ਹਾਕੀ ਉਲੰਪੀਅਨ ਅਮਰ ਸਿੰਘ ਮਾਂਗਟ ਨੂੰ ਮਨਮੀਤ ਸਿੰਘ ਭੁੱਲਰ ਸਨਮਾਨ, ਇਕੱਠ ਦੇ ਪਿਛਲੇ ਰਿਕਾਰਡ ਤੋੜੇ
ਸੁਖਵੀਰ ਗਰੇਵਾਲ ਕੈਲਗਰੀ : ਕੈਲਗਰੀ ਹਾਕਸ ਫੀਲਡ ਹਾਕੀ ਅਕਾਦਮੀ ਦੀ ਮੇਜ਼ਬਾਨੀ ਹੇਠ 19ਵਾਂ ਹਾਕਸ ਫੀਲਡ ਹਾਕੀ ਟੂਰਨਾਮੈਂਟ ਇਸ ਵਾਰ 20 ਮਈ ਤੋਂ 22 ਮਈ ਤੱਕ ਜੈਨਸਿਸ ਸੈਂਟਰ ਵਿੱਚ ਕਰਵਾਇਆ ਗਿਆ।ਇਸ ਟੂਰਨਾਮੈਂਟ ਵਿੱਚ ਫੀਲਡ ਹਾਕੀ ਤੋਂ ਇਲਾਵਾ ਰੱਸਾ-ਕਸ਼ੀ ਅਤੇ ਤਾਂਸ਼(ਸੀਪ) ਦੇ ਮੁਕਾਬਲੇ ਵੀ ਕਰਵਾਏ ਗਏ। ਦਰਸ਼ਕਾਂ ਨੇ ਇਹਨਾਂ ਮੁਕਾਬਲਿਆਂ ਤੋਂ ਇਲਾਵਾ ਲੱਕੀ ਡਰਾਅ ਵਿੱਚ ਭਾਰੀ ਰੁਚੀ ਦਿਖਾਈ। ਸੀਨੀਅਰ ਵਰਗ ਵਿੱਚ ਕੁੱਲ੍ਹ ਅੱਠ ਟੀਮਾਂ ਨੇ ਭਾਗ ਲਿਆ ਜਿਹਨਾਂ ਨੂੰ ਦੋ ਪੂਲਾਂ ਵਿੱਚ ਵੰਡਿਆ ਗਿਆ। ਪੂਲ ‘ਏ’ ਵਿੱਚ ਕੈਲਗਰੀ ਹਾਕਸ (ਰੈੱਡ) ,ਐਡਮਿੰਟਨ (ਰੈੱਡ), ਫੇਅਰ ਫੀਲਡ ਕਲੱਬ ਅਮਰੀਕਾ ਅਤੇ ਸਸਕਾਟੂਨ ਦੀਆਂ ਟੀਮਾਂ ਖੇਡ ਰਹੀਆਂ ਹਨ ਜਦ ਕਿ ਪੂਲ ‘ਬੀ’ ਵਿੱਚ ਕੈਲਗਰੀ ਹਾਕਸ (ਬਲਿਊ), ਐਡਮਿੰਟਨ (ਵਾਈਟ), ਬ੍ਰਹਮਟਨ ਫੀਲਡ ਹਾਕੀ ਕਲੱਬ ਅਤੇ ਟੋਬਾ ਵਾਰੀਅਰਜ਼ ਕਲੱਬ ਵਿੰਨੀਪੈਗ ਦੀਆਂ ਟੀਮਾਂ ਖੇਡੀਆਂ। ਫਾਈਨਲ ਮੈਚ ਵਿੱਚ ਕੈਲਗਰੀ ਹਾਕਸ ਕਲੱਬ (ਰੈੱਡ) ਨੇ ਕੈਲਗਰੀ ਹਾਕਸ (ਬਲਿਊ) ਨੂੰ ਹਰਾ ਕੇ ਖਿਤਾਬ ਜਿੱਤਿਆ। ਕਰਮਜੀਤ ਢੁੱਡੀਕੇ ਨੂੰ ਟੂਰਨਾਮੈਂਟ ਦਾ ਬਿਹਤਰੀਨ ਖਿਡਾਰੀ ਐਲਾਨਿਆ ਗਿਆ। ਮਨਵੀਰ ਗਰੇਵਾਲ ਨੂੰ ਫਾਈਨਲ ਮੈਚ ਲਈ ਵਧੀਆ ਖਿਡਾਰੀ ਘੋਸ਼ਿਤ ਕੀਤਾ ਗਿਆ। ਅੰਡਰ-17 ਉਮਰ ਵਰਗ ਵਿੱਚ ਬ੍ਰਹਮਟਨ ਫੀਲਡ ਹਾਕੀ ਕਲੱਬ ਨੇ ਪਹਿਲਾ, ਕੈਲਗਰੀ ਹਾਕਸ ਫੀਲਡ ਹਾਕੀ ਅਕਾਦਮੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-12 ਉਮਰ ਵਰਗ ਵਿੱਚ ਕੈਲਗਰੀ ਹਾਕਸ ਫੀਲਡ ਹਾਕੀ ਅਕਾਦਮੀ ਨੇ ਪਹਿਲਾ ਅਤੇ ਐਡਮਿੰਟਨ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਪਹਿਲੀ ਵਾਰ ਕਰਵਾਏ ਗਏ ਅੰਡਰ-10 ਅਤੇ ਅੰਡਰ-8 ਵਰਗ ਦੇ ਮੈਚਾਂ ਵਿੱਚ ਲੋਕਾਂ ਨੇ ਭਾਰੀ ਰੁਚੀ ਦਿਖਾਈ।
ਰੱਸਾ ਕਸ਼ੀ ਵਿੱਚ ਕੁੱਲ੍ਹ ਅੱਠ ਟੀਮਾਂ ਨੇ ਭਾਗ ਲਿਆ। ਹਾਕਸ ਕਲੱਬ,ਫਰੈਂਡਜ਼ ਕਲੱਬ, ਜੀ.ਕੇ. ਸਲਾਈਡਿੰਗ,ਸ਼ਹੀਦ ਭਗਤ ਸਿੰਘ ਕਲੱਬ,ਸੀ.ਐਨ. ਰੇਲਵੇ(ਏ) ਸੀ.ਐਨ.ਰੇਲਵੇ(ਬੀ), ਲੋਬਲਾਅ ਦੀਆਂ ਟੀਮਾਂ ਨਿਤਰੀਆਂ। ਫਾਈਨਲ ਮੁਕਾਬਲੇ ਚੋਂ ਸੀ.ਐਨ.ਰੇਲਵੇ ਦੀ ‘ਏ’ਟੀਮ ਨੇ ਪਹਿਲਾ ਅਤੇ ‘ਬੀ’ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਤਾਸ਼ ਵਿਚੋਂ ਪ੍ਰੀਤਮ ਸਿੰਘ ਕਾਹਲੋਂ ਦੀ ਟੀਮ ਨੇ ਪਹਿਲਾ ਅਤੇ ਮਾਸਟਰ ਕਰਤਾਰ ਸਿੰਘ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਵਲੋਂ ਮਾਸਟਰ ਭਜਨ ਗਿੱਲ ਦੀ ਅਗਵਾਈ ਹੇਠ ਲਗਾਈ ਕਿਤਾਬ ਪ੍ਰਦਰਸ਼ਨੀ ਵਿੱਚ ਇਸ ਵਾਰ ਲੋਕਾਂ ਨੇ ਵੱਧ ਦਿਲਚਸਪੀ ਦਿਖਾਈ। ਡਾ.ਰਮਨ ਗਿੱਲ ਅਤੇ ਜਸਪਾਲ ਦੇ ਚਿੱਤਰਾਂ ਦੀ ਪ੍ਰਦਰਸ਼ਨੀ ਇਸ ਟੂਰਨਾਮੈਂਟ ਵਿੱਚ ਵੱਖਰਾ ਰੰਗ ਭਰਿਆ।
ਸਾਬਕਾ ਉਲੰਪੀਅਨ ਅਮਰ ਸਿੰਘ ਮਾਂਗਟ ਨੂੰ ਮਨਮੀਤ ਸਿੰਘ ਭੁੱਲਰ ਸਨਮਾਨ ਦਿੱਤਾ ਗਿਆ। ਅਮਰ ਸਿੰਘ ਨੇ 1964 ਦੀ ਟੋਕੀਓ ਉਲੰਪਿਕ ਵਿੱਚ ਕੀਨੀਆ ਦੀ ਟੀਮ ਵਲੋਂ ਭਾਗ ਲਿਆ ਸੀ। ਕੌਮਾਂਤਰੀ ਖਿਡਾਰੀ ਤੇ ਕੌਮਾਂਤਰੀ ਅੰਪਾਇਰ ਬਣਨ ਵਾਲ਼ੇ ਉਹ ਇੱਕੋ-ਇੱਕ ਕੈਨੇਡੀਅਨ ਹਨ। ਇਸ ਮੌਕੇ ਕੱਢੇ ਗਏ ਲੱਕੀ ਡਰਾਅ ਦੌਰਾਨ ਕੈਲਗਰੀ ਬੈਸਟ ਬਾਏ ਫਰਨੀਚਰ ਵਲੋਂ ਸਪਾਂਸਰ ਸੋਫਾ ਸੈੱਟ ਤੋਂ ਇਲਾਵਾ 46 ਇੰਚ ਦਾ ਟੀ.ਵੀ. (ਐਲ.ਈ.ਡੀ.),ਸੋਨੇ ਦਾ ਬਰੈਸਲੈਟ(ਔਰਤਾਂ ਲਈ) ਡਾਈਨਿੰਗ ਸੈਟ,ਜੈਨਸਿਸ ਸੈਂਟਰ ਦਾ ਤਿੰਨ ਮਹੀਨੇ ਦਾ ਪਰਿਵਾਰਿਕ ਪਾਸ ਦੇ ਇਨਾਮ ਦਰਸ਼ਕਾਂ ਲਈ ਕੱਢ ਗਏੇ। ਐਮ.ਪੀ.ਦਰਸ਼ਨ ਸਿੰਘ ਕੰਗ, ਐਮ.ਐਲ.ਏ. ਪ੍ਰਭ ਗਿੱਲ, ਜੰਗ ਬਹਾਦਰ ਸਿੱਧੂ,ਹੈਪੀ ਮਾਨ,ਦਰਸ਼ਨ ਸਿੰਘ ਸਿੱਧੂ, ਪਾਲੀ ਵਿਰਕ,ਅਵਿਨਾਸ਼ ਸਿੰਘ ਖੰਗੂੜਾ,ਹੈਪੀ ਮਾਨ, ਬਲਵਿੰਦਰ ਕਾਹਲੋਂ,ਸੰਦੀਪ ਪੰਧੇਰ,ਮਨਜੋਤ ਸਿੰਘ ਗਿੱਲ,ਜੰਗ ਬਹਾਦਰ ਸਿੰਘ ਸਿੱਧੂ, ਫਾਲਕਿੰਨਰਿੱਜ ਕੈਸਲਰਿੱਜ-ਕਮਿਊਨਿਟੀ ਐਸੋਸੀਏਸ਼ਨ ਦੇ ਪ੍ਰਧਾਨ ਹਰਪਾਲ ਸਿੰਘ, ਦਰਸ਼ਨ ਸਿੰਘ ਧਾਲੀਵਾਲ,ਬਲਜੀਤ ਪੰਧੇਰ,ਚੰਦ ਸਿੰਘ ਸਦਿਓੜਾ, ਮਾਸਟਰ ਭਜਨ ਗਿੱਲ, ਵਾਈਲਡ ਰੋਜ਼ ਪਾਰਟੀ ਲੀਡਰ ਦਵਿੰਦਰ ਤੂਰ, ਐਨ. ਡੀ. ਪੀ. ਆਗੂ ਰੂਪ ਰਾਏ,ਜੀਵਨ ਮਾਂਗਟ ਨੇ ਹਾਜ਼ਰੀ ਭਰੀ। ਕਲੱਬ ਵਲੋਂ ਗੁਰਲਾਲ ਮਾਣੂਕੇ ਨੇ ਕੈਲਗਰੀ ਵਾਸੀਆਂ, ਸਪਾਂਸਰਾਂ ਅਤੇ ਮੀਡੀਆ ਦਾ ਧੰਨਵਾਦ ਕੀਤਾ।
ਟਰੱਕਾਂ ਵਲ਼ਿਆਂ ਦੇ ਵੀ ਪੱਟਾਂ ਵਿੱਚ ਜਾਨ ਹੁੰਦੀ ਐ
ਹਾਈਵੇਅ ਦੇ ਟਰੱਕ ਡਰਾਈਵਰਾਂ ਬਾਰੇ ਆਮ ਰਾਏ ਇਹ ਹੈ ਕਿ ਲੰਮੇ ਸਫਰ ਕਰਕੇ ਇਹਨਾਂ ਦੇ ਸਰੀਰ ਪੋਲੇ ਹੋ ਜਾਂਦੇ ਨੇ। ਹਾਕਸ ਫੀਲਡ ਹਾਕੀ ਟੂਰਨਾਮੈਂਟ ਵਿੱਚ ਇਹ ਧਾਰਨਾ ਗਲਤ ਸਾਬਿਤ ਹੋ ਗਈ। ਸੀ.ਐਨ.ਰੇਲਵੇ ਵਿੱਚ ਬਤੌਰ ਟਰੱਕ ਡਰਾਈਵਰ ਕੰਮ ਕਰਦੇ ਪੰਜਾਬੀ ਡਰਾਈਵਰਾਂ ਨੇ ਇਸ ਟੂਰਨਾਮੈਂਟ ਦੇ ਰੱਸਾ-ਕਸ਼ੀ ਮੁਕਾਬਲੇ ਵਿੱਚ ਦੋ ਟੀਮਾਂ ਮੈਦਾਨ ਵਿੱਚ ਉਤਾਰੀਆਂ ਤੇ ਦੋਵੇਂ ਹੀ ਫਾਈਨਲ ਵਿੱਚ ਪੁੱਜੀਆਂ। ‘ਏ’ ਟੀਮ ਨੇ ਪਹਿਲਾ ਤੇ ‘ਬੀ’ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਟੀਮਾਂ ਦੀ ਖੁੱਲ੍ਹਦਿਲੀ ਇਸ ਵਿੱਚ ਰਹੀ ਕਿ ਉਹਨਾਂ ਨੇ ਸਾਰੀ ਇਨਾਮੀ ਰਾਸ਼ੀ ਹਾਕਸ ਹਾਕੀ ਅਕਾਦਮੀ ਦੇ ਬੱਚਿਆਂ ਲਈ ਦੇ ਦਿੱਤੀ। ਕਲੱਬ ਵਲੋਂ ਇਸ ਉੱਦਮ ਲਈ ਬਹੁਤ-ਬਹੁਤ ਧੰਨਵਾਦ।