ਗੁਰਦੀਸ਼ ਕੌਰ ਗਰੇਵਾਲ- ਸਾਊਥ ਏਸ਼ੀਅਨ ਕੈਨੇਡੀਅਨ ਐਸੋਸੀਏਸ਼ਨ ਕੈਲਗਰੀ ਵਲੋਂ ਕਲਚਰਲ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਵੱਖ ਵੱਖ ਸੰਸਥਾਵਾਂ ਵਲੋਂ ਦਰਸ਼ਕਾਂ ਦੇ ਮਨੋਰੰਜਨ ਲਈ, ਵੰਨ ਸੁਵੰਨੇ ਆਈਟਮ ਪੇਸ਼ ਕੀਤੇ ਗਏ ਜਿਸ ਦਾ ਦਰਸ਼ਕਾਂ ਨੇ ਖੂਬ ਅਨੰਦ ਮਾਣਿਆਂ। ਸੰਸਥਾ ਦੀ ਸੂਝਵਾਨ ਮੈਂਬਰ ਲਲਿਤਾ ਸਿੰਘ ਵਲੋਂ ਸਟੇਜ ਸੰਚਾਲਕ ਦੀ ਭੂਮਿਕਾ ਨਿਭਾਉਂਦੇ ਹੋਏ, ਸੰਸਥਾ ਦੇ ਪ੍ਰਧਾਨ ਹਰਮੋਹਿੰਦਰ ਸਿੰਘ ਪਲਾਹਾ ਅਤੇ ਹੋਰ ਪਤਵੰਤੇ ਸੱਜਣਾ ਨੂੰ ਸਟੇਜ ਤੇ ਬੈਠਣ ਦੀ ਬੇਨਤੀ ਕੀਤੀ ਗਈ। ਸਭ ਤੋਂ ਪਹਿਲਾਂ ਪਲਾਹਾ ਸਾਹਿਬ ਨੇ ਆਏ ਹੋਏ ਸਮੂਹ ਮਹਿਮਾਨਾਂ ਨੂੰ ‘ਜੀ ਆਇਆਂ’ ਕਿਹਾ। ਸਮਾਗਮ ਦੀ ਸ਼ੁਰੂਆਤ ਕੈਨੇਡਾ ਦੇ ਰਾਸ਼ਟਰ ਗਾਣ ‘ਓ ਕੈਨੇਡਾ’ ਅਤੇ ‘ਦੇਹਿ ਸ਼ਿਵਾ ਵਰ ਮੋਹਿ ਇਹੈ..’ ਨਾਲ ਕੀਤੀ ਗਈ। ਕਲਚਰਲ ਵੰਨਗੀ ਵਿੱਚ ਸਭ ਤੋਂ ਪਹਿਲਾਂ, ਬੀਬੀ ਤੇਜਿੰਦਰ ਕੌਰ, ਗੁਰਜੀਤ ਸਿੰਘ ਤੇ ਜੁਝਾਰ ਸਿੰਘ ਦੇ ਢਾਡੀ ਜਥੇ ਨੇ ਸਾਰੰਗੀ ਤੇ-ਜਦ ਵੀ ਡੁੱਲ੍ਹਦਾ, ਯੁੱਗ ਪਲਟਾਉਂਦਾ, ਖੁਨ ਸ਼ਹੀਦਾਂ ਦਾ’ ਦੀ ਵਾਰ ਗਾ ਕੇ, ਮਹੌਲਸੁਰਮਈ ਬਣਾ ਦਿੱਤਾ। ਗੁਰਮੀਤ ਸਰਪਾਲ ਦੇ ਗਰੁੱਪ ਨੇ ਨਾਟਕ-‘ਦੇਸੀ ਬਾਬਾ, ਕਨੇਡਾ ਆਇਆ’ ਰਾਹੀਂ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਡਾ. ਦਲਵਿੰਦਰ ਜੌਹਲ ਦੀਆਂ ਤਿਆਰ ਕਰਵਾਈਆਂ ਹੋਈਆਂ ਬੱਚਿਆਂ ਦੀਆਂ ਭੰਗੜੇ ਦੀਆਂ ਤਿੰਨ ਟੀਮਾਂ ਨੂੰ, ਸਟੇਜ ਸੈਕਟਰੀ ਲਲਿਤਾ ਸਿੰਘ ਵਲੋਂ, ਵਾਰੀ ਵਾਰੀ ਪੇਸ਼ਕਾਰੀ ਲਈ ਸੱਦਾ ਦਿੱਤਾ ਗਿਆ। ਇਹਨਾਂ ਬੱਚਿਆਂ ਨੇ ਇੰਨੇ ਜੋਸ਼ੀਲੇ ਅੰਦਾਜ਼ ਵਿੱਚ ਪੰਜਾਬੀ ਵਿਰਸੇ ਤੇ ਸਭਿਆਚਾਰ ਦੀ ਤਸਵੀਰ ਪੇਸ਼ ਕੀਤੀ ਕਿ ਹਾਲ ਤਾੜੀਆਂ ਨਾਲ ਗੂੰਜ ਉਠਿਆ। ਰਵੀ ਜਨਾਗਲ ਨੇ ਆਪਣੀ ਸਾਥਣ ਨਾਲ, ਸੀਨੀਅਰਜ਼ ਲਈ ਦੋ ਗਾਣਾ ਗਾਇਆ ਜਿਸ ਤੇ ਸੀਨੀਅਰ ਰਮੇਸ਼ ਅਨੰਦ ਜੀ ਨੇ ਡਾਂਸ ਕਰਕੇ, ਜਵਾਨ ਹੋਣ ਦਾ ਸਬੂਤ ਦਿੱਤਾ। ਨਵੀਂ ਪੀੜ੍ਹੀ ਤਰਜਮਾਨੀ ਕਰਦੀ, ਇਸ਼ਿਟਾ ਸਿੰਗਲਾ ਨੇ ਸੋਲੋ ਡਾਂਸ ਕਰਕੇ, ਦਰਸ਼ਕਾਂ ਦਾ ਮਨ ਮੋਹ ਲਿਆ। ਗੁਰਤੇਜ ਸਿੱਧੂ ਨੇ-‘ਆ ਗਏ ਕਨੇਡਾ ਜੋ ਛੱਡ ਕੇ ਪਿੰਡ ਵਾਲੀ ਸਰਦਾਰੀ’ ਗੀਤ ਰਾਹੀਂ ਸਭ ਨੂੰ ਪਿਛੋਕੜ ਦੀ ਯਾਦ ਤਾਜ਼ਾ ਕਰਵਾ ਦਿੱਤੀ। ਉਪਰੰਤ ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਅਤੇ ਸਾਕਾ ਸੰਸਥਾ ਦੀਆਂ ਸੀਨੀਅਰ ਔਰਤ ਮੈਂਬਰਾਂ ਵਲੋਂ ਜਾਗੋ ਕੱਢੀ ਗਈ ਜਿਸ ਨੇ ਪੰਜਾਬ ਦੇ ਪਿੰਡਾਂ ਦੇ ਵਿਆਹਾਂ ਦੀ ਤਸਵੀਰ ਪੇਸ਼ ਕਰਕੇ ਰੰਗ ਬੰਨ੍ਹ ਦਿੱਤਾ। ਅੰਤ ਵਿੱਚ, ਸਭ ਤੋਂ ਸੀਨੀਅਰ ਮੈਂਬਰ ਕੁਲਵੰਤ ਕੌਰ ਗਰੇਵਾਲ ਨੇ ਆਪਣੀ ਸੁਰੀਲੀ ਆਵਾਜ਼ ਵਿੱਚ, ਭਗਤ ਸਿੰਘ ਦੀ ਘੋੜੀ ਪੇਸ਼ ਕਰਕੇ, ਹੈਰਾਨ ਕਰ ਦਿੱਤਾ। ਸਮਾਗਮ ਵਿੱਚ ਭਾਗ ਲੈਣ ਵਾਲੇ ਸਮੂਹ ਕਲਾਕਾਰਾਂ ਨੂੰ ਸੰਸਥਾ ਵਲੋਂ ਮੈ ਅਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਆਂ ਗਿਆ। ਇਸ ਤੋਂ ਇਲਾਵਾ, ਭੰਗੜਾ ਟੀਮ ਦੇ ਇੰਚਾਰਜ ਡਾ. ਦਲਜਿੰਦਰ ਸਿੰਘ ਜੌਹਲ ਅਤੇ ਕੈਲਗਰੀ ਦੀ ਜਾਣੀ ਪਛਾਣੀ ਲੇਖਿਕਾ ਅਤੇ ਪਰੈਸ ਰਿਪੋਟਰ ਗੁਰਦੀਸ਼ ਕੌਰ ਗਰੇਵਾਲ ਦਾ ਵੀ ਮੈ ਨਾਲ ਸਨਮਾਨ ਕੀਤਾ ਗਿਆ। ਲਲਿਤਾ ਸਿੰਘ ਨੇ ਸਾਕਾ ਵਲੋਂ ਕੀਤੇ ਜਾਂਦੇ ਸਮੂਹ ਕਾਰਜਾਂ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ- ਇਹ ਸੰਸਥਾ ਸਮਾਜ ਨੂੰ ਉਸਾਰੂ ਸੇਧ ਦੇਣ ਲਈ ਵਚਨਬੱਧ ਹੈ ਅਤੇ ਇਸ ਵਲੋਂ ਔਰਤਾਂ ਦੇ ਸਤਿਕਾਰ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾਂਦੀ ਹੈ। ਸਮਾਜ ਲਈ ਕੁੱਝ ਉਚੇਚਾ ਕਰਨ ਵਾਲੀਆਂ ਸ਼ਖਸੀਅਤਾਂ ਨੂੰ ਸਮੇਂ ਸਮੇਂ ਸਨਮਾਨਿਤ ਕਰਨਾ ਵੀ, ਸਭਾ ਆਪਣਾ ਫਰਜ਼ ਸਮਝਦੀ ਹੈ। ਇਸ ਸਮਾਗਮ ਵਿੱਚ ਮਿਸਟਰ ਰੇਅ ਜੌਹਨਜ਼ ਕੌਂਸਲਰ ਵਾਰਡ ਨੰਬਰ 5, ਦਰਸ਼ਨ ਕੰਗ ਐਮ. ਪੀ., ਪ੍ਰਭ ਗਿੱਲ ਐਮ.ਐਲ.ਏ, ਸ਼੍ਰੀ ਪਾਂਡਾ ਐਮ.ਐਲ.ਏ., ਵਾਈਲਡ ਰੋਜ਼ ਪਾਰਟੀ ਦੇ ਨੇਤਾ ਮਿਸਟਰ ਜੀਨ ਅਤੇ ਦਵਿੰਦਰ ਤੂਰ ਵਰਗੀਆਂ ਕੁੱਝ ਸਨਮਾਨ ਯੋਗ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕਰਕੇ, ਸਮਾਗਮ ਨੂੰ ਚਾਰ ਚੰਨ ਲਾਏ। ਸਮੂਹ ਬੁਲਾਰਿਆਂ ਨੇ ਹਰਮੋਹਿੰਦਰ ਪਲਾਹਾ ਜੀ ਨੂੰ ਇਸ ਵਿਸ਼ੇਸ਼ ਉਪਰਾਲੇ ਦੀ ਵਧਾਈ ਦਿੱਤੀ। ਦਰਸ਼ਨ ਕੰਗ ਐਮ. ਪੀ. ਵਲੋਂ, ਪਲਾਹਾ ਸਾਹਿਬ ਨੂੰ ਸ਼ੁਭ ਇਛਾਵਾਂ ਦਿੰਦੇ ਹੋਏ, ਉਹਨਾਂ ਦੀਆਂ ਸੇਵਾਵਾਂ ਲਈ ਉਹਨਾਂ ਨੂੰ, ਵਿਸ਼ੇਸ਼ ਪ੍ਰਸ਼ੰਸਾਪੱਤਰ ਭੇਟ ਕੀਤਾ ਗਿਆ। ਇਸ ਤੋਂ ਇਲਾਵਾ ਖਚਾ ਖਚ ਭਰੇ ਹਾਲ ਵਿੱਚ, ਲੇਖਿਕਾ ਗੁਰਦੀਸ਼ ਕੌਰਗਰੇਵਾਲ, ਅੰਮ੍ਰਿਤ ਸਾਗਰ ਵਲੋਂ ਅੰਮ੍ਰਿਤ ਬਰਾੜ ਅਤੇ ਉਹਨਾਂ ਦੀ ਸਮੁੱਚੀ ਟੀਮ, ਸੁਰਿੰਦਰਜੀਤ ਪਲਾਹਾ, ਸੁਖਦੇਵ ਸਿੰਘ ਭੁੱਲਰ, ਸੇਵਾ ਸਿੰਘ ਪ੍ਰੇਮੀ, ਗੁਰਦੀਪ ਧਾਲੀਵਾਲ, ਸੰਤ ਸਿੰਘ ਧਾਲੀਵਾਲ, ਪਰਗਟ ਸਿੰਘ ਰਾਏ, ਅਵਤਾਰ ਪਾਲੀ ਸਿੰਘ, ਪਿਆਰਾ ਸਿੰਘ ਪੂਰਨਪੁਰੀਆ,ਨਿਸ਼ਾਨ ਸਿੰਘ ਪੰਨੂੰ ਅਤੇ ਹੋਰ ਬਹੁਤ ਸਾਰੇ ਪਤਵੰਤੇ ਸੱਜਣਾਂ ਨੇ ਇਸ ਸਮਾਗਮ ਦੀ ਸ਼ੋਭਾ ਵਧਾਈ। ਮੀਡੀਆ ਵਲੋਂ- ਪੰਜਾਬੀ ਅਖਬਾਰ ਦੇ ਸੰਪਾਦਕ ਅਤੇ ਪੰਜਾਬੀ ਚੈਨਲ ਨਾਲ ਜੁੜੇ ਹੋਏ, ਹਰਬੰਸ ਬੁੱਟਰ ਨੇ ਸਾਰੇ ਪ੍ਰੋਗਰਾਮ ਦੀ ਕਵਰੇਜ ਕਰਕੇ, ਇਹਨਾਂ ਯਾਦਗਾਰੀ ਪਲਾਂ ਨੂੰ ਸੰਭਾਲਣ ਦਾ ਵਿਸ਼ੇਸ਼ ਕਾਰਜ ਕੀਤਾ। ਸਿੱਖ ਵਿਰਸਾ ਵਲੋਂ ਗੁਰਦੀਪ ਕੌਰ ਪਰਹਾਰ ਵੀ ਉਚੇਚੇ ਤੌਰ ਤੇ ਇਸ ਸਮਾਗਮ ਵਿੱਚ ਹਾਜ਼ਰ ਹੋਏ। ਅੰਤ ਵਿੱਚ, ਪਲਾਹਾ ਸਾਹਿਬ ਨੇ ਆਏ ਸਮੂਹ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ- ਇਸ ਸਮਾਗਮ ਦੀ ਸਫਲਤਾ ਦਾ ਸਿਹਰਾ ਇਸ ਦੀ ਐਗਜ਼ੈਕਟਿਵ ਕਮੇਟੀ ਨੂੰ ਜਾਂਦਾ ਹੈ। ਉਹਨਾਂ ਪਹਿਲੀ ਜੁਲਾਈ ਨੂੰ ਆਉਣ ਵਾਲੇ ਕੈਨੇਡਾ ਡੇ ਲਈ ਵੀ, ਸਮੂਹ ਕੈਨੇਡਾ ਵਾਸੀਆਂ ਨੂੰ ਸ਼ੁਭ ਇਛਾਵਾਂ ਦਿੱਤੀਆਂ। ਲਲਿਤਾ ਸਿੰਘ ਨੇ ਸਟੇਜ ਸੰਚਾਲਕ ਦੀ ਡਿਊਟੀ ਬਾਖੂਬੀ ਨਿਭਾਈ। ਇਸ ਸਮਾਗਮ ਵਿੱਚ ਪਹੁੰਚੇ ਸਮੂਹ ਹਾਜ਼ਰੀਨ ਲਈ, ਚਾਹ ਤੇ ਸਨੈਕਸ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ। ਸੋ ਇਸ ਤਰ੍ਹਾਂ ਕੈਲਗਰੀ ਦਾ ਇਹ ਸਮਾਗਮ, ਆਪਣੀਆਂ ਅਮਿੱਟ ਪੈੜਾਂ ਛੱਡਦਾ ਹੋਇਆ ਸਮਾਪਤ ਹੋਇਆ।