Get Adobe Flash player

 

                 ਪੰਜਾਬੀਆਂ ਨੇ ਲੱਗਭੱਗ ਦੁਨੀਆਂ ਦੇ ਹਰ ਦੇਸ ਵਿਚ ਸਿੱਧੇ-ਅਸਿੱਧੇ ਢੰਗ ਨਾਲ ਪਰਵਾਸ ਕੀਤਾ ਹੈ। ਕਈਆਂ ਨੇ ਭਾਰਤ Book Title - Snapਵਰਗੇ ਵਿਕਾਸ਼ਸ਼ੀਲ ਦੇਸ ਦੀ ਤਰਜ਼ ਵਾਲੇ ਦੇਸ਼ ਨੂੰ ਆਪਣਾ ਟਿਕਾਣਾ ਬਣਾ ਲਿਆ ਹੈ ਤੇ ਕਈ ਸਿੱਧੇ ਜਾਂ ਵਲ-ਵਿੰਗ ਪਾਕੇ, ਹਰ ਕਾਨੂੰਨੀ ਜਾਂ ਗੈਰ-ਕਾਨੂੰਨੀ ਰਾਹ ਵਰਤਕੇ ਕੈਨੇਡਾ, ਅਮਰੀਕਾ ਆਦਿ ਦੇਸ਼ਾਂ ਵਿਚ ਵਸ ਗਏ ਹਨ ਅਤੇ ਵਸ ਰਹੇ ਹਨ। ਭਾਰਤ ਤੋਂ ਇਹਨਾਂ ਦੇਸ਼ਾਂ ਤੱਕ ਕਈ ਏਜੰਟਾਂ ਰਾਹੀਂ ਮੌਤ ਦਾ ਖੂਹ ਪਾਰ ਕਰਕੇ ਗਏ ਅਤੇ ਕਈ ਹੋਰ ਕਾਨੂੰਨੀ ਸ਼ਰਤਾਂ ਅਨੁਸਾਰ, ਜਿਹੜੇ ਅਸਿੱਧੇ ਢੰਗ ਨਾਲ ਪਹੁੰਚੇ ਜਾਂ ਵਾਪਸ ਆ ਗਏ ਜਾਂ ਰਾਹ ਖਾ ਗਏ ਉਹਨਾਂ ਬਾਰੇ ਪਿਛਲੇ ਕੁਝ ਕੁ ਸਾਲਾਂ ਵਿਚ ਕਈ ਨਾਵਲਕਾਰਾਂ ਨੇ ਹਰ ਪੱਖ ਪੇਸ਼ ਕਰਦੇ ਵਧੀਆ ਨਾਵਲ ਲਿਖੇ ਹਨ। ਪਰ ਉੱਥੇ ਪਹੁੰਚਣ ਤੋਂ ਬਾਅਦ ਦੀ ਜੋ ਪਰਿਵਾਰਕ ਜ਼ਿੰਦਗੀ ਹੈ ਜਾਂ ਉਸਦੀਆਂ ਗੁੰਝਲਾਂ ਜਾਂ ਦੁਸ਼ਵਾਰੀਆਂ ਹਨ ਉਸ ਬਾਰੇ ਘੱਟ ਸਾਹਿਤ ਮਿਲਦਾ ਹੈ ਜੋ ਇਹ ਅਹਿਸਾਸ ਕਰਵਾ ਸਕੇ ਕਿ ਮੁਸ਼ਕਲਾਂ, ਦੁਸ਼ਵਾਰੀਆਂ, ਮਾਨਸਿਕ ਗੁੰਝਲਾਂ, ਆਰਥਿਕ ਮਸਲੇ, ਪਰਿਵਾਰਕ ਮਸਲੇ ਪੈਦਾ ਹੁੰਦੇ ਝਗੜੇ, ਜਾਂ ਲੋਭ ਵੱਸ ਪੈਦਾ ਕੀਤੇ ਜਾਂਦੇ ਪਰਿਵਾਰਕ ਝਗੜੇ ਹਰ ਜਗ੍ਹਾ ਸਾਡੇ ਨਾਲ ਹਨ। ਸਾਡੇ ਜੀਵਨ ਪ੍ਰਭਾਵਿਤ ਕਰਦੇ, ਸਾਨੂੰ ਤੋੜਦੇ ਹਨ, ਸਾਨੂੰ ਜੋੜਦੇ ਹਨ, ਹਸਾਉਦੇਂ ਹਨ, ਰੁਆਦੇਂ ਹਨ ਕਈ ਵਾਰ ਫੇਰ ਤੋੜਦੇ ਹਨ ਤੇ ਕਈ ਵਾਰ ਰੁਆਕੇ ਫੇਰ ਹਸਾਉਂਦੇ ਹਨ। ਇਹ ਜ਼ਿੰਦਗੀ ਦਾ ਹਿੱਸਾ ਹਨ ਜਾਂ ਅਸੀਂ ਅਚੇਤ-ਸੁਚੇਤ ਹਿੱਸਾ ਬਣਾ ਲਏ ਹਨ ਜਾਂ ਬਣ ਗਏ ਹਨ ਜਾਂ ਸਿਰਫ਼ ਇਹਨਾਂ ਦੀ ਪ੍ਰਭਾਸ਼ਾ ਬਦਲ ਗਈ ਹੈ ਇਹ ਸਭ ਵਿਚਾਰੀਏ ਤਾਂ ਉੱਤਰ ਇਹੀ ਹੈ ਕਿ ਇਹ ਮੱਧਵਰਗੀ, ਨਿਮਨ ਮੱਧਵਰਗੀ ਪਰਿਵਾਰਾਂ ਵਿਚ ਦੂਸਰੇ ਵਰਗਾਂ ਨਾਲੋਂ ਵੱਧ ਹਨ ਤੇ ਹਰ ਉਸ ਦੇਸ਼ ਵਿਚ ਹਰ ਲੋਕਾਂ ਵਿਚ ਕਿਸੇ ਨਾਂ ਕਿਸੇ ਰੂਪ ਵਿਚ ਇਸ ਨਵਪੂੰਜੀਵਾਦ ਅਤੇ ਤੇਜ-ਤਰਾਰ ਜ਼ਮਾਨੇ ਵਿਚ ਮੌਜੂਦ ਹਨ। 
                            ਇਸ ਨਾਵਲ ਤੋਂ ਪਹਿਲਾਂ ਸੱਤ ਕਿਤਾਬਾਂ ਪੰਜਾਬੀ ਸਾਹਿਤ ਦੀ ਝੋਲੀ ਪਾ ਚੁੱਕੀ ਲੇਖਿਕਾ ਗੁਰਚਰਨ ਕੌਰ ਥਿੰਦ ਨੇ ਇਸ ਨਾਵਲ ਵਿਚ ਇਸੇ ਪਲਾਂਟ ਨੂੰ ਲੈ ਕੇ ਇਸ ਨਾਵਲ ਦੇ ਪਾਤਰਾਂ ਰਾਹੀਂ ਉਪਰੋਤਕ ਸਭ ਪੇਸ਼ ਕਰਨ ਦੀ ਸਫ਼ਲ ਕੋਸਿਸ਼ ਕੀਤੀ ਹੈ, ਜਿਸਨੂੰ ਉਹ ਵਾਸ ਦੀਆਂ ਦੁਸ਼ਵਾਰੀਆਂ ਤੋਂ ਮੁਕਤੀ ਪਾਉਣ ਲਈ ਇਸ ਤੋਂ ਵੀ ਵੱਧ ਪਰਿਵਾਰਕ ਕਲੇਸ਼ਾਂ ਵਿਚ ਫਸੇ ਲੋਕਾਂ ਦਾ ਚਿੱਤਰਨ ਆਪਣੇ ਪਾਤਰਾਂ ਕੁਲਜੀਤ ਕੌਰ, ਆਸਥਾ, ਅਮਰ, ਪਵਨ, ਰਮਨਦੀਪ, ਅਨਮੋਲ, ਗੁਰਦੀਪ ਆਦਿ ਦੇ ਪਰਿਵਾਰਕ ਘੇਰੇ ਰਾਹੀਂ ਪੇਸ਼ ਕਰਦੀ ਹੈ।
                                   ਨਾਵਲ ‘ਜਗਦੇ ਬੁਝਦੇ ਜੁਗਨੂੰ’ ਕੈਨੇਡਾ ਦੀ ਤੇਜ ਜ਼ਿੰਦਗੀ ਵਾਂਗ ਹੀ ਤੇਜ ਭੱਜਦਾ ਹੈ ਤੇ ਨਾਵਲ ਦੇ ਨਾਮ ਵਿਚ ਜੁਗਨੂੰ ਸ਼ਾਇਦ ਇਸੇ ਦਾ ਪ੍ਰਤੀਕ ਵੀ ਹੈ ਅਤੇ ਮੁੱਖ ਰੂਪ ਵਿਚ ਜਗਦੀ ਬੁਝਦੀ ਤੇ ਫੇਰ ਜਗਦੀ ਪਰਿਵਾਰਕ ਜਿੰæਦਗੀ ਦੀ ਜ਼ਿੰਦਗੀ ਦਾ ਪ੍ਰਤੀਕ ਹੈ। ਪੰਜਾਬ ਦੀ ਜ਼ਿੰਦਗੀ ਦੇ ਹਰ ਪਹਿਲੂ ਨੂੰ ਬੜੀ ਚੰਗੀ ਤਰਾਂ ਸਮਝ ਚੁੱਕਿਆ ਲੇਖਿਕਾ ਦਾ ਸੰਜੀਦਾ ਅਤੇ ਪਾਰਖੂ ਮਨ ਕੈਨੇਡਾ ਵਿਚ ਪਰਵਾਸ ਕਰਨ ਤੇ ਇਥੋਂ ਦੇ ਪੰਜਾਬੀਆਂ ਦੇ ਪਰਿਵਾਰਕ ਜੀਵਨ ਨੂੰ ਸਮਝਣ ਵਿਚ ਉਕਤਾਈ ਨਹੀਂ ਖਾ ਸਕਦਾ ਇਸੇ ਕਰਕੇ ਇਹ ਨਾਵਲ ਇਥੋਂ ਦੀ ਜ਼ਿੰਦਗੀ ਦਾ ਅਸਲ ਨਾਵਲ ਹੈ। ਕਈ ਵਾਰ ਵਿਕਸਿਤ ਦੇਸ਼ਾਂ ਵਸੇ ਵਿਚ ਪੰਜਾਬੀਆਂ ਦੀ ਪਰਿਵਾਰਕ ਜ਼ਿੰਦਗੀ ਬਾਰੇ ਗਲਤ ਤੱਥ ਜਾਂ ਅਣਘੋਖੇ ਤੱਥ ਛਪਦੇ ਰਹਿੰਦੇ ਹਨ ਜਦੋਂ ਕਈ ਸਾਡੇ ਕਈ ਪੰਜਾਬੀ ਲੇਖਕ ਕੈਨੇਡਾ ਘੁੰਮਣ ਆਏ ਪਰਿਵਾਰਕ ਜ਼ਿੰਦਗੀਂ ਅਤੇ ਹੱਡਭੰਨਵੀਂ ਮਿਹਨਤ ਦੀ ਗੱਲ ਨਾ ਕਰਦਿਆਂ ਇੱਥੇ ਵੱਸੇ ਪੰਜਾਬੀਆਂ ਦੀ ਜ਼ਿੰਦਗੀ ਦੀ ਉਪਰਲੀ ਤਹਿ ਦੇਖਕੇ ਹੀ ਵੱਡੇ-ਵੱਡੇ ਸਫ਼ਰਨਾਵੇਂ ਇਸ ਢੰਗ ਨਾਲ ਲਿਖ਼ਦੇ ਹਨ ਕਿ ਉਹ ਜੋ ਤਸਵੀਰ ਦਿੰਦੇ ਹਨ ਜਿਹੜੇ ਸਫ਼ਰਨਾਵਿਆਂ ਦੀ ਤਹਿ ਅਤੇ ਪ੍ਰਭਾਸ਼ਾ ਸਮਝਦੇ ਉਹਨਾਂ ਲਈ ਤਾਂ ਸਿੱਖਿਆ ਦਾ ਸਾਧਨ ਬਣਦੇ ਹਨ ਪਰ ਬਹੁਤੇ ਪਾਠਕਾਂ ਦੇ ਅਚੇਤ ਮਨ ‘ਤੇ ਕੈਨੇਡਾ ਇਕ ਸਵਰਗਮਈ ਧਰਤੀ ਬਣਕੇ ਉੱਭਰਦਾ ਹੈ ਜਿੱਥੇ ਡਾਲਰਾਂ ਦੇ ਮੀਂਹ ਪੈਂਦੇ ਹਨ ਜਾਂ ਡਾਲਰਾਂ ਨਾਲ ਲੱਦੇ ਬੂਟਿਆਂ ਦੇ ਬਾਗ ਹਨ। ਉਹ ਨਹੀਂ ਦੇਖਦੇ ਕਿ ਘਰ ਬਣਾਉਣ ਲਈ ਬੈਕਾਂ ਤੋਂ ਚੁੱਕੇ ਭਾਰਤੀ ਸ਼ਾਹੂਕਾਰਾਂ ਤਰਜ਼ ਦੇ ਕਰਜ਼ੇ ਭਾਵ (ਕਪਾਊਡ ਇਟਰੈਸਟ ਮਾਰਟਗੇਜ਼) ਜਿਸ ਵਿਚ ਵਿਆਜ ਨੂੰ ਵੀ ਵਿਆਜ ਲੱਗਦਾ ਹੈ ਮੱਧਵਾਰਗੀ ਪਰਵਾਸੀਆਂ ਦੀਆਂ ਉਮਰਾਂ ਖਾ ਜਾਂਦੇ ਹਨ। ਕਿਉਂਕਿ 

ਕਿ ਕੈਨੇਡਾ ਵਿਚ ਹਰ ਇੱਕ ਸਾਲ ਤੋਂ ਵੱਧ ਸਮੇਂ ਲਈ ਚੁੱਕੇ ਕਰਜ਼ੇ ਕਪਾਊਡ ਇਟਰੈਸਟ ਵਾਲੇ ਹੁੰਦੇ ਹਨ ਜਿਸ ਬਾਰੇ ‘ਤੂਤਾਂ ਵਾਲੇ ਖੂਹ’ ਨਾਵਲ ਵਿਚ ਸੋਹਨ ਸਿੰਘ ‘ਸੀਤਲ’ ਨੇ ਸੱਜਣ ਸਿੰਘ ਪਾਤਰ ਦੇ ਮੂੰਹੋਂ ਅਖਵਾਇਆ ਸੀ ਕਿ ‘ਬਾਪੂ ਆਹਦਾਂ ਹੁੰਦਾ ਸੀ, ਸ਼ਾਹੂੰਕਾਰਾਂ ਦਾ ਕਰਜ਼ਾਂ ਤਾਂ ਦਰਿਆ ਦੀ ਜਿੱਲ੍ਹਣ ਵਾਂਗ ਹੁੰਦਾ ਏ, ਇਕ ਵਾਰ ਸਿਰ ਚੜ੍ਹ ਜਾਵੇ ਫੇਰ ਨੀਂ ਉੱਤਰਦਾ’ ਅਜਿਹੇ ਪਾਰਖੂ ਸਫ਼ਰਨਾਵਿਆਂ ਦੀ ਘਾਟ ਜਾਂ ਕੁਝ ਕੁ ਲੋਕਾਂ ਦੁਆਰਾ ਉੱਧਰ ਜਾਕੇ ਕੀਤੇ ਵੱਧ ਦਿਖਾਵੇ ਨੇ ਜੋ ਤਸਵੀਰ ਪੇਸ਼ ਕੀਤੀ ਉਸ ਤਸਵੀਰ ਦਾ ਪ੍ਰਭਾਵ ਇਸ ਨਾਵਲ ਦੇ ਪਾਤਰਾਂ ਦੇ ਮਨ ਵਿਚ ਘਰ ਕਰੀ ਬੈਠਾ ਭਾਵ ਸਾਡੇ ਸਭ ਵਿਚ ਘਰ ਕਰੀ ਬੈਠਾ ਹੈ ਬੇਸ਼ਕ ਕੈਨੇਡਾ ਦੇ ਕਾਨੂੰਨ ਸਖ਼ਤ ਹਨ ਤੇ ਨਜ਼ਾਇਜ ਕਿਸੇ ਨੂੰ ਤੰਗ ਨਹੀਂ ਕੀਤਾ ਜਾਂਦਾ ਪਰ ਜਦੋਂ ਪਰਿਵਾਰਕ ਜ਼ਿੰਦਗੀ ਹੱਡ ਭੰਨਵੀਂ ਮਿਹਨਤ ਵਿਚੋਂ ਗੁਜ਼ਰਦੀ ਭੰਮਬੀਰੀ ਵਾਂਗ ਘੁੰਮਣ ਲੱਗਦੀ ਹੈ ਤਾਂ ਕਈ ਮਸਲੇ ਉੱਠਦੇ ਹਨ ਜੋ ਪਰਿਵਾਰਕ ਜ਼ਿੰਦਗੀ ਦੀ ਸਾਹਿਜ-ਮਈ ਚਾਲ ਵਿਚ ਅਡਿੱਕਾ ਬਣ ਜਾਂਦੇ ਹਨ।     
                           ਦੂਸਰੇ ਕਾਰਨ ਹਨ ਕਿ ਭਾਰਤ ਅਜ਼ਾਦੀ ਦੀ ਅੱਧੀ ਸਦੀ ਬੀਤ ਜਾਣ ਦੇ ਬਾਵਜ਼ੂਦ ਵੀ ਵਿਕਾਸ਼ਸ਼ੀਲ ਹੀ ਹੈ ਵਿਕਸਤ ਨਹੀਂ ਹੋਇਆ, ਕਾਨੂੰਨ ਅਮੀਰ ਲੋਕਾਂ ਦੀ ਜੇਭ ਵਿਚ ਹੈ ਰੱਬ ਪੁਜਾਰੀ ਵਰਗ ਦੀ ਮੁੱਠੀ ਵਿਚ, ਬੇਰੋਜ਼ਗਾਰੀ, ਧਾਰਮਿਕ ਅਸਹਿਣਸ਼ੀਲਤਾ, ਨਸ਼ੇਖੋਰੀ, ਮੰਹਿਗਾਈ ਨੇ ਮਿਡਲ ਅਤੇ ਗਰੀਬ ਵਰਗ ਦਾ ਬੁਰਾ ਹਾਲ ਕੀਤਾ ਹੈ, ਸੋ ਸਾਡੀ ਲੱਗ-ਭੱਗ ਸਾਰੇ ਪੰਜਾਬੀ ਹੀ ਸੋਚਦੇ ਹਨ ਕਿ ਇਸ ਹਿਸਾਬ ਨਾਲ ਕੈਨੇਡਾ ਚੰਗਾ ਹੈ ਤੇ ਉਹ ਜੋੜ-ਅਜੋੜ ਰਿਸ਼ਤਿਆਂ ਰਾਹੀਂ ਆਪਣੇ ਪਰਿਵਾਰਾਂ ਨੂੰ ਕੈਨੇਡਾ ਬਲਾਉਣ ਦੀ ਦੌੜ ਵਿਚ ਲੱਗੇ ਰਹਿੰਦੇ ਹਨ ਤੇ ਵੀ ਬਹੁਤੀ ਵਾਰ ਪਰਿਵਾਰਾਂ ਦੀ ਦੁਸ਼ਵਾਰੀ ਦਾ ਕਾਰਨ ਬਣਦਾ ਹੈ ਜਿਵੇਂ ਇਸ ਨਾਵਲ ਦੇ ਕਈ ਪਾਤਰ ਇਸ ਦਾ ਸ਼ਿਕਾਰ ਹੋ ਪਰਿਵਾਰਕ ਜ਼ਿੰਦਗੀ ਗਵਾ ਚੁੱਕੇ ਹਨ। ਔਰਤ ਪਾਤਰ ਕੁਲਜੀਤ ਦੀਆਂ ਦੁਸ਼ਵਾਰੀਆਂ ਦਾ ਮੁੱਖ ਕਾਰਨ ਵੀ ਇਹੀ ਬਣਦਾ ਹੈ ਜਦੋਂ ਉਹ ਆਪਣੀ ਭਾਣਜੀ ਦਾ ਰਿਸ਼ਤਾ ਆਪਣੇ ਪਤੀ ਦੇ ਨਸ਼ਈ ਭਾਣਜੇ ਨੂੰ ਹੋਣ ਤੋਂ ਰੋਕਦੀ ਹੈ। ਇਸ ਤੋਂ ਬਿਨਾਂ ਵੱਧ ਡਾਲਰ ਕਮਾਉਣ ਦੀ ਦੌੜ, ਦੂਸਰਿਆਂ ਨਾਲੋਂ ਆਰਥਿਕ ਤੌਰ ਤੇ ਅੱਗੇ ਲੰਘਣ ਦੀ ਦੌੜ ਵੀ ਪਰਵਾਰਕ ਜ਼ਿੰਦਗੀਂ ਟੁੱਟਣ ਦਾ ਕਾਰਨ ਬਣਦੀ ਹੈ ਜਿਵੇਂ ਪਾਤਰ ਰਮਨਦੀਪ ਗਿੱਲ ਅਤੇ ਗੁਰਦੀਪ ਦਾ ਪਰਿਵਾਰ ਭੁਗਤਦਾ ਹੈ, ਲੇਖਿਕਾ ਦੇ ਇਸ ਨਾਵਲ ਦੀ ਬਾਖ਼ੂਬੀ ਇਹ ਵੀ ਹੈ ਕਿ ਇੱਕ ਔਰਤ ਹੋਣ ਦੇ ਨਾਤੇ ਉਹ ਸਿਰਫ਼ ਔਰਤਾਂ ਦੀਆਂ ਇਸ ਦੇਸ਼ ਵਿਚ ਦੁਸ਼ਵਾਰੀਆਂ ਦੀ ਗੱਲ ਨਹੀਂ ਕਰਦੀ ਬਲਕਿ ਅਨਮੋਲ ਵਰਗੇ ਮਰਦ ਪਾਤਰਾਂ ਨਾਲ ਵੀ ਨਿਆਂ ਕਰਦੀ ਹੈ ਜਿਸਦੀ ਨਵੀਂ ਵਿਆਹੀ ਪਤਨੀ ਕੈਨੇਡਾ ਪਹੁੰਚਕੇ ਏਅਪੋਰਟ ਤੋਂ ਹੀ ਘਰ ਆਉਣ ਨੂੰ ਤਿਆਰ ਨਹੀਂ ਉਸਨੂੰ ਉਸੇ ਸ਼ਾਮ ਉਸਦੇ ਸਵਾਗਤ ਵਿਚ ਰੱਖੀ ਪਾਰਟੀ ਲਈ ਮਨਾਕੇ ਘਰ ਲਿਆਂਦਾ ਜਾਂਦਾ ਹੈ ਪਰ ਉਹ ਪਾਰਟੀ ਤੋਂ ਬਾਅਦ ਰਾਤ ਨੂੰ ਹੀ ਗਾਇਬ ਹੋ ਜਾਂਦੀ ਹੈ। ਇਸ ਹਲਾਤ ਵਿਚ ਅਨਮੋਲ ਵਰਗੇ ਭਲੇਮਾਨਣ ਮੁੰਡਿਆਂ ਅਤੇ ਉਹਨਾਂ ਦੇ ਮਾਪਿਆਂ ਤੇ ਕੀ ਗੁਜ਼ਰਦੀ ਹੈ ਉਹ ਇਸ ਨਾਵਲ ਵਿਚ ਬਾਖ਼ੂਬੀ ਦਿਖਾਇਆ ਗਿਆ ਹੈ। ਇਸੇ ਪਰਿਵਾਰ ਵਾਂਗ ਇਸ ਤਰ੍ਹਾਂ ਦੀ ਅਣਹੋਣੀ ਦਾ ਸ਼ਿਕਾਰ ਇੱਥੇ ਬਹੁਤ ਸਾਰੇ ਪਰਿਵਾਰ ਹਨ ਜਿਹਨਾਂ ਦੇ ਮੁੰਡੇ ਨਾ ਵਿਆਹਿਆ ਵਿਚ ਹਨ ਨਾ ਕੁਆਰਿਆ ਵਿਚ। ਇਸ ਨਾਵਲ ਵਾਂਗ ਉਹ ਬਿਨਾ ਕਸੂਰ ਤੋਂ ਨਮੋਸ਼ੀ ਝੱਲਦੇ ਜਾਂ ਤਾਂ ਮਾਨਸਿਕ ਬਿਮਾਰੀ ਦਾ ਸ਼ਿਕਾਰ ਹੋ ਡਾਕਟਰਾਂ/ ਕੌਸਲਰਾਂ ਦੇ ਚੱਕਰ ਕੱਟਦੇ ਹਨ ਜਾਂ ਕਿਸੇ ਹੋਰ ਸ਼ਹਿਰ ਜਾ ਵੱਸਦੇ ਹਨ।
                                      ਪਰ ਨਾਵਲ ਦੇ ਅਖ਼ੀਰ ਤੇ ਲੇਖਕਾ ਇਸ ਨਾਵਲ ਦੇ ਨਾਮ ਨਾਲ ਨਿਆਂ ਕਰਦੀ ਹੋਈ ਇਹਨਾਂ ਜਗਦੇ ਬੁੱਝਦੇ ਜੁੰਗਨੂੰਆਂ ਦੇ ਜਗਣ ਦੀ ਆਸ ਬੰਨ੍ਹਦੀ ਹੈ। ਕਿਉਂਕਿ ਜ਼ਿੰਦਗੀ ਆਪਣੀ ਰਫ਼ਤਾਰ ਚੱਲਦੀ ਰਹਿਣ ਕਰਕੇ ਸਮਾਂ ਕਈ ਫੱਟ ਭਰ ਦਿੰਦਾ ਹੈ ਫੇਰ ਨਵੇਂ ਸਿਰੇ ਤੋਂ ਨਵੇਂ ਢੰਗ ਨਾਲ ਜਿਉਣ ਦਾ ਹੁਲਾਸ ਬੇਰੰਗੀ ਜ਼ਿੰਦਗੀ ਨੂੰ ਰੰਗ-ਬਰੰਗੀ ਕਰ ਦਿੰਦਾ ਹੈ। ਨਾਵਲ ਵਿਚ ਇਕ ਦੋ ਜਗ੍ਹਾ ਪਿਛਲਝਾਤ ਥੋੜਾ ਦੁਹਰਾਓ ਪੈਦਾ ਕਰਦੀ ਅਤੇ ਦੋ ਕੁ ਜਗਾਂ ਨਾਵਲ ਦੀ ਲੋੜੋ ਵੱਧ ਤੇਜ ਗਤੀ ਕਾਰਨ ਜੋ ਪਾਠਕ ਡੁੰਘੇਰਾ ਨਹੀਂ ਉਹ ਉਲਝਦਾ ਹੈ ਜਿਵੇਂ ਕੁਲਜੀਤ ਦੇ ਪਰਿਵਾਰ ਦੇ ਕੈਨੇਡਾ ਆਉਣ ਉਸਦੀ ਭੈਣ ਦੇ ਬੱਚੇ ਜੁਆਨ ਹੋਣ ਬਾਰੇ ਹੋਰ ਵਿਸਥਾਰ ਦੀ ਲੋੜ ਮਹਿਸੂਸ ਹੁੰਦੀ ਹੈ ਪਰ ਸ਼ਾਇਦ ਘੱਟ ਸ਼ਬਦਾਂ ਰਾਹੀਂ ਵੱਧ ਰੰਗ ਦਿਖਾਉਣ ਲਈ ਲੇਖਿਕਾ ਨੇ ਬੜੀ ਤੇਜ਼ੀ ਨਾਲ ਨਾਵਲ ਸਮੇਟਿਆ ਹੈ ਜੋ ਜਿਸ ਤਰਾਂ ਮੈਂ ਸ਼ੁਰੂ ਵਿਚ ਲਿਖਿਆ ਸੀ ਕਿ ਨਾਵਲ ਕੈਨੇਡਾ ਦੀ ਜ਼ਿੰਦਗੀ ਵਾਂਗ ਹੀ ਤੇਜ ਦੌੜਦਾ ਹੈ। ਪਰ ਇਸੇ ਕਰਕੇ ਅਕਾਰ ਛੋਟਾ ਹੋਣ ਕਰਨ ਅੱਜ ਦੇ ਪਾਠਕ ਵਿਚ ਇਸਨੂੰ ਪੜ੍ਹਨ ਦੀ ਖਾਹਿਸ਼ ਪੈਦਾ ਹੁੰਦੀ ਹੈ। ਨਾਵਲ ਵਿਚਲਾ ‘ਹੈਪੀ ਫੈਮਲੀ ਕਲੱਬ’ ਸੰਕੇਤਕ ਰੂਪ ਵਿਚ Baljinder - Sangha - p - Copyਅਜਿਹੀਆਂ ਪਰਿਵਾਰਕ ਉਲਝਣਾਂ ਵਿਚ ਫਸੇ ਲੋਕਾਂ ਲਈ ਵਧੀਆ ਸੋਚ ਹੈ ਜੋ ਮਿਲਣ ਦੇ ਨਵੇਂ ਰਾਹ, ਨਵੇਂ ਮਿਲਾਪ ਪੈਦਾ ਕਰਕੇ ਅਜਿਹੇ ਪਰਿਵਾਰਾਂ ਦਾ ਦੁਬਾਰਾ ਤੋਂ ਖੁਸ਼ੀ ਅਤੇ ਅਨੰਦ ਦੀ ਜ਼ਿੰਦਗੀ ਜਿਉਣਾ ਦਾ  ਸੁਪਨਾ ਸਿਰਫ਼ ਸੁਪਨਾ ਨਹੀਂ ਰਹਿਣ ਦਿੰਦਾ। ਨਾਵਲ ਦੀ ਕਹਾਣੀ ਬਾਰੇ ਗੱਲ ਮੈਂ ਸਿਰਫ਼ ਟੁਕੜਿਆਂ ਵਿਚ ਇਸ ਕਰਕੇ ਬਿਆਨ ਕੀਤੀ ਹੈ ਤਾਂ ਕਿ ਪਾਠਕ ਦਾ ਇਸ ਨਾਵਲ ਨੂੰ ਖੁਦ ਪੜ੍ਹਨ ਅਤੇ ਮਾਨਣ ਦਾ ਉਤਸ਼ਾਹ ਮੱਠਾ ਨਾ ਹੋਵੇ, ਬਲਕਿ ਉਹ ਇਸਨੂੰ ਪੜ੍ਹਨ ਲਈ ਉਤਾਵਾਲਾ ਹੋਵੇ। ਅਜਿਹੇ ਨਾਵਲ ਲਈ ਲੇਖਿਕਾ ਗੁਰਚਰਨ ਕੌਰ ਥਿੰਦ ਅਤੇ ਚੇਤਨਾ ਪਰਕਾਸ਼ਨ ਨੂੰ ਬਹੁਤ-ਬਹੁਤ ਵਧਾਈ।
                                                                                                                              ਬਲਜਿੰਦਰ ਸੰਘਾ  
                                                                                                                           ਫੋਨ : 403-680-3212