ਬਲਜਿੰਦਰ ਸੰਘਾ- ਅੰਮ੍ਰਿਤ ਸਾਗਰ ਫਾਂਊਡੇਸ਼ਨ ਵੱਲੋਂ ਕੈਲਗਰੀ ਦੇ ਜੈਨਸਿਸ ਸੈਂਟਰ ਵਿਚ ਆਪਣਾ ਸਲਾਨਾ ਦੂਸਰਾ ਸਿਨੀਅਰਜ਼ ਸਪੋਰਟਸ ਡੇਅ ਮਨਾਇਆ ਗਿਆ। ਜਿਸ ਵਿਚ 60 ਸਾਲ ਅਤੇ ਇਸ ਤੋਂ ਉੱਪਰ ਦੀ ਉਮਰ ਦੇ ਕੈਲਗਰੀ ਦੇ 100 ਤੋਂ ਵੱਧ ਮਰਦ ਔਰਤਾਂ ਨੇ ਭਾਗ ਲਿਆ। ਬਹੁਤ ਹੀ ਵਧੀਆ ਪ੍ਰਬੰਧ ਅਧੀਨ ਕਰਵਾਈਆਂ ਗਈਆਂ ਇਹਨਾ ਸੀਨੀਅਰਜ਼ ਖੇਡਾਂ ਵਿਚ ਉਹਨਾਂ ਦੀ ਉਮਰ ਦੇ ਹਿਸਾਬ ਨਾਲ ਨਿੱਕੀਆਂ-ਨਿੱਕੀਆਂ ਪਰ ਮੰਨੋਰੰਜਕ ਖੇਡਾਂ ਸ਼ਾਮਿਲ ਸਨ, ਜਿਸ ਵਿਚ ਮਣਕੇ ਅਲੱਗ ਕਰਨੇ, ਚਮਚੇ ਵਿਚ ਟਮਾਟਰ ਰੱਖਕੇ ਭੱਜਣਾ, ਸੂਈ-ਧਾਗਾ ਆਦਿ। ਇਹਨਾਂ ਵਿਚ ਪਹਿਲੇ,ਦੂਸਰੇ ਅਤੇ ਤੀਸਰੇ ਸਥਾਨ ਤੇ ਆਉਣ ਵਾਲੇ ਹਰ ਗਰੁੱਪ ਵਿਚ ਭਾਗ ਲੈਣ ਵਾਲਿਆਂ ਨੂੰ ਮੈਡਲ ਅਤੇ ਹਰ ਖੇਡਾਂ ਵਿਚ ਭਾਗ ਲੈਣ ਵਾਲੇ ਸੀਨੀਅਰ ਨੂੰ ਸਰਟੀਫਿਕੇਟ ਦਿੱਤਾ ਗਿਆ। ਅੰਮ੍ਰਿਤ ਬਰਾੜ ਅਤੇ ਨੰਦਨ ਕੁਮਾਰ ਦੀ ਅਗਵਾਈ ਵਿਚ ਇਸ ਦੂਸਰੇ ਸਿਨੀਅਰਜ਼ ਖੇਡ ਮੇਲੇ ਦਾ ਮੁੱਖ ਮੰਤਵ ਸੀਨੀਅਰਜ਼ ਦੇ ਮੰਨੋਰੰਜਨ ਦੇ ਨਾਲ-ਨਾਲ ਉਹਨਾਂ ਵਿਚ ਖੁੱਲ੍ਹਕੇ ਜ਼ਿੰਦਗੀ ਜਿਉਣ ਦਾ ਹੁਲਾਸ ਪੈਦਾ ਕਰਨਾ ਅਤੇ ਸਮਾਜਿਕ ਸਾਂਝ ਵਧਾਉਣਾ ਹੈ, ਜਿੱਥੇ ਸੀਨੀਅਰਜ਼ ਨੇ ਇਹਨਾਂ ਖੇਡਾਂ ਵਿਚ ਉਤਸ਼ਾਹ ਨਾਲ ਭਾਗ ਲਿਆ ਉੱਥੇ ਉਹਨਾਂ ਨੇ ਇਸ ਉਪਰਾਲੇ ਲਈ ਅੰਮ੍ਰਿਤ ਸਾਗਰ ਫਾਂਊਡੇਸ਼ਨ ਅਤੇ ਪ੍ਰਬੰਧਕਾਂ ਦਾ ਧੰਨਵਾਦ ਵੀ ਕੀਤਾ ਜਿਹਨਾਂ ਨੇ ਉਹਨਾਂ ਨੂੰ ਆਪਣੀ ਖੇਡਾਂ ਵਿਚਲੀ ਕਲਾ ਦਿਖਾਉਣ ਦਾ ਮੌਕਾ ਦਿੱਤਾ ਅਤੇ ਆਸ ਕੀਤੀ ਇਹ ਖੇਡਾਂ ਹਰੇਕ ਸਾਲ ਇਸੇ ਤਰਾਂ ਚਾਲੂ ਰਹਿਣ। ਅਖ਼ੀਰ ਤੇ ਕੈਲਗਰੀ ਗਰੀਨ ਵੇਅ ਤੋਂ ਐਮ ਐਲ ਏ ਸ੍ਰੀ ਪ੍ਰਭ ਗਿੱਲ ਨੇ ਜੇਤੂਆਂ ਨੂੰ ਇਨਾਮ ਵੰਡੇ। ਇਸ ਸਮੇਂ ਪੰਜਾਬੀ ਮੀਡੀਆ ਕਲੱਬ ਦੇ ਮੈਬਰ ਅਤੇ ਕੈਲਗਰੀ ਦੀਆਂ ਹੋਰ ਮਾਣਯੋਗ ਹਸਤੀਆਂ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਅੰਮ੍ਰਿਤ ਸਾਗਰ ਫਾਂਊਡੇਸ਼ਨ ਇਕ ਬਿਨਾ ਮੁਨਾਫ਼ਾ ਸੰਸਥਾ ਹੈ ਜੋ ਭਾਰਤ ਵਿਚ ਲੋੜੜੰਦ ਬੱਚਿਆਂ ਦੀ ਮਦਦ ਦੇ ਨਾਲ-ਨਾਲ ਹੋਰ ਵੀ ਲੋਕ ਭਲਾਈ ਦੇ ਕੰਮ ਲਗਾਤਾਰ ਕਰਦੀ ਰਹਿੰਦੀ ਹੈ।