Get Adobe Flash player

ਚੰਦ ਸਿੰਘ ਸਦਿਓੜਾ ਕੈਲਗਰੀ – ਸਾਹਿਤ ਕਿਸੇ ਵੀ ਸਮਾਜਿਕ ਵਿਵਸਥਾ ਦਾ ਆਇਨਾ ਹੋਇਆ ਕਰਦਾ ਹੈ, ਜਿਸ ਰਾਹੀਂ ਉਸ ਦੀ book may7,16)ਗਤੀਸ਼ੀਲਤਾ ਦੇ ਪ੍ਰਤੀਬਿੰਬ ਦੀ ਝਲਕ ਰੂਪਮਾਨ ਹੁੰਦੀ ਹੈ। ਸੰਵੇਦਨਸ਼ੀਲ ਸਾਹਿਤ ਸਿਰਜਕ ਸਮਾਜ ਦੀਆਂ ਗੁੱਝੀਆਂ ਰਮਜ਼ਾਂ ਭਾਂਪ ਇੱਕ ਨਰੋਆ ਸਮਾਜ ਸਿਰਜਨ ਵਿੱਚ ਸਹਾਈ ਹੁੰਦੇ ਹਨ। ਅਜਿਹੇ ਹੀ ਗੰਭੀਰ ਸੋਚ ਵਾਲੇ ਲੇਖਕਾਂ ਦੀ ਲੜੀ ਵਿੱਚ ਸ਼੍ਰੀਮਤੀ ਗੁਰਚਰਨ ਕੌਰ ਥਿੰਦ ਦਾ ਨਾਂ ਸ਼ਾਮਲ ਕੀਤਾ ਜਾ ਸਕਦਾ ਹੈ, ਜਿੰਨ੍ਹਾਂ ਅਧਿਆਪਨ ਸੇਵਾ ਅਤੇ ਪ੍ਰੀਵਾਰਕ ਜ਼ਿੰਮੇਵਾਰੀਆਂ ਦੇ ਨਾਲ ਨਾਲ ਜਨਮ ਭੂਮੀ ਵਿੱਚ ਛੇ ਪੰਜਾਬੀ ਪੁਸਤਕਾਂ ਦੀ ਭੇਟਾ ਮਾਂ-ਬੋਲੀ ਅਤੇ ਪੰਜਾਬੀ ਪਾਠਕਾਂ ਨੂੰ ਦਿੱਤੀ ਹੈ, 2009 ਤੋਂ ਆਪਣੇ ਹਮਸਫ਼ਰ ਨਾਲ ਕਨੇਡਾ ਦੇ ਸ਼ਹਿਰ ਕੈਲਗਰੀ ਵਿੱਚ ਆਪਣੇ ਬੱਚਿਆਂ ਕੋਲ ਪ੍ਰਵਾਸ ਪਾ, ਆਪਣੀ ਤੀਖਣ ਬੁੱਧੀ ਸਦਕਾ ਕਨੇਡੀਅਨ ਸਮਾਜਿਕ ਸੰਸਥਾਵਾਂ ਨਾਲ ਸਰੋਕਾਰ ਪੈਦਾ ਕਰ ਅਤੇ ਡੂੰਘੀ ਨਿਰਖ ਪਰਖ ਉਪਰੰਤ ਪ੍ਰਵਾਸੀ ਸਮਾਜ ਅੰਦਰ ਵਿਚਰ ਰਹੀ ਟੁੱਟ-ਭੱਜ ਅਤੇ ਘਰੇਲੂ ਹਿੰਸਾ ਦੀ ਤਸਵੀਰ ਨਾਵਲ ‘ਜਗਦੇ ਬੁਝਦੇ ਜੁਗਨੂੰ’ ਆਪਣੀ ਸਤਵੀਂ ਪੁਸਤਕ ਰਾਹੀਂ ਪੰਜਾਬੀ ਪਾਠਕਾਂ ਦੇ ਰੂਬਰੂ ਕਰਨ ਲਈ ਯਤਨਸ਼ੀਲ ਹੋਏ ਹਨ।
ਸੱਤ ਮਈ 2016 ਨੂੰ ਕੈਲਗਰੀ ਵੌਮੇਨ ਕਲਚਰਲ ਐਸੋਸੀਏਸ਼ਨ ਦੇ ਵਿਸ਼ੇਸ਼ ਸੱਦੇ ਤੇ ਜੈਨੇਸਿਜ਼ ਸੈਂਟਰ ਵਿੱਚ ਸਾਹਿਤਕ ਮੋਹ ਰਖਣ ਵਾਲੇ 70-75 ਪੰਜਾਬੀ ਭੈਣਾਂ ਅਤੇ ਵੀਰਾਂ ਦੀ ਇੱਕਤਰਤਾ ਸਮਾਗਮ ਦਾ ਮੰਚ ਸੰਚਾਲਨ ਡਾ: ਸ਼੍ਰੀਮਤੀ ਸਰਬਜੀਤ ਜਵੰਦਾ ਨੇ ਕੀਤਾ। ਸਮਾਗਮ ਨੂੰ ਦੋ ਹਿੱਸਿਆਂ ਵਿੱਚ ਵੰਡਦੇ ਹੋਏ ਪਹਿਲਾ ਭਾਗ ਸ਼੍ਰੀਮਤੀ ਗੁਰਚਰਨ ਕੌਰ ਥਿੰਦ ਦੀ ਪੁਸਤਕ ‘ਜਗਦੇ ਬੁਝਦੇ ਜੁਗਨੂੰ” ਦੇ ਲੋਕ ਅਰਪਣ ਤੇ ਦੂਸਰਾ ਭਾਗ ‘ਮਦਰਜ਼ ਡੇ’ ਨੂੰ ਸਮਰਪਿਤ ਕੀਤਾ। ਮੰਚ ਸੰਚਾਲਕ ਡਾ: ਮਿਸਜ਼ ਜਵੰਦਾ ਦੇ ਸੁਨੇਹੇ ਤੇ ਡਾ: ਸ਼੍ਰੀਮਤੀ ਬਲਵਿੰਦਰ ਬਰਾੜ, ਸੁਰਿੰਦਰ ਗੀਤ, ਗੁਰਚਰਨ ਥਿੰਦ ਅਤੇ ਲੇਖਿਕਾ ਦੇ ਪਤੀ ਡਾ: ਸੁਖਵਿੰਦਰ ਸਿੰਘ ਥਿੰਦ ਨੂੰ ਪ੍ਰਧਾਨਗੀ ਮੰਡਲ ਵਿੱਚ ਸ਼ੁਸ਼ੋਭਿਤ ਕੀਤਾ ਗਿਆ।
ਸਮਾਗਮ ਦੀ ਵਿਧੀਵਤ ਸ਼ੁਰੂਆਤ ਕਰਦੇ ਹੋਏ ਡਾ: ਬਲਵਿੰਦਰ ਬਰਾੜ ਨੇ ਸਮੁੱਚੀ ਇੱਕਤਰਤਾ ਨੂੰ ਜੀ ਆਇਆਂ ਕਿਹਾ ਅਤੇ ਪ੍ਰੋਗਰਾਮ ਦੀ ਰੂਪ ਰੇਖਾ ਬਾਰੇ ਸਾਂਝ ਪਾਉਂਦੇ ਹੋਏ ਰੀਲੀਜ਼ ਹੋਣ ਜਾ ਰਹੇ ਨਾਵਲ ‘ਜਗਦੇ ਬੁਝਦੇ ਜੁਗਨੂੰ’ ਬਾਰੇ ਆਪਣੇ ਵਲੋਂ ਲਿਖਿਆ ਵਿਸ਼ੇਸ਼ ਪੇਪਰ ‘ਤਿੜਕਦੇ ਰਿਸ਼ਤਿਆਂ ਦਾ ਸਹਾਰਾ ਬਣਦੀ ਰਚਨਾ-ਜਗਦੇ ਬੁਝਦੇ ਜੁਗਨੂੰ’ ਲੇਖਿਕਾ ਸ਼੍ਰੀਮਤੀ ਥਿੰਦ ਨੂੰ ਭੇਟ ਕੀਤਾ।
ਉਪਰੰਤ ਕੈਲਗਰੀ ਦੇ ਜਾਣੇ ਪਛਾਣੇ ਲੇਖਕ ਸ੍ਰ: ਬਲਜਿੰਦਰ ਸੰਘਾ ਵਲੋਂ ਆਪਣੇ ਵਿਸਥਾਰਤ ਪਰਚੇ ‘ਵਿਕਸਤ ਦੇਸ਼ਾਂ ਵਿੱਚ ਪ੍ਰਵਾਸ ਕਰ ਗਏ ਪੰਜਾਬੀਆਂ ਦੇ ਪਰਿਵਾਰਕ ਜੀਵਨ ਦੀਆਂ ਗੁੰਝਲਾਂ ਦੀ ਤਸਵੀਰ ਨਾਵਲ ‘ਜਗਦੇ ਬੁਝਦੇ ਜੁਗਨੂੰ’ ਰਾਹੀਂ ਵਿਸ਼ੇਸ਼ ਸਾਂਝ ਪਾਈ ਗਈ, ਜਿਸ ਵਿੱਚ ਪ੍ਰਵਾਸੀ ਲੋਕਾਂ ਦੇ ਪ੍ਰੀਵਾਰਕ ਕਲੇਸ਼ਾਂ ਦਾ ਚਿਤਰਨ ਅਤੇ ਨਾਵਲ ਦੇ ਅਖੀਰ ਵਿੱਚ ਜਗਦੇ ਬੁਝਦੇ ਜੁਗਨੂੰਆਂ ਦੇ ਜਗਣ ਦੀ ਆਸ ਬਂੰਨ੍ਹਾਉਣ ਸਬੰਧੀ ਲੇਖਿਕਾ ਨੂੰ ਵਧਾਈ ਦਿੱਤੀ।
ਰੇਡੀਓ ਐਫ ਐਮ ਦੇ ਬੁਲਾਰੇ ਅਤੇ ਪੰਜਾਬੀ ਲਿਖਾਰੀ ਸਭਾ ਦੇ ਕਾਰਜਕਾਰੀ ਮੈਂਬਰ ਸ਼੍ਰੀ ਗੁਰਬਚਨ ਬਰਾੜ ਨੇ ‘ਟੁੱਟਦੇ ਬਣਦੇ ਰਿਸ਼ਤਿਆਂ ਦੀ ਦਾਸਤਾਨ ਨਾਵਲ ਜਗਦੇ ਬੁਝਦੇ ਜੁਗਨੂੰ’ ਰਾਹੀਂ ਇਕਾਗਰ ਸਰੋਤਿਆਂ ਨਾਲ ਗੰਭੀਰ ਸਾਂਝ ਪਾਈ। ਉਮੀਦ ਕਰਦੇ ਹਾਂ ਇਹ ਵਿਸਥਾਰਤ ਪੇਪਰ ਪੰਜਾਬੀ ਪ੍ਰਿੰਟ ਮੀਡੀਆ ਰਾਹੀਂ ਵੱਖਰੇ ਤੌਰ ਤੇ ਸਾਂਝੇ ਕੀਤੇ ਜਾਣਗੇ।
ਵਿਸ਼ੇਸ਼ ਬੁਲਾਰਿਆਂ ਤੋਂ ਇਲਾਵਾ ਸ੍ਰ: ਹਰਭਜਨ ਢਿਲੋਂ, ਰਿਸ਼ੀ ਨਾਗਰ, ਮਹਿੰਦਰਪਾਲ ਐਸ ਪਾਲ, ਡਾ: ਸੁਖਵਿੰਦਰ ਸਿੰਘ ਥਿੰਦ (ਲੇਖਿਕਾ ਦੇ ਪਤੀ), ਲਲਿਤਾ ਸਿੰਘ, ਚੰਦ ਸਿੰਘ ਸਦਿਉੜਾ, ਅਤੇ ਗੁਰਦੀਸ਼ ਗਰੇਵਾਲ ਨੇ ਵਿਚਾਰ ਸਾਂਝ ਉਪਰੰਤ ਲੇਖਿਕਾ ਨੂੰ ਵਧਾਈ ਦਿੱਤੀ। ਪੁਸਤਕ ਲੇਖਿਕਾ ਗੁਰਚਰਨ ਥਿੰਦ ਨੇ ਸਰੋਤਿਆਂ ਨਾਲ ਆਪਣੇ ਹਾਵ ਭਾਵ ਸਾਂਝਿਆਂ ਕਰਦੇ ਹੋਏ ਕਿਹਾ, ‘ਲੋਕ ਆਪਣੇ ਦੇਸ਼ ਦੀਆਂ ਦੁਸ਼ਵਾਰੀਆਂ ਤੋਂ ਮੁਕਤੀ ਪਾ ਹੋਰ ਵੀ ਬਦਤਰ ਘਰੇਲੂ ਹਾਲਾਤਾਂ ਦਾ ਸ਼ਿਕਾਰ ਹੋ ਰਹੇ ਹਨ।’ ਪਰ ਅੰਤ ਵਿੱਚ ਲੇਖਿਕਾ ਆਪਣੇ ਪਾਤਰਾਂ ਰਾਹੀਂ ਸਾਰਥਿਕ ਹੱਲ ਲੱਭਣ ਦੀ ਕੋਸ਼ਿਸ਼ ਵਿੱਚ ਸਫ਼ਲ ਹੋਈ ਜਾਪਦੀ ਹੈ। ਉਪਰੰਤ ਪ੍ਰਧਾਨਗੀ ਮੰਡਲ ਅਤੇ ਲੇਖਿਕਾ ਦੇ ਪ੍ਰੀਵਾਰ ਦੇ ਮੈਂਬਰਾਂ ਵਲੋਂ ਕੈਮਰਿਆਂ ਦੀ ਕਲਿੱਕ ਅਤੇ ਤਾੜੀਆਂ ਦੀ ਗੜਗੜਾਹਟ ਵਿੱਚ ਪੰਜਾਬੀ ਨਾਵਲ ‘ਜਗਦੇ ਬੁਝਦੇ ਜੁਗਨੂੰ’ ਲੋਕ ਅਰਪਣ ਕੀਤਾ ਗਿਆ। ਰਾਈਟਰਜ਼ ਫੋਰਮ ਦੇ ਪ੍ਰਧਾਨ ਸਮਸ਼ੇਰ ਸਿੰਘ ਸੰਧੂ ਜੀ ਵਲੋਂ ਭੇਜਿਆ ਗਿਆ ਵਧਾਈ ਪੱਤਰ ਲੇਖਿਕਾ ਨੂੰ ਭੇਟ ਕੀਤਾ ਗਿਆ।
ਸਮਾਗਮ ਦੇ ਦੂਸਰੇ ਭਾਗ ਵਿੱਚ ਚਾਹ ਪਾਣੀ ਦੀਆਂ ਚੁਸਕੀਆਂ ਉਪਰੰਤ ਮੰਚ ਸੰਚਾਲਕ ਵਲੋਂ ‘ਮਦਰਜ਼ ਡੇ’ ਨੂੰ ਸਮਰਪਿਤ ਸਮਾਗਮ ਲਈ ਸਭ ਤੋਂ ਵਡੇਰੀ ਉਮਰ ਦੀ ਸਤਿਕਾਰਤ ਬਜ਼ੁਰਗ ਔਰਤ ਸ਼੍ਰੀਮਤੀ ਕੁਲਵੰਤ ਕੌਰ ਨੂੰ ਸਟੇਜ ਤੇ ਬੁਲਾਇਆ ਗਿਆ, ਜਿਨ੍ਹਾਂ ਸਮੁੱਚੀ ਇੱਕਤਰਤਾ ਨੂੰ ਆਸ਼ੀਰਵਾਦ ਦੇਂਦੇ ਹੋਏ ਇੱਕ ਭਾਵਨਾਤਮਕ ਕਵਿਤਾ ਦੀ ਸਾਂਝ ਪਾਈ। ਡਾ: ਮੈਡਮ ਬਰਾੜ ਨੇ ਕਿਹਾ ਕਿ ‘ਮਾਂ’ ਸ਼ਬਦ ਕਿੰਨਾ ਛੋਟਾ ਹੈ ਪਰ ਉਨਾ ਹੀ ਵਿਸ਼ਾਲ ਹੈ।ਮਨੁੱਖ ਦੀ ਪਹਿਲੀ ਉਸਤਾਦ ‘ਮਾਂ’ ਹੈ। ‘ਮਾਂ’ ਹੋਣ ਦਾ ਆਨਂਦ ਮਾਣਿਆ ਜਾ ਸਕਦਾ ਹੈ ਜਾਣਿਆ ਨਹੀਂ ਜਾ ਸਕਦਾ।ਉਪਰੰਤ ਰਾਜੇਸ਼ ਅੰਗਰਾਲ, ਹਰਨੇਕ ਬੱਧਨੀ, ਸੁਰਿੰਦਰ ਗੀਤ, ਸੁਖਵੀਰ ਗਰੇਵਾਲ, ਭੋਲਾ ਸਿੰਘ ਚੁਹਾਨ, ਗੁਰਮੀਤ ਮਲ੍ਹੀ, ਮਨੋਹਰ ਕੌਰ ਅਤੇ ਗੁਰਦੀਪ ਪਰਹਾਰ ਨੇ ਸਟੇਜ ਰਾਹੀਂ ਸਾਂਝ ਪਾਈ। ਸਮੁੱਚੀਆਂ ਔਰਤਾਂ ਵਲੋਂ ‘ਮਾਂ ਦਿਵਸ’ ਨੂੰ ਸਮਰਪਿਤ ਕੇਕ ਕੱਟਣ ਦੀ ਰਸਮ ਅਦਾ ਕੀਤੀ ਗਈ ਜਿਸ ਦਾ ਲੁੱਤਫ਼ ਸਮੂਹ ਹਾਜ਼ਰੀਨ ਨੇ ਮਾਣਿਆ। ਸ਼੍ਰੀਮਤੀ ਥਿੰਦ ਵਲੋਂ ਸਮੂਹ ਹਾਜ਼ਰੀਨ ਦਾ ਹਾਰਦਿਕ ਧੰਨਵਾਦ ਕੀਤਾ ਗਿਆ। ਲੇਖਿਕਾ ਨੇ ਮੀਡੀਆ ਮੈਂਬਰਾਂ ਨੂੰ ਆਪਣੀ ਪੁਸਤਕ ਭੇਟ ਕੀਤੀ ਅਤੇ ਕਿਤਾਬਾਂ ਦਾ ਸਟਾਲ ਵੀ ਲਾਇਆ। ਪੰਜਾਬੀ ਮੀਡੀਆ ਵਲੋਂ ਸ਼੍ਰੀ ਹਰਬੰਸ ਬੁੱਟਰ, ਸ਼੍ਰੀ ਬਲਜਿੰਦਰ ਸੰਘਾ, ਰੇਡੀਓ ਐਫ ਐਮ, ਸ੍ਰ: ਹਰਚਰਨ ਪਰਹਾਰ ਅਤੇ ਚੰਦ ਸਿੰਘ ਸਦਿਉੜਾ ਨੇ ਸਮਾਗਮ ਦੀ ਕਵਰੇਜ ਕੀਤੀ। ਸ਼੍ਰੀਮਤੀ ਥਿੰਦ ਨੇ ਦੱਸਿਆ ਕਿ ਇੱਥੇ ਵਸਦੀਆਂ ਭਵਿੱਖੀ ਪੀੜ੍ਹੀਆਂ ਦੀ ਸਹੂਲੀਅਤ ਲਈ ਇਸ ਨਾਵਲ ਦਾ ਅੰਗਰੇਜ਼ੀ ਵਿੱਚ ਤਰਜਮਾ ਕਰਕੇ ਜਲਦੀ ਹੀ ਸਬੰਧਤ ਪਾਠਕਾਂ ਲਈ ਪੇਸ਼ ਕੀਤਾ ਜਾਵੇਗਾ। ਸਭਾ ਦੀਆਂ ਮੈਂਬਰਾਂ ਗੁਰਤੇਜ ਸਿੱਧੂ, ਜੁਗਿੰਦਰ ਪੁਰਬਾ, ਅਮਰਜੀਤ ਸੱਗੂ, ਸੁਰਿੰਦਰਪਾਲ ਕੈਂਥ, ਸਰਬਜੀਤ ਉੱਪਲ ਤੇ ਬਲਜੀਤ ਜਠੌਲ ਹੁਰਾਂ ਦੀ ਹਾਜ਼ਰੀ ਵਿਸ਼ੇਸ਼ ਜ਼ਿਕਰਯੋਗ ਹੈ।ਇਸ ਕਲਮ ਦੀ ਨਜ਼ਰ ਵਿੱਚ ਇਹ ਸਮੁੱਚਾ ਸਮਾਗਮ ਸਫਲ ਰਿਹਾ। ਲੇਖਕ ਅਤੇ ਪ੍ਰਬੰਧਕ ਵਧਾਈ ਦੇ ਪਾਤਰ ਹਨ।