ ਦੇ ਬੱਚਿਆਂ ਨਾਲ ਟੋਰਾਂਟੋ (ਕਨੇਡਾ) ਪਹੁੰਚ ਵਖਰੇ ਰੰਗ ਦੀ ਜ਼ਿੰਦਗੀ ਦੀ ਦੌੜ ਦੌੜਨ ਲਗ ਪਈ। ਜਿਸ ਦੌਰਾਨ ਉਸ ਨੂੰ ਰੇਸ਼ੀਅਲ ਡਿਸਕ੍ਰਮੀਨੇਸ਼ਨ ਦਾ ਸ਼ਿਕਾਰ ਹੋ ਹਤਾਸ਼ ਹੋਣਾ ਪਿਆ, ਆਰਥਿਕ ਤੰਗੀਆਂ ਦਾ ਸਾਹਮਣਾ ਕਰਦਿਆਂ ਬੱਚਿਆਂ ਦੇ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਨਿਭਾਉਂਦਿਆਂ ਪੈਰਾਂ ਸਿਰ ਖੜੋਣ ਦਾ ਸੰਘਰਸ਼ ਕਰਨਾ ਪਿਆ। ਪ੍ਰੰਤੂ ਆਪਣੀ ਅਜ਼ਾਦ ਸੋਚ ਅਤੇ ਅਜ਼ਾਦ ਹੋਂਦ ਦੀ ਚਾਹਤ ਨੇ ਉਹਨਾਂ ਨੂੰ ਛੇ ਕਿਤਾਬਾਂ ਦੀ ਲੇਖਿਕਾ, ਸਫਲ ਪਤਰਕਾਰ ਅਤੇ ਜ਼ਿੰਮੇਵਾਰ ਮਾਂ ਵਜੋਂ ਉਭਰਨ ਵਿੱਚ ਮਦਦ ਕੀਤੀ।
‘ਔਰਤਾਂ ਨੂੰ ਹੱਕ ਮਿਲਣੇ ਚਾਹੀਦੇ ਹਨ, ਬਲਕਿ ਔਰਤਾਂ ਨੂੰ ਹੱਕ ਲੈਣ ਲਈ ਖ਼ੁਦ ਹੰਭਲਾ ਮਾਰਨਾ ਚਾਹੀਦਾ ਹੈ। ਹੱਕ ਤੇ ਫ਼ਰਜ਼ ਨਾਲੋ ਨਾਲ ਚਲਦੇ ਹਨ’ ਇਸ ਨੁਕਤੇ ਤੇ ਪਹੁੰਚੀ ਗਲਬਾਤ ਵਿੱਚ ਬਲਵਿੰਦਰ ਬਰਾੜ, ਗੁਰਦੀਪ ਪਰਹਾਰ, ਅਵਿਨਾਸ਼, ਸਰਬਜੀਤ ਉੱਪਲ, ਗੁਰਦੀਸ਼ ਗਰੇਵਾਲ, ਗੁਰਮੀਤ ਮੱਲ੍ਹੀ, ਰਜਿੰਦਰ ਚੋਹਕਾ, ਨਵਪ੍ਰੀਤ ਗਰੇਵਾਲ, ਸਤਪਾਲ ਬੱਲ, ਸੁਰਿੰਦਰਪਾਲ ਕੈਂਥ ਅਤੇ ਹੋਰ ਭੈਣਾਂ ਨੇ ਵਿਚਾਰ ਚਰਚਾ ਵਿੱਚ ਹਿੱਸਾ ਲੈ ਦਹੇਜ, ਭਰੁਣ-ਹੱਤਿਆ, ਝੁੱਗੀਆਂ ਝੌਂਪੜੀਆਂ ਵਿੱਚ ਰਹਿੰਦੀਆਂ ਔਰਤਾਂ ਦੀ ਬਦਹਾਲੀ, ਅਰੇਂਜਡ ਮੈਰਜ਼, ਅਜੋਕੇ ਸਮੇਂ ਵਿੱਚ ਘਰੇਲੂ ਝਗੜਿਆਂ ਕਾਰਨ ਔਰਤਾਂ ਤੇ ਮਰਦਾਂ ਨੂੰ ਦਰਪੇਸ਼ ਦੁਸ਼ਵਾਰੀਆਂ ਦੀ ਅਤੇ ਖਾਸ ਤੌਰ ਤੇ ਘਰ ਦੀ ਚਾਰ ਦਿਵਾਰੀ ਤੋਂ ਬਾਹਰ ਔਰਤ ਨਾਲ ਸਿਰ ਫਿਰੇ ਮਰਦਾਂ ਵਲੋਂ ਕੀਤੀਆਂ ਜਾਣ ਵਾਲੀਆਂ ਲੁਕਵੀਆਂ ਸ਼ਰਾਰਤਾਂ ਤੇ ਸੋਸ਼ਣ ਦੀ ਵਿਸਥਾਰਤ ਚਰਚਾ ਕੀਤੀ। ਲਲਿਤਾ ਜੀ ਨੇ ਔਰਤਾਂ ਦੀਆਂ ਸਕਸੈੱਸ ਸਟੋਰੀਜ਼ ਸ਼ੇਅਰ ਕਰਨ ਦੀ ਲੋੜ ਅਤੇ ਢੰਗ ਤਰੀਕਿਆਂ ਦੀ ਗੱਲ ਤੋਰੀ ਤਾਂ ਅੱਜ ਦੀ ਇਸ ਵਿਸ਼ੇਸ਼ ਮਿਲਣੀ ਵਿੱਚ ਉਚੇਚੇ ਪਹੁੰਚੇ ਜਾਣੇ ਪਛਾਣੇ ਕਵੀ ਮਹਿੰਦਰਪਾਲ ਐਸ ਪਾਲ ਜੀ ਨੇ ਇਹ ਕਹਿ ਕਿ “ਅਸੀਂ ਤਾਂ ਦੀਵੇ ਜਗਾਉਣੇ ਆ, ਰਸਤਾ ਤਾਂ ਹਰੇਕ ਨੇ ਆਪੋ ਆਪਣਾ ਲਭਣਾ” ਇਨ੍ਹਾਂ ਸਮਾਜਿਕ ਅਤੇ ਨਿੱਜੀ ਦੁਸ਼ਵਾਰੀਆਂ ‘ਚੋਂ ਪਾਰ ਲੰਘਣ ਦੀ ਜ਼ਿੰਮੇਵਾਰੀ ਹਰ ਇੱਕ ਨੂੰ ਆਪੋ ਆਪਣੇ ਸਿਰ ਲੈਣ ਦਾ ਹੱਲ ਸੁਝਾਇਆ।
ਇਹ ਰੌਚਕ ਰੂਬਰੂ ਗੁਰਜੀਤ ਕੌਰ ਜੀ ਦੀ ਔਰਤ ਦੇ ਧੀ ਰੂਪ ਨੂੰ ਸੰਬੋਧਿਤ ਕਵਿਤਾ ‘ਬਾਪ ਦੀ ਪੱਗ ਮਾਂ ਦੀ ਲੱਜ, ਭਰਾ ਦਾ ਪਿਆਰ ਖੁਸ਼ੀਆਂ ਅਪਾਰ’ ਨਾਲ ਅੰਤਿਮ ਪੜਾਅ ਤੇ ਪਹੁੰਚ ਸਮਾਪਤ ਹੋਈ। ਗੁਰਚਰਨ ਥਿੰਦ ਨੇ ਬੜੀ ਕੁਸ਼ਲਤਾ ਨਾਲ ਇਸ ਵਿਲੱਖਣ ਮਿਲਣੀ ਦਾ ਸੰਚਾਲਨ ਕਰ ਵੱਧ ਤੋਂ ਵੱਧ ਮੈਂਬਰਾਂ ਨੂੰ ਇਸ ਤਿੰਝਣ ਵਿੱਚ ਆਪੋ ਆਪਣੇ ਅਨੁਭਵਾਂ ਦੀਆਂ ਪੂਣੀਆਂ ਕੱਤਣ ਲਈ ਪ੍ਰੇਰਿਆ।