ਕੌਮਾਂਤਰੀ ਮਾਂ ਬੋਲੀ ਦਿਵਸ ਤੇ ਵਿਸ਼ੇਸ਼ –
ਸੁਖਵੀਰ ਗਰੇਵਾਲ ਕੈਲਗਰੀ :21 ਫਰਵਰੀ ਨੂੰ ਮਨਾਏ ਗਏ ਕੌਮਾਂਤਰੀ ਮਾਂ ਬੋਲੀ ਦਿਵਸ ਦੇ ਮੌਕੇ ਇੱਕ ਸਮਾਗਮ ਦੌਰਾਨ ਕੈਲਗਰੀ ਹਾਕਸ ਫੀਲਡ ਹਾਕੀ ਅਕਾਦਮੀ ਨੇ ਐਲਾਨ ਕੀਤਾ ਕਿ ਉਹ ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਨਾਲ਼ ਮਿਲ ਕੇ ਕੈਲਗਰੀ ਦੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਪੜਨ ਅਤੇ ਲਿਖਣ ਦੀ ਸਿਖਲਾਈ ਦੀਆਂ ਜਮਾਤਾਂ ਸ਼ੁਰੂ ਕਰੇਗੀ।ਕਲੱਬ ਵਲੋਂ ਜਾਰੀ ਜਾਣਕਾਰੀ ਅਨੁਸਾਰ ਪੰਜਾਬੀ ਸਿੱਖਣ ਦੀਆਂ ਜਮਾਤਾਂ ਅਪਰੈਲ ਮਹੀਨੇ ਤੋਂ ਸ਼ੁਰੂ ਹੋਣਗੀਆਂ ਅਤੇ ਇਹਨਾਂ ਜਮਾਤਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਬਾਅਦ ਵਿੱਚ ਜਾਰੀ ਕੀਤੀ ਜਾਵੇਗੀ। ਇੰਡੀਅਨ ਐਕਸ-ਸਰਵਿਸਮੈਨ ਇੰਮੀਗਰਾਂਟ ਐਸੋਸੀਏਸ਼ਨ ਦੇ ਹਾਲ ਵਿੱਚ ਕੌਮਾਂਤਰੀ ਮਾਂ ਬੋਲੀ ਦਿਵਸ ਦੇ ਸੰਬੰਧ ਵਿੱਚ ਕਰਵਾਏ ਸਮਾਗਮ ਦੌਰਾਨ ਬੱਚਿਆਂ ਨੇ ਕਵਿਤਾਵਾਂ ਸੁਣਾ ਕੇ ਪੰਜਾਬੀ ਬੋਲੀ ਬਾਰੇ ਆਪਣੇ ਪਿਆਰ ਦਾ ਪ੍ਰਗਟਾਵਾ ਕੀਤਾ। ਕਮਲਪ੍ਰੀਤ ਪੰਧੇਰ,ਨਵਕਿਰਨ ਢੁੱਡੀਕੇ ਅਤੇ ਜਸ ਲੰਮ੍ਹੇ ਦੀ ਅਗਵਾਈ ਪਿਛਲੇ ਕਈ ਦਿਨਾਂ ਤੋਂ ਚਲ ਰਹੀ ਪੰਜਾਬੀ ਕਵਿਤਾ ਉਚਾਰਣ ਵਰਕਸ਼ਾਪ ਵਿੱਚ 22 ਦੇ ਕਰੀਬ ਬੱਚੇ ਭਾਗ ਲੈ ਰਹੇ ਹਨ। ਕੈਲਗਰੀ ਸ਼ਹਿਰ ਵਿੱਚ ਇਸ ਤਰਾਂ ਦਾ ਉਪਰਾਲਾ ਪਹਿਲੀ ਵਾਰ ਕੀਤਾ ਗਿਆ ਹੈ।ਇਸ ਵਰਕਸ਼ਾਪ ਦੌਰਾਨ ਬੱਚਿਆਂ ਨੂੰ ਸਟੇਜ ਤੋਂ ਕਵਿਤਾ ਦੀ ਸਹੀ ਢੰਗ ਨਾਲ਼ ਪੇਸ਼ਕਾਰੀ ਦੇ ਨੁਕਤੇ ਸਿਖਾਏ ਜਾ ਰਹੇ ਹਨ। ਵਰਕਸ਼ਾਪ ਦੌਰਾਨ ਤਿਆਰ ਕੀਤੇ ਬੱਚੇ 12 ਮਾਰਚ ਨੂੰ ਪੰਜਾਬੀ ਲਿਖਾਰੀ ਸਭਾ ਵਲੋਂ ਕਰਵਾਏ ਜਾ ਪੰਜਾਬੀ ਕਵਿਤਾ ਮੁਕਾਬਲੇ ਵਿੱਚ ਭਾਗ ਲੈਣਗੇ। ਐਕਸ-ਸਰਵਿਸਮੈਨ ਇੰਮੀਗਰਾਂਟ ਐਸੋਸੀਏਸ਼ਨ ਦੇ ਪ੍ਰਧਾਨ ਹਰਗੁਣਜੀਤ ਸਿੰਘ ਮਿਨਹਾਸ ਨੇ ਇਸ aਪਰਾਲੇ ਦੀ ਭਰਵੀਂ ਤਾਰੀਫ ਕੀਤੀ ਅਤੇ ਕਿਹਾ ਕਿ ਬੱਚਿਆਂ ਨੂੰ ਸਹੀ ਮਾਰਗ ਤੇ ਤੋਰਨ ਦੇ ਇਸ ਉਪਰਾਲਾ ਬਹੁਤ ਹੀ ਚੰਗਾ ਹੈ।ਬੱਚਿਆਂ ਦੁਆਰਾ ਪੇਸ਼ ਕਵਿਤਾਵਾਂ ਬਾਰੇ ਸ਼੍ਰੀ ਮਿਨਹਾਸ ਨੇ ਕਿਹਾ ਕਿ ਉਹ ਸੁਣ ਬਹੁਤ ਹੀ ਭਾਵੁਕ ਹੋਏ ਹਨ।ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਦੇ ਸਕੱਤਰ ਮਾਸਟਰ ਭਜਨ ਗਿੱਲ ਨੇ ਦੁਨੀਆਂ ਭਰ ਵਿੱਚ ਬੋਲੀਆਂ ਜਾਂਦੀਆਂ ਭਾਸ਼ਾਵਾਂ ਬਾਰੇ ਬਹੁਤ ਹੀ ਵੱਡਮੁੱਲੀ ਜਾਣਕਾਰੀ ਦਿੰਦਿਆਂ ਵਿਦੇਸ਼ਾਂ ਵਿੱਚ ਪੰਜਾਬੀ ਭਾਸ਼ਾ ਦੇ ਭਵਿੱਖ ਬਾਰੇ ਵਿਚਾਰ ਪੇਸ਼ ਕੀਤੇ।ਕੈਨੇਡਾ ਵਿੱਚ ਪੰਜਾਬੀ ਬੋਲਣ ਬਾਰੇ ਉਹਨਾਂ ਕਿਹਾ ਕਿ ਬੋਲਣ ਦੇ ਪੱਖੋਂ ਕੈਨੇਡਾ ਵਿੱਚ ਇਸ ਦਾ ਤੀਜਾ ਸਥਾਨ ਹੈ।ਉਹਨਾਂ ਕਿਹਾ ਕਿ ਪੱਛਮੀ ਮੁਲਕਾਂ ਵਿੱਚ ਰਹਿੰਦਿਆਂ ਭਾਵੇਂ ਅੰਗਰੇਜ਼ੀ ਪਹਿਲੀ ਲੋੜ ਹੈ ਪਰ ਸਾਨੂੰ ਆਪਣੀ ਮਾਤ ਭਾਸ਼ਾ ਪੰਜਾਬੀ ਦਾ ਝੰਡਾ ਵੀ ਬੁਲੰਦ ਰੱਖਣਾ ਚਾਹੀਦਾ ਹੈ। ਰੇਡੀਓ ਰੈੱਡ ਐਫ.ਐਮ. ਦੇ ਸਮਾਚਾਰ ਨਿਰਦੇਸ਼ਕ ਰਿਸ਼ੀ ਨਾਗਰ ਨੇ ਆਪਣੀ ਨਿੱਜੀ ਜ਼ਿੰਦਗੀ ਵਿੱਚ ਪੰਜਾਬੀ ਭਾਸ਼ਾ ਨਾਲ਼ ਸੰਬੰਧਿਤ ਵਾਪਰੀਆਂ ਰੌਚਿਕ ਘਟਨਾਵਾਂ ਦਾ ਜ਼ਿਕਰ ਕੀਤਾ।ਸਭ ਤੋਂ ਦਿਲਚਸਪ ਇਹ ਸੀ ਕਿ ਉਹ ਕੈਨੇਡਾ ਵਿੱਚ ਆ ਕੇ ਵੀ ਉਹਨਾਂ ਦੇ ਕਈ ਦਸਤਾਵੇਜ਼ਾਂ ਉਪਰ ਦਸਤਖ਼ਤ ਪੰਜਾਬੀ ਵਿੱਚ ਹਨ।ਆਪਣੇ ਉਹਨਾਂ ਕਿਹਾ ਕਿ ਵਿਦੇਸ਼ਾਂ ਵਿੱਚ ਪੰਜਾਬੀ ਮੀਡੀਆ ਦੇ ਪ੍ਰਸਾਰ ਕਾਰਨ ਪੰਜਾਬੀ ਭਾਸ਼ਾ ਜਾਨਣ ਵਾਲ਼ਿਆਂ ਲਈ ਨੌਕਰੀ ਦੇ ਨਵੇਂ ਵਸੀਲੇ ਪੈਦਾ ਹੋ ਰਹੇ ਹਨ।ਉਹਨਾਂ ਅੱਜ ਦੇ ਉਦਮ ਲਈ ਬੱਚਿਆਂ ਨੂੰ ਵਧਾਈ ਦਿੰਦਿਆਂ ਮਾਪਿਆਂ ਨੂੰ ਜ਼ੋਰ ਦੇ ਕੇ ਆਖਿਆ ਕਿ ਉਹ ਇਸ ਉਦਮ ਵਿੱਚ ਹੋਰ ਵੀ ਜੋੜਨ ਦਾ ਉਪਰਾਲਾ ਕਰਨ। ਇਸ ਮੌਕੇ ਬੱਚਿਆਂ ਵਿੱਚੋਂ ਤਾਨੀਆ ਲਹਿਲ,ਗੁਰਵੀਰ ਸਿੰਘ,ਕੀਰਤ ਕੌਰ,ਰੀਆ ਆਸੀ,ਸੁਖਕਰਨ ਬਰਾੜ,ਸਹਿਜ ਪੰਧੇਰ,ਪੁਨੀਤ ਢੱਡਾ,ਗੁਰਸੀਰਤ ਕੌਰ,ਪੁਨੀਤ ਧਾਲੀਵਾਲ,ਗੁਰਵਰਦਾਨ ਸਿੰਘ ਟਿਵਾਣਾ,ਗੁਰਇਕਬਾਲ ਸਿੰਘ,ਪ੍ਰਭਲੀਨ ਗਰੇਵਾਲ,ਤਰਨਪ੍ਰੀਤ ਬਰਾੜ,ਹਰਸ਼ਲ ਸ਼ਰਮਾ,ਸਾਹਿਬ ਪੰਧੇਰ,ਮਨਰਿਆ ਸੇਖੋਂ,ਚੰਨਪ੍ਰੀਤ ਕੌਰ,ਅਮਰੀਤ ਕੌਰ ਗਿੱਲ,ਕਰਨਵੀਰ ਸਿੰਘ,ਹਰਸ਼ਵੀਰ ਸਿੰਘ, ਸਿਮਰਨ ਕੌਰ, ਕੋਮਲ ਧਾਲੀਵਾਲ ਨੇ ਬਾਲ ਕਵਿਤਾਵਾਂ ਪੇਸ਼ ਕੀਤੀਆਂ। ਮਾਪਿਆਂ ਵਿੱਚੋਂ ਗੁਰਦੀਪ ਸਿੰਘ ਧਾਲੀਵਾਲ,ਜਸ ਲੰਮ੍ਹੇ ਅਤੇ ਅਮਿਤਾ ਸ਼ਰਮਾ ਨੇ ਕਵਿਤਾਵਾਂ ਪੇਸ਼ ਕੀਤੀਆਂ।ਇਸ ਮੌਕੇ ਹਾਕਸ ਫੀਲਡ ਹਾਕੀ ਕਲੱਬ ਦੇ ਸਮੂਹ ਮੈਂਬਰ ਵੀ ਹਾਜ਼ਰ ਸਨ। ਬੱਚਿਆਂ ਨੂੰ ਪੰਜਾਬੀ ਲਿਖਣ ਅਤੇ ਪੜਨ ਵਿੱਚ ਮਾਹਿਰ ਬਣਾਉਣ ਦੇ ਚਾਹਵਾਨ ਮਾਪੇ ਫੋਨ ਨੰਬਰ 403-402-0770 ਤੇ ਸਪੰਰਕ ਕਰ ਸਕਦੇ ਹਨ।