ਸੁਖਵੀਰ ਗਰੇਵਾਲ ਕੈਲਗਰੀ :- ਕੈਲਗਰੀ ਦੀ ਫੀਲਡ ਹਾਕੀ ਦੀ ਕੋਚਿੰਗ ਨੂੰ ਨਵੀਆਂ ਲੀਹਾਂ ਤੇ ਢਾਲਣ ਦੇ ਮਕਸਦ ਨਾਲ਼ ਫੀਲਡ ਹਾਕੀ ਅਲਬਰਟਾ ਅਤੇ ਹਾਕਸ ਫੀਲਡ ਹਾਕੀ ਅਕਾਦਮੀ ਕੈਲਗਰੀ ਵਲੋਂ ਇੱਕ ਕੋਚਿੰਗ ਵਰਕਸ਼ਾਪ ਲਗਾਈ ਗਈ।ਕੈਲਗਰੀ ਦੇ ਨਾਰਥ-ਈਸਟ ਵਿਚਲੇ ਇੰਕਾ ਸੀਨੀਅਰ ਸੁਸਾਇਟੀ ਹਾਲ ਵਿੱਚ ਕਰਵਾਈ ਗਈ ਇਸ ਵਰਕਸ਼ਾਪ ਵਿੱਚ ਕਲੱਬ ਵਲੋਂ 23 ਦੇ ਕਰੀਬ ਸੀਨੀਅਰ ਖਿਡਾਰੀਆਂ ਅਤੇ ਕੋਚਿੰਗ ਅਮਲੇ ਨੇ ਭਾਗ ਲਿਆ।
ਫੀਲਡ ਹਾਕੀ ਅਲਬਰਟਾ ਵਲੋਂ ਹਾਈ ਪਰਫਾਰਮੈਂਸ ਕੋਚ ਪੀਟਰ ਟੇਲਰ ਮੁੱਖ ਬੁਲਾਰੇ ਵਜੋਂ ਇਸ ਵਰਕਸ਼ਾਪ ਵਿੱਚ ਹਾਜ਼ਰ ਹੋਏ।ਪੀਟਰ ਟੇਲਰ ਨੇ ਕਿਹਾ ਕਿ ਯੂਰਪੀ ਮੁਲਕਾਂ ਦੇ ਮੁਕਾਬਲੇ ਉਤੱਰੀ ਅਮਰੀਕਾ ਮਹਾਂਦੀਪ ਵਿੱਚ ਫੀਲਡ ਹਾਕੀ ਦੀਆਂ ਸੰਭਾਵਨਾਵਾਂ ਵੱਖਰੀਆਂ ਹਨ । ਉਹਨਾਂ ਕਿਹਾ ਕਿ ਇਹਨਾਂ ਮੁਲਕਾਂ ਵਿੱਚ
ਆਈਸ ਹਾਕੀ ਵਰਗੀਆਂ ਖੇਡਾਂ ਦੇ ਮੁਕਾਬਲੇ ਫੀਲਡ ਹਾਕੀ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।ਪੀਟਰ ਨੇ ਇਹ ਵੀ ਕਿਹਾ ਕਿ ਹਾਲੈਂਡ ਵਰਗੇ ਮੁਲਕਾਂ ਵਿੱਚ ਬੱਚੇ 7 ਕੁ ਸਾਲ ਦੀ ਉਮਰ ਵਿੱਚ ਫੀਲਡ ਹਾਕੀ ਖੇਡਣ ਲੱਗ ਜਾਂਦੇ ਹਨ ਜਦ ਕਿ ਕੈਨੇਡਾ ਵਿੱਚ ਬਹੁਤੇ ਬੱਚੇ 12 ਸਾਲ ਦੀ ਉਮਰ ਤੋਂ ਬਾਅਦ ਇਸ ਖੇਡ ਵਿੱਚ ਆਉਦੇ ਹਨ।ਇਸ ਮੌਕੇ ਸਲਾਈਡ ਸ਼ੋਅ ਰਾਹੀਂ ਵੀ ਕੋਚਿੰਗ ਦੀਆਂ ਨਵੀਆਂ ਤਕਨੀਕਾਂ ਦੀ ਪੇਸ਼ਕਾਰੀ ਕੀਤੀ ਗਈ।
ਹਾਕਸ ਫੀਲਡ ਹਾਕੀ ਅਕਾਦਮੀ ਦੁਆਰਾ ਕੀਤੇ ਜਾ ਯਤਨਾਂ ਦੀ ਸ਼ਲਾਘਾ ਕਰਦਿਆਂ ਪੀਟਰ ਨੇ ਕਿਹਾ ਕਿ ਪੰਜਾਬੀ ਭਾਈਚਾਰੇ ਵਿੱਚ ਇਸ ਖੇਡ ਬਾਰੇ ਸ਼ੌਕ ਨੂੰ ਦੇਖ ਕੇ ਉਹਨਾਂ ਨੂੰ ਕਾਫੀ ਖੁਸ਼ੀ ਹੋਈ ਹੈ।ਅੰਤ ਵਿੱਚ ਚੱਲੇ ਸਵਾਲਾਂ-ਜਵਾਬਾਂ ਦੇ ਦੌਰ ਦੌਰਾਨ ਵੀ ਪੀਟਰ ਨੇ ਖਿਡਾਰੀਆਂ ਦੇ ਕੋਚਿੰਗ ਗਿਆਨ ਵਿੱਚ ਕਾਫੀ ਵਾਧਾ ਕੀਤਾ। ਦੱਸਣਯੋਗ ਹੈ ਕਿ ਹਾਕਸ ਫੀਲਡ ਹਾਕੀ ਅਕਾਦਮੀ ਕੋਲ ਨਵੇਂ ਖਿਡਾਰੀਆਂ ਦੀ ਗਿਣਤੀ ਕਾਫੀ ਵਧਣ ਕਾਰਨ ਕੋਚਿੰਗ ਲਈ ਸੀਨੀਅਰ ਖਿਡਾਰੀਆਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ।ਪੀਟਰ ਨੇ ਇਹ ਵੀ ਦੱਸਿਆ ਕਿ ਅਗਲੇ ਪੜਾਅ ਵਜੋਂ ਤਿੰਨ ਹੋਰ ਵਰਕਸ਼ਾਪਾਂ ਲਗਾਈਆਂ ਜਾਣਗੀਆਂ। ਇਸ ਮੌਕੇ ਸਵਾਲਾਂ ਜਾਵਾਬਾਂ ਦਾ ਸਿਲਸਿਲਾ ਵੀ ਚੱਲਿਆ।ਕੋਚਿੰਗ ਅਮਲੇ ਨੇ ਵਰਕਸ਼ਾਪ ਤੋਂ ਮਿਲੀ ਜਾਣਕਾਰੀ ਉਪਰ ਤਸੱਲੀ ਪ੍ਰਗਟ ਕੀਤੀ।ਕਲੱਬ ਵਲੋਂ ਪੀਟਰ ਟੇਲਰ ਨੂੰ ਇੱਕ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਕੋਚਿੰਗ ਵਰਕਸ਼ਾਪ ਵਿੱਚ ਮਨਦੀਪ ਦੀਪੂ, ਦਿਲਪਾਲ ਟੀਟਾ, ਗੁਰਦੀਪ ਹਾਂਸ, ਗੁਰਲਾਲ ਗਿੱਲ ਮਾਣੂਕੇ, ਜਸਪ੍ਰੀਤ ਸਿੰਘ ਜੱਸੀ ਗਿੱਲ, ਹਰਮੀਤ ਸਿੰਘ ਖੁੱਡੀਆ, ਸੁਖਦੀਪ ਭੀਮ ਮਾਣੂਕੇ, ਮਨਮੋਹਨ ਗਿੱਲ ਮਾਣੂਕੇ, ਕਰਮਜੀਤ ਢੁੱਡੀਕੇ, ਪਰਮਿੰਦਰ ਪਿੰਦੀ ਬਰਾੜ, ਜਸਵੰਤ ਮਾਣੂਕੇ, ਹਰਿੰਦਰ ਗਰੇਵਾਲ, ਕਰਮਜੀਤ ਗਰਚਾ, ਗੁਰਮੀਤ ਹਠੂਰ, ਬਲਜਿੰਦਰ ਸਿੰਘ ਢੁੱਡੀਕੇ, ਅਜੀਤ ਸਿੰਘ ਬਰਨਾਲ਼ਾ, ਧੀਰਾ ਪੰਨੂ, ਪਰਮਜੀਤ ਲੰਮ੍ਹੇ, ਦਿਲਦੀਪ ਦੀਪ, ਹਰਜੋਤ ਧਾਲੀਵਾਲ, ਹਰਲੀਨ ਗਰੇਵਾਲ, ਸੁਖਮੀਤ ਸਿੱਧੂ ਖੁੱਡੀਆ ਹਾਜ਼ਰ ਸਨ।