12 ਮਾਰਚ ਨੂੰ ਬੱਚਿਆਂ ਦੇ ਪੰਜਾਬੀ ਬੋਲਣ ਦੀ ਮੁਹਾਰਤ ਦੇ ਪੰਜਵੇਂ ਸਲਾਨਾ ਮੁਕਾਬਲਿਆਂ ਦਾ ਪੋਸਟਰ ਲੋਕ ਅਰਪਣ ਕੀਤਾ ਗਿਆ
ਬਲਵੀਰ ਗੋਰਾ- ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਦੀ ਫਰਵਰੀ ਮਹੀਨੇ ਦੀ ਇਕੱਤਰਤਾ 21 ਤਰੀਕ ਨੂੰ ਕੋਸੋ ਹਾਲ ਵਿਚ ਲੇਖਕਾਂ ਅਤੇ ਸਰੋਤਿਆਂ ਦੀ ਭਰਵੀਂ ਹਾਜ਼ਰੀ ਵਿਚ ਹੋਈ। ਇਹ ਇਕੱਤਰਤਾ ਕੋਮਾਂਤਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਰਹੀ। ਸਭ ਤੋਂ ਪਹਿਲਾ ਸਭਾ ਦੇ ਜਨਰਲ ਸਕੱਤਰ ਬਲਵੀਰ ਗੋਰਾ ਨੇ ਪ੍ਰਧਾਨ ਤਰਲੋਚਨ ਸੈਹਿੰਬੀ, ਗੁਰਲਾਲ ਰੁਪਾਲੋਂ ਅਤੇ ਲੇਖਿਕਾ ਗੁਰਦੀਸ਼ ਕੌਰ ਗਰੇਵਾਲ ਨੂੰ ਪ੍ਰਧਾਨਗੀ ਮੰਡਲ ਵਿਚ ਬੈਠਣ ਦਾ ਸੱਦਾ ਦਿੱਤਾ। ਬਾਅਦ ਵਿਚ ਬਲਵੀਰ ਗੋਰਾ ਵੱਲੋਂ ਸਭਾ ਵੱਲੋਂ 12 ਮਾਰਚ ਨੂੰ ਬੱਚਿਆਂ ਦੇ ਪੰਜਾਬੀ ਬੋਲਣ ਦੇ ਕਰਵਾਏ ਜਾ ਰਹੇ ਮੁਕਾਬਲਿਆਂ ਬਾਰੇ ਜਾਣਕਾਰੀ ਹਾਜ਼ਰੀਨ ਨਾਲ ਸਾਂਝੀ ਕੀਤੀ। ਸਾਹਿਤਕ ਦੌਰ ਦੀ ਸ਼ੁਰੂਆਤ ਹਰਨੇਕ ਬੱਧਣੀ ਨੇ ਆਪਣੀ ਕਵਿਤਾ ‘ਪੰਜਾਬੀਓ ਮਾਂ ਬੋਲੀ ਦਾ ਸਤਿਕਾਰ ਕਰਿਓ’ ਨਾਲ ਕੀਤੀ। ਹਰਮੁਹਿੰਦਰ ਕੌਰ ਢਿੱਲੋਂ, ਮਾਸਟਰ ਅਜੀਤ ਸਿੰਘ, ਲਖਵਿੰਦਰ ਸਿੰਘ ਜੌਹਲ ਦੀਆਂ ਰਚਨਾਵਾਂ ਤੋਂ ਬਾਅਦ ਕਹਾਣੀਕਾਰ ਜ਼ੋਰਾਵਰ ਸਿੰਘ ਬਾਂਸਲ ਨੇ ਆਪਣੀ ਯਥਾਰਥਵਾਦੀ ਕਹਾਣੀ ‘ਕਨੇਡਾ ਵਾਲੀ ਭੂਆ’ ਬੜੇ ਹੀ ਭਾਵਪੂਰਨ ਢੰਗ ਨਾਲ ਪੇਸ਼ ਕੀਤੀ। ਮਨਮੋਹਨ ਸਿੰਘ ਬਾਠ ਨੇ ਤਰੰਨਮ ਵਿਚ ਗ਼ਜ਼ਲ ਗਾਕੇ ਖ਼ੂਬ ਰੰਗ ਬੰਨ੍ਹਿਆਂ। ਸਭਾ ਦੇ ਸਭ ਤੋਂ ਨਿੱਕੀ ਉਮਰ ਦੇ ਮੈਂਬਰ ਬੱਚੇ ਸਫਲ ਮਾਲਵਾ ਨੇ ਚੁਟਕਲੇ ਨਾਲ ਸਭ ਨੂੰ ਹਸਾਇਆ। ਸੁਰਿੰਦਰ ਕੌਰ ਗੀਤ, ਗੁਰਦੀਸ਼ ਕੌਰ ਗਰੇਵਾਲ, ਬਲਜਿੰਦਰ ਸੰਘਾ ਨੇ ਆਪਣੀਆਂ ਰਚਨਾਵਾਂ ਨਾਲ ਹਾਜ਼ਰੀ ਲੁਆਈ। ਇਸਤੋਂ ਬਾਅਦ ਸਭਾ ਦੇ ਕਾਰਜਕਾਰੀ ਮੈਂਬਰਾਂ ਅਤੇ ਕੈਲਗਰੀ ਮੀਡੀਆ ਕਲੱਬ ਦੇ ਮੈਬਰਾਂ ਦੀ ਹਾਜ਼ਰੀ ਵਿਚ ਸਭਾ ਵੱਲੋਂ 12 ਮਾਰਚ ਨੂੰ ਕਰਵਾਏ ਜਾ ਰਹੇ ਬੱਚਿਆਂ ਦੇ ਪੰਜਾਬੀ ਬੋਲਣ ਦੀ ਮੁਹਰਤ ਦੇ ਸਲਾਨਾ ਪੰਜਵੇਂ ਮੁਕਾਬਲਿਆਂ ਦਾ ਪੋਸਟਰ ਲੋਕ ਅਰਪਣ ਕੀਤਾ ਗਿਆ। ਚਾਹ ਦੀ ਬਰੇਕ ਤੋਂ ਬਾਅਦ ਜੱਗ ਪੰਜਾਬੀ ਟੀ.ਵੀ. ਚੈਨਲ ਦੇ ਸਤਵਿੰਦਰ ਸਿੰਘ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਦੁਨੀਆਂ ਭਰ ਵਿਚ ਆਮ ਲੋਕਾਂ ਨਾਲ ਹੁੰਦੇ ਵਿਤਕਰੇ ਪ੍ਰਤੀ ਕਲਮਕਾਰਾਂ ਅਤੇ ਮੀਡੀਆ ਨੂੰ ਅਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ। ਖਾਲਸਾ ਢਾਡੀ ਜੱਥੇ ਦੇ ਬੱਚਿਆਂ ਨੇ ਕਵਸ਼ੀਰੀ ਰਾਹੀ ਰੰਗ ਬੰਨ੍ਹਿਆ। ਗੁਰਲਾਲ ਰੁਪਾਲੋਂ, ਅਵਨਿੰਦਰ ਨੂਰ, ਸ਼ਿਵ ਕੁਮਾਰ ਸ਼ਰਮਾ, ਅਜਾਇਬ ਸਿੰਘ ਸੇਖੋਂ, ਗੁਰਨਾਮ ਸਿੰਘ ਗਿੱਲ ਰਾਮੂਵਾਲੀਆ, ਮੰਗਲ ਚੱਠਾ ਨੇ ਆਪੋ-ਆਪਣੀਆਂ ਰਚਨਾਵਾਂ ਨਾਲ ਹਾਜ਼ਰੀ ਲੁਆਈ। ਫੋਟੋਗਰਾਫੀ ਦੀ ਜ਼ਿੰਮੇਵਾਰੀ ਰਣਜੀਤ ਲਾਡੀ ਨੇ ਬਾਖ਼ੂਬੀ ਨਿਭਾਈ। ਸਭਾ ਦੇ ਬਾਲ ਗਾਇਕ ਯੁਵਰਾਜ ਸਿੰਘ ਨੇ ਸੁਖਪਾਲ ਪਰਮਾਰ ਦਾ ਲਿਖਿਆ ਗੀਤ ‘ਮੈਂ ਪੰਜਾਬੀ ਬੋਲੀ ਆਂ ਆਪਣਾ ਹਾਲ ਸੁਣਾਵਾਂ’ ਸੁਰੀਲੀ ਅਵਾਜ਼ ਵਿਚ ਪੇਸ਼ ਕੀਤਾ। ਅਖ਼ੀਰ ਵਿਚ ਸਭਾ ਦੇ ਪ੍ਰਧਾਨ ਤਰਲੋਚਨ ਸੈਹਿੰਬੀ ਨੇ ਝਲਮਣ ਸਿੰਘ ਢੱਡਾ ਦਾ ਲਿਖ਼ਿਆ ਗੀਤ ‘ਤਰਸ ਕਰੋ ਮਾਂ ਬੋਲੀ ਉੱਤੇ ਇਸਦੀ ਸ਼ਾਨ ਵਿਗਾੜੋ ਨਾ’ ਪੇਸ਼ ਕੀਤਾ ਅਤੇ ਆਏ ਸਭ ਹਾਜ਼ਰੀਨ ਦਾ ਧੰਨਵਾਦ ਕੀਤਾ। ਹੋਰ ਜਾਣਕਾਰੀ ਲਈ ਪ੍ਰਧਾਨ ਤਰਲੋਚਨ ਸਿੰਘ ਸੈਹਿੰਬੀ ਨਾਲ 403-827-1483 ਜਾਂ ਜਨਰਲ ਸਕੱਤਰ ਬਲਵੀਰ ਗੋਰਾ ਨਾਲ 403-472-2662 ਤੇ ਸੰਪਰਕ ਕੀਤਾ ਜਾ ਸਕਦਾ ਹੈ।