ਬਲਜਿੰਦਰ ਸੰਘਾ- ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਵੱਲੋਂ ਸਾਲ 2016 ਦੀ ਪਲੇਠੀ ਸਾਹਿਤਕ ਬੈਠਕ ਕੋਸੋ ਦੇ ਹਾਲ ਵਿਚ ਭਰਵੀਂ ਹਾਜ਼ਰੀ ਵਿਚ ਹੋਈ। ਸਭ ਤੋਂ ਪਹਿਲਾ ਸਟੇਜ ਸਕੱਤਰ ਰਣਜੀਤ ਲਾਡੀ ਗੋਬਿੰਦਪੁਰੀ ਨੇ ਸਭਾ ਦੇ ਪ੍ਰਧਾਨ ਤਰਲੋਚਨ ਸੈਂਹਿੰਬੀ, ਮਹਿੰਦਰਪਾਲ ਸਿੰਘ ਪਾਲ ਅਤੇ ਗੁਰਬਚਨ ਬਰਾੜ ਨੂੰ ਪ੍ਰਧਾਨਗੀ ਮੰਡਲ ਵਿਚ ਬੈਠਣ ਦਾ ਸੱਦਾ ਦਿੱਤਾ। ਇਸ ਤੋਂ ਬਾਅਦ ਉਹਨਾ ਸੰਗੀਤ ਜਗਤ ਦੀਆਂ ਦੋ ਲੋਕ ਹਸਤੀਆਂ ਢਾਡੀ ਗੁਰਬਖ਼ਸ਼ ਸਿੰਘ ਅਲਬੇਲਾ ਅਤੇ ਲੋਕ ਗਾਇਕਾ ਮਨਪਰੀਤ ਅਖ਼ਤਰ ਦੇ ਅਕਾਲ ਚਲਾਣੇ ਦੀ ਸ਼ੋਕ ਮਈ ਖ਼ਬਰ ਸਾਂਝੀ ਕਰਦਿਆਂ ਇਸਨੂੰ ਲੋਕ ਕਲਾ ਦਾ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ। ਸਭਾ ਦੀ ਨਵੇਂ ਸਾਲ ਦੀ ਮੈਂਬਰਸ਼ਿਪ ਲੈਣ ਲਈ ਬੇਨਤੀ ਕਰਦਿਆਂ ਉਹਨਾਂ ਦੱਸਿਆ ਕਿ ਨਵੀਂ ਪੀੜ੍ਹੀ ਨੂੰ ਪੰਜਾਬੀ ਨਾਲ ਜੋੜਨ ਦੇ ਉਪਰਾਲੇ ਤਹਿਤ ਸਲਾਨਾਂ ਪੰਜਵਾਂ ‘ਬੱਚਿਆਂ ਵਿਚ ਪੰਜਾਬੀ ਬੋਲਣ ਦੀ ਮੁਹਾਰਤ ਦਾ ਮੁਕਾਬਲਾ’ 12 ਮਾਰਚ ਨੂੰ ਵਾਈਟਹੌਰਨ ਹਾਲ ਵਿਚ ਹੋਵੇਗਾ। ਜੋਗਿੰਦਰ ਸਿੰਘ ਸੰਘਾ ਵੱਲੋਂ ਸਭਾ ਦੀਆਂ ਪਿਛਲੇ ਸਾਲ ਦੀਆਂ ਗਤੀਵਿਧੀਆਂ ਬਾਰੇ ਵਿਸ਼ੇਸ਼ ਰਿਪੋਰਟ ਪੇਸ਼ ਕੀਤੀ ਗਈ। ਸਾਹਿਤਕ ਰੰਗਾਂ ਦੀ ਸ਼ੁਰੂਆਤ ਹਰਮੁਹਿੰਦਰ ਕੌਰ ਢਿੱਲੋਂ, ਦਵਿੰਦਰ ਸਿੰਘ ਮਲਹਾਂਸ ਅਤੇ ਯੁਵਰਾਜ ਸਿੰਘ ਨੇ ਆਪਣੀਆਂ ਰਚਨਾਵਾਂ ਨਾਲ ਕੀਤੀ। ਇਸ ਤੋਂ ਬਆਦ ਮਹਿੰਦਰਪਾਲ ਸਿੰਘ ਪਾਲ ਦਾ ਨਵਾਂ ਗ਼ਜ਼ਲ ਸੰਗ੍ਰਹਿ ‘ਨਵ-ਤਰੰਗ’ ਲੋਕ ਅਰਪਣ ਕੀਤਾ ਗਿਆ। ਮਹਿੰਦਰਪਾਲ ਇਸ ਤੋਂ ਪਹਿਲਾ ਤਿੰਨ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾ ਚੁੱਕੇ ਹਨ। ਗੁਰਬਚਨ ਬਰਾੜ ਨੇ ਇਸ ਕਿਤਾਬ ਬਾਰੇ ਆਪਣਾ ਪੇਪਰ ਪੜਦਿਆਂ ਕਿਹਾ ਕਿ ‘ ਸ਼ਾਇਰੀ ਦਾ ਸਬੰਧ ਸੂਖਮਤਾਂ ਨਾਲ ਹੈ ਚਾਹੇ ਵਿਚਾਰਾਂ ਦਾ ਵਖਰੇਵਾਂ ਕਿਓ ਨਾ ਹੋਵੇ ਤਾਂ ਵੀ ਮਹਿੰਦਰਪਾਲ ਦੀ ਸ਼ਾਇਰੀ ਦਾ ਅਨੰਦ ਲਿਆ ਜਾ ਸਕਦਾ ਹੈ, ਉਹਨਾਂ ਮਹਿੰਦਰਪਾਲ ਦੀ ਇਸ ਕਿਤਾਬ ਵਿਚੋਂ ਕੁਝ ਸ਼ੇਅਰ ਸਾਂਝੇ ਕਰਦਿਆਂ ਇਸ ਕਿਤਾਬ ਦੇ ਅਗਾਂਹਵਧੂ ਪੱਖ ਬਾਰੇ ਵਿਚਾਰ ਪੇਸ਼ ਕੀਤੇ’। ਇਸ ਤੋਂ ਬਾਅਦ ਬਲਜਿੰਦਰ ਸੰਘਾ ਨੇ ਇਸ ਕਿਤਾਬ ਬਾਰੇ ‘ਗ਼ਜ਼ਲ ਸੰਗ੍ਰਹਿ ‘ਨਵ-ਤਰੰਗ’ ਅਤੇ ਸਮਾਜਿਕ ਸਾਂਝ’ ਵਿਸ਼ੇ ਤੇ ਆਪਣਾ ਪੇਪਰ ਕਿਤਾਬ ਵਿਚੋਂ ਸ਼ੇਅਰਾਂ ਦੇ ਹਵਾਲਿਆ ਨਾਲ ਪੜਿਆ ਲੇਖਕ ਦੀ ਸੂਖ਼ਮ ਅਤੇ ਸਾਂਝਾਂ ਦਾ ਸੁਨੇਹਾ ਦਿੰਦੀ ਸ਼ਾਇਰੀ ਬਾਰੇ ਗੱਲ ਕੀਤੀ। ਨਰਿੰਦਰ ਸਿੰਘ ਢਿੱਲੋਂ ਨੇ ਗ਼ਜ਼ਲ ਦੇ ਇਤਿਹਾਸ ਬਾਰੇ ਸੰਖੇਪ ਵਿਚ ਗੱਲ ਕਰਦਿਆਂ ਕਿਹਾ ਕਿ ਹੁਣ ਗ਼ਜ਼ਲ ਸਿਰਫ ਪਿਆਰ-ਮਹੁੱਬਤ ਬਾਰੇ ਹੀ ਨਹੀਂ ਲਿਖ਼ੀ ਜਾਂਦੀ, ਬਲਕਿ ਇਹ ਇਸ ਤੋਂ ਅਗਾਂਹ ਦਾ ਸਫ਼ਰ ਤਹਿ ਕਰ ਚੁੱਕੀ ਹੈ, ਉਹਨਾਂ ਮਹਿੰਦਰਪਾਲ ਸਿੰਘ ਪਾਲ ਦੀਆਂ ਗ਼ਜ਼ਲਾਂ ਦਾ ਹਵਾਲਾ ਦਿੰਦਿਆਂ ਉਹਨਾਂ ਨੂੰ ਇਸ ਲਈ ਵਧਾਈ ਵੀ ਦਿੱਤੀ। ਮਹਿੰਦਰਪਾਲ ਨੇ ਲੇਖਕ ਗੁਰਭਜਨ ਗਿੱਲ ਦਾ ਧੰਨਵਾਦ ਕੀਤਾ ਜਿਹਨਾਂ ਨੇ ਬੜੀ ਮਿਹਨਤ ਨਾਲ ਇਸ ਕਿਤਾਬ ਦਾ ਮੁੱਖ ਬੰਦ
ਲਿਖਿਆ ਅਤੇ ਆਪਣੀ ਰਚਨਾ ਬਾਰੇ ਸੰਖੇਪ ਗੱਲ ਕਰਦਿਆਂ ਦੋ ਗ਼ਜ਼ਲਾਂ ਹਾਜ਼ਰੀਨ ਨਾਲ ਸਾਂਝੀਆਂ ਕੀਤੀਆਂ। ਰਵੀ ਪ੍ਰਕਾਸ਼ ਜਨਾਗਲ ਅਤੇ ਸੁਖਵਿੰਦਰ ਤੂਰ ਨੇ ਉਹਨਾਂ ਦੀਆਂ ਗ਼ਜ਼ਲਾਂ ਤਰੰਨਮ ਵਿਚ ਸੁਣਾਕੇ ਵਾਹ-ਵਾਹ ਖੱਟੀ। ਹਰੀਪਾਲ ਨੇ ਕੈਨੇਡਾ ਦੀ ਜਿੰæਦਗੀ ਵਿਚ ਮਾਪਿਆਂ ਨਾਲ ਹੁੰਦੇ ਧੱਕੇ ਬਾਰੇ ਆਪਣੀ ਬਹੁਤ ਹੀ ਭਾਵਪੂਰਤ ਕਹਾਣੀ ‘ਵਸੀਅਤ’ ਸੁਣਾਈ। ਇਸ ਯਥਾਰਥਵਾਦੀ ਕਹਾਣੀ ਨੂੰ ਸਭ ਨੇ ਬੜੇ ਧਿਆਨ ਨਾਲ ਸੁਣਿਆ। ਗੁਰਦੀਸ਼ ਕੌਰ ਗਰੇਵਾਲ ਅਤੇ ਮੰਗਲ ਚੱਠਾ ਨੇ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਬਾਰੇ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ। ਨਵਪ੍ਰੀਤ ਕੌਰ ਰੰਧਾਵਾ ਨੇ ਆਪਣੀ ਗ਼ਜ਼ਲ ਨਾਲ ਭਰਪੂਰ ਹਾਜ਼ਰੀ ਲੁਆਈ। ਗੁਰਮੀਤ ਕੌਰ ਸਰਪਾਲ ਨੇ ਰਾਇਲ ਵੋਮੈਨ ਸੰਸਥਾ ਵਲੋਂ ਆਪਣੀ ਸਾਂਝੀ ਛਪੀ ਪੁਸਤਕ ਬਾਰੇ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਹਰਨੇਕ ਬੱਧਣੀ, ਮਾਸਟਰ ਅਜੀਤ ਸਿੰਘ, ਚੰਦ ਸਿੰਘ ਸਦਿਓੜਾ, ਰਾਜ ਹੁੰਦਲ , ਸਤਵਿੰਦਰ ਸਿੰਘ (ਜੱਗ ਪੰਜਾਬੀ ਟੀ.ਵੀ.), ਨਛੱਤਰ ਪੁਰਬਾ, ਤਰਲੋਚਨ ਸੈਂਹਿੰਬੀ ਆਦਿ ਨੇ ਆਪੀਆਂ ਰਚਨਾਵਾਂ ਅਤੇ ਵਿਚਾਰਾਂ ਨਾਲ ਹਾਜ਼ਰੀ ਲੁਆਈ। ਸਕੱਤਰ ਵੱਲੋਂ ਕੈਲਗਰੀ ਦੀਆਂ ਮੀਡੀਆ ਹਸਤੀਆਂ ਜਸਜੀਤ ਸਿੰਘ ਧਾਮੀ, ਰਜੀਵ ਸ਼ਰਮਾ, ਸਤਵਿੰਦਰ ਸਿੰਘ ਤੇ ਚੰਦ ਸਿੰਘ ਸਦਿਓੜਾ ਦਾ ਅੱਜ ਦੀ ਸਾਹਿਤਕ ਬੈਠਕ ਵਿਚ ਹਾਜ਼ਰੀ ਭਰਨ ਲਈ ਵਿਸ਼ੇਸ਼ ਧੰਨਵਾਦ ਕੀਤਾ। ਮੀਟਿੰਗ ਵਿਚ ਸਰਬਜੀਤ ਕੌਰ, ਨਵਦੀਪ ਪਾਲ, ਪਰਲਾਂਦ ਸਿਹੋਤਾ, ਗੁਰਪਾਲ ਰੁਪਾਲੋਂ, ਸੁਰਿੰਦਰ ਕੌਰ ਚੀਮਾ, ਰੰਜੀæਵ ਸ਼ਰਮਾ, ਜਸਜੀਤ ਸਿੰਘ ਧਾਮੀ, ਰਿਸ਼ੀ ਨਾਗਰ, ਜ਼ੋਰਾਵਾਰ ਸਿੰਘ ਬਾਂਸਲ, ਗੁਰਮੀਤ ਬਰਾੜ, ਜਸਮੇਲ ਸੰਧੂ ਆਦਿ ਹਾਜ਼ਰ ਸਨ। ਅਖੀਰ ਵਿਚ ਸਭਾ ਦੇ ਪ੍ਰਧਾਨ ਤਰਲੋਚਨ ਸੈਂਹਿੰਬੀ ਨੇ ਸਭ ਹਾਜ਼ਰੀਨ ਦਾ ਇਕੱਤਰਤਾ ਵਿਚ ਸ਼ਾਮਿਲ ਹੋਣ ਤੇ ਧੰਨਵਾਦ ਕੀਤਾ। ਸਭਾ ਦੀ ਫਰਵਰੀ ਮਹੀਨੇ ਦੀ ਇਕੱਤਰਤਾ 21 ਫਰਵਾਰੀ ਦਿਨ ਐਤਵਾਰ ਨੂੰ ਕੋਸੋ ਦੇ ਹਾਲ ਵਿਚ ਠੀਕ ਦੋ ਵਜੇ ਹੋਵੇਗੀ। ਹੋਰ ਜਾਣਕਾਰੀ ਲਈ ਸਭਾ ਦੇ ਪ੍ਰਧਾਨ ਤਰਲੋਚਨ ਸੈਂਹਿੰਬੀ ਨਾਲ 403-827-1483 ਜਾਂ ਜਨਰਲ ਸਲੱਤਰ ਬਲਵੀਰ ਸਿੰਘ ਗੋਰਾ ਨਾਲ 403-472-2662 ਤੇ ਸਪੰਰਕ ਕੀਤਾ ਜਾ ਸਕਦਾ ਹੈ।