ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਵੱਲੋਂ ਸਾਹਿਤ ਪ੍ਰੇਮੀਆਂ ਨੂੰ ਪਹੁੰਚਣ ਦਾ ਹਾਰਦਿਕ ਸੱਦਾ
ਬਲਜਿੰਦਰ ਸੰਘਾ- ਮਹਿੰਦਰਪਾਲ ਸਿੰਘ ਪਾਲ ਪਰਵਾਸੀ ਸਾਹਿਤਕ ਹਲਕਿਆਂ ਵਿਚ ਇਕ ਜਾਣਿਆ-ਪਛਾਣਿਆ ਨਾਮ ਹੈ। ਸ਼ਾਇਰੀ ਨਾਲ ਲੰਬੇ ਸਮੇਂ ਤੋਂ ਜੁੜਿਆ ਮਹਿੰਦਰਪਾਲ ਬਹੁਤ ਹੀ ਮਿਲਾਪੜਾ, ਨਿਮਰ ਅਤੇ ਇਨਸਾਨੀਅਤ ਦੀਆਂ ਡੂੰਘੀਆਂ ਕਦਰਾਂ-ਕੀਮਤਾਂ ਰੱਖਣ ਵਾਲਾ ਇਨਸਾਨ ਹੈ। ਹੁਣ ਤੱਕ ਉਹ ਗ਼ਜ਼ਲ ਸੰਗ੍ਰਹਿ ‘ਨਵੇਂ ਸਵੇਰੇ-ਨਵੀਆਂ ਮਹਿਕਾਂ’ ‘ਖਮੋਸ਼ੀਆਂ’ ‘ਆਲ੍ਹਣਾ’ ਰਾਹੀਂ ਸਾਹਿਤਕ ਖੇਤਰ ਵਿਚ ਭਰਪੂਰ ਹਾਜ਼ਰੀ ਲਗਵਾ ਚੁੱਕਾ ਹੈ। ਲੰਬੇ ਸਮੇਂ ਤੋਂ ਕੈਨੇਡਾ ਦੇ ਸ਼ਹਿਰ ਕੈਲਗਰੀ ਵੱਸਦੇ ਇਸ ਸ਼ਾਇਰ ਦਾ ਨਵਾਂ ਗ਼ਜ਼ਲ ਸੰਗ੍ਰਹਿ ‘ਨਵ ਤਰੰਗ’ ਜੋ ਚੇਤਨਾ ਪ੍ਰਕਾਸ਼ਨ ਵੱਲੋਂ ਛਾਪਿਆ ਗਿਆ ਹੈ ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਵੱਲੋਂ 17 ਜਨਵਰੀ 2016 ਦਿਨ ਐਤਵਾਰ ਨੂੰ ‘ਕੌਂਸਲ ਆਫ ਸਿੱਖ ਆਰਗੇਨਾਈਜੇਸ਼ਨ’ ਦੇ ਹਾਲ ਵਿਚ ਠੀਕ ਦੋ ਵਜੇ ਲੋਕ ਅਰਪਣ ਕੀਤਾ ਜਾ ਰਿਹਾ ਹੈ। ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਵੱਲੋਂ ਸਭ ਸਾਹਿਤ ਪ੍ਰੇਮੀਆਂ ਨੂੰ ਇਸ ਸਮੇਂ ਪਹੁੰਚਣ ਦਾ ਹਾਰਦਿਕ ਸੱਦਾ ਹੈ। ਜੇਕਰ ਮਹਿੰਦਰਪਾਲ ਸਿੰਘ ਪਾਲ ਦੇ ਸਾਹਿਤਕ ਸਫ਼ਰ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਸਾਹਿਤਕ ਲਗਨ ਆ
ਪਣੇ ਸਵਰਗਵਾਸੀ ਪਿਤਾ ਸ਼ਬਿਸ਼ੰਭਰ ਸਿੰਘ ‘ਸਾਕੀ’ ਹੋਰਾਂ ਤੋਂ ਲੱਗੀ ਜੋ ਸੱਤਰਵਿਆਂ ਵਿਚ ਇੰਗਲੈਂਡ ਦੇ ਸਾਹਿਤਕ ਹਲਕਿਆਂ ਵਿਚ ਜਾਣੇ-ਪਛਾਣੇ ਸ਼ਾਇਰ ਸਨ। ਮਹਿੰਦਰਪਾਲ ਸਿੰਘ ਪਾਲ ਸਮਾਜ ਦਾ ਸ਼ਾਇਰ ਹੈ ਨਾ ਕਿ ਕਿਸੇ ਇੱਕ ਲਹਿਰ ਦਾ। ਸਮਾਜ ਦੇ ਹਰ ਰੰਗ ਬਾਰੇ ਗੰਭੀਰ ਜਾਣਕਾਰੀ ਰੱਖਣ ਵਾਲੇ ਇਸ ਸ਼ਾਇਰ ਦੀ ਲੇਖਣੀ ਭਾਵਨਾ ਵਿਚ ਨਹੀਂ ਵਹਿੰਦੀ ਬਲਕਿ ਹਰ ਸ਼ੈਤਾਨੀ ਚਾਲਾਂ ਤੋਂ ਅਗਾਹ ਕਰਦਾ ਉਹ ਪੂਰੇ ਗਲੋਬਲ ਵਿਚ ਅਮਨ ਦਾ ਹਾਮੀ ਹੋਕੇ ਪ੍ਰਗਤੀਵਾਦੀ ਅਤੇ ਤਰਕਵਾਦੀ ਸ਼ਾਇਰੀ ਦਾ ਸ਼ਾਇਰ ਹੈ ਅਤੇ ਨਾਲ ਹੀ ਨਿੱਜਵਾਦੀ ਸਰੋਕਾਰਾਂ ਨੂੰ ਸਮਾਜ ਦੇ ਸਰੋਕਾਰਾਂ ਵਿਚ ਢਾਲ ਕੇ ਸ਼ਾਇਰੀ ਲਈ ਉਸਦੇ ਕੋਲ ਲੰਬਾ ਸਾਹਿਤਕ ਤਜਰਬਾ ਅਤੇ ਸੂਖ਼ਮ ਸ਼ਬਦ ਭੰਡਾਰ ਹੈ, ਜੋ ਗੰਭੀਰ ਹੋਣ ਦੇ ਬਾਵਜੂਦ ਆਮ ਸਮਝ ਦਾ ਸਾਹਿਤ ਹੋ ਨਿੱਬੜਦਾ ਹੈ। ਉਹਨਾਂ ਦੇ ਇਸ ਨਵੇਂ ਸੰਗ੍ਰਹਿ ਵਿਚ 80 ਦੇ ਕਰੀਬ ਗਜ਼ਲਾਂ ਹਨ। ਇਸ ਪੁਸਤਕ ਦੇ ਲੋਕ ਅਰਪਣ ਸਮਰੋਹ ਬਾਰੇ ਹੋਰ ਜਾਣਕਾਰੀ ਲਈ ਸਭਾ ਦੇ ਪ੍ਰਧਾਨ ਤਰਲੋਚਨ ਸੈਂਭੀ ਨਾਲ 403-827-1483 ਜਾਂ ਸਕੱਤਰ ਰਣਜੀਤ ਲਾਡੀ ਗੋਬਿੰਦਪੁਰੀ ਨਾਲ 403-714-6848 ਤੇ ਸਪੰਰਕ ਕੀਤਾ ਜਾ ਸਕਦਾ ਹੈ।