ਲੇਖਿਕਾ ਅਰੁਧੰਤੀ ਰਾਏ ਨੂੰ ਮੁੰਬਈ ਹਾਈਕੋਰਟ ਵਲੋਂ ਨੋਟਿਸ ਜਾਰੀ ਕਰਨ ਦੇ ਵਿਰੋਧ ਵਿੱਚ ਮਤਾ ਪਾਸ
ਕੈਲਗਰੀ(ਮਾ.ਭਜਨ ): ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਦੀ ਜਨਵਰੀ ਮਹੀਨੇ ਦੀ ਮੀਟਿੰਗ ਦੌਰਾਨ
ਕੈਨੇਡਾ ਦੇ ਪਬਲਿਕ ਹੈਲਥ ਕੇਅਰ ਸਿਸਟਮ ਬਾਰੇ ਵਿਚਾਰ ਚਰਚਾ ਕੀਤੀ ਗਈ। ਕੈਲਗਰੀ ਦੇ ਕੋਸੋ ਹਾਲ ਵਿੱਚ
ਹੋਈ ਇਸ ਮੀਟਿੰਗ ਵਿੱਚ ਬੁਲਾਰਿਆਂ ਨੇ ਇਸ ਸਿਸਟਮ ਦੇ ਸ਼ੁਰੂ ਹੋਣ ਦੇ ਕਾਰਨਾਂ ਅਤੇ ਮੌਜੂਦਾ
ਸਿਸਟਮ ਵਿੱਚ ਪੈਦਾ ਹੋ ਰਹੀਆਂ ਖਾਮੀਆਂ ਬਾਰੇ ਖੁੱਲ੍ਹ ਕੇ ਵਿਚਾਰ ਪੇਸ਼ ਕੀਤੇ।ਬੁਲਾਰਿਆਂ ਨੇ ਕਿਹਾ
ਕਿ ਲੰਮੇ ਸੰਘਰਸ਼ ਤੋਂ ਬਾਅਦ ਮਿਲੀਆਂ ਸਿਹਤ ਅਤੇ ਹੋਰ ਸਹੂਲਤਾਂ ਨੂੰ ਆਰਥਿਕ ਮੰਦਵਾੜੇ ਦੀ
ਆੜ ਹੇਠ ਲੋਕਾਂ ਕੋਲੋਂ ਖੋਹਿਆ ਜਾ ਰਿਹਾ ਹੈ ਜਿਸ ਕਰਕੇ ਲੋਕਾਂ ਨੂੰ ਸੁਚੇਤ ਹੋਣ ਦੀ ਲੋੜ ਹੈ।
ਮੁੱਖ ਬੁਲਾਰੇ ਐਸੋਸੀਏਸ਼ਨ ਦੇ ਪ੍ਰਧਾਨ ਸੋਹਨ ਮਾਨ ਨੇ ਪਬਲਿਕ ਹੈਲਥ ਕੇਅਰ
ਸਿਸਟਮ ਸ਼ੁਰੂ ਹੋਣ ਦੇ ਕਾਰਨਾਂ ਬਾਰੇ ਜਾਣਕਾਰੀ ਵਿਸਥਾਰ ਵਿੱਚ ਪੇਸ਼ ਕੀਤੀ। ਉਹਨਾਂ ਇਸ ਸਿਸਟਮ ਨੂੰ
ਸ਼ੁਰੂ ਕਰਨ ਵਿੱਚ ਪਹਿਲਕਦਮੀ ਵਾਲ਼ੀਆਂ ਦੋ ਸ਼ਖਸ਼ੀਅਤਾਂ ਨੌਰਮਨ ਬੈਥਿਊਨ ਅਤੇ ਟੌਮੀ ਡਗਲਸ ਦੀ ਜ਼ਿੰਦਗੀ
ਬਾਰੇ ਜਾਣਕਾਰੀ ਦਿੱਤੀ,1890 ਨੂੰ ਟੋਰਾਂਟੋ ਵਿੱਚ ਜਨਮੇ ਨੌਰਮਨ ਬੈਥਿਊਨ ਨੇ 1916 ਵਿੱਚ ਡਾਕਟਰੀ
ਦੀ ਡਿਗਰੀ ਪਾਸ ਕੀਤੀ। ਡਾਕਟਰੀ ਕਿੱਤੇ ‘ਚੋਂ ਪੈਸੇ ਕਮਾਉਣ ਦੀ ਲਾਲਸਾ ਦੇ ਉਲਟ ਲੋਕ ਸੇਵਾ ਕਰਨ ਰੁਚੀ
ਉਸ ਨੂੰ ਚੀਨ ਤੱਕ ਲੈ ਗਈ,1914 ਦੀ ਸੰਸਾਰ ਜੰਗ ਦੌਰਾਨ ਜਪਾਨ ਵਲੋਂ ਚੀਨ ਉਪਰ ਕੀਤੇ ਹਮਲੇ
ਦੌਰਾਨ ਜਖ਼ਮੀਆਂ ਨੂੰ ਡਾਕਟਰੀ ਸਹੂਲਤ ਦੇਣ ਦੇ ਨੌਰਮਨ ਦੇ ਫੈਸਲੇ ਨੇ ਉਸ ਨੂੰ ਚੀਨ ਦੀ ਆਮ
ਜਨਤਾ ਦਾ ਨਾਇਕ ਬਣਾ ਦਿੱਤਾ।ਉਸ ਦੀ ਇਸ ਭਾਵਨਾ ਦੇ ਸਤਿਕਾਰ ਵਜੋਂ ਉਸ ਨੂੰ ਚੇਅਰਮੈਨ ਮਾਓ
ਤੋਂ ਵਿਸ਼ੇਸ਼ ਸਤਿਕਾਰ ਮਿਲਿਆ ਅਤੇ ਅੱਜ ਵੀ ਚੀਨ ਵਿੱਚ ਉਸ ਦੀ ਯਾਦ ਵਿੱਚ ਸਨਮਾਨ ਸਥਾਪਿਤ ਕੀਤੇ ਹੋਏ
ਹਨ । ਚੀਨ ਸਰਕਾਰ ਨੇ ਨੌਰਮਨ ਦੀ ਯਾਦ ਲੋਕ ਮਨਾਂ ਵਿੱਚ ਤਾਜ਼ਾ ਰੱਖਣ ਲਈ ਬੁੱਤ ਲਗਾਏ ਹੋਏ ਹਨ। ਸ੍ਰੀ
ਮਾਨ ਨੇ ਇਹ ਵੀ ਦੱਸਿਆ ਕਿ 1936 ਵਿੱਚ ਨੌਰਮਨ ਨੇ ਕਮਿਊਨਿਸਟ ਪਾਰਟੀ ਕੈਨੇਡਾ ਦਾ ਮੈਂਬਰ ਬਣ
ਕੇ ਪਬਲਿਕ ਹੈਲਥ ਕੈਅਰ ਸਿਸਟਮ ਨੂੰ ਲਾਗੂ ਕਰਨ ਵਿੱਚ ਲਾ ਮਿਸਾਲ ਕੰਮ ਕੀਤਾ, 1939 ਵਿੱਚ ਇੱਕ ਸਰਜਰੀ
ਦੌਰਾਨ ਖੂਨ ਦਾ ਜ਼ਹਿਰ ਚੜਨ ਕਰਕੇ ਨੌਰਮਨ ਦੀ ਮੌਤ ਹੋ ਗਈ।
ਟੌਮੀ ਡਗਲਸ ਦੀ ਜ਼ਿੰਦਗੀ ਬਾਰੇ ਸ੍ਰੀ ਮਾਨ ਨੇ ਦੱਸਿਆ ਕਿ ਕੈਨੇਡਾ ਦੇ ਪਬਲਿਕ ਹੈਲਥ ਕੇਅਰ
ਸਿਸਟਮ ਨੂੰ ਅਮਲੀ ਰੂਪ ਵਿੱਚ ਲਾਗੂ ਕਰਨ ਵਿੱਚ ਇਸ ਦਾ ਯੋਗਦਾਨ ਸੀ,1904 ਵਿੱਚ ਸਕਾਟਲੈਂਡ ਵਿੱਚ
ਜਨਮੇ ਡਗਲਸ ਦੇ ਮਾਪੇ ਉਸ ਨੂੰ ਪਾਦਰੀ ਬਣਾਉਣਾ ਚਾਹੁੰਦੇ ਸਨ, 16 ਸਾਲ ਦੀ ਉਮਰ ਵਿੱਚ ਡਗਲਸ
ਪਰਿਵਾਰ ਨਾਲ਼ ਵਿੰਨੀਪੈੱਗ ਆ ਗਿਆ ਅਤੇ ਉਸ ਨੇ ਲੋਕ ਸੇਵਾ ਕਰਨ ਲਈ ਪਾਦਰੀ ਬਣਨ ਨਾਲੋਂ ਸਿਆਸੀ
ਲੀਡਰ ਬਣਨ ਦਾ ਫੈਸਲਾ ਕਰ ਲਿਆ।ਸਸਕੈਚਵਨ ਤੋਂ ਕੈਨੇਡਾ ਕਾਮਨਵੈਲਥ ਫੈਡਰੇਸ਼ਨ (ਸੀ.ਸੀ.ਐਫ.) ਪਾਰਟੀ ਦਾ
ਉਸ ਨੂੰ ਪਹਿਲਾ ਐਮ.ਪੀ. ਬਣਨ ਦਾ ਮਾਣ ਹਾਸਲ ਹੋਇਆ।ਇਸ ਤੋਂ ਬਾਅਦ ਵਿੱਚ 1944 ਵਿੱਚ ਉਹ
ਉੱਤਰੀ ਅਮਰੀਕਾ ਦੀ ਪਹਿਲੀ ਸਮਾਜਵਾਦੀ ਸਰਕਾਰ ਦਾ ਪ੍ਰੀਮੀਅਰ ਬਣਿਆ, 1959 ਵਿੱਚ ਉਸ ਨੇ ਜਦੋਂ
ਉਸਨੇ ਮੈਡੀਕਲ ਪਲੈਨ ਦਾ ਪ੍ਰਚਾਰ ਕਰਨਾ ਸ਼ੁਰੂ ਕੀਤਾ ਤਾਂ ਵਿਰੋਧ ਵਿੱਚ ਡਾਕਟਰਾਂ ਦੀ ਹੜਤਾਲ ਤੋਂ
ਇਲਾਵਾ ਸਿਆਸੀ ਵਿਰੋਧ ਵੀ ਹੋਇਆ।ਉਸ ਦੀ ਵਿਚਾਰਧਾਰਾ ਨੂੰ 1984 ਵਿੱਚ ਲਿਬਰਲ ਸਰਕਾਰ ਨੇ ਪਬਲਿਕ
ਹੈਲਥ ਕੈਅਰ ਸਿਸਟਮ ਦੇ ਰੂਪ ਵਿੱਚ ਲਾਗੂ ਕਰਕੇ ਇਹ ਐਕਟ ਪਾਸ ਕਰ ਦਿੱਤਾ।
ਰੇਡੀਓ ਰੈੱਡ ਐਫ.ਐਮ. ਤੋਂ ਰਿਸ਼ੀ ਨਾਗਰ ਨੇ ਪਬਲਿਕ ਹੈਲਥ ਕੇਅਰ ਸਿਸਟਮ ਦੇ ਮੌਜੂਦਾ ਢਾਂਚੇ
ਵਿੱਚ ਫਜ਼ੂਲ ਖਰਚੀ ਅਤੇ ਸਿਹਤ ਵਿਭਾਗ ਦੇ ਕਰਮਚਾਰੀਆਂ ਦੀਆਂ ਵੱਡੀਆਂ ਤਨਖਾਹਾਂ ਬਾਰੇ ਅੰਕੜੇ ਪੇਸ਼
ਕੀਤੇ।ਉਹਨਾਂ ਕਿਹਾ ਕਿ ਸਿਹਤ ਵਿਭਾਗ ਵਿੱਚ ਦਸ ਹਜ਼ਾਰ ਕਰਮਚਾਰੀਆਂ ਦੀਆਂ ਮੂਲ ਤਨਖਾਹਾਂ ਇੱਕ ਲੱਖ
ਡਾਲਰ ਸਾਲਾਨਾ ਤੋਂ ਵੀ ਜਿਆਦਾ ਹਨ।ਉਨਾਂ ਦੱਸਿਆ ਕਿ ਡਿਪਟੀ ਸਿਹਤ ਮੰਤਰੀ ਦੀ ਸਾਲਾਨਾ ਤਨਖਾਹ
ਭੱਤਿਆਂ ਸਮੇਤ ਲੱਗਭੱਗ ਸੱਤ ਲੱਖ ਡਾਲਰ ਸਾਲਾਨਾ ਹੈ।ਸ੍ਰੀ ਨਾਗਰ ਨੇ ਕਿਹਾ ਕਿ ਤਨਖਾਹਾਂ ਅਤੇ ਹੋਰ
ਭੱਤਿਆਂ ਉਪਰ ਫਜ਼ੂਲ ਖਰਚੀ aੱਪਰ ਕਾਬੂ ਪਾ ਕੇ ਲੋਕਾਂ ਨੂੰ ਹੋਰ ਵੀ ਵਧੀਆ ਸਿਹਤ ਸਹੂਲਤਾਂ ਦਿੱਤੀਆਂ
ਜਾ ਸਕਦੀਆਂ ਹਨ।ਗੁਰਬਚਨ ਬਰਾੜ ਨੇ ਕਿਹਾ ਕਿ ਕੈਨੇਡਾ ਦੇ ਪਬਲਿਕ ਹੈਲਥ ਕੇਅਰ ਸਿਸਟਮ ਵਿਚਲੀਆਂ
ਖਾਮੀਆਂ ਦਾ ਜੱਥੇਬੰਥਕ ਵਿਰੋਧ ਕਰਨਾ ਸਮੇਂ ਦੀ ਲੋੜ ਹੈ।ਹਰੀਪਾਲ ਨੇ ਕਿਹਾ ਕਿ ਅਲਬਰਟਾ ਸੂਬੇ ਦੀ
ਐਨ.ਡੀ.ਪੀ. ਸਰਕਾਰ ਨੇ ਵਿੱਤੀ ਚੁਣੌਤੀਆਂ ਦੇ ਬਾਵਜੂਦ ਫਾਰਮ ਵਰਕਰ ਸੇਫਟੀ ਬਿੱਲ,ਵੱਡੇ ਵਪਾਰਿਕ
ਅਦਾਰਿਆਂ ਦੀ ਰਾਇਲਿਟੀ ਪਰ ਟੈਕਸ ਦੀ ਦਰ 10 ਫੀਸਦੀ ਤੋਂ ਵਧਾ ਕੇ 12 ਫੀਸਦੀ ਕਰਨ ਤੋਂ ਇਲਾਵਾ ਘੱਟੋ-
ਘੱਟ ਤਨਖਾਹ 15 ਡਾਲਰ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
ਇਸ ਤੋਂ ਪਹਿਲਾਂ ਰੇਡੀਓ ਸਪਾਈਸ ਦੇ ਸੁਰਜੀਤ ਸਿੰਘ ਡੋਡ ਨੇ ਕਿਹਾ ਕਿ ਆਮ ਤੌਰ
ਤੇ ਇਹ ਪੜਨ-ਸੁਣਨ ਨੂੰ ਮਿਲਦਾ ਹੈ ਕਿ ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ ਪਰ ਅੱਤਵਾਦੀ
ਸੰਗਠਨ ਧਰਮ ਦੇ ਨਾਂ ਤੇ ਹੀ ਬਣਦੇ ਹਨ। ਵੱਖ-ਵੱਖ ਧਰਮਾਂ ‘ਚੋਂ ਹੀ ਕੱਟੜਤਾ,ਫਿਰਕਪ੍ਰਸਤੀ ਅਤੇ
ਅੱਤਵਾਦ ਨੂੰ ਖੁਰਾਕ ਮਿਲਦੀ ਹੈ।ਪੂੰਜੀਪਾਤੀ ਸਾਮਰਾਜਵਾਦੀ ਸਿਸਟਮ ਹੀ ਇਸਦਾ ਪਾਲਣਹਾਰਾ
ਹੈ। ਜਸਵੀਰ ਸਹੋਤਾ ਨੇ ਵੀ ਵਿਚਾਰ ਪੇਸ਼ ਕੀਤੇ।ਮੰਚ ਸੰਚਾਲਕ ਮਾਸਟਰ ਭਜਨ ਨੇ ਕੈਲਗਰੀ ਹਾਕਸ ਫੀਲਡ ਹਾਕੀ
ਅਕਾਦਮੀ ਵਲੋਂ ਸਰਦੀਆਂ ਦੀਆਂ ਛੁੱਟੀਆਂ ਦੌਰਾਨ ਲਗਾਏ ਗਏ ਫਰੀ ਹਾਕੀ ਕੈਂਪ ਦੀ ਪ੍ਰਸ਼ੰਸ਼ਾ
ਕਰਦਿਆਂ ਕਿਹਾ ਕਿ ਅਜਿਹੇ ਯਤਨਾਂ ਨਾਲ਼ ਭਵਿੱਖ ਦੀ ਪਨੀਰੀ ਨੂੰ ਤੰਦਰੁਸਤ ਬਣਾਉਣ ਦੇ ਯਤਨਾਂ ਨੂੰ
ਹੋਰ ਵੀ ਹੁਲਾਰਾ ਮਿਲਦਾ ਹੈ।
ਸੰਸਾਰ ਪ੍ਰਸਿੱਧ ਲੇਖਿਕਾ ਅਰੁਧੰਤੀ ਰਾਏ ਨੂੰ ਮੁੰਬਈ ਹਾਈਕੋਰਟ ਵਲੋਂ ਨੋਟਿਸ ਜਾਰੀ ਕਰਨ ਦੇ
ਵਿਰੋਧ ਵਿੱਚ ਇੱਕ ਮਤਾ ਪਾਸ ਕੀਤਾ ਗਿਆ।ਦੱਸਣਯੋਗ ਹੈ ਕਿ ਅਰੁਧੰਤੀ ਰਾਏ ਨੇ ਆਊਟ ਲੁੱਕ ਰਸਾਲੇ
ਵਿੱਚ ਇੱਕ ਲੇਖ ਰਾਹੀਂ ੯੦ ਫੀਸਦੀ ਅਪਾਹਜ ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਜੀ.ਐਨ.ਸਾਈਂ ਬਾਬਾ ਉਪਰ
ਜੇਲ੍ਹ ਵਿੱਚ ਹੋਏ ਅਣਮਨੁੱਖੀ ਤਸ਼ਦੱਦ ਖਿਲਾਫ ਅਵਾਜ਼ ਉਠਾਈ ਸੀ।ਕਮਲਪ੍ਰੀਤ ਕੌਰ ਪੰਧੇਰ,ਹਰਨੇਕ
ਬੱਧਣੀ,ਜਸਵੰਤ ਸੇਖੋਂ,ਸ਼ਿਵ ਕੁਮਾਰ ਸ਼ਰਮਾ ਅਤੇ ਅਜਾਇਬ ਸਿੰਘ ਸੇਖੋਂ ਨੇ ਕਵਿਤਾਵਾਂ ਰਾਹੀਂ
ਹਾਜ਼ਰੀ ਲਗਵਾਈ। ਮਾਸਟਰ ਭਜਨ ਨੇ ਦੱਸਿਆ ਕਿ ਫਰਵਰੀ ਮਹੀਨੇ ਦੀ ਮੀਟਿੰਗ ਪਹਿਲੇ ਐਤਵਾਰ ੭ ਫਰਵਰੀ ਨੂੰ
ਕੋਸੋ ਹਾਲ ਵਿਖੇ ਹੋਵੇਗੀ। ਸੰਪਰਕ ਲਈ ਮਾਸਟਰ ਭਜਨ 403-455-4220 ਫੋਨ ਕਰ ਸਕਦੇ ਹੋ।