ਹਾਕੀ ਉਲੰਪੀਅਨ ਅਮਰ ਸਿੰਘ ਮਾਂਗਟ ਨੂੰ ਪਹਿਲਾ ਮਨਮੀਤ ਸਿੰਘ ਭੁੱਲਰ ਐਵਾਰਡ ਦੇਣ ਦਾ ਐਲਾਨ
ਸੁਖਵੀਰ ਗਰੇਵਾਲ ਕੈਲਗਰੀ: ਕੈਲਗਰੀ ਹਾਕਸ ਫੀਲਡ ਹਾਕੀ ਅਕਾਦਮੀ ਨੇ 19ਵੇਂ ਹਾਕਸ ਫੀਲਡ ਹਾਕੀ ਟੂਰਨਾਮੈਂਟ ਦੀਆਂ ਤਾਰੀਖਾਂ ਦਾ ਐਲਾਨ ਕਰ ਦਿੱਤਾ ਹੈ।ਲੋਕ ਮਨਾਂ ਵਿੱਚ ਵਸੇ ਮਨਮੀਤ ਸਿੰਘ ਭੁੱਲਰ ਦੀ ਯਾਦ ਨੂੰ ਸਮਰਪਿਤ 19ਵਾਂ ਹਾਕਸ ਫੀਲਡ ਹਾਕੀ ਟੂਰਨਾਮੈਂਟ ਇਸ ਵਾਰ 20 ਮਈ ਤੋਂ 22 ਮਈ ਤੱਕ ਕਰਵਾਇਆ ਜਾ ਰਿਹਾ ਹੈ। ਜੈਨਸਿਸ ਸੈਂਟਰ ਦੇ ਖੇਡ ਮੈਦਾਨ ਵਿੱਚ ਹੋਣ ਵਾਲੇ ਇਸ ਟੂਰਨਾਮੈਂਟ ਲਈ ਉਤਰੀ ਅਮਰੀਕਾ ਦੀਆਂ ਟੀਮਾਂ ਨੇ ਹਾਮੀ ਭਰੀ ਹੈ।ਪਿਛਲੇ ਦਿਨੀਂ ਜੈਨਸਿਸ ਸੈਂਟਰ ਵਿੱਚ ਹੋਈ ਕਲੱਬ ਦੀ ਮੀਟਿੰਗ ਵਿੱਚ ਟੂਰਨਾਮੈਂਟ ਸਬੰਧੀ ਹੋਰ ਕਈ ਅਹਿਮ ਫੈਸਲੇ ਲਏ ਗਏ। ਟੂਰਨਾਮੈਂਟ ਦੇ ਪੋਸਟਰ ਰਿਲੀਜ਼ ਸਮਾਗਮ ਵਿੱਚ ਮਨਮੀਤ ਸਿੰਘ ਭੁੱਲਰ ਦੇ ਪਰਿਵਾਰ ਵਲੋਂ ਪਿਤਾ ਬਲਵਿੰਦਰ ਸਿੰਘ ਭੁੱਲਰ,ਮਾਤਾ ਸੁਖਵੀਰ ਕੌਰ, ਭੈਣ ਤਰਜਿੰਦਰ ਕੌਰ ਅਤੇ ਭਰਾ ਐਪੀ ਭੁੱਲਰ ਹਾਜ਼ਰ ਸਨ। ਅਲਬਰਟਾ ਸਰਕਾਰ ਦੇ ਮਨੁੱਖੀ ਸ੍ਰੋਤ ਮਾਮਲਿਆਂ ਬਾਰੇ ਮੰਤਰੀ ਇਰਫਾਨ ਸਫੀਰ ਵੀ ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਪੁੱਜੇ।ਹਾਕਸ ਦੇ ਇਸ ਪੋਸਟਰ ਵਿੱਚ ਮਨਮੀਤ ਭੁੱਲਰ ਦੀ ਫੋਟੋ ਨੂੰ ਵੱਡੇ ਰੂਪ ਵਿੱਚ ਦਿਖਾਇਆ ਗਿਆ ਹੈ।ਸਮਾਗਮ ਦੌਰਾਨ ਹਾਜ਼ਰ ਹਰ ਵਿਅਕਤੀ ਨੇ ਮਨਮੀਤ ਸਿੰਘ ਭੁੱਲਰ ਦੁਆਰਾ ਕੀਤੇ ਕੰਮਾਂ ਨੂੰ ਯਾਦ ਕੀਤਾ।ਇਸੇ ਤਰਾਂ ਕਲੱਬ ਵਲੋਂ ਪਹਿਲਾ ਮਨਮੀਤ ਸਿੰਘ ਭੁੱਲਰ ਐਵਾਰਡ ਹਾਕੀ ਉਲੰਪੀਅਨ ਅਮਰ ਸਿੰਘ ਮਾਂਗਟ ਨੂੰ ਦਿੱਤਾ ਜਾਵੇਗਾ।ਨੈਰੋਬੀ(ਕੀਨੀਆ) ਦੇ ਸਿੱਖ ਯੂਨੀਅਨ ਕਲੱਬ ਵਲੋਂ ਲੰਮਾ ਅਰਸਾ ਖੇਡੇ ਅਮਰ ਸਿੰਘ ਮਾਂਗਟ ਨੂੰ 1964 ਦੀ ਟੋਕੀਓ ਉਲੰਪਿਕ ਵਿੱਚ ਕੀਨੀਆ ਦੀ ਟੀਮ ਵਲੋਂ ਖੇਡਣ ਦਾ ਮੌਕਾ ਮਿਲਿਆ।ਸ੍ਰੀ ਮਾਂਗਟ ਕਾਫੀ ਸਮੇਂ ਤੋਂ ਕੈਲਗਰੀ ਵਿੱਚ ਰਹਿ ਰਹੇ ਹਨ। ਹਰ ਸਾਲ ਦੀ ਤਰਾਂ ਇਸ ਵਾਰ ਵੀ ਹਾਕਸ ਟੂਰਨਾਮੈਂਟ ਸੀਨੀਅਰ ਵਰਗ, ਅੰਡਰ-17 ਅਤੇ ਅੰਡਰ-15 ਤੋਂ ਇਲਾਵਾ ਛੋਟੇ ਬੱਚਿਆਂ ਦੇ ਹੋਰ ਵਰਗਾਂ ਵਿੱਚ ਕਰਵਾਇਆ ਜਾਵੇਗਾ।ਇਸ ਤੋਂ ਇਲਾਵਾ ਹਾਕਸ ਪ੍ਰੀਮੀਅਰ ਲੀਗ ਦਾ ਬਸੰਤ ਰੁੱਤ( ਸਪਰਿੰਗ ਸੀਜ਼ਨ) 12 ਮਾਰਚ ਤੋਂ ਸ਼ੁਰੂ ਹੋਵੇਗਾ।ਇਹ ਲੀਗ ਆਉਣ ਵਾਲੇ ਟੂਰਨਾਮੈਂਟ ਦੀ ਤਿਆਰੀ ਲਈ ਕਾਫੀ ਕਾਰਾਗਰ ਸਾਬਿਤ ਹੁੰਦੀ ਹੈ। ਇਸ ਲੀਗ ਵਿੱਚ ਪੰਜਾਬ ਲਾਇਨਜ਼, ਪੰਜਾਬ ਈਗਲਜ਼, ਪੰਜਾਬ ਪੈਂਥਰਜ਼ ਅਤੇ ਪੰਜਾਬ ਟਾਈਗਰਜ਼ ਦੀਆਂ ਟੀਮਾਂ ਤੋਂ ਇਲਾਵਾ ਹਾਕਸ ਜੂਨੀਅਰ ਦੀ ਟੀਮ ਭਾਗ ਲਵੇਗੀ। ਜੂਨੀਅਰ ਟੀਮ ਨੂੰ ਇੱਕ ਟੀਮ ਵਜੋਂ ਖਿਡਾ ਕੇ ਕਲੱਬ ਵਲੋਂ ਇੱਕ ਨਵਾਂ ਤਜ਼ਰਬਾ ਕੀਤਾ ਜਾ ਰਿਹਾ ਹੈ ਜਿਸ ਦੇ ਚੰਗੇ ਨਤੀਜੇ ਆਉਣ ਦੀ ਸੰਭਾਵਨਾ ਹੈ।