ਮਾਸਟਰ ਭਜਨ ਸਿੰਘ ਨੂੰ ਉਹਨਾਂ ਦੀਆਂ ਸਮਾਜਿਕ ਸੇਵਾਵਾਂ ਲਈ ਸਨਮਾਨਿਤ ਕੀਤਾ ਜਾਵੇਗਾ
ਬਲਜਿੰਦਰ ਸੰਘਾ- ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਕੈਨੇਡਾ ਦੀ ਧਰਤੀ ਤੇ ਪੰਜਾਬੀ ਬੋਲੀ, ਨਿੱਗਰ ਸੱਭਿਆਾਰ ਅਤੇ ਨਵੇਂ ਪੰਜਾਬੀ ਲੇਖਕਾਂ ਨੂੰ ਉਤਸ਼ਹਿਤ ਕਰਨ ਦੇ ਨਾਲ-ਨਾਲ ਹੋਰ ਵੀ ਅਗਾਂਹਵਧੂ ਸੋਚ ਦੇ ਪੋਰਗਾਰਮ 16 ਸਾਲਾਂ ਤੋਂ ਸਲਾਨਾ ਕਰਦੀ ਆ ਰਹੀ ਹੈ। ਨਵੀਂ ਪੀੜ੍ਹੀ ਦੇ ਬੱਚਿਆਂ ਨੂੰ ਸਟੇਜ ਤੇ ਪੰਜਾਬੀ ਬੋਲਣ, ਪੰਜਾਬੀ ਵੱਲ ਆਕਰਸ਼ਿਤ ਕਰਨ ਅਤੇ ਪੰਜਾਬੀ ਬੋਲਣ ਵਿਚ ਮਾਣ ਮਹਿਸੂਸ ਕਰਨ ਲਈ ਪਿਛਲੇ ਚਾਰ ਸਾਲਾਂ ਤੋਂ ਇਕ ਵਿਸ਼ੇਸ਼ ਪ੍ਰੋਗਰਾਮ ਸਿਰਫ਼ ਬੱਚਿਆਂ ਲਈ ਕਰਵਾਉਂਦੀ ਆ ਰਹੀ ਹੈ। ਇਸ ਪਰੋਗਰਾਮ ਵਿਚ ਬੱਚੇ ਸਟੇਜ ਤੋਂ ਪੰਜਾਬੀ ਵਿਚ ਕੋਈ ਵੀ ਕਵਿਤਾ, ਕਹਾਣੀ ਜਾਂ ਕਿਸੇ ਵੀ ਹੋਰ ਸਾਹਿਤਕ ਵੰਨਗੀ ਵਿਚ ਕੁਝ ਸੁਣਾ ਸਕਦੇ ਹਨ ਅਤੇ ਜੱਜ ਸਹਿਬਾਨ ਵੱਲੋਂ ਬੱਚਿਆਂ ਦੀ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ਲਈ ਚੋਣ ਕੀਤੀ ਜਾਂਦੀ ਹੈ। ਇਸ ਸਾਲ ਇਹ ਸਲਾਨਾ ਪੰਜਵਾਂ ਸਮਾਗਮ ਮਿਤੀ 12 ਮਾਰਚ 2016 ਦਿਨ ਸ਼ਨੀਵਾਰ ਨੂੰ ਵਾਈਟਹਾਰਨ ਹਾਲ ਕੈਲਗਰੀ ਵਿਚ ਦਿਨ ਦੇ ਠੀਕ ਸਾਢੇ ਬਾਰਾਂ ਵਜੇ ਤੋਂ ਚਾਰ ਵਜੇ ਤੱਕ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਸਕੂਲੀ ਗਰੇਡ ਦੇ ਅਨੁਸਾਰ ਗਰੇਡ ਤਿੰਨ ਤੋਂ ਅੱਠ ਤੱਕ ਦੇ ਬੱਚੇ ਭਾਗ ਲੈ ਸਕਦੇ ਹਨ। ਜਿਹਨਾਂ ਦੇ ਤਿੰਨ ਗਰੁੱਪ ਬਣਾਏ ਗਏ ਹਨ। ਇਸ ਤੋਂ ਇਲਾਵਾ ਹਰ ਭਾਗ ਲੈਣ ਵਾਲੇ ਬੱਚੇ ਨੂੰ ਸਨਮਾਨਿਤ ਕੀਤਾ ਜਾਵੇਗਾ ਅਤੇ ਬੱਚਿਆਂ ਵੱਲੋਂ ਸੱਭਿਆਚਾਰਕ ਝਲਕੀਆਂ ਵੀ ਪੇਸ਼ ਕੀਤੀਆ ਜਾਣਗੀਆਂ। ਜਿਸ ਤਰ੍ਹਾਂ ਹਰੇਕ ਸਾਲ ਸਲਾਨਾ ਸਮਾਗਮ ਵਿਚ ਇੱਕ ਲੇਖਕ ਨੂੰ ਉਹਨਾਂ ਦੇ ਪੰਜਾਬੀ ਸਾਹਿਤ ਵਿਚ ਪਾਏ ਯੋਗਦਾਨ ਲਈ ਸਨਮਾਨਿਤ ਕੀਤਾ ਜਾਂਦਾ ਹੈ ਉਸੇ ਤਰ੍ਹਾਂ ਇਸ ਪਰੋਗਰਾਮ ਵਿਚ ਵੀ ਕਿਸੇ ਇੱਕ ਵਿਆਕਤੀ ਨੂੰ ਉਹਨਾਂ ਦੇ ਸਮਾਜ ਲਈ ਕੀਤੇ ਚੰਗੇ ਕੰਮਾਂ ਲਈ ਸਨਮਾਨਿਤ ਕੀਤਾ ਜਾਂਦਾ ਹੈ। ਇਸ ਵਾਰ ਅਗਾਂਹਵਧੂ ਸੋਚ ਦੇ ਮਾਲਕ, ਵਹਿਮਾਂ-ਭਰਮਾਂ ਅਤੇ ਹਨੇਰੇ ਖਿਲਾਫ਼ ਵਿਦਿਆਰਥੀ ਜੀਵਨ ਤੋਂ ਹੀ ਡਟੇ ਹੋਏ ਸਿਰੜੀ ਮਾਸਟਰ ਭਜਨ ਸਿੰਘ ਨੂੰ ਉਹਨਾਂ ਦੇ ਹੁਣ ਤੱਕ ਦੇ ਉਸਾਰੂ ਸਮਾਜ ਸਿਰਜਣ ਲਈ ਪਾਏ ਯੋਗਦਾਨ ਲਈ ਸਨਮਾਨਿਤ ਕੀਤਾ ਜਾਵੇਗਾ। ਜਿਕਰਯੋਗ ਹੈ ਮਾਸਟਰ ਭਜਨ ਸਿੰਘ ਜਿੱਥੇ ਭਾਰਤ ਵਿਚ ਰਹਿੰਦਿਆਂ ਟੀਚਰ ਯੁਨੀਅਨ ਤੋਂ ਲੈਕੇ ਹਰ ਤਰ੍ਹਾਂ ਦੇ ਅਨਿਆਂ ਖਿਲਾਫ਼ ਹਮੇਸ਼ਾ ਡਟੇ ਰਹੇ, ਉੱਥੇ ਉਹ ਕੈਨੇਡਾ ਪਰਵਾਸ ਕਰਨ ਤੋਂ ਬਆਦ ਵੀ ਆਪਣੀ ਸੋਚ ਤੇ ਪਹਿਰਾ ਦਿੰਦਿਆ ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਦੇ ਮੌਜੂਦਾ ਜਨਰਲ ਸਕੱਤਰ ਹਨ ਅਤੇ ਹਮੇਸ਼ਾ ਸਮਾਜ ਵਿਚੋਂ ਬਿਮਾਰ ਮਾਨਸਿਕਤਾ ਦੂਰ ਕਰਨ ਲਈ ਅਤੇ ਅਨਿਆਂ ਦੇ ਹੱਕ ਵਿਚ ਪੂਰੀ ਬਲੁੰਦੀ ਨਾਲ ਕੰਮ ਕਰ ਰਹੇ ਹਨ। ਜੇਕਰ ਉਹਨਾਂ ਦੇ ਅਗਾਂਹਵਧੂ ਸਮਾਜਿਕ ਕੰਮਾਂ ਦੀ ਗੱਲ ਕਰੀਏ ਤਾਂ ਲਿਸਟ ਬਹੁਤ ਲੰਮੀ ਹੈ, ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਕਹਿਣੀ ਅਤੇ ਕਰਨੀ ਤੇ ਪੂਰਾ ਉਤਰਨ ਵਾਲੇ ਇਨਸਾਨ ਹਨ ਅਤੇ ਉਹਨਾਂ ਦਾ ਪੂਰਾ ਪਰਿਵਾਰ ਵੀ ਉਹਨਾਂ ਦੇ ਇਸ ਤਰਕਸ਼ੀਲ ਅਤੇ ਹਨੇਰੇ ਵਿਰੋਧੀ ਘੋਲ ਵਿਚ ਉਹਨਾਂ ਦੇ ਨਾਲ ਹੈ। ਇਸ ਤੋਂ ਇਲਾਵਾ ਬੱਚੀ ਲਵਪ੍ਰੀਤ ਕੋਰ ਦਿਓ ਜੋ ਸਰੀਰਕ ਤੌਰ ਤੇ ਅਧੂਰੀ ਹੋਣ ਦੇ ਬਾਵਜੂਦ ਜ਼ਿੰਦਗੀ ਨੂੰ ਖਿੜੇ ਮੱਥੇ ਉਸਾਰੂ ਢੰਗ ਨਾਲ ਜੀਣ ਦਾ ਰੋਲ ਮਾਡਲ ਹੈ ਸਨਾਮਨਿਤ ਕਰਨ ਦੇ ਨਾਲ ਉਹ ਬੱਚਿਆਂ ਦੇ ਰੂ-ਬ-ਰੂ ਹੋਣਗੇ। ਇਹ ਜਾਣਕਾਰੀ ਸਭਾ ਦੇ ਜਨਰਲ ਸਕੱਤਰ ਬਲਵੀਰ ਗੋਰਾ ਅਤੇ ਪ੍ਰਧਾਨ ਤਰਲੋਚਨ ਸੈਂਭੀ ਨੇ ਦਿੰਦਿਆ ਦੱਸਿਆ ਕਿ ਕੈਲਗਰੀ ਨਿਵਾਸੀਆਂ ਦੇ ਸਹਿਯੋਗ ਨਾਲ ਹੋਣ ਵਾਲੇ ਇਸ ਪਰੋਗਰਾਮ ਦੀਆਂ ਤਿਆਰੀਆਂ ਕਾਰਜਕਾਰੀ ਕਮੇਟੀ ਵੱਲੋਂ ਪੂਰੀਆਂ ਕਰ ਲਈਆਂ ਗਈਆਂ ਹਨ ਅਤੇ ਬੱਚਿਆਂ ਦੀ ਪੰਜਾਬੀ ਬੋਲਣ ਦੀ ਯੋਗਤਾ ਦੀ ਪਰਖ ਲਈ ਕੈਲਗਰੀ ਦੀਆਂ ਪੰਜਾਬੀ ਬੋਲੀ ਦੀ ਮੁਹਾਰਤ ਰੱਖਣ ਵਾਲੀਆਂ ਹਸਤੀਆਂ ਹੀ ਜੱਜ ਦੀ ਭੂਮਿਕਾ ਨਿਭਾਉਂਦੀਆਂ ਹਨ ਨਾ ਕਿ ਕੋਈ ਕਾਰਜਕਾਰੀ ਮੈਂਬਰ, ਕਾਰਜਕਾਰੀ ਮੈਂਬਰ ਸਿਰਫ਼ ਆਪਣੇ ਨਿੱਜੀ ਆਰਥਿਕ ਸਹਿਯੋਗ ਜਾਂ ਸਪਾਂਸਰਾਂ ਦੀ ਮਦਦ ਨਾਲ ਇਸ ਪਰੋਗਰਾਮ ਦਾ ਪ੍ਰਬੰਧ ਕਰਦੇ ਹਨ। ਇਸ ਪਰੋਗਰਾਮ ਸਬੰਧੀ ਹੋਰ ਜਾਣਕਾਰੀ ਲਈ ਸਭਾ ਦੇ ਪ੍ਰਧਾਨ ਤਰਲੋਚਨ ਸੈਹਿੰਬੀ ਨਾਲ 403-827-1483, ਜਨਰਲ ਸਕੱਤਰ ਬਲਵੀਰ ਗੋਰਾ ਨਾਲ 403-830-2374 ਤੇ ਸਪੰਰਕ ਕੀਤਾ ਜਾ ਸਕਦਾ ਹੈ।