ਉੱਨੀ ਸੋ ਚੌਦਾ ਨੂੰ ਧੱਕਾ ਭਾਰਤੀਆਂ ਨਾਲ ਹੋਇਆ,
ਸੀ ਦਰ ਤੋਂ ਮੋੜ ਦਿੱਤੇ ਜੋਰਾਂ ਨਾਲ ਸੀ ਬੂਹਾ ਢੋਇਆ,
ਬਲਜਿੰਦਰ ਸੰਘਾ- ਗੀਤਕਾਰ ਸੁਖਪਾਲ ਪਰਮਾਰ ਦਾ ਲਿਖਿਆ ਅਤੇ ਪ੍ਰਸਿੱਧ ਲੋਕ ਗਾਇਕ ਦਰਸ਼ਨ ਖੇਲਾ ਦੇ ਇੱਕ ਸਦੀ ਪਹਿਲਾ 1914 ਨੂੰ ਵਰਤੇ ਕਾਮਾਗਾਟਮਾਰੂ ਦੁਖਾਂਤ ਦੀ ਮੁਆਫ਼ੀ ਦੇ ਅਧਾਰਿਤ ਗੀਤ ‘ਕਾਮਾਗਾਟਾਮਾਰੂ ਮੁਆਫ਼ੀਨਾਮਾ’ ਜੋ ਪਿਛਲੇ ਦਿਨੀ ਮਿਊਜਿਕ ਟੱਚ ਵੱਲੋਂ ਰੀਲੀਜ਼ ਕੀਤਾ ਗਿਆ ਨੂੰ ਸਰੋਤਿਆਂ ਵੱਲੋਂ ਕਾਫ਼ੀ ਭਰਵਾਂ ਹੁੰਗਾਰਾਂ ਮਿਲ ਰਿਹਾ ਹੈ। ਸਹੀ ਸ਼ਬਦ ਚੋਣ, ਸਹੀ ਸੰਗੀਤ ਅਤੇ ਵਧੀਆ ਢੰਗ ਨਾਲ ਬਣੀ ਵੀਡੀਓ ਵੀ ਪਸੰਦ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਕਾਮਾਗਾਟਾਮਾਰੂ ਦੁਖਾਂਤ ਇੱਕ ਸਦੀ ਪਹਿਲਾ ਵਰਤਿਆ ਸੀ ਜਦੋਂ ਕੈਨੇਡਾ ਦੀ ਬੰਦਰਗਾਹ ਤੋਂ 376 ਭਾਰਤੀ ਮੁਸਾਫ਼ਰਾਂ ਨਾਲ ਭਰਿਆ ਜਹਾਜ਼ ਰਾਜਨੀਤਕ ਚਾਲਾਂ ਨਾਲ ਸਾਰੀਆਂ ਕਾਨੂੰਨੀ ਸ਼ਰਤਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਸਾਰੇ ਹੀਲੇ ਫੇਲ ਕਰਕੇ ਵਾਪਸ ਮੋੜ ਦਿੱਤਾ ਗਿਆ ਸੀ। ਉਸੇ ਸਮੇਂ ਹੋਰ ਦੇਸ਼ਾਂ ਜਿਵੇਂ ਚੀਨ ਆਦਿ ਦੇ ਲੋਕ ਕੈਨੇਡਾ ਦੇ ਵਾਸੀ ਨਰਮ ਸ਼ਰਤਾਂ ਥੱਲੇ ਬਣ ਰਹੇ ਸਨ। ਇਸ ਤਰਾਂ ਚੰਗੇ ਭਵਿੱਖ ਦਾ ਸੁਪਨਾ ਲੈ ਕੇ ਆਪਣਾ ਸਭ ਕੁਝ ਦਾਅ ਤੇ ਲਾ ਕੇ ਜ਼ਹਾਜ ਵਿਚ ਚੜ੍ਹੇ ਭਾਰਤੀ ਜਿਹਨਾਂ ਵਿਚ ਬਹੁਤੇ ਪੰਜਾਬੀ ਸਨ ਬਾਬਾ ਗੁਰਦਿੱਤ ਸਿੰਘ ਦੀ ਅਗਵਾਈ ਵਿਚ ਕਈ ਮਹੀਨੇ ਕੈਨੇਡਾ ਦੇ ਪਾਣੀਆਂ ਵਿਚ ਗੁਜ਼ਾਰ ਵਾਪਸ ਮੁੜੇ ਤੇ ਫਿਰ ਬਜ-ਬਜ ਘਾਟ ਦਾ ਦੁਖਾਂਤ ਵੀ ਉਹਨਾਂ ਝੱਲਿਆ। ਕੈਨੇਡਾ ਅਤੇ ਭਾਰਤ ਦੀਆ ਬਹੁਤ ਸਾਰੀਆਂ ਮਨੁੱਖੀ ਹੱਕਾਂ ਲਈ ਲੜਦੀਆਂ ਸੰਸਥਾਵਾਂ ਬੜ੍ਹੇ ਚਿਰ ਤੋਂ ਕੈਨੇਡਾ ਸਰਾਕਰ ਤੋਂ ਇਸ ਦੁਖਾਂਤ ਲਈ ਜੋ ਕੈਨੇਡਾ ਵਰਗੇ ਮਨੁੱਖੀ ਹੱਕਾਂ ਦੇ ਰਖਵਾਲੇ ਦੇਸ਼ ਵੱਲੋਂ ਸਰਕਾਰੀ ਤੌਰ ਤੇ ਵਾਪਰਿਆ ਲਈ ਮੁਆਫ਼ੀ ਦੀ ਮੰਗ ਕਰ ਰਹੀਆਂ ਸਨ। ਇਸ ਗੀਤ ਵਿਚ ਜਿੱਥੇ ਉਹਨਾਂ ਵਾਪਸ ਮੁੜੇ ਲੋਕਾਂ ਦੇ ਅਧੂਰੇ ਸੁਪਨਿਆਂ ਦੀ ਗੱਲ ਹੈ ਉੱਥੇ ਮੌਜੂਦਾ ਮਾਨਯੋਗ ਨੌਜਵਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਤਰੀਫ਼ ਵੀ ਹੈ, ਜਿਸਦੀ ਸਰਕਾਰ ਨੇ ਇਕ ਸਦੀ ਪਹਿਲਾ ਵਰਤੇ ਇਸ ਦੁਖਾਂਤ ਅਤੇ ਅਨਿਆਂ ਦਾ ਦਰਦ ਮਹਿਸੂਸ ਕੀਤਾ ਤੇ ਕੈਨੇਡਾ ਦੀ ਕਾਨੂੰਨੀ ਤੌਰ ਤੇ ਸਭ ਲਈ ਦਰਵਾਜ਼ੇ ਖੁੱਲੇ ਹੋਣ ਦੀ ਸ਼ਾਖ਼ ਵਿਚ ਵਾਧਾ ਕੀਤਾ ਹੈ। ਸੁਨੀਲ ਵਰਮਾ ਦੇ ਵਧੀਆ ਸੰਗੀਤ ਵਿਚ ਜੱਗ ਪੰਜਾਬੀ ਟੀ ਵੀ ਵੱਲੋਂ ਇਤਿਹਾਸਕ ਤੱਥ ਫੋਟੋਆਂ ਸਮੇਤ ਸਾਹਮਣੇ ਰੱਖਕੇ ਬਣਾਈ ਇਸ ਵੀਡੀਓ ਵਿਚ ਪਿਛਲੀ ਇੱਕ ਸਦੀ ਵਿਚ ਭਾਰਤੀਆਂ ਦੀ ਕੈਨੇਡਾ ਵਿਚ ਆਉਣ ਤੋਂ ਰੋਕਣ ਦੀ ਕਹਾਣੀ ਹੈ। ਗੀਤਕਾਰ ਸੁਖਪਾਲ ਪਰਮਾਰ ਅਤੇ ਗਾਇਕ ਦਰਸ਼ਨ ਖੇਲਾ ਅੁਨਸਾਰ ਉਹਨਾਂ ਦਾ ਇਸ ਗੀਤ ਰਾਹੀਂ ਮੁੱਖ ਸ਼ੰਦੇਸ਼ ਇਹੀ ਹੈ ਕਿ ਭਾਰਤੀਆਂ ਨਾਲ ਨਜ਼ਾਇਜ਼ ਹੋਏ ਧੱਕੇ ਦੀ ਮੌਜੂਦਾ ਲਿਬਰਲ ਸਰਕਾਰ ਵੱਲੋਂ ਮੁਆਫ਼ੀ ਮੰਗ ਕੇ ਫ਼ਰਾਖਲਦਿਲੀ ਦਾ ਕੰਮ ਕੀਤਾ ਗਿਆ ਹੈ ਤੇ ਇਸ ਦੀ ਹਰ ਭਾਰਤੀ ਨੂੰ ਕਦਰ ਹੈ ਨਾਂ ਕਿ ਉਹਨਾਂ ਦਾ ਉਦੇਸ਼ ਕਿਸੇ ਰਾਜਨੀਤਕ ਪਾਰਟੀ ਨੂੰ ਪ੍ਰਮੋਟ ਕਰਨਾ ਹੈ, ਬਲਕਿ ਚੰਗੇ ਕੰਮ ਦੀ ਪ੍ਰਸੰਸਾ ਕਰਨਾ ਹੈ। ਸਰੋਤੇ ਇਸ ਗੀਤ ਨੂੰ ਆਈਟੋਨ ਤੋਂ ਡਾਊਨਲੋਡ ਕਰ ਸਕਦੇ ਹਨ ਅਤੇ ਯੂਟਿਉਬ ਤੇ ਵੀ ਦੇਖ ਅਤੇ ਸੁਣ ਸਕਦੇ ਹਨ। ਜ਼ਿਕਰਯੋਗ ਹੈ ਕਿ ਇਸ ਗੀਤ ਨੂੰ ਸੁਣਕੇ ਕੈਨੇਡੀਅਨ ਧਰਤੀ ਤੇ ਜੰਮੇ ਭਾਰਤੀ ਬੱਚੇ ਕਾਮਾਗਾਟਾ ਮਾਰੂ (ਮੈਰੂ) ਬਾਰੇ ਜਾਨਣ ਲਈ ਹੋਰ ਉਸਤਕ ਹੋਏ ਹਨ ਕਿ ਸਾਡੇ ਵੱਡੇ-ਵਡੇਰਿਆਂ ਨੇ ਕਿਹਨਾਂ ਮੁਸੀਬਤਾਂ ਦਾ ਸਾਹਮਣਾ ਕਰਕੇ ਸਾਡੇ ਲਈ ਕੈਨੇਡਾ ਦੇ ਬੂਹੇ ਖੋਲ੍ਹੇ ਹਨ।